ਪੰਜਾਬੀ ਸਭਿਆਚਾਰ ਉੱਤੇ ਬਾਹਰੀ ਪ੍ਰਭਾਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸੱਭਿਆਚਾਰ ਸਮੇਂ-ਸਮੇਂ ਉੱਪਰ ਬਾਹਰੀ ਪ੍ਰਭਾਵ ਕਬੂਲਦਾ ਰਿਹਾ ਹੈ। ਹਰੇਕ ਸੱਭਿਆਚਾਰ ਦੂਜੇ ਸੱਭਿਆਚਾਰਾਂ ਤੋਂ ਅੰਸ਼ ਲੈ ਕੇ ਆਪਣੇ ਸਿਸਟਮ ਵਿੱਚ ਰਚਾਉਂਦਾ ਰਹਿੰਦਾ ਹੈ। ਪੰਜਾਬੀ ਸੱਭਿਆਚਾਰ ਲਈ ਇਹ ਗੱਲ ਹੋਰ ਵੀ ਜ਼ਿਆਦਾ ਠੀਕ ਹੈ ਕਿਉਂਕਿ ਪੰਜਾਬ ਸਰੱਹਦੀ ਸੂਬਾ ਹੋਣ ਕਰਕੇ ਇੱਥੇ ਬਾਹਰੋਂ ਆਇਆ ਹਰ ਹਮਲਾਵਰ ਆਪਣੇ ਸਭਿਆਚਰ ਚਿੰਨ੍ਹ-ਛੱਡ ਜਾਂਦਾ ਰਿਹਾ ਹੈ। ਆਪਣੀ ਸੱਭਿਆਚਾਰਕ ਉੱਚਤਾ ਦੀ ਹਉਮੈ ਦੇ ਬਾਵਜੂਦ ਕੋਈ ਵੀ ਜਨ-ਸਮੂਹ ਸੱਭਿਆਚਾਰੀਕਰਨ ਦੇ ਅਮਲ ਤੋਂ ਬਚ ਨਹੀਂ ਸਕਿਆ। ਇਹ ਪਰਿਵਤਨ ਉਸ ਸਮੇਂ ਵਾਪਰਦਾ ਹੈ ਜਦੋਂ ਦੋ ਵੱਖਰੇ ਸੱਭਿਆਚਾਰਾਂ ਨਾਲ ਸੰਬੰਧਿਤ ਗਰੂੱਪ ਇੱਕ ਦੂਜੇ ਤੇ ਸਿੱਧੇ ਹਮਲੇ ਕਰਦੇ ਹਨ| ਇਸ ਦਾ ਪੰਜਾਬ ਅਤੇ ਪੰਜਾਬ ਦੇ ਸੱਭਿਆਚਾਰ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ।

ਪਰਿਭਾਸ਼ਾ[ਸੋਧੋ]

ਡਾ.ਵਣਜਾਰਾ ਬੇਦੀ ਅਨੁਸਾਰ "ਪੰਜਾਬੀ ਸੱਭਿਆਚਾਰ ਦੀ ਆਪਣਾ ਹੀ ਗੌਰਵਮਈ ਵਿਲਖਣਤਾ ਹੈ ਜੋ ਸਦੀਆਂ ਦੇ ਲੰਮੇ ਇਤਿਹਾਸਕ ਪੈਂਡੇ ਵਿੱਚ ਸਹਿਜ ਰੂਪ ਵਿੱਚ ਵਿਗਸਦੀ ਹੈ ਇਸ ਸੱਭਿਆਚਾਰ ਦੇ ਨਿਰਮਾਣ ਵਿੱਚ ੳਨ੍ਹਾ ਅਨੇਕਾਂ ਆਰੀਆਈ ਅਤੇ ਗੈਂਰ ਆਰੀਆਈ ਤੇ ਬਦੇਸ਼ੀ ਜਾਤੀਆ ਦੇ ਸਾਂਸਕਿ੍ਤਕ ਤਤਾਂ,ਜੀਵਨ ਜੁਗਤਾਂ ਤੇ ਪਰੰਪਰਾਵਾਂ ਨੇ ਬੜਾ ਅਹਿਮ ਹਿਸਾ ਪਾਿੲਆ ਹੈ ਜੋ ਇਥੋਂ ਦੀ ਵਸੋਂ ਵਿੱਚ ਰਲ ਕੇ ਇਸ ਮੂਲ ਪਰਵਾਹ ਵਿੱਚ ਲੀਨ ਹੁੰਦੀਆ ਰਹੀਆ ਇਸ ਲਈ ਨਸਲੀ ਸੰਯੋਗ ਦੇ ਫਲਸਰੂਪ ਪੰਜਾਬੀ ਸੱਭਿਆਚਾਰ ਇੱਕ ਬਹੁ-ਵਿਧ,ਮਿਸਾ ਤੇ ਲਚਕਦਾਰ ਸਰੂਪ ਗ੍ਰਹਿਣ ਕਰ ਗਿਆ ਹੈ" ਕਿਤਾਬ-ਪੰਜਾਬੀ ਲੋਕਯਾਨ ਅਤੇ ਸੱਭਿਆਚਾਰ ਪ੍ਰੋ:ਕਰਤਾਰ ਸਿੰਘ ਚਾਵਲਾ

ਪਿਛੋਕੜ[ਸੋਧੋ]

ਪੰਜਾਬ ਵਿੱਚ ਸਭ ਤੋਂ ਪਹਿਲਾਂ ਆਰੀਆ ਲੋਕ ਜਦੋਂ ਸਪਤ-ਸਿੰਧੂ ਵਿੱਚ ਆਏ, ਤਾਂ ਉਹਨਾਂ ਨੇ ਸਥਾਨਕ ਵਾਸੀਆਂ, ਆਪਣੇ ਦੁਸ਼ਮਨਾਂ ਲਈ ਜਿਹੜੇ ਕਿ ਦਰਾਵੜ ਮੰਨੇ ਜਾਂਦੇ ਹਨ ਅਤਿ ਦੇ ਹਿਕਾਰਤ ਭਰੇ ਲਫ਼ਜ਼ ਵਰਤੇ ਜਿਵੇਂ: ‘ਕਾਲੀ ਚਮੜੀ ਵਾਲੇ’, ‘ਫੀਨੇ’, ‘ਅਧਰਮੀ’, ‘ਬੜਬੋਲੇ’, ‘ਲਿੰਗ ਦੇ ਪੁਜਾਰੀ’, ‘ਗੁਲਾਮ’, ‘ਲੁਟੇਰੇ’ ਆਦਿ ਪਰ ਕੁਝ ਦਹਾਕਿਆਂ ਦੇ ਸੰਪਰਕ ਮਗਰੋਂ ਹੀ ਇਹਨਾਂ ਅਧਰਮੀਆਂ ਦੀਆਂ ਬਹੁਤ ਸਾਰੀਆਂ ਰਸਮਾਂ ਆਰੀਆ ਅਪਣਾ ਚੁੱਕੇ ਸਨ। ‘ਸ਼ਿਵ’ ਅਤੇ ਉਸ ਦੇ ‘ਸ਼ਿਵ-ਲਿੰਗ’ ਦੀ ਪੂਜਾ ਆਰੀਆਂ ਦੀ ਵਿਸ਼ਵਾਸ-ਪ੍ਰਣਾਲੀ ਵਿੱਚ ਸ਼ਾਮਲ ਹੋ ਗਈ। ‘ਪੂਜਾ’ ਆਪਣੇ ਆਪ ਵਿੱਚ ਦਰਾਵੜ ਮੂਲ ਦਾ ਅਰਥ ਹੈ। ‘ਪੂ’ ਫੂੱਲਾ ਲਈ ਵਰਤਿਆ ਜਾਂਦਾ ਹੈ ਅਤੇ ਫੁੱਲ, ਫਲ ਆਦਿ ਦੇਵਤੇ ਨੂੰ ਭੇਟ ਕਰਨ ਦੀ ਸਾਰੀ ਰਸਮ ਲਈ ਸ਼ਬਦ ‘ਪੂਜਾ’ ਵਰਤਿਆਂ ਜਾਂਦਾ ਸੀ। ਭਵਨ-ਨਿਰਮਾਣ ਸੁੱਚਜਾ ਨਗਰ-ਪ੍ਰਬੰਧ ਤੇ ਉੱਤਮ-ਸਹੂਲਤਾਂ ਵਾਲੀ ਰਹਿਣੀ-ਬਹਿਣੀ ਆਰੀਆਂ ਲੋਕਾਂ ਨੇ ਬੜਾ ਸਮਾਂ ਬਾਅਦ ਆ ਕੇ ਸਿੱਖੀ। ਆਰੀਆਂ ਨੇ ਇੱਟਾਂ ਤੋਂ ਮਕਾਨ ਬਣਾਉਣ ਦੀ ਕਲਾ ਵੀ ਦਰਾਵੜਾਂ ਤੋਂ ਸਿੱਖੀ। ਇਸਤਰੀ ਨੂੰ ਪਤਨੀ ਬਣਾ ਕੇ ਰੱਖਣ ਦੀ ਸੂਝ ਦੀ ਆਰੀਆਂ ਨੇ ਦਰਾਵੜਾਂ ਤੋਂ ਹੀ ਸਿੱਖੀ। ਅੱਠਵੀ ਤੇ ਸੱਤਵੀ ਸਦੀ ਈਸਾ ਪੂਰਵ ਅਸੀਰਅਨ ਤੇ ਫਿਲੀਸ਼ੀਅਨ ਜਾਤੀਆਂ ਦੇ ਆਗਮਨ ਦਾ ਸਮਾਂ ਹੈ ਅੱਗ ਤੇ ਪਾਣੀ ਵਿੱਚ ਸੁੱਟਣ ਵਰਗੀਆਂ ਸਖ਼ਤ ਸਜ਼ਾਵਾਂ ਅਸੀਰੀਅਨਾਂ ਨੇ ਲਿਆਂਦੀਆ। ਉਹ ਆਪਣੇ ਜਿੱਥੇ ਦੁਸ਼ਮਣਾਂ ਦੇ ਨੱਕ ਤੇ ਕੰਨ ਵਿੱਚ ਛੇਕ ਕਰਕੇ ਰੱਸੀ ਪਾਉਂਦੇ ਸਨ। ਇਹੋਂ ਕੁਝ ਸਮਾਂ ਪਾ ਕੇ ਭਾਰਤੀ ਔਰਤ ਦੇ ਨੱਕ ਦੀ ਨੱਥ ਜਾਂ ਨੱਕ ਦੇ ਛੱਲੇ ਵਜੋਂ ਸਾਹਮਣੇ ਆਈ। ਇਸ ਤਰ੍ਹਾਂ ਨਾਲ ਔਰਤ ਤੇ ਮਰਦ ਦੀ ਪੂਰਨ ਸਰਦਾਰੀ ਦਾ ਪ੍ਰਤੀਕ ਬਣੀ।

ਫਿਨੀਸ਼ੀਅਨ ਦੀ ਸਭ ਤੋਂ ਮਹਾਨ ਦੇਣ-ਮਿਸਰ, ਸੁਮੇਰੀਆਂ ਤੇ ਬੇਬੀਲੋਨੀਆ ਤੋਂ ਲਿਪੀ ਦੀ ਵਰਤੋਂ ਨੂੰ ਇਥੇ ਪ੍ਰਚੱਲਤ ਕਰਨਾ ਸੀ। ਚੌਥੀ ਸਦੀ ਈਸਾ ਪੂਰਵ ਤੋਂ ਛੇਂਵੀ ਸਦੀ ਦੇ ਦੌਰਾਨ ਈਰਾਨ ਦੇ ਬਾਦਸ਼ਾਹ ਦਾਰਾਂ ਨੇ ਆਪਣਾ ਕਬਜ਼ਾ ਕਰ ਲਿਆ। ਇਸ ਨਾਲ ਪੰਜਾਬ ਦੇ ਸੋਦਾਗਰਾਂ ਦੇ ਇਰਾਨ ਨਾਲ ਵਪਾਰਕ ਸੰਬੰਧ ਵਧੇ। ਭਾਰਤ ਦੇ ਲੋਕਾਂ ਨੇ ਈਰਾਨੀਆਂ ਤੋਂ ਖਰੋਸ਼ਰੀ ਲਿੰਪੀ ਸਿੱਖੀ।

326 ਪੂਰਵ ਈਸਵੀ ਨੂੰ ਯੂਨਾਨ ਦੇ ਸਿੰਕਦਰ ਨੇ ਈਰਾਨ ਨੂੰ ਜਿੱਤਣ ਉਪਰੰਤ ਪੰਜਾਬ ਵੱਲ ਕਦਮ ਵਧਾਏ ਅਤੇ ਪੰਜਾਬ ਉੱਤੇ ਹਮਲਾ ਕੀਤਾ। ਇਸ ਹਮਲੇ ਨਾਲ ਪੈਦਾ ਹੋਏ ਸੰਬੰਧਾਂ ਨਾ ਪੱਛਮੀ ਦੇਸ਼ਾ ਨੇ ਵੀ ਪੰਜਾਬ ਤੇ ਭਾਰਤ ਤੋਂ ਬਹੁਤ ਕੁਝ ਸਿੱਖਿਆ। ਇਸ ਨਾਲ ਯੂਰਪ ਦੇ ਤਿੰਨ ਖੁਸ਼ਕ ਤੇ ਇੱਕ ਸਮੁੰਦਰੀ ਮਾਰਗ ਦਾ ਪਤਾ ਲਗਾ। ਜਿਸ ਨਾਲ ਵਪਾਰੀਆਂ, ਕਲਾਕਾਰਾਂ ਤੇ ਧਰਮ-ਪ੍ਰਚਾਰਕਾਂ ਦਾ ਇੱਕ ਦੂਜੇ ਦੇ ਦੇਸ਼ ਆਉਣਾ ਜਾਣਾ ਸ਼ੁਰੂ ਹੋਇਆ।

ਪਾਰਥੀਅਨ ਜਾਤੀ ਦਾ ਆਗਮਨ 323 ਈਸਾ ਪੂਰਵ ਤੋਂ ਬਾਅਦ ਹੋਇਆ ਮੰਨਿਆ। ਇਨ੍ਹਾਂ ਵਿਚੋਂ ਹੀ ਇੱਕ ਜਾਤੀ ‘ਟੱਕ’ ਦੱਸੀ ਜਾਂਦੀ ਹੈ। ਇਸ ਨੇ ਬਿਆਸ ਤੇ ਝਨਾਂ ਵਿਚਲੇ ‘ਟੱਕ ਦੇਸ’ ਉੱਤੇ ਹਕੂਮਤ ਕੀਤੀ। ਇਸ ਸਮੇਂ ਸਾਂਚਿਆਂ ਵਿੱਚ ਢਾਲ ਕੇ ਸੁਹਣੇ ਤੇ ਚੰਗੇ ਸਿੱਕੇ ਬਣਾਉਂਣੇ ਚਾਲੂ ਕੀਤੇ। ਗੁਫ਼ਾਵਾਂ ਬਣਾਉਣ ਤੇ ਪੱਥਰਾਂ ਨੂੰ ਖੋਦ ਕੇ ਮੁਰਤੀਆ ਬਣਾਉਣ ਦੀ ਗੰਧਾਰ ਸ਼ੈਲੀ ਦਾ ਨਿਰਮਾਣ ਵੀ ਇਸੇ ਸਮੇਂ ਆਰੰਭ ਹੋਇਆ।

ਕੁਸ਼ਾਨ ਤੇ ਮਿਥੀਅਨ (ਸ਼ੱਕ) ਜਾਤੀ ਦਾ ਆਗਮਨ ਈਸਾ-ਪੂਰਵ ਦੂਸਰੀ ਸਦੀ ਦੱਸਿਆ ਜਾਂਦਾ ਹੈ। ਸ਼ੁੱਕ ਭਾਰਤ ਵਿੱਚ ਵਿਦੇਸ਼ੀ ਹਮਲਾਵਰਾਂ ਦੇ ਰੁਪ ਵਿੱਚ ਆਏ ਪਰ ਬਾਅਦ ਵਿੱਚ ਪੰਜਾਬੀ ਸੱਭਿਆਚਾਰ ਨੂੰ ਅਪਣਾ ਕੇ ਇਸ ਵਿੱਚ ਇਸ ਤਰ੍ਹਾ ਮਿਲ ਗਏ ਕਿ ਇਨ੍ਹਾਂ ਨੂੰ ਵੱਖ-ਵੱਖ ਰੂਪ ਵਿੱਚ ਵੇਖਣਾ ਤੇ ਦੱਸਣਾ ਅਸੰਭਵ ਹੈ। ਇਹ ਸੂਰਜ ਪੂਜਾ ਕਰਦੇ ਸਨ, ਇਨ੍ਹਾਂ ਸਤੀ ਦੀ ਰਸਮ ਨੂੰ ੳਤੇਜਿਤ ਕੀਤਾ। ਰਾਜਪੂਤ ਤੇ ਜੱਟ ਏਸੇ ਕਬੀਲੇ ਦੀ ਪੈਦਾਵਾਰ ਦੱਸੇ ਜਾਂਦੇ ਹਨ।

ਕੁਸਾਣ ਜਾਂ ਯੂਇ-ਚੀ ਜਾਤੀ ਦਾ ਆਗਮਨ ਪਹਿਲੀ ਤੋਂ ਤੀਸਰੀ ਸਦੀ ਮੰਨਿਆ ਗਿਆ। ਇਸ ਸਮੇਂ ਦੇਵਤਿਆਂ ਦੀਆਂ ਤਸਵੀਰਾਂ ਵਾਲੇ ਤੇ ਦਿਲਕਸ਼ ਸਿੱਕਿਆ ਦਾ ਆਰੰਭ ਹੋਇਆ ਕਨਿਸ਼ਕ ਇਸ ਜਾਤੀ ਦਾ ਮਸ਼ਹੂਰ ਰਾਜਾ ਹੋਇਆ।

ਹੂਣ ਨਾਂ ਦੀ ਜਾਤੀ ਪੰਜਵੀ ਸਦੀ ਈਸਵੀ ਦੇ ਅੰਤ ਵਿੱਚ ਪੰਜਾਬ ਦੀ ਧਰਤੀ ਤੇ ਆਈ ਦੱਸੀ ਜਾਂਦੀ ਹੈ। ਇਹ ਕੌਮ ਬੜੀ ਨਿਰਦਈ, ਦੁਸ਼ਟ, ਲੁਟੇਰੀ ਤੇ ਕਾਤਲ ਸੀ। ਇਸ ਕੌਮ ਨਾਲ ਭਾਰਤ ਰਾਜਨੀਤਕ ਏਕਤਾ ਨੂੰ ਬੜੀ ਹਾਨੀ ਹੋਈ। ਇਸ ਸਮੇਂ ਇਤਿਹਾਸਕ ਸਰੋਤਾਂ ਨੂੰ ਬੜਾ ਨੁਕਸਾਨ ਪੁੱਜਿਆ। ਪੁਸਤਕਾਂ ਸਾੜ ਦਿਤੀਆਂ ਗਈਆਂ ਅਤੇ ਵਿਦਵਾਨਾਂ ਤੇ ਕਲਾਕਾਰਾਂ ਦਾ ਘਾਤ ਕੀਤਾ ਗਿਆ।

ਪੰਜਾਬ ਵਿੱਚ ਪਹਿਲੀ ਤੇ ਦੂਜੀ ਸਦੀ ਈਸਵੀਂ ਵਿੱਚ ਟੱਕ, ਅਭੀਰ ਤੇ ਗੁੱਜਰ ਜਾਤੀਆਂ ਦਾ ਬੜਾ ਜ਼ੋਰ ਰਿਹਾ। ਪੰਜਾਬੀ ਦੇ ਸੱਭਿਆਚਾਰ ਜੀਵਨ ਵਿੱਚ ਕਲਾ ਤੇ ਭਾਸ਼ਾ ਪੱਖੋਂ ਇਨ੍ਹਾਂ ਦੀ ਡੂੰਘੀ ਛਾਪ ਹੈ। ਗੁਜਰਾਤ, ਗੁਜਰਖਾਨ, ਗੁਜਰਾਂਵਾਲਾ ਨਾਵਾਂ ਤੋਂ ਗੁੱਜਰ ਜਾਤੀ ਦੀ ਰਾਜ ਸ਼ਕਤੀ ਦਾ ਪ੍ਰਭਾਵ ਪ੍ਰਤੱਖ ਹੁੰਦਾ ਹੈ।

ਆਰੀਆਂ ਤੋਂ ਮਗਰੋਂ ਇਸਲਾਮ ਦੀ ਆਮਦ ਸੱਭਿਆਚਾਰੀਕਰਨ ਦੀ ਦ੍ਰਿਸ਼ਟੀ ਤੋਂ ਪੰਜਾਬ ਲਈ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਹੈ। ਮੁਸਲਮਾਨਾਂ ਤੋਂ ਪਹਿਲਾਂ ਜਿੰਨੇ ਵੀ ਹਮਲਾਵਰ ਆਉਂਦੇ ਰਹੇ, ਉਹ ਜਾਂ ਤਾਂ ਕੁਝ ਸਮੇਂ ਪਿਛੋਂ ਵਾਪਸ ਹੋ ਜਾਂਦੇ ਰਹੇ ਜਾਂ ਫਿਰ ਸਥਾਨਕ ਵੱਸੋਂ ਨਾਲ ਇਕਮਿਕ ਹੋ ਕੇ ਰਹਿ ਗਏ ਪਰ ਮੁਸਲਮਾਨਾਂ ਨੇ ਭਾਰਤ ਨੂੰ ਆਪਣਾ ਹੀ ਘਰ ਬਣਾ ਲਿਆ। ਆਪਣੀ ਨਿਵੇਕਲਤਾ ਵੀ ਕਾਇਮ ਰੱਖੀ ਅਤੇ ਕਈ ਸਥਾਨੀਕ ਵਾਸੀਆਂ ਨੂੰ ਵੀ ਇਸਲਾਮ ਵਿੱਚ ਸ਼ਾਮਿਲ ਕਰ ਲਿਆ।

ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਹਨ ਜਿਹੜੀਆ ਸਾਡੇ ਸੱਭਿਆਚਾਰ ਵਿੱਚ ਮੁਸਲਮਾਨਾਂ ਰਾਹੀਂ ਆਈਆਂ। ਹਿੰਦੂ ਅਤੇ ਇਸਲਾਮ ਦੇ ਪ੍ਰਸਪਰ ਪ੍ਰਭਾਵ ਦਾ ਸਿੱਟਾ ਹੀ ਉਸ ਸੰਸਲੇਸ਼ਨ ਵਿਚੋਂ ਨਿਕਲਿਆ ਜਿਹੜਾ ਭਗਤੀ ਲਹਿਰ ਅਤੇ ਸਿੱਖ ਮੱਤ ਵਜੋਂ ਸਾਹਮਣੇ ਆਇਆ। ਇਸਲਾਮ ਨੇ ਸਾਡੀ ਸੱਭਿਆਚਾਰਕ ਜ਼ਿੰਦਗੀ ਦੇ ਹਰ ਪੱਖ ਉੱਤੇ ਪ੍ਰਭਾਵ ਪਾਇਆ। ਲਿਖਤ ਤਾਂ ਪਹਿਲਾਂ ਵੀ ਸਾਡੇ ਕੋਲ ਸੀ ਪਰ ਸੁਲੇਖਣ ਕਲਾ ਅਰਬ ਤੋਂ ਮੁਸਲਮਾਨਾਂ ਰਾਹੀਂ ਸਾਡੇ ਤੱਕ ਪੱਜੀ। ਕਾਗ਼ਜ ਵੀ ਮੁਸਲਮਾਨਾਂ ਰਾਹੀਂ ਆਇਆ। ਨਿੱਕ-ਮੂਰਤੀ ਕਲਾ ਇਸਲਾਮੀ ਪ੍ਰਭਾਵ ਹੈ। ਸੰਗੀਤ ਦੇ ਖੇਤਰ ਵਿੱਚ ਕਈ ਰਾਗ, ਨਰਿਤ, ਸਾਜ਼, ਆਦਿ ਇਸਲਾਮੀ ਪ੍ਰਭਾਵ ਤੋਂ ਵਿਗਸੇ। ਪੰਜਾਬੀ ਲਿ਼ਬਾਸ ਨੂੰ ਇਸਲਾਮੀ ਦੇਣ, ਅਚਕਨ, ਪਜ਼ਾਮਾ, ਕੁਰਤਾ, ਚੋਗ਼ਾ, ਜਾਮਾ ਆਦਿ ਦੀ ਸ਼ਕਲ ਵਿੱਚ ਹੈ। ਵਿਦਿਅਕ ਖੇਤਰ ਵਿੱਚ ਵੀ ਮਦੱਰਸਿਆਂ ਦੀ ਕਾਇਮੀ ਅਤੇ ਮਜ਼ਮੂਨਾਂ ਦੀ ਵੰਨ ਸੁਵੰਨਤਾ ਇਸਲਾਮ ਨਾਲ ਹੀ ਆਈ। ਭਵਨ ਨਿਰਮਾਣ ਕਲਾ ਨੂੰ ਵੀ ਮੁਸਲਮਾਨਾਂ ਨੇ ਕਈ ਸ਼ਾਹਕਾਰ ਉਸਾਰੀਆ ਦਿੱਤੀਆਂ। ਭਾਸ਼ਾ ਦੇ ਪੱਖੋਂ ਜਿਥੇ ਅਰਬੀ ਤੇ ਫ਼ਾਰਸੀ ਦੀ ਸ਼ਬਦਾਵਲੀ ਨੇ ਸਾਡੀ ਭਾਸ਼ਾ ਨੂੰ ਅਮੀਰ ਕੀਤਾ। ਉੱਥੇ ਉਰਦੂ ਵਰਗੀ ਜ਼ਬਾਨ ਨੂੰ ਜਨਮ ਵੀ ਦਿੱਤਾ। ਜਿਹੜੀ ਹੋਰ ਸਥਾਨਕ ਭਾਸ਼ਾਵਾਂ ਨਾਲ ਮਗਰੋਂ ਜਾ ਕੇ ਪੰਜਾਬੀ ਮਾਨਸਿਕਤਾ ਦੇ ਪ੍ਰਗਟਾਅ ਦਾ ਇੱਕ ਜ਼ੋਰਦਾਰ ਮਾਧਿਅਮ ਬਣ ਗਈ।

ਤੀਜਾ ਸਭ ਤੋਂ ਵੱਡਾ ਅੰਗਰੇਜ਼ੀ ਸੰਪਰਕ ਸੀ। ਜਿਸ ਨਾਲ ਸਾਰਾ ਪੱਛਮ ਸਾਨੂੰ ਪ੍ਰਭਾਵਿਤ ਕਰਨ ਲਈ ਉਮਲ ਪਿਆ। ਅੰਗਰੇਜ਼ਾਂ ਦਾ ਸ਼ੁਰੂ ਤੋਂ ਹੀ ਮੰਤਵ ਇਥੇ ਵੱਸਣਾ ਨਹੀਂ ਸੀ ਇਥੋਂ ਦਾ ਲੁੱਟ ਕੇ ਪਿੱਛੇ ਆਪਣੇ ਦੇਸ਼ ਭੇਜਣਾ ਸੀ। ਸਾਡੀ ਅਸਲ ਗੁਲਾਮੀ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਈ ਤਾਂ ਵੀ ਅੰਗਰੇਜ਼ਾਂ ਨਾਲ ਸੰਪਰਕ ਨੇ ਸਾਡੇ ਸੱਭਿਆਚਾਰ ਵਿੱਚ ਕਈ ਬੁਨਿਆਦੀ ਖਾਸੇ ਵਾਲੀਆਂ ਤਬਦੀਲੀਆਂ ਲਿਆਂਦੀਆਂ। ਪੱਛਮ ਦੀ ਤਾਰਕਿਕ ਸੋਚ ਨੇ ਸਾਨੂੰ ਆਪਣੇ ਸਾਰੇ ਪਿੱਛੋਕੜ ਉੱਤੇ ਮੁੜ ਝਾਤ ਮਾਰਨ ਲਈ ਮਜ਼ਬੁਤ ਕੀਤਾ ਅਤੇ ਅਸੀਂ ਆਪਣੇ ਵਿਰਸੇ ਦਾ ਪੁਨਰ-ਮੁਲਾਂਕਣ ਕਰਨ ਲੱਗੇ। ਇਸ ਨਾਲ ਪੂਨਰ-ਜਾਗ੍ਰਿਤੀ ਦੀਆਂ ਉਹ ਸਾਰੀਆ ਲਹਿਰਾਂ ਸ਼ੁਰੂ ਹੋਈਆਂ, ਜਿਹਨਾਂ ਨੇ ਸਾਡੇ ਦਿਸ਼ਟੀਕੋਣ ਅਤੇ ਵਿਸ਼ਵਾਸਾਂ ਨੂੰ ਬਦਲ ਦਿੱਤਾ।

ਵਿਦਿਆ ਖੇਤਰ ਵਿੱਚ ਸਾਂਝੇ ਪਾਠ-ਕਰਮ ਵਾਲੇ ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ, ਇਹਨਾਂ ਵਿੱਚ ਵਰਤੋਂ ਲਈ ਆਧੁਨਿਕ ਗਿਆਨ ਨੂੰ ਪੇਸ਼ ਕਰਦੀਆ ਪਾਠ-ਪੁਸਤਕਾਂ ਅਤੇ ਉਹਨਾਂ ਨੂੰ ਲਿਖਣ/ਛਾਪਣ ਲਈ ਬੋਰਡਾਂ ਦੀ ਕਾਇਮੀਂ, ਪੱਛਮ ਦੇ ਸਾਹਿਤ, ਗਿਆਨ ਅਤੇ ਵਿਗਿਆਨ ਤੱਕ ਸਿ ਰਸਾਈ ਆਦਿ ਨੇ ਸਾਡੀ ਬੁੱਧੀ ਨੂੰ ਨਾ ਸਿਰਫ਼ ਪ੍ਰਜਵਲਤ ਹੀ ਕੀਤਾ, ਸਗੋਂ ਖ਼ੁਦ ਪ੍ਰਾਪਤੀਆਂ ਕਰਨ ਲੀ ਅੰਕੁਸ਼ ਵੀ ਲਾਇਆ।

ਕੌਮੀ ਜਾਗ੍ਰਿਤੀ ਆਜ਼ਾਦੀ, ਲੋਕਰਾਜ ਆਦਿ ਵਰਗੇ ਸੰਕਲਪ ਸ਼ਾਹਮਣੇ ਆਏ। ਆਰਥਿਕ ਖੇਤਰ ਵਿੱਚ ਅੰਗਰੇਜ਼ਾਂ ਰਾਹੀਂ ਆਈਆਂ ਸਾਰੀਆਂ ਮਾੜੀਆ ਤੇ ਚੰਗੀਆ ਤਬਦੀਲੀਆ ਨੇ, ਸਾਰੇ ਦੇਸ਼ ਲਈ ਇੱਕ ਸਾਂਝੀ ਨਿਆਂ-ਪ੍ਰਣਾਲੀ ਦੀ ਕਾਇਮੀ ਨੇ, ਉਪ੍ਰੋਕਤ ਸਾਰੀਆਂ ਗੱਲਾ ਨਾਲ ਮਿਲ ਕੇ ਸਾਡੇ ਸਮਾਜ ਅਤੇ ਸਾਡੀ ਸੋਚਣੀ ਨੂੰ ਜੜੋ੍ਹ ਹਲੂਣ ਦਿੱਤਾ।

ਫ਼ਰਾਂਸੀਸੀ ਪ੍ਰਬੰਧਕਾਰੀਆਂ ਅਤੇ ਵੀਹਵੀਂ ਸਦੀ ਵਿੱਚ ਫ਼ਰਾਂਸੀਸੀ ਅਸਤਿਤ੍ਵਵਾਦੀਆਂ ਦਾ ਪ੍ਰਭਾਵ, ਜਰਮਨੀ ਦੇ ਮਾਰਕਸ ਅਤੇ ਏਂਗਲਜ਼, ਰੂਸ ਦੇ ਟਾਲਸਟਾਏ, ਲੈਨਿਨ ਅਤੇ ਹੋਰ ਕਈ ਪ੍ਰਭਾਵ ਅੰਗਰੇਜ਼ੀ ਰਾਹੀਂ ਹੀ ਸਾਡੇ ਤੱਕ ਪੁੱਜੇ ਹਨ। ਪੰਜਾਬੀ ਚਿਤ੍ਰਕਲਾ ਦਾ ਵਿਅਕਤੀਗਤ ਅਤੇ ਸੰਸਥਾਈ ਰੂਪ ਵਿੱਚ ਵਿਕਾਸ ਅੰਗਰੇਜ਼ੀ ਅਸਰ ਹੇਠ ਹੀ ਹੋਇਆ।। ਸਾਡੇ ਲਿਬਾਸ, ਖਾਣ-ਪੀਣ ਦੀ ਸਾਮਗਰੀ ਅਤੇ ਢੰਗ, ਰਹਿਣ-ਸਹਿਣ ਦੇ ਢੰਗ ਤਰੀਕਿਆਾ ਸਮਾਜਕ ਵਰਤ-ਵਿਹਾਰ ਸਭ ਨੂੰ ਅੰਗਰੇਜ਼ੀ ਸੰਪਰਕ ਨੇ ਕੁਝ ਨਾ ਕੁਝ ਨਵਾਂ ਦਿੱਤਾ ਹੈ।

ਇਸ ਤਰ੍ਹਾਂ ਪੰਜਾਬ ਉੱਤੇ ਸਮੇਂ-ਸਮੇਂ ਬਾਹਰੀ ਜਾਂਤੀਆਂ ਦੁਆਰਾ ਹਮਲੇ ਕੀਤੇ ਗਏ। ਪੰਜਾਬ ਦੇ ਸੱਭਿਆਚਾਰ ਉੱਤੇ ਪ੍ਰਭਾਵ ਪਾਉਂਦੇ ਰਹੇ। ਇਸ ਲਈ ਪੰਜਾਬੀ ਸੱਭਿਆਚਾਰ ਉੱਤੇ ਬਾਹਰੋਂ ਪ੍ਰਾਪਤ ਕੀਤੇ ਅੰਸ਼ਾਂ ਦੀ ਭਰਮਾਰ ਹੈ।

ਹਵਾਲੇ[ਸੋਧੋ]

  1. ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ - ਪ੍ਰੋ. ਗੁਰਬ਼ਖਸ਼ ਸਿੰਘ ਫ਼ਰੈਂਕ
  2. ਪੰਜਾਬੀ ਸੱਭਿਆਚਾਰ: ਪਿਛਾਣ ਚਿੰਨ੍ਹ - ਡਾ. ਜਸਵਿੰਦਰ ਸਿੰਘ
  3. ਪੰਜਾਬੀ ਸੱਭਿਆਚਾਰ ਉੱਤੇ ਵਿਦੇਸ਼ੀ ਪ੍ਰਭਾਵ - ਜਸਵੀਰ ਸਿੰਘ ਜੱਸ
  4. ਸੰਸਕ੍ਰਿਤੀ ਤੇ ਪੰਜਾਬੀ ਸੰਸਕ੍ਰਿਤੀ - ਟੀ.ਆਰ.ਵਿਨੋਦ
  5. ਪੰਜਾਬੀ ਲੋਕਯਾਨ ਅਤੇ ਸੱਭਿਆਚਾਰ - ਪ੍ਰੋ:ਕਰਤਾਰ ਸਿੰਘ ਚਾਵਲਾ