ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ ਸਰਬਜੀਤ ਕੌਰ ਬਾਵਾ ਦੀ ਕਿਤਾਬ ਹੈ।[1] ਲੇਖਕ ਲੋਕਧਾਰਾ ਦੇ ਖੇਤਰ ਵਿਚ ਖੋਜਾਰਥੀ ਹੈ। ਇਸ ਕਿਤਾਬ ਵਿਚ ਪੰਜਾਬੀ ਦੇ ਪ੍ਰਮੁੱਖ ਲੋਕਧਾਰਾ ਸ਼ਾਸਤਰੀਆਂ ਤੇ ਚਿੰਤਕਾਂ ਨਾਲ ਕੀਤੀਆਂ ਵਿਸਤ੍ਰਿਤ ਮੁਲਾਕਾਤਾਂ ਵਿਧੀਵਤ ਰੂਪ ਵਿਚ ਦਰਜ ਕੀਤੀਆਂ ਗਈਆਂ ਹਨ।

ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ
ਪੰਜਾਬੀ ਲੋਕਧਾਰਾ ਸ਼ਾਸਤਰ ਚਿੰਤਨ ਸੰਵਾਦ
ਲੇਖਕਸਰਬਜੀਤ ਕੌਰ ਬਾਵਾ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਮੁਲਾਕਾਤ
ਪ੍ਰਕਾਸ਼ਨ2020
ਪ੍ਰਕਾਸ਼ਕਸਪਤਰਿਸ਼ੀ ਪਬਲੀਕੇਸ਼ਨਜ਼
ਸਫ਼ੇ228
ਆਈ.ਐਸ.ਬੀ.ਐਨ.978-93-89548-94-5

ਪ੍ਰਕਾਸ਼ਨ[ਸੋਧੋ]

ਇਸ ਕਿਤਾਬ ਦਾ ਪਹਿਲਾ ਸੰਸਕਰਣ ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ ਵੱਲੋਂ 2020 ਵਿਚ ਪ੍ਰਕਾਸ਼ਿਤ ਹੋਇਆ ਹੈ।[2] ਕਿਤਾਬ ਦੇ ਕੁੱਲ ਪੰਨਿਆਂ ਦੀ ਗਿਣਤੀ 228 ਹੈ। ਕਿਤਾਬ ਸਜਿਲਦ ਰੂਪ ਵਿਚ ਉਪਲਬਧ ਹੈ।

ਤਤਕਰਾ[ਸੋਧੋ]

ਕਿਤਾਬ ਦੀ ਭੂਮਿਕਾ ਖ਼ੁਦ ਸਰਬਜੀਤ ਕੌਰ ਬਾਵਾ ਨੇ ਲਿਖੀ ਹੈ। ਭੂਮਿਕਾ ਤੋਂ ਬਾਅਦ ਇਸ ਵਿਚ ਸੱਤ ਮੁਲਾਕਾਤਾਂ ਦਰਜ ਹਨ। ਕਿਤਾਬ ਲਈ ਇਹਨਾਂ ਲੋਕਧਾਰਾ ਸ਼ਾਸਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ :-

ਵਿਧਾ[ਸੋਧੋ]

ਇਸ ਕਿਤਾਬ ਦੀ ਵਿਧਾ 'ਮੁਲਕਾਤ' ਹੈ। ਪੰਜਾਬੀ ਵਿਚ ‘ਮੁਲਾਕਾਤ’ ਨੂੰ ਬਾਕਾਇਦਾ ਇਕ ਵਿਧਾ ਵਜੋਂ ਮਾਨਤਾ ਮਿਲ ਚੁੱਕੀ ਹੈ। ਇਸ ਕਿਤਾਬ ਵਿਚ ਕੁੱਲ ਸੱਤ ਮੁਲਾਕਾਤਾਂ ਸ਼ਾਮਿਲ ਹਨ। ਵਿਧਾ ਦੇ ਪੱਖ ਤੋਂ ਇਸ ਵਿਚ ਕਈ ਬੁਨਿਆਦੀ ਤੱਤਾਂ ਨੂੰ ਬਰਕਰਾਰ ਰੱਖਦਿਆਂ ਨਵੇਂ ਪ੍ਰਯੋਗ ਕੀਤੇ ਮਿਲਦੇ ਹਨ। ਕਿਤਾਬ ਦੀ ਮੁੱਖ ਸੁਰ ਇਸਦੀ ਸੰਵਾਦੀ ਬਿਰਤੀ ਹੈ ਜਿਹੜੀ ਮੁਲਾਕਾਤ ਦੀ ਵਿਧਾ ਰਾਹੀਂ ਧੜਕਦੀ ਨਜ਼ਰ ਆਉਂਦੀ ਹੈ। ਮੁਲਾਕਾਤ ਦੇ ਰਵਾਇਤੀ ਤਰੀਕਿਆਂ ਦੀ ਬਜਾਇ ਇਸ ਵਿਚ ਕਈ ਕੁਝ ਨਵਾਂ ਹੈ। ਸਭ ਤੋਂ ਪਹਿਲਾ ਨੁਕਤਾ ਹੈ ਕਿ ਮੁਲਾਕਾਤਾਂ ਵਿਚ ਲੋਕਧਾਰਾ ਸ਼ਾਸਤਰੀਆਂ ਦੇ ਜੀਵਨ ਵੇਰਵਿਆਂ ਦੀ ਥਾਂ ਅਕਾਦਮਿਕ ਤੇ ਖੋਜ ਕਾਰਜਾਂ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਇਹ ਮੁਲਾਕਾਤਾਂ ਇਕੋ ਬੈਠਕ ਵਿਚ ਨਹੀਂ ਸਗੋਂ ਇਕ ਤੋਂ ਵਧੇਰੇ ਬੈਠਕਾਂ ਦਾ ਸਿੱਟਾ ਹਨ। ਲੋਕਧਾਰਾ ਸ਼ਾਸਤਰੀਆਂ ਵੱਲੋਂ ਕੁਝ ਸੁਆਲਾਂ ਦੇ ਜੁਆਬ ਬੈਠਕਾਂ ਵਿਚ ਦੇਣ ਦੀ ਬਜਾਇ ਲਿਖਤੀ ਰੂਪ ਵਿਚ ਦਿੱਤੇ ਗਏ ਹਨ। ਇਸ ਪਿਛਲਾ ਮਕਸਦ ਇਹ ਹੈ ਕਿ ਕਿਸੇ ਸੁਆਲ ਬਾਰੇ ਇਕ ਵਿਦਵਾਨ ਸਪਸ਼ਟ ਰੂਪ ਵਿਚ ਉੱਤਰ ਦੇ ਸਕੇ। ਇਸ ਕਾਰਜ ਹਿਤ ਸੁਆਲ ਬੈਠਕ ਵਿਚ ਪੁੱਛਣ ਤੋਂ ਪਹਿਲਾਂ ਲਿਖਤੀ ਰੂਪ ਵਿਚ ਵੀ ਭੇਜੇ ਗਏ ਹਨ ਤਾਂ ਜੋ ਲੋਕਧਾਰਾ ਸ਼ਾਸਤਰੀ ਬਣਦੇ ਸੁਆਲ ਨੂੰ ਨਿਸ਼ਚਿਤ ਸਮੇਂ ਵਿਚ ਵਿਚਾਰ ਸਕਣ ਤੇ ਠੋਸ ਉੱਤਰ ਵੱਲ ਵਧ ਸਕਣ। ਕਿਤਾਬ ਵਿਚਲੀ ਪਹਿਲੀ ਮੁਲਾਕਾਤ ਬਾਕੀ ਮੁਲਾਕਾਤਾਂ ਤੋਂ ਵੱਖਰੀ ਹੈ। ਪਹਿਲੀ ਮੁਲਾਕਾਤ ਡਾ. ਕਰਨੈਲ ਸਿੰਘ ਥਿੰਦ ਨਾਲ ਹੈ। ਇਹ ਮੁਲਾਕਾਤ ਵਾਸਤਵਿਕ ਨਹੀਂ ਬਲਕਿ ਉਹਨਾਂ ਦੇ ਸਮੁੱਚੇ ਅਧਿਐਨ/ਖੋਜ ਕਾਰਜ ’ਤੇ ਅਧਾਰਿਤ ਹੈ। ਲੰਮੀ ਉਮਰ, ਦੂਰ ਵਸੇਬੇ ਅਤੇ ਤਬੀਅਤ ਨਾਸਾਜ਼ ਹੋਣ ਕਾਰਨ ਉਹਨਾਂ ਨਾਲ ਵਾਸਤਵਿਕ ਮੁਲਾਕਾਤ ਸੰਭਵ ਨਹੀਂ ਹੋ ਸਕੀ। ਇਸ ਕਿਤਾਬ ਵਿਚ ਉਹਨਾਂ ਨਾਲ ਕੀਤੀ ਮੁਲਾਕਾਤ ਨੂੰ ਸ਼ਾਮਿਲ ਕਰਨਾ ਜ਼ਰੂਰੀ ਸੀ। ਇਸਦਾ ਕਾਰਨ ਇਹ ਹੈ ਕਿ ਹੁਣਵੇਂ ਸਮੇਂ ਵਿਚ ਪ੍ਰਮੁੱਖ ਲੋਕਧਾਰਾ ਸ਼ਾਸਤਰੀਆਂ ਦੀ ਗੱਲ ਕਰਦਿਆਂ ਡਾ. ਕਰਨੈਲ ਸਿੰਘ ਥਿੰਦ ਨੂੰ ਜ਼ਿਕਰ ਤੋਂ ਬਾਹਰ ਰੱਖਣਾ ਕਿਤਾਬ ਨੂੰ ਅਧੂਰਾ ਰੱਖਦਾ ਸੀ। ਇਸ ਲਈ ਉਹਨਾਂ ਦੇ ਸਮੁੱਚੇ ਅਧਿਐਨ/ਖੋਜ ਕਾਰਜ ਨੂੰ ਆਧਾਰ ਬਣਾਉਂਦਿਆਂ ਉਹਨਾਂ ਦੇ ਵਿਚਾਰਾਂ ਨੂੰ ਮੁਲਾਕਾਤ ਦੇ ਰੂਪ ਵਿਚ ਢਾਲ਼ਿਆ ਗਿਆ ਹੈ। ਸਭਨਾਂ ਲੋਕਧਾਰਾ ਸ਼ਾਸਤਰੀਆਂ ਦੀਆਂ ਪਹਿਲਾਂ ਤੋਂ ਉਪਲਬਧ ਮੁਲਾਕਾਤਾਂ ਵਿਚ ਪੁੱਛੇ ਗਏ ਸੁਆਲਾਂ ਨੂੰ ਦੁਬਾਰਾ ਪੁੱਛਣ ਤੋਂ ਗੁਰੇਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਤਾਬ ਵਿਚ ਸਭਨਾਂ ਲੋਕਧਾਰਾ ਸ਼ਾਸਤਰੀਆਂ ਨੂੰ ਕੁਝ ਸਾਂਝੇ ਸੁਆਲ ਵੀ ਕੀਤੇ ਗਏ ਹਨ ਤਾਂ ਜੋ ਇੱਕੋ ਸੁਆਲ ਨੂੰ ਮੁਖ਼ਾਤਿਬ ਹੁੰਦਿਆਂ ਮਿਲਦੇ ਵੱਖੋ ਵੱਖਰੇ ਜੁਆਬਾਂ ਵਿਚੋਂ ਇਹਨਾਂ ਦੇ ਵੱਖੋ ਵੱਖਰੇ ਆਧਾਰ ਤਲਾਸ਼ੇ ਜਾ ਸਕਣ। ਕਿਤਾਬ ਵਿੱਚ ਪੁੱਛੇ ਗਏ ਕੁੱਲ ਸੁਆਲਾਂ ਦੀ ਗਿਣਤੀ 192 ਹੈ। ਇਸ ਕਿਤਾਬ ਦੇ ਆਉਣ ਨਾਲ ਅਧਿਐਨ/ਖੋਜ ਦੇ ਖੇਤਰ ਵਿਚ ਮੁਲਾਕਾਤ ਦੀ ਵਿਧਾ ਦੀਆਂ ਸੰਭਾਵਨਾਵਾਂ ਵਧੀਆਂ ਹਨ।

ਪਹਿਲੀ ਮੁਲਾਕਾਤ[ਸੋਧੋ]

ਕਿਤਾਬ ਵਿਚ ਦਰਜ ਪਹਿਲੀ ਮੁਲਾਕਾਤ[3] ਡਾ. ਕਰਨੈਲ ਸਿੰਘ ਥਿੰਦ ਨਾਲ ਕੀਤੀ ਗਈ ਹੈ। ਇਸ ਵਿਚ 18 ਸੁਆਲ ਜੁਆਬ ਦਰਜ ਹਨ। ਇਹ ਇਕ ਨਿੱਜੀ ਮੁਲਾਕਾਤ ਨਹੀਂ ਬਲਕਿ ਉਹਨਾਂ ਦੀਆਂ ਕੁੱਲ ਕਿਤਾਬਾਂ ਵਿਚ ਮਿਲਦੇ ਉਹਨਾਂ ਦੇ ਵਿਚਾਰਾਂ ’ਤੇ ਅਧਾਰਿਤ ਸੁਆਲਾਂ ਜੁਆਬਾਂ ਦੇ ਪੈਟਰਨ ਵਿਚ ਢਾਲ਼ੀ ਗਈ ਕਲਪਿਤ ਮੁਲਕਾਤ ਹੈ। ਇਸ ਮੁਲਾਕਾਤ ਵਿਚ ਡਾ. ਥਿੰਦ ਨੇ ਆਪਣੇ ਲੋਕਧਾਰਾ ਦੇ ਖੇਤਰ ਵਿਚ ਆਉਣ ਦੇ ਸਬੱਬ ਬਾਰੇ ਚਰਚਾ ਕੀਤੀ ਹੈ। ਉਹਨਾਂ ਆਪਣੀ ਸਮਝ ਮੁਤਾਬਿਕ ‘ਲੋਕ ਸਾਹਿਤ ਤੇ ਵਸ਼ਿਸ਼ਟ ਸਾਹਿਤ’ ਵਿਚਲੇ ਸੰਬੰਧਾਂ ਅਤੇ ਮੂਲ ਅੰਤਰਾਂ ਬਾਰੇ ਆਪਣੇ ਵਿਚਾਰ ਦਿੱਤੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਮਹੱਤਵਪੂਰਨ ਪੁਸਤਕ ‘ਪੰਜਾਬ ਦਾ ਲੋਕ ਵਿਰਸਾ’ ਦੀ ਹੋਂਦ ਵਿਧੀ, ਪੱਖੀਵਾਸ ਕਬੀਲਿਆਂ ’ਤੇ ਖੋਜ ਕਾਰਜ ਕਰਦਿਆਂ ਦਰਪੇਸ਼ ਮੁਸ਼ਕਿਲਾਂ, ਲੋਕਯਾਨ ਅਧਿਐਨ ਦੀਆਂ ਮੁੱਖ ਵਿਧੀਆਂ/ਢੰਗਾਂ ਬਾਰੇ ਚਰਚਾ ਕੀਤੀ ਹੈ। ਪੰਜਾਬੀਅਤ ਦੇ ਸੰਕਲਪ ਨੂੰ ਵਿਚਾਰਦਿਆਂ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਖੜ੍ਹੇ ਹੋਏ ਖ਼ਤਰਿਆਂ ਦੀ ਚਰਚਾ ਕੀਤੀ ਹੈ। ਇਸ ਸਭ ਤੋਂ ਇਲਾਵਾ ਉਹਨਾਂ ਨੇ ਪਾਪੂਲਰ ਸੰਗੀਤ ਅਤੇ ਲੋਕਧਾਰਾਈ ਸਮੱਗਰੀ ਨੂੰ ਇਕੱਤਰ ਕਰਨ ਬਾਰੇ ਆਪਣੇ ਵਿਚਾਰ ਦਿੱਤੇ ਹਨ।

ਦੂਜੀ ਮੁਲਾਕਾਤ[ਸੋਧੋ]

ਕਿਤਾਬ ਵਿਚ ਦਰਜ ਦੂਜੀ ਮੁਲਾਕਾਤ ਸੁਖਦੇਵ ਮਾਦਪੁਰੀ ਨਾਲ ਕੀਤੀ ਗਈ ਹੈ। ਇਸ ਮੁਲਾਕਾਤ ਵਿਚ ਕੁੱਲ 30 ਸੁਆਲ ਪੁੱਛੇ ਗਏ ਹਨ। ਸੁਆਲਾਂ ਦੀ ਸ਼ੁਰੂਆਤ ਵਿਚ ਉਹਨਾਂ ਦੇ ਲੋਕਧਾਰਾ ਬਾਰੇ ਵਿਚਾਰ ਜਾਣੇ ਗਏ ਹਨ। ਉਹਨਾਂ ਦੇ ਇਸ ਖੇਤਰ ਵਿਚ ਆਉਣ, ਹੋਰਨਾਂ ਲੋਕਧਾਰਾ ਸ਼ਾਸਤਰੀਆਂ ਦੇ ਨਾਲ ਵਿਚਰਨ ਬਾਰੇ ਸ਼ੁਰੂਆਤੀ ਸੁਆਲ ਪੁੱਛੇ ਗਏ ਹਨ। ਮੁਲਾਕਾਤ ਵਿਚ ਉਹ ਖ਼ੁਦ ਨੂੰ ਅਕਾਦਮਿਕ ਲੋਕਧਾਰਾ ਸ਼ਾਸਤਰੀ ਨਹੀਂ ਬਲਕਿ ਖੇਤਰੀ ਖੋਜ ਕਰਨ ਵਾਲਾ ਸਧਾਰਣ ਵਿਅਕਤੀ ਆਖਦੇ ਹਨ।[4] ਮੁਲਾਕਾਤ ਵਿਚ ਉਹ ਲੋਕ ਕਹਾਣੀਆਂ, ਲੋਕ ਖੇਡਾਂ, ਬਾਲ ਸਾਹਿਤ ਤੇ ਲੋਕ ਬਾਲ ਸਾਹਿਤ ਬਾਰੇ ਵਿਚਾਰ ਦਿੰਦੇ ਹਨ। ਸੰਚਾਰ ਸਾਧਨਾਂ ਦੇ ਲੋਕਧਾਰਾ ’ਤੇ ਪੈਣ ਵਾਲੇ ਅਸਰਾਂ ਬਾਰੇ ਚਰਚਾ ਕਰਦੇ ਹਨ। ਸੁਖਦੇਵ ਮਾਦਪੁਰੀ ਮੁਲਾਕਾਤ ਵਿਚ ਨਵੀਂ ਪੀੜ੍ਹੀ ਪ੍ਰਤੀ ਆਸਵੰਦ ਹਨ ਕਿ ਉਹ ਲੋਕਧਾਰਾ ਅਧਿਐਨ ਦੇ ਕਾਰਜ ਨੂੰ ਸੁਹਿਰਦਤਾ ਤੇ ਮਿਹਨਤ ਨਾਲ ਕਰੇਗੀ। ਉਹ ਪੰਜਾਬੀ ਵਿਚ ਹੁਣ ਤੱਕ ਹੋਏ ਖੋਜ ਕਾਰਜ/ਅਧਿਐਨ ਨੂੰ ਪੜ੍ਹਨ ਵਾਚਣ ਦੀ ਸਲਾਹ ਵੀ ਦਿੰਦੇ ਹਨ, ਖੇਤਰੀ ਖੋਜ ਕਾਰਜ ਕਰਨ ਨੂੰ ਅਸਲ ਲੋਕਧਾਰਾ ਅਧਿਐਨ ਕਾਰਜ ਮੰਨਦੇ ਹਨ। ਉਹਨਾਂ ਦੇ ਵਿਚਾਰਾਂ ਵਿੱਚ ਅੰਤਰ ਵਿਰੋਧ ਵੀ ਨਜ਼ਰ ਆਉਂਦਾ ਹੈ ਜਿੱਥੇ ਉਹ ਇਕ ਪਾਸੇ ਬਿਜਲਈ ਸੰਚਾਰ ਸਾਧਨਾਂ ਤੇ ਪ੍ਰਿੰਟ ਮੀਡੀਏ ਨੂੰ ਲੋਕਧਾਰਾ ’ਤੇ ਮਾਰੂ ਅਸਰ ਪਾਉਣ ਵਾਲੇ ਸਮਝਦੇ ਹਨ, ਦੂਜੇ ਪਾਸੇ ਉਹ ਇਹਨਾਂ ਦੀ ਅਹਿਮੀਅਤ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ ਆਪਣੇ ਪਿੰਡ ਨਾਲ ਜੁੜੇ ਹੋਣ ਨੂੰ ਲੋਕਧਾਰਾ ਦਾ ਅੰਗ ਸੰਗ ਹੋਣਾ[5] ਆਖਦੇ ਹਨ। ਇਸ ਤੋਂ ਇਹ ਭਾਰੂ ਵਿਚਾਰ ਨਜ਼ਰ ਆਉਂਦਾ ਹੈ ਲੋਕਧਾਰਾ ਦਾ ਸੰਬੰਧ ਪਿੰਡ ਨਾਲ ਹੀ ਹੈ। ਉਹ ਨਵੀਂ ਪੀੜ੍ਹੀ ਨੂੰ ਦੁਬਾਰਾ ਲੋਕਧਾਰਾ ਨਾਲ ਜੋੜਨ, ਲੋਕਧਾਰਾ ਦੇ ਵਿਗੜਨ ਦੀਆਂ ਗੱਲਾਂ ਕਰਦੇ ਹਨ। ਉਹਨਾਂ ਦੇ ਵਿਚਾਰਾਂ ਵਿਚੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਲੋਕਧਾਰਾ ਬੀਤੇ ਵੇਲੇ ਦੀ ਕੋਈ ਗੁੰਮ ਗੁਆਚ ਰਹੀ ਸ਼ੈਅ ਹੋਵੇ। ਜਦਕਿ ਇਹ ਦੋਵੇਂ ਗੱਲਾਂ ਲੋਕਧਾਰਾ ਅਧਿਐਨ ਦੇ ਜ਼ਾਵੀਏ ਤੋਂ ਮੁਕੰਮਲ ਸੱਚ ਨਹੀਂ ਹਨ।

ਤੀਜੀ ਮੁਲਾਕਾਤ[ਸੋਧੋ]

ਤੀਜੀ ਮੁਲਾਕਾਤ ਡਾ. ਭੁਪਿੰਦਰ ਸਿੰਘ ਖਹਿਰਾ ਨਾਲ ਕੀਤੀ ਗਈ ਹੈ। ਇਸ ਮੁਲਾਕਾਤ ਵਿਚ ਡਾ. ਖਹਿਰਾ ਤੋਂ 24 ਸੁਆਲ ਪੁੱਛੇ ਗਏ ਹਨ। ਇਸ ਮੁਲਾਕਾਤ ਵਿਚ ਡਾ. ਖਹਿਰਾ ਲੋਕਧਾਰਾ ਦੇ ਅਧਿਐਨ ਨੂੰ ਸਾਹਿਤ, ਭਾਸ਼ਾ ਜਾਂ ਮਾਨਵਵਿਗਿਆਨ ਆਦਿ ਅਨੁਸ਼ਾਸਨਾਂ ਦੇ ਅਧੀਨ ਹੋਣ ਦੀ ਥਾਂ ਸੁਤੰਤਰ ਅਨੁਸ਼ਾਸਨ ਵਜੋਂ ਪੜ੍ਹਾਏ ਜਾਣ ਦੀ ਗੱਲ ਕਰਦੇ ਹਨ। ਉਹ ਦੱਸਦੇ ਹਨ ਕਿ ਲੋਕਧਾਰਾ ਦੇ ਅਧਿਐਨ ਲਈ ਸਾਹਿਤ ਅਧਿਐਨ ਨਾਲੋਂ ਅਲੱਗ ਕਿਸਮ ਦੀ ਤਿਆਰੀ ਦੀ ਲੋੜ ਹੁੰਦੀ ਹੈ। ਉਹ ਲੋਕਧਾਰਾ ਅਤੇ ਸਾਹਿਤ ਦੀ ਪੜ੍ਹਤ ਵਖਰਿਆ ਕੇ ਵੇਖਣ ਦੇ ਹਮਾਇਤੀ ਹਨ। ਉਹਨਾਂ ਅਨੁਸਾਰ ਲੋਕਧਾਰਾ ਦੇ ਅਧਿਐਨ ਨੂੰ ਵਿਸ਼ਵ ਭਰ ਦੇ ਲੋਕਧਾਰਾ ਚਿੰਤਨ ਨਾਲ ਜੋੜ ਕੇਵਲ ਵੇਖਣਾ ਲਾਜ਼ਮੀ ਹੈ। ਇਹ ਮੁਲਾਕਾਤ ਇਸ ਕਰਕੇ ਅਹਿਮ ਹੈ ਕਿ ਡਾ. ਖਹਿਰਾ ਲੋਕਧਾਰਾਈ ਸਮੱਗਰੀ ਦੇ ਇਕੱਤਰੀਕਰਨ ਨਾਲੋਂ ਸਿਧਾਂਤਕਾਰੀ ਨਾਲ ਜ਼ਿਆਦਾ ਜੁੜੇ ਹੋਏ ਹਨ। ਮੁਲਾਕਾਤ ਵਿਚ ਡਾ. ਖਹਿਰਾ ਨੇ ਡਾ. ਨਾਹਰ ਸਿੰਘ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਹਨ। ਪਹਿਲੇ ਚਿੰਤਕਾਂ ਨਾਲੋਂ ਡਾ. ਖਹਿਰਾ ਦੀ ਅਲਹਿਦਗੀ ਇਸ ਕਰਕੇ ਵੀ ਹੈ ਕਿ ਉਹ ਆਖਦੇ ਹਨ ਕਿ ਲੋਕਧਾਰਾ ਅੱਜ ਵੀ ਪੈਦਾ ਹੋ ਰਹੀ ਹੈ। ਉਹ ਪੰਜਾਬੀ ਵਿਚ ਲੋਕਧਾਰਾ ਅਧਿਐਨ ਲਈ ਕਈ ਚਿੰਤਕਾਂ ਨੂੰ ਪੜ੍ਹਨ ਦੀ ਸਲਾਹ ਦਿੰਦੇ ਹਨ। ਮੁਲਾਕਾਤ ਵਿਚ ਕੁਝ ਸੁਆਲ ਦੁਬਾਰਾ ਪੁੱਛਣ ਦੀ ਲੋੜ ਪਈ ਹੈ ਕਿਉਂਕਿ ਡਾ. ਖਹਿਰਾ ਦੇ ਜੁਆਬ ਮਹੱਤਵਪੂਰਣ ਤਾਂ ਹਨ ਪਰ ਕਿਤੇ ਕਿਤੇ ਸੁਆਲ ਤੋਂ ਪਾਸੇ ਚਲੇ ਜਾਂਦੇ ਹਨ।

ਚੌਥੀ ਮੁਲਾਕਾਤ[ਸੋਧੋ]

ਕਿਤਾਬ ਵਿਚਲੀ ਚੌਥੀ ਮੁਲਾਕਾਤ ਡਾ. ਜੋਗਿੰਦਰ ਸਿੰਘ ਕੈਰੋਂ ਨਾਲ ਕੀਤੀ ਗਈ ਹੈ। ਡਾ. ਕੈਰੋਂ ਤੋਂ ਇਸ ਮੁਲਾਕਾਤ ਵਿਚ ਕੁੱਲ 30 ਸਵਾਲ ਪੁੱਛੇ ਗਏ ਹਨ। ਉਹਨਾਂ ਨੇ ਮੁਲਾਕਾਤ ਵਿਚ ਲੋਕ ਬਿਰਤਾਂਤ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਣ ਅਤੇ ਇਸ ਅਧਿਐਨ ਦਾ ਆਧਾਰ ਸੰਰਚਨਾਤਮਕ ਮਾਡਲ ਬਣਾਉਣ ਬਾਰੇ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਲੋਕਧਾਰਾ ਅਧਿਐਨ ਦੇ ਇਤਿਹਾਸ ਲਿਖਣ ਦੀ ਪ੍ਰੇਰਣਾ, ਇਸ ਕੰਮ ਵਿਚਲੀਆਂ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਹੈ। ਇਸ ਕਿਤਾਬ ਤੋਂ ਬਿਨਾਂ ਉਹਨਾਂ ਨੇ ਆਪਣੀਆਂ ਹੋਰ ਕਿਤਾਬਾਂ ‘ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ’, ‘ਨਾਦ-ਬਿੰਦ’, ਲੋਕਧਾਰਾ ਅਧਿਐਨ ਵਿਧੀਆਂ ਦੀ ਸਿਰਜਣ ਪ੍ਰਕਿਰਿਆ ਬਾਰੇ ਚਾਨਣਾ ਪਾਇਆ ਹੈ। ਪੰਜਾਬੀ ਲੋਕਧਾਰਾ ਸ਼ਾਸਤਰੀਆਂ ’ਤੇ ਪੱਛਮੀ ਸਿਧਾਂਤਾਂ ਦੇ ਅੰਨ੍ਹੇਵਾਹ ਆਰੋਪਣ ਦਾ ਇਲਜ਼ਾਮ ਲੱਗਣ ਦੇ ਸੁਆਲ ਨੂੰ ਮੁਖ਼ਾਤਿਬ ਹੁੰਦਿਆਂ ਇਸਨੂੰ ਮਾੜੀ ਗੱਲ ਨਹੀਂ ਸਮਝਦੇ। ਉਹ ਮੰਨਦੇ ਹਨ ਕਿ ਇਕੱਲੇ ਲੋਕਧਾਰਾ ਦੇ ਅਧਿਐਨ ਲਈ ਹੀ ਨਹੀਂ ਬਲਕਿ ਸਾਹਿਤ, ਤੇ ਸਮਾਜ ਦੇ ਹੋਰਨਾਂ ਖੇਤਰਾਂ ਦੇ ਅਧਿਐਨ ਲਈ ਵੀ ਪੱਛਮ ਦੀਆਂ ਅਧਿਐਨ ਵਿਧੀਆਂ ਦਾ ਇਸਤੇਮਾਲ ਕਰਦੇ ਹਾਂ। ਗਿਆਨ ਉੱਪਰ ਕਿਸੇ ਦਾ ਅਧਿਕਾਰ ਨਹੀਂ, ਸੋ ਜੇ ਪੱਛਮ ਵਾਲੇ ਕਿਸੇ ਅਧਿਐਨ ਖੇਤਰ ਵਿਚ ਅੱਗੇ ਹਨ ਤਾਂ ਉਹਨਾਂ ਦੇ ਗਿਆਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਹ ਇਸ ਮਤ ਦੇ ਹਮਾਇਤੀ ਹਨ ਕਿ ਲੋਕਧਾਰਾ ਹਰ ਯੁਗ ਵਿਚ ਸਿਰਜੀ ਜਾਂਦੀ ਹੈ। ਉਹਨਾਂ ਮੁਤਾਬਿਕ ਲੋਕਧਾਰਾਈ ਸਮੱਗਰੀ ਦਾ ਇਕੱਤਰੀਕਰਨ ਅਤੇ ਲੋਕਧਾਰਾ ਅਧਿਐਨ ਵੱਖਰੇ ਵੱਖਰੇ ਕਾਰਜ ਹਨ। ਮੁਲਾਕਾਤ ਵਿਚ ਉਹ ਪੰਜਾਬੀ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਅਧਿਆਪਕਾਂ, ਖੋਜੀਆਂ ਦੀ ਘਾਟ ਤੇ ਪੰਜਾਬ ਦੀਆਂ ਪਬਲਿਕ ਯੂਨੀਵਰਸਿਟੀਆਂ ਦੀ ਸੰਕਟਮਈ ਸਥਿਤੀ ਨੂੰ ਸਮਾਨੰਤਰ ਰੱਖਦਿਆਂ ਚਿੰਤਾਤੁਰ ਦਿਸਦੇ ਹਨ। ਨਵੇਂ ਖੋਜਾਰਥੀਆਂ ਨੂੰ ਉਹ ਵਲਾਦੀਮੀਰ ਪਰਾਪ, ਗਰੇਮਾਸ, ਹੇਡਾ ਜੇਸਨ, ਦਮਿਤ੍ਰੀ ਸੇਗਾਲ ਆਦਿ ਵਿਦਵਾਨਾਂ ਨੂੰ ਪੜ੍ਹਨ ਦੀ ਸਲਾਹ ਦਿੰਦੇ ਹਨ।[6]

ਪੰਜਵੀਂ ਮੁਲਾਕਾਤ[ਸੋਧੋ]

ਕਿਤਾਬ ਵਿਚ ਦਰਜ ਪੰਜਵੀਂ ਮੁਲਾਕਾਤ ਡਾ. ਕਰਮਜੀਤ ਸਿੰਘ ਨਾਲ ਹੋਈ ਹੈ। ਕਿਤਾਬ ਵਿਚ ਦਰਜ ਮੁਲਾਕਾਤਾਂ ਵਿਚ ਸਭ ਤੋਂ ਵੱਧ ਸੁਆਲ ਇਸ ਮੁਲਾਕਾਤ ਵਿਚ ਪੁੱਛੇ ਗਏ ਹਨ ਜਿਹਨਾਂ ਦੀ ਗਿਣਤੀ 34 ਹੈ। ਲੋਕਧਾਰਾ ਅਧਿਐਨ ਵਿਚ ਉਹਨਾਂ ਦੇ ਪ੍ਰਵੇਸ਼ ਦੇ ਸੁਆਲ ਤੋਂ ਮੁਲਾਕਾਤ ਦਾ ਆਰੰਭ ਹੁੰਦਾ ਹੈ। ਮੁਲਾਕਾਤ ਵਿਚੋਂ ਉਹਨਾਂ ਦੀਆਂ ਦੋ ਪਛਾਣਾਂ ਉਭਰਦੀਆਂ ਹਨ, ਇਕ ਦੁਆਬੀ ਹੋਣਾ ਤੇ ਦੂਜਾ ਮਾਰਕਸਵਾਦੀ ਹੋਣਾ। ਇਲਾਕਾਈ ਖੇਤਰੀ ਖੋਜ ਕਾਰਜ ਬਾਬਤ ਉਹਨਾਂ ਦੀ ਸਮਝ ਹੈ ਕਿ ਅਜਿਹੇ ਅਧਿਐਨ ਲਈ ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਇਲਾਕਵਾਦ ਅਧਿਐਨ ਤੇ ਅਧਿਐਨ ਕਰਤਾ ਦੋਹਾਂ ’ਚੋਂ ਇਕ ’ਤੇ ਵੀ ਭਾਰੂ ਨਾ ਹੋਵੇ। ਉਹ ਆਪਣੇ ਤੇ ਡਾ. ਨਾਹਰ ਸਿੰਘ ਬਾਰੇ ਆਖਦੇ ਹਨ ਕਿ ਉਹ ਦੋਵੇਂ ਮਾਰਕਸਵਾਦੀ ਸਨ ਇਸ ਕਰਕੇ ਨਾ ਡਾ. ਨਾਹਰ ਸਿੰਘ ‘ਮਾਲਵੇਵਾਦ’ ਦਾ ਸ਼ਿਕਾਰ ਹੋਏ ਤਾਂ ਨਾ ਉਹ ਖ਼ੁਦ ‘ਦੁਆਬੇਵਾਦ’ ਦਾ।[7] ਡਾ. ਕਰਮਜੀਤ ਸਿੰਘ ਮੰਨਦੇ ਹਨ ਕਿ ਪ੍ਰਸੰਗ ਤੋਂ ਬਿਨਾਂ ਲੋਕਗੀਤ ਉਸੇ ਰੂਪ ਵਿਚ ਸਾਕਾਰ ਤੇ ਸੰਚਾਰਿਤ ਨਹੀਂ ਹੋ ਪਾਉਂਦੇ ਪਰ ਇਕੱਤਰੀਕਰਨ ਦਾ ਆਪਣਾ ਮਹੱਤਵ ਹੈ। ਉਹਨਾਂ ਦੀ ਧਾਰਨਾ ਹੈ ਕਿ ਰਾਜਨੀਤਿਕ ਹੱਦਬੰਦੀਆਂ ਲੋਕਧਾਰਾ ਉੱਤੇ ਸਿੱਧੇ ਰੂਪ ਵਿਚ ਅਸਰਅੰਦਾਜ਼ ਨਹੀਂ ਹੁੰਦੀਆਂ ਪਰ ਇਹਨਾਂ ਦਾ ਲੁਕਵਾਂ ਪ੍ਰਭਾਵ ਜ਼ਰੂਰ ਪੈਂਦਾ ਹੈ। ਉਹ ਮੰਨਦੇ ਹਨ ਕਿ ਮਾਨਵਵਿਗਿਆਨ, ਭਾਸ਼ਾ ਵਿਗਿਆਨ, ਇਤਿਹਾਸ ਤੇ ਰਾਜਨੀਤੀ ਆਦਿ ਅਨੁਸ਼ਾਸਨਾਂ ਦੇ ਮੂਲ ਸੰਕਲਪਾਂ ਨੂੰ ਜਾਣੇ ਬਿਨਾਂ ਲੋਕਧਾਰਾ ਨੂੰ ਸਮਝਿਆ ਨਹੀਂ ਜਾ ਸਕਦਾ। ਡਾ. ਕਰਮਜੀਤ ਸਿੰਘ ਦਾ ਵਿਚਾਰ ਹੈ ਕਿ ਅੱਜ ਵੀ ਲੋਕਧਾਰਾ ਦੀ ਸਿਰਜਣਾ ਹੋ ਰਹੀ ਹੈ ਤੇ ਇਸ ਵਿਚ ਪਿੰਡ ਦੇ ਨਾਲ ਨਾਲ ਸ਼ਹਿਰ ਵੀ ਸ਼ਾਮਿਲ ਹੈ। ਉਹਨਾਂ ਦਾ ਮੰਨਣਾ ਹੈ ਕਿ ਪੰਜਾਬੀ ਵਿਚ ਸਾਹਿਤ ਦੇ ਵਿਸ਼ੇਸ਼ੱਗਾਂ ਨੇ ਲੋਕਧਾਰਾ ਦੇ ਖੇਤਰ ਵਿਚ ਕਾਫ਼ੀ ਕੰਮ ਕੀਤਾ ਹੈ ਤੇ ਉਸ ਵਿਚ ਕਾਫ਼ੀ ਚੰਗਾ ਕੰਮ ਵੀ ਮਿਲਦਾ ਹੈ। ਹੋਰਨਾਂ ਵਿਦਵਾਨਾਂ ਤੋਂ ਅਲਹਿਦਾ ਉਹ ਇਹ ਵੀ ਮੰਨਦੇ ਹਨ ਕਿ ਪੰਜਾਬੀ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਹੋਰਨਾਂ ਅਨੁਸ਼ਾਸਨਾਂ ਦੇ ਅਧਿਐਨਾਂ ਮੁਕਾਬਲੇ ਅਧਿਐਨ ਦਾ ਮਾਡਲ ਮੁਕਾਬਲਤਨ ਵੱਧ ਮੌਲਿਕ ਹੈ। ਉਹਨਾਂ ਅਨੁਸਾਰ ਲੋਕਧਾਰਾ ਦੇ ਅਧਿਐਨ ਤੇ ਇਕੱਤਰੀਕਰਨ ਨਾਲ਼ੋ-ਨਾਲ਼ ਚੱਲਦੇ ਹਨ। ਖੇਤਰੀ ਕਾਰਜ ਦੇ ਅਧਾਰ ’ਤੇ ਹੀ ਪ੍ਰਵਾਨ ਕੀਤੇ ਜਾਣ ਵਾਲਾ ਸਿਧਾਂਤ ਬਣਦਾ ਹੈ ਪਰ ਖੇਤਰੀ ਕਾਰਜ ’ਤੇ ਜਾਣ ਤੋਂ ਪਹਿਲਾਂ ਸਿਧਾਂਤ ਦੀ ਸਮਝ ਜ਼ਰੂਰੀ ਹੈ।

ਛੇਵੀਂ ਮੁਲਾਕਾਤ[ਸੋਧੋ]

ਛੇਵੀਂ ਮੁਲਾਕਾਤ ਡਾ. ਨਾਹਰ ਸਿੰਘ ਨਾਲ ਕੀਤੀ ਗਈ ਹੈ। ਇਸ ਮੁਲਾਕਾਤ ਲਈ ਕੁੱਲ 33 ਸੁਆਲ ਕੀਤੇ ਗਏ ਹਨ। ਇਸ ਮੁਲਾਕਾਤ ਵਿਚ ਡਾ. ਨਾਹਰ ਸਿੰਘ ਨੇ ਲੋਕਧਾਰਾ ਦੇ ਖੇਤਰ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਬਾਰੇ ਜਾਣਕਾਰੀ ਦੇਣ ਤੋਂ ਗੱਲ ਸ਼ੁਰੂ ਕੀਤੀ ਹੈ। ਉਹ ਦੱਸਦੇ ਹਨ ਕਿ ਪੰਜਾਬੀ ਲੋਕਾਈ ਦੀ ਜ਼ਿੰਦਗੀ ਦੇ ਇਕਸਾਰ ਸੰਬੰਧਿਤ ਪ੍ਰਵਚਨ (Integrated Discourse) ਸਿਰਜਣ ਵਿਚ ਉਹਨਾਂ ਦੇ ਖ਼ੁਦ ਦੇ ਖੇਤਰੀ ਖੋਜ ਕਾਰਜ ਨੇ ਕਾਫ਼ੀ ਸਹਾਇਤਾ ਕੀਤੀ। ਲੋਕਧਾਰਾਈ ਸਮੱਗਰੀ ਦੇ ਇਕੱਤਰੀਕਰਨ ਤੇ ਲੋਕਧਾਰਾ ਅਧਿਐਨ ਦੀ ਆਪਸੀ ਸਾਂਝ ਬਾਰੇ ਇਸ ਮੁਲਾਕਾਤ ਵਿਚ ਕਾਫ਼ੀ ਨੁਕਤੇ ਵਿਚਾਰੇ ਗਏ ਹਨ। ਅੱਜ ਦੇ ਸਮੇਂ ਪੰਜਾਬੀ ਵਿਚ ਲੋਕਧਾਰਾ ਅਧਿਐਨ ਦੇ ਮਿਆਰ ਸੰਬੰਧੀ ਡਾ. ਨਾਹਰ ਸਿੰਘ ਟਿੱਪਣੀ ਕਰਦੇ ਹਨ ਕਿ ਅਜਿਹੇ ਕੰਮ ਵੀ ਹੋਏ ਹਨ ਜਿਨ੍ਹਾਂ ਵਿਚ ਖੋਜਾਰਥੀਆਂ ਨੇ ਡਿਗਰੀ ਵੀ ਲਈ ਹੈ ਤੇ ਮਿਹਨਤ ਵੀ ਕੀਤੀ ਹੈ ਅਤੇ ਕੁਝ ਐਸੇ ਵੈਸੇ ਵੀ ਹੋਏ ਹਨ। ਡਾ. ਨਾਹਰ ਸਿੰਘ ਨੇ ਕੁਝ ਸੁਆਲਾਂ ਦੇ ਜੁਆਬ ਕਾਫ਼ੀ ਵਿਸਤਾਰ ਵਿਚ ਦਿੱਤੇ ਹਨ ਜਿਹਨਾਂ ਵਿਚ ਉਹਨਾਂ ਦੀ ਪੰਜਾਬ ਬਾਰੇ ਬਣੀ ਸਮਝ ਜ਼ਾਹਿਰ ਹੁੰਦੀ ਹੈ। ਉਹ ਹਰੇ ਇਨਕਲਾਬ ਨੂੰ ਇਕ ਵੱਡੇ ਮੋੜ ਵਜੋਂ ਦੇਖਦੇ ਹਨ ਜਿਸਨੇ ਹੋਰਨਾਂ ਤਬਦੀਲੀਆਂ ਦੇ ਨਾਲ ਨਾਲ ਸਭਿਆਚਾਰਕ ਰੂਪਾਂਤਰਣ ਵੀ ਕੀਤਾ। ਇਸਦੇ ਨਾਲ ਲੋਕਧਾਰਾ ਦੇ ਪਰੰਪਰਕ ਰੂਪਾਂ ਵਿਚ ਵੀ ਤਬਦੀਲੀ ਆਈ। ਆਪਣੇ ਖ਼ੁਦ ਦੇ ਕੰਮ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਰੇ ਇਨਕਲਾਬ ਤੋਂ ਪਹਿਲਾਂ ਦੇ ਮਾਲਵੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ।[8] ਡਾ. ਨਾਹਰ ਸਿੰਘ ਮੁਲਾਕਾਤ ਵਿਚ ਪੰਜਾਬੀ ਵਿਚ ਲੋਕਧਾਰਾ ਅਧਿਐਨ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਦੋਹਾਂ ਤੋਂ ਜਾਣੂੰ ਦਿਖਾਈ ਦਿੰਦੇ ਹਨ।

ਸੱਤਵੀਂ ਮੁਲਾਕਾਤ[ਸੋਧੋ]

ਕਿਤਾਬ ਵਿਚਲੀ ਸੱਤਵੀਂ ਮੁਲਾਕਤ[9] ਡਾ. ਗੁਰਮੀਤ ਸਿੰਘ ਨਾਲ ਕੀਤੀ ਗਈ ਹੈ। ਇਸ ਮੁਲਾਕਾਤ ਵਿਚ ਕੁੱਲ 23 ਸੁਆਲ ਜੁਆਬ ਸ਼ਾਮਿਲ ਕੀਤੇ ਗਏ ਹਨ। ਇਸ ਮੁਲਾਕਾਤ ਦੀ ਸ਼ੁਰੂਆਤ ਵੀ ਡਾ. ਗੁਰਮੀਤ ਸਿੰਘ ਦੇ ਸਾਹਿਤ ਦੇ ਖੇਤਰ ਤੋਂ ਲੋਕਧਾਰਾ ਅਧਿਐਨ ਆਉਣ ਵੱਲ ਦੇ ਸਫ਼ਰ ਬਾਰੇ ਜਾਣਕਾਰੀ ਦੇਣ ਤੋਂ ਹੁੰਦੀ ਹੈ। ਉਹ ਦੱਸਦੇ ਹਨ ਕਿ ਉਹਨਾਂ ਨੇ ਲੋਕਧਾਰਾ ਨੂੰ ਵੱਖਰੇ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਵਿਚ ਯੋਗਦਾਨ ਪਾਉਣ ਲਈ ਸਾਹਿਤ ਦੇ ਲੋਕਧਾਰਾਈ ਅਧਿਐਨ ਦੇ ਖੇਤਰ ਨੂੰ ਇਕ ਸਮੇਂ ਤੋਂ ਬਾਅਦ ਛੱਡ ਦਿੱਤਾ। ਡਾ. ਗੁਰਮੀਤ ਸਿੰਘ ਪੂਰੀ ਮੁਲਾਕਤ ਵਿਚ ਲੋਕਧਾਰਾ ਅਧਿਐਨ ਲਈ ਦੋ ਨੁਕਤਿਆਂ ’ਤੇ ਜ਼ੋਰ ਦਿੰਦੇ ਹਨ – ਖੇਤਰੀ ਖੋਜ ਕਾਰਜ ਅਤੇ ਅੰਤਰ-ਅਨੁਸ਼ਾਸਨੀ ਅਧਿਐਨ। ਉਹ ਪੰਜਾਬੀ ਲੋਕਧਾਰਾ ਸ਼ਾਸਤਰੀਆਂ ਸਮੇਤ ਭਾਰਤ ਤੇ ਅੰਤਰਰਾਸ਼ਟਰੀ ਪੱਧਰ ਦੇ ਲੋਕਧਾਰਾ ਸ਼ਾਸਤਰੀਆਂ ਨੂੰ ਆਲੋਚਨਾਤਮਕ ਤਰੀਕੇ ਨਾਲ ਪੜ੍ਹਨ ਦਾ ਮਸ਼ਵਰਾ ਦਿੰਦੇ ਹਨ। ਉਹ ਲੋਕਧਾਰਾ ਨੂੰ ਲੋਕ ਦਾਇਰਿਆਂ ਵਿਚ ਪੈਦਾ ਹੋਇਆ ਸਮੂਹਿਕ ਹੁੰਗਾਰਾ (Collective Response) ਦੱਸਦੇ ਹਨ। ਡਾ. ਗੁਰਮੀਤ ਸਿੰਘ ਇਸ ਦਾ ਮਤ ਇਹ ਹੈ ਕਿ ਲੋਕਧਾਰਾ ਮਹਿਜ਼ ਬੀਤ ਗਏ ਵੇਲੇ ਨਾਲ ਹੀ ਸੰਬੰਧ ਨਹੀਂ ਰੱਖਦੀ ਸਗੋਂ ਵਰਤਮਾਨ ਵਿਚ ਵੀ ਸਿਰਜੀ ਜਾ ਰਹੀ ਹੈ। ਉਹ ਮੰਨਦੇ ਹਨ ਕਿ ਪੰਜਾਬੀ ਵਿਚ ਹੋ ਰਿਹਾ ਲੋਕਧਾਰਾ ਅਧਿਐਨ ਵੱਡੀ ਪੱਧਰ ’ਤੇ ‘ਲੋਕਾਂ ਲਈ’ ਨਹੀਂ ਹੈ ਕਿਉਂਕਿ ਇਸਦੀ ਆਮ ਲੋਕਾਈ ਤੱਕ ਰਸਾਈ ਬਹੁਤ ਹੀ ਸੀਮਿਤ ਹੈ। ਪੰਜਾਬੀ ਲੋਕਧਾਰਾ ਦੇ ਕਾਵਿ ਸ਼ਾਸਤਰ ਦੀ ਸਿਰਜਣਾ ਦੇ ਸੁਆਲ ਨੂੰ ਮੁਖ਼ਾਤਿਬ ਹੁੰਦਿਆਂ ਉਹ ਕਹਿੰਦੇ ਹਨ ਕਿ ਲੋਕਧਾਰਾ ਦੇ ਖੇਤਰ ਵਿਚ ਸਾਹਿਤ ਵਾਂਗ ਕਾਵਿ ਸ਼ਾਸਤਰ ਦੀ ਉਸਾਰੀ ਨਹੀਂ ਹੋ ਸਕਦੀ ਕਿਉਂਕਿ ਲੋਕਧਾਰਾ ਸਾਹਿਤ ਦੇ ਮੁਕਾਬਲੇ ਕਿਤੇ ਜ਼ਿਆਦਾ ਵੰਨਗੀਆਂ ਨਾਲ ਭਰਪੂਰ ਹੈ। ਮੁਲਾਕਾਤ ਵਿਚ ਡਾ. ਗੁਰਮੀਤ ਸਿੰਘ ਪੰਜਾਬੀ ਲੋਕਧਾਰਾ ਅਧਿਐਨ ਦੀਆਂ ਸੀਮਾਵਾਂ ਨੂੰ ਲੈ ਕੇ ਫ਼ਿਰਕਮੰਦ ਵੀ ਨਜ਼ਰ ਆਉਂਦੇ ਹਨ ਤੇ ਇਸਦੀਆਂ ਸੰਭਾਵਨਾਵਾਂ ਪ੍ਰਤੀ ਆਸਵੰਦ ਵੀ।

ਹਵਾਲੇ[ਸੋਧੋ]

  1. "ਪੁਸਤਕ ਰੀਵਿਊ (ਰੋਜ਼ਾਨਾ ਅਜੀਤ)".
  2. "Punjabi Lokdhara Shastar: Chintan Sanwad ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ".
  3. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. pp. 20–32. ISBN 978-93-89548-94-5.
  4. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. p. 35. ISBN 978-93-89548-94-5.
  5. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. p. 43. ISBN 978-93-89548-94-5.
  6. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. pp. 78–107. ISBN 978-93-89548-94-5.
  7. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. p. 115. ISBN 978-93-89548-94-5.
  8. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. p. 192. ISBN 978-93-89548-94-5.
  9. ਬਾਵਾ, ਸਰਬਜੀਤ ਕੌਰ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼. pp. 194–228. ISBN 978-93-89548-94-5.