ਪੰਜਾਬੀ ਸੱਭਿਆਚਾਰ ਦੀ ਗੀਤ ਵੀਡੀਉ ਵਿੱਚ ਜੱਟਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ[ਸੋਧੋ]

ਮਨੁੱਖੀ ਮਨ ਨੂੰ ਪ੍ਰਭਾਵਿਤ ਕਰਨ ਵਿੱਚ ਵੱਖ-ਵੱਖ ਕਲਾਵਾਂ ਦਾ ਵਧੇਰੇ ਯੋਗਦਾਨ ਹੁੰਦਾ ਹੈ। ਸਦੀਆਂ ਤੋਂ ਹੀ ਮਨੁੱਖ ਆਪਣੀ ਸੁਹਜ ਤ੍ਰਿਪਤੀ ਲਈ ਨਵੇਂ ਕਲਾ-ਰੂਪਾਂ ਨੂੰ ਜਨਮ ਵੀ ਦਿੰਦਾ ਹੈ ਤੇ ਪਹਿਲਾਂ ਪ੍ਰਚਲਿਤ ਕਲਾਵਾਂ ਨੂੰ ਬਦਲਦੇ ਹਾਲਾਤਾਂ ਅਨੁਸਾਰ ਢਾਲਦਾ ਵੀ ਰਿਹਾ ਹੈ। ਵੱਖ-ਵੱਖ ਸਮੇਂ ਵੱਖ-ਵੱਖ ਕਲਾ ਰੂਪ ਕਲਾਤਮਕ ਸੰਸਾਰ ਦੇ ਕੇਂਦਰ ਵਿੱਚ ਵਿਚਦਰੇ ਹਨ। ਹਰ ਕਲਾ ਰੂਪ ਮਨੁੱਖੀ ਜੀਵਨ ਵਿਚੋਂ ਹੀ ਪੈਦਾ ਹੋ ਕੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।

ਪੰਜਾਬੀ ਗੀਤ-ਵੀਡੀਓ ਵਿੱਚ ਜੱਟਵਾਦ ਦੀ ਝਲਕ[ਸੋਧੋ]

ਗੀਤ ਮਨੋਰੰਜਨ ਦਾ ਸਾਧਨ ਹੈ ਅਤੇ ਅੱਜ ਅਨੇਕਾਂ ਪ੍ਰਕਾਰ ਦੇ ਗੀਤ ਪ੍ਰਚਲਿੱਤ ਹਨ। ਪੁਰਾਣੇ ਸਮੇਂ ਦੇ ਗੀਤਾਂ ਵਿੱਚ ਵੀ ਜੱਟਾਂ ਬਾਰੇ ਗੀਤ ਗਾਏ ਜਾਂਦੇ ਹਨ। ਜੱਟਵਾਦ ਦੀ ਹੋਰਨਾਂ ਜਾਤਾਂ ਨਾਲੋਂ ਵੱਖਰਤਾ ਪੇਸ਼ ਕੀਤੀ ਜਾਂਦੀ ਸੀ। ਗੀਤਾਂ ਵਿੱਚ ਪੇਸ਼ ਹੋ ਰਹੇ ਵਿਸ਼ਿਆਂ ਰਾਹੀਂ ਜਿੱਥੇ ਜੱਟਵਾਦ ਨੂੰ ਸਲਾਹਿਆ ਜਾਂਦਾ ਸੀ, ਉਥੇ ਹੀ ਉਹਨਾਂ ਦਾ ਰਹਿਣ ਸਹਿਣ, ਪਹਿਰਾਵਾ, ਖਾਣ-ਪੀਣ ਬਾਰੇ ਵੀ ਦਿਖਾਇਆ ਜਾਂਦਾ ਸੀ। ਗੀਤਾਂ ਰਾਹੀਂ ਇਹ ਵੀ ਪੇਸ਼ ਕੀਤਾ ਜਾਂਦਾ ਸੀ ਕਿ ਜੱਟਾਂ ਕੋਲ ਕਿੰਨੀ ਜ਼ਮੀਨ, ਕਿਹੜੇ-ਕਿਹੜੇ ਸੰਦ, ਤੇ ਉਹ ਕਿਸ ਤਰ੍ਹਾਂ ਜੀਵਨ ਬਤੀਤ ਕਰਦਾ ਹੈ। ਇਸ ਤੋਂ ਗੀਤ ਵੀਡੀਉ ਵਿੱਚ ਜੱਟ ਦੀ ਸਧਾਰਨਤਾ ਨੂੰ ਵੀ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਅਨਮੋਲ ਗਗਨ ਮਾਨ ਦਾ ਗਾਣਾ-

ਸਿੱਧੇ-ਸਾਦੇ ਪੇਂਡੂ ਜੱਟ ਨੇ,

ਪੂਰੇ ਪਿੰਡ ਵਿੱਚ ਅੱਤ ਕਰਵਾਤੀ।

ਪੰਜਾਬੀ ਸੱਭਿਆਚਾਰ ਵਿੱਚ ਪੇਸ਼ ਹੋ ਰਹੇ ਗੀਤਾਂ ਵਿੱਚ ਸਧਾਰਨਤਾ ਦੇ ਨਾਲ ਜੱਟਾਂ ਦੀ ਮਜ਼ਬੂਰੀ, ਗਰੀਬੀ, ਨੂੰ ਵੀ ਪੇਸ਼ ਕੀਤਾ ਜਾਂਦਾ ਹੈ। ਗਰੀਬੀ ਵੱਸ ਮਨੁੱਖ ਉਹਨਾਂ ਚੀਜ਼ਾਂ ਨੂੰ ਛੱਡਣ ਲਈ ਤਿਆਰ ਹੋ ਜਾਂਦਾ ਹੈ, ਜਿਹੜੀਆਂ ਉਹਨੇ ਸਾਰੀ ਉਮਰ ਵਿੱਚ ਹੱਡ ਤੋੜਵੀਂ ਮਿਹਨਤ ਕਰਕੇ ਬਣਾਈਆਂ ਹੁੰਦੀਆਂ ਹਨ। ਜਿਵੇਂ ਕਿ ਰਾਜ ਬਰਾੜ ਦਾ ਗੀਤ,

“ਪੁੱਤ ਵਰਗਾ ਫੋਰਡ ਟਰੈਕਟਰ, ਜੱਟ ਨੇ ਵੇਚਿਆ ਰੋ ਰੋ ਕੇ।”

ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਗੀਤਾਂ ਵਿੱਚ ਜਿੱਥੇ ਜੱਟਾਂ ਦੀ ਸਧਾਰਨਤਾ ਨੂੰ ਪੇਸ਼ ਕੀਤਾ ਜਾਂਦਾ ਸੀ, ਅੱਜ ਉੱਥੇ ਸੱਚਾਈ ਦੀ ਜਗ੍ਹਾਂ ਫੁਕਰਪੁਣੇ ਨੂੰ ਦਿਖਾਇਆ ਜਾਂਦਾ ਹੈ, ਜੋ ਪੇਸ਼ ਕੀਤਾ ਜਾਂਦਾ ਹੈ ਅਸਲ ਵਿੱਚ ਉਹ ਜੱਟਾਂ ਕੋਲ ਨਹੀਂ ਹੈ। ਜਿਵੇਂ ਕਿ ਸੁਨੰਦਾ ਸ਼ਰਮਾ ਦਾ ਗੀਤ;

“ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀਆ,

ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਆਈ ਨੀ ਪਸੰਦ ਔਡੀ ਲੈ ਕੇ ਵੇਚ ਤੀ

ਜੱਟ ਦੇ ਨੀ ਲੋਟ ਆਉਂਦੀ ਕਹਿ ਕੇ ਵੇਚ ਤੀ।

ਇਸ ਤਰ੍ਹਾਂ ਅੱਜ ਦੇ ਗੀਤਾਂ ਵਿੱਚ ਜੱਟਾਂ ਦਾ ਜੋ ਚਰਿੱਤਰ ਪੇਸ਼ ਕੀਤਾ ਜਾਂਦਾ ਹੈ ਜੋ ਫੁਕਰੇਪਣ ਦੀ ਤਸਵੀਰ ਪੇਸ਼ ਕਰਦਾ ਹੈ ਕੋਈ ਹੀ ਅਜਿਹਾ ਜੱਟ ਹੋਵੇਗਾ ਜਿਸ ਕੋਲ ਇਹ ਸਾਰੀਆਂ ਚੀਜ਼ਾਂ ਹੋਣ। ਇਹਨਾਂ ਗੀਤ ਵੀਡੀਓ ਵਿੱਚ ਪੇਸ਼ ਕੀਤੇ ਗਏ ਜੱਟ ਦੇ ਜੀਵਨ ਨੂੰ ਸਧਾਰਨ ਵਿਅਕਤੀ ਦੇ ਮਨ ਵਿੱਚ ਵੀ ਇਹ ਖੁਆਹਿਸ਼ ਉੱਠਦੀ ਹੈ ਕਿ ਉਸ ਕੋਲ ਵੀ ਇਹ ਸਾਰੀਆਂ ਚੀਜ਼ਾਂ ਇੱਕੋ ਟਾਇਮ ਹੋਣ, ਤੇ ਉਹ ਇਹਨਾਂ ਨੂੰ ਹਾਸਿਲ ਕਰਨ ਦਾ ਯਤਨ ਕਰਦਾ ਹੈ।

ਅੱਜ ਕੱਲ੍ਹ ਦੇ ਗੀਤ ਵੀਡੀਓ ਵਿੱਚ ਪੰਜਾਬੀ ਜੱਟਾਂ ਦੇ ਪਹਿਰਾਵੇ ਨੂੰ ਵੀ ਪੇਸ਼ ਕੀਤਾ ਜਾਂਦਾ ਹੈ। ਜੱਟਾਂ ਦਾ ਗੀਤ ਵੀਡੀਓ ਵਿੱਚ ਜੋ ਪਹਿਰਾਵਾ ਪੇਸ਼ ਕੀਤਾ ਜਾਂਦਾ ਹੈ। ਉਹ ਸਿਰਫ਼ ਇੱਕ ਚਿੰਨ੍ਹ ਵਜੋਂ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਕੁਲਬੀਰ ਝਿੰਜਰ ਦੇ ਗੀਤ ਵਿੱਚ ਦਿਖਾਇਆ ਗਿਆ ਕਿ

‘ਸਰਦਾਰਾਂ ਦਿਆਂ ਮੁੰਡਿਆਂ ਦੇ ਸ਼ੌਕ ਨੇ,

ਪਾਉਣੇ ਬਿੱਲੋ ਕੁੜਤੇ ਪੁਜ਼ਾਮੇ।’

ਇਹ ਜੱਟ ਅਸਲ ਜ਼ਿੰਦਗੀ ਦੇ ਜੱਟ ਨਾਲੋਂ ਕਿਤੇ ਭਿੰਨ ਹੁੰਦਾ ਹੈ। ਗੀਤ ਵੀਡੀਓ ਵਿੱਚ ਜੱਟ ਕੁੜਤੇ ਪਜ਼ਾਮੇ ਪਾ ਕੇ ਤੇ ਪੱਗ ਬੰਨ੍ਹ ਕੇ ਆਪਣੇ ਆਪ ਨੂੰ ਕਿਸੇ ਬਾਦਸ਼ਾਹ ਨਾਲੋਂ ਘੱਟ ਮਹਿਸੂਸ ਨਹੀਂ ਕਰਦਾ। ਪੱਗ ਨੂੰ ਵੀ ਗੀਤ ਵੀਡੀਓ ਵਿੱਚ ਇੱਕ ਬ੍ਰੈਂਡ ਵਜੋਂ ਪੇਸ਼ ਕੀਤਾ ਜਾਂਦਾ ਹੈ। ਜਿਵੇਂ

ਮੁੰਡਾ ਜਿਹੜਾ ਲੱਭੇ ਮਾਏ, ਪੱਗ ਵਾਲਾ ਹੋਵੇ।

ਅੱਜ ਦੇ ਗੀਤਾਂ ਵਿੱਚ ਪੇਸ਼ ਹੋ ਇੱਕ ਉਹ ਜੱਟ ਹੈ, ਜਿਸ ਕੋਲ, ਥਾਰ, ਕਾਰਾਂ, ਜੀਪਾਂ, ਬੁਲਟ, ਔਡੀ, ਆਦਿ ਹਨ ਤੇ ਇੱਕ ਉਹ ਜੱਟ ਹੈ, ਜੋ ਸਧਾਰਨ ਪਰਿਵਾਰ ਵਿਚੋਂ ਹੈ ਜਿਸ ਕੋਲ ਕੇਵਲ ਫੋਰਡ ਟਰੈਕਟਰ ਹੈ ਅਤੇ ਉਹ ਆਪਣੀ ਪ੍ਰੇਮਿਕਾ ਨੂੰ ਉਸੇ ਫੋਰਡ ਟਰੈਕਟਰ ਤੇ ਘੁੰਮਾਉਣ ਦੀ ਇੱਛਾ ਰੱਖਦਾ ਹੈ। ਜਿੱਥੇ ਇਸ ਵੀਡੀਓ ਵਿੱਚ ਜੱਟ ਨੂੰ ਦੇਸੀ ਦਖਾਇਆ ਗਿਆ ਹੈ ਜਿਵੇਂ ਮਿਸ ਪੂਜਾ ਦਾ ਗੀਤ,

‘ਫੋਰਡ ਉਤੇ ਜਾਣਾ ਕਹਿੰਦਾ ਡੇਟ ਤੇ,

ਮੇਰੇ ਵਾਲਾ ਜੱਟ ਵਾਲਾ ਦੇਸੀ ਆ।

ਪੰਜਾਬੀ ਗੀਤ ਵੀਡੀਓ ਵਿੱਚ ਪੰਜਾਬੀ ਜੱਟਵਾਦ ਨਾਲ ਨਸ਼ੇ ਦੀ ਪੇਸ਼ਕਾਰੀ[ਸੋਧੋ]

ਅੱਜ ਕੱਲ੍ਹ ਦੀ ਗੀਤ ਵੀਡੀਓ ਵਿੱਚ ਕਾਫ਼ੀ ਹਥਿਆਰਾਂ, ਨਸ਼ਿਆਂ ਤੇ ਜੱਟਵਾਦ ਦੀ ਪ੍ਰਧਾਨਤਾ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਇਸਦੇ ਨਾਲ ਗੀਤ ਵੀਡੀਓ ਵਿੱਚ ਪੱਬਾਂ ਵਿੱਚ ਨੱਚਦੇ-ਅਧਨੰਗੇ ਮੁੰਡੇ ਕੁੜੀਆਂ, ਸਰਾਬ ਤੇ ਹਥਿਆਰਾਂ ਦੀ ਵਰਤੋਂ ਲਗਜਰੀ, ਕਾਰਾਂ, ਵਿਦੇਸ਼ੀ ਪ੍ਰਭਾਵ ਪਾਉਣ ਵਾਲੀਆਂ ਬਿਲਡਿੰਗਾਂ ਗੈਗ, ਮਸਤੀ ਤੇ ਲੜਾਈਆਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਦ੍ਰਿਸ਼ ਆਦਿ ਜਿਆਦਾ ਫਿਲਸਾਏ ਜਾਂਦੇ ਹਨ। ਗੀਤ ਵੀਡੀਓ ਵਿੱਚ ਜੱਟ ਨੂੰ ਹਥਿਆਰਾਂ ਦਾ ਸ਼ੌਕੀਨ ਦਿਖਾਇਆ ਜਾਂਦਾ ਹੈ। ਵੀਡੀਓ ਵਿੱਚ ਬੰਦੂਕਾਂ, ਤਲਵਾਰਾਂ, ਪਿਸਤੌਲ, ਆਦਿ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦਾਰੂ ਤੇ ਕੁੜੀ ਨੂੰ ਇੱਕ ਬਰਾਬਰ ਕਰ ਦਿੱਤਾ ਜਾਂਦਾ ਹੈ। ਜਿਵੇਂ ਕਿ ਐਸੀ ਵਿਰਕ ਦਾ ਗੀਤ,

“ਜੇ ਤੈਨੂੰ ਦਾਰੂ ਨੀ ਪਸੰਦ ਜੱਟ ਦੀ ਜੱਟ ਨੂੰ ਪਸੰਦ ਨਹੀਉਂ ਤੂੰ।

ਜਾਂ

ਮਹਿਫ਼ਲਾਂ ’ਚ ਬਹਿ ਕੇ ਆਉਂਦਾ

ਪੀਣ ਦਾ ਨਜ਼ਾਰਾ। (ਵੀਰ ਦਵਿੰਦਰ)

ਗੀਤ-ਵੀਡੀਓ ਵਿੱਚ ਜੱਟ ਨੂੰ ਹੋਰ ਵੀ ਬਹੁਤ ਸਾਰੇ ਨਸ਼ੇ ਕਰਦਾ ਦਿਖਾਇਆ ਜਾਂਦਾ ਹੈ। ਗੀਤ ਵੀਡੀਓ ਵਿੱਚ ਜੱਟ ਨੂੰ ਅਫੀਮ ਜਿਹਦੀ ਉਹ ਵਧੇਰੇ ਰੂਪ ਵਿੱਚ ਵਰਤੋਂ ਕਰਦਾ ਹੈ। ਉਸਨੂੰ ਨਸ਼ਿਆਂ ਦਾ ਆਦੀ ਵੀ ਦਿਖਾਇਆ ਜਾਂਦਾ ਹੈ। ਜਿਵੇਂ

ਜਿੰਨੀ ਤੇਰੀ ਕਾਲਜ ਦੀ ਫੀਸ ਬੱਲੀਏ

ਉਹਨੀ ਨਾਗਨੀ ਨੀ ਘਾਰ ਤੇਰਾ ਖਾਦਾ ਤੜਕੇ।

ਇਸ ਤਰ੍ਹਾਂ ਅੱਜ ਕੱਲ੍ਹ ਦੀ ਗੀਤ ਵੀਡੀਓ ਵਿੱਚ ਕਾਫ਼ੀ ਨਿੱਘਰਤਾ ਆ ਰਹੀ ਹੈ। ਅੱਜ ਦੀ ਗਾਇਕੀ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਵਪਾਰੀਕਰਨ ਦੇ ਰਾਹ ਪੈ ਕੇ ਲੱਚਰਤਾ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਵਿੱਚ ਅਸ਼ਲੀਲਤਾ ਹਿੰਸਾ ਨਸ਼ਿਆਂ ਨੂੰ ਹੀ ਨਹੀਂ ਵਡਿਆਇਆ ਜਾਂਦਾ ਸਗੋਂ ਔਰਤ ਦੀ ਹੇਠੀ ਵੀ ਕੀਤੀ ਜਾਂਦੀ ਹੈ। ਗੀਤ ਵੀਡੀਓ ਇੱਕ ਮਿਸ਼ਰਤ ਕਲਾ ਬਣ ਜਾਣ ਕਰਕੇ ਆਵਾਜ਼ ਤੇ ਦ੍ਰਿਸ਼ ਵਿਚਲੇ ਅੰਤਰ ਸੰਬੰਧ ਨੂੰ ਸਮਝਣਾ ਜ਼ਰੂਰੀ ਬਣ ਗਿਆ ਹੈ। ਕਿਉਂਕਿ ਗੀਤ-ਵੀਡੀਓ ਨੇ ਹਜ਼ਾਰਾਂ ਸਰੋਤਿਆਂ ਦੀ ਥਾਂ ਲੱਖਾਂ ਦਰਸ਼ਕਾਂ ਨੂੰ ਬਾਕੀ ਕਲਾ ਰੂਪਾਂ ਤੋਂ ਕਿਤੇ ਵੱਧ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਗੀਤ ਨੂੰ ਦੇਖ ਕੇ ਦਰਸ਼ਕਾਂ ਦੇ ਮਨ ਅੰਦਰ ਬਹੁਤ ਸਾਰੇ ਚਿਹਨ ਇੱਕੋ ਸਮੇਂ ਕਾਰਜਸ਼ੀਲ ਹੋਣ ਲੱਗ ਪੈਂਦੇ ਹਨ। ਗੀਤ ਵੀਡੀਓ ਦੇ ਬਹੁਤ ਸਾਰੇ ਪੈਟਰਨ ਸਾਹਮਣੇ ਆਉਂਦੇ ਹਨ। ਜਿਸ ਤਰ੍ਹਾਂ ਗੀਤ ਦਾ ਵਿਸ਼ਾ ਜਸ਼ਨਾਵੀ ਬੋਲ ਨਾਲ ਸੰਬੰਧਿਤ ਹੁੰਦਾ ਹੈ।

ਅੱਜ ਕੱਲ੍ਹ ਦੇ ਗੀਤ ਵੀਡੀਓ ਵਿੱਚ ਜੱਟ ਦਾ ਮੇਨ ਚਰਿੱਤਰ ਲਿਆ ਜਾਂਦਾ ਹੈ। ਹਰ ਗੀਤ ਦਾ ਟਾਈਟਲ ਵੀਡੀਓ ਵੀ ਜਾਂਦਾ ਹੈ। ਹਰ ਗੀਤ ਦਾ ਟਾਈਟਲ ਵੀਡੀਓ ਵੀ ਜੱਟਾਂ ਉੱਪਰ ਬਣਾਈ ਜਾਂਦੀ ਹੈ। ਜਿਸ ਤਰ੍ਹਾਂ ਬਹੁਤ ਸਾਰੇ ਗਾਇਕ ਗਿੱਪੀ ਗਰੇਵਾਲ, ਅੰਮ੍ਰਿਤ ਮਾਨ, ਦਲਜੀਤ ਦੁਸਾਂਝ, ਰਣਜੀਤ ਬਾਵਾ, ਗੁਰਦਾਸ ਮਾਨ, ਹਰਭਜਨ ਮਾਨ, ਐਸੀ ਵਿਰਕ, ਜੈਜੀ ਬੀ, ਬੱਬੂ ਮਾਨ, ਰਾਜ ਬਰਾੜ ਆਦਿ ਗਾਇਕਾਂ ਵੱਲੋਂ ਜੱਟਾਂ ਉੱਪਰ ਗੀਤ ਗਾਏ ਜਾਂਦੇ ਹਨ। ਜਿੰਨ੍ਹਾਂ ਨੂੰ ਅੱਜ ਕੱਲ੍ਹ ਬਹੁਤ ਹੀ ਪਸੰਦ ਕੀਤੇ ਜਾਂਦੇ ਹਨ।

ਹਰ ਜੱਟਾਂ ਦੇ ਉੱਪਰ ਬਣੇ ਗੀਤਾਂ ਵਿੱਚ ਜੱਟਾਂ ਨੂੰ ਕਿਸੇ ਦੀ ਈਨ ਨਾ ਮੰਨਣ ਵਾਲਾ, ਸੂਰਮਾ, ਬਹਾਦਰ, ਸ਼ੌਕੀਨ ਆਦਿ ਨਾਮ ਦਿੱਤੇ ਗਏ ਹਨ। ਜਿਸ ਤਰ੍ਹਾਂ ਅੰਮ੍ਰਿਤ ਮਾਨ ਦੇ ਗੀਤ ਵਿੱਚ ਜੱਟ ਦੀ ਪ੍ਰਸੰਸਾ ਕੀਤੀ ਗਈ ਹੈ। ਜਿਵੇ:

‘ਛੇ-ਛੇ ਫੁੱਟੇ ਜੱਟ ਨੀ

ਬੋਲਦੇ ਆਂ ਘੱਟ ਨੀ’

ਇਸ ਤੋਂ ਇਲਾਵਾ ਕੁਝ ਗੀਤ ਵੀਡੀਓ ਵਿੱਚ ਅੰਦਰੋਂ ਉੱਠਦੀਆਂ ਕੁਦਰਤੀ ਕਾਮੁਕ ਭਾਵਨਾਵਾਂ ਨੂੰ ਉਦਾਤ ਕਰਕੇ ਸਿਰਜਨਾਤਮਕ ਤਰੀਕੇ ਨਾਲ ਸਾਂਭ ਕਰਨ ਦੀ ਥਾਂ ਭਟਕਾਇਆ, ਚਮਕਾਇਆ ਤੇ ਲਿਸ਼ਕਾਇਆ ਜਾਂਦਾ ਹੈ। ਜਿਵੇਂ ‘ਦਲਜੀਤ ਦੁਸਾਂਝ’ ਦਾ ਗੀਤ,

‘ਜਿੱਥੇ ਹੁੰਦੀ ਆ ਪਬੰਦੀ ਹਥਿਆਰ ਦੀ

ਨੀ ਉੱਥੇ ਜੱਟ ਫੈਰ ਕਰਦਾ।

ਇਸ ਵਿੱਚ ਜੱਟ ਨੂੰ ਖਾੜਕੂ ਲਿਬਾਸ ਵਿੱਚ ਪੇਸ਼ ਕੀਤਾ ਹੈ ਤੇ ਹਥਿਆਰਾਂ ਨੂੰ ਪੇਸ਼ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸਨੂੰ ਕਿਸੇ ਵਪਾਰ ਦੀ ਵਪਾਰਕ ਵਸਤ ਨਾਲ ਜੋੜਿਆ ਜਾਂਦਾ ਹੈ। ਇੰਝ ਕਾਮ ਵਾਸ਼ਨਾਵਾਂ ਦਾ ਵਪਾਰ ਕੀਤਾ ਜਾਂਦਾ ਹੈ ਤੇ ਇਸ ਰਾਹੀਂ ਪੈਸਾ ਕਮਾਇਆ ਜਾਂਦਾ ਹੈ। ਜਿਵੇਂ ਅਜੋਕੇ ਗੀਤਾਂ ਵਿੱਚ ਐਨਕਾਂ, ਮੋਬਾਇਲਾਂ, ਸੈਂਡਲਾਂ, ਜੀਪਾਂ, ਕਾਰਾਂ, ਮੋਟਰਸਾਈਕਲਾਂ ਹਥਿਆਰਾਂ ਦੇ ਬ੍ਰਾਂਡਾਂ ਦੀਆਂ ਸਿੱਧੀਆਂ ਤੇ ਅਸਿੱਧੀਆਂ ਮਸ਼ਹੂਰੀਆਂ ਹੁੰਦੀਆਂ ਹਨ।

ਤੇਰੀ ਜਿੰਮੀ ਚੂ-ਚੂ ਲੈ, ਲੂੰ ਚਾਲੀ ਲੱਖ ਦੇ

ਜੱਟ ਨੂੰ ਗੀਤਾਂ ਵਿੱਚ ਬੈਂਡ ਵਜੋਂ ਹੀ ਪੇਸ਼ ਕੀਤਾ ਜਾਂਦਾ ਹੈ ਗੀਤਾ ਵੀਡੀਓ ਵਿੱਚ ਔਰਤ ਨੂੰ ਭੰਡਿਆ ਜਾਂਦਾ ਹੈ, ਉਸਨੂੰ ਧੋਖੇਬਾਜ਼, ਬੇਵਫ਼ਾ ਦੇ ਬਿੰਬ ਵਜੋਂ ਸਿਰਜਦੇ ਹਨ ਜਿਵੇਂ ਸੈਰੀ ਮਾਨ ਦਾ ਗੀਤ,

ਸੋਹਣ ਮੁਖੜੇ ਦਾ ਕੀ ਕਰੀਏ,

ਤੇਰਾ ਦਿਲ ਹੀ ਜੇ ਚੱਜ ਦਾ ਨਾ।

ਨਿੱਤ ਆਸ਼ਕ ਬਦਲੇ ਤੂੰ,

ਨੀ ਇਹ ਤਾਂ ਫੇਰ ਵੀ ਰੱਜਦਾ ਨਾ।

ਵੀਡੀਓ ਵਿੱਚ ਨਜ਼ਰ ਆਉਂਦੀ ਕੁੜੀ ਨੂੰ ਉਹ ਕੁਝ ਕਰਕੇ ਦਿਖਾਇਆ ਹੈ ਜੋ ਕੰਮ ਇੱਕ ਨੌਜਵਾਨ ਮੁੰਡਾ ਆਪਣਾ ਮਰਦਾਪੁਣਾ ਦਿਖਾਉਣ ਲਈ ਕਰਦਾ ਹੈ। ਇਸ ਵਿੱਚ ਮੁੰਡੇ ਨੂੰ ਜਿਆਦਾ ਵੈਲੀ, ਦਿਖਾਇਆ ਗਿਆ ਹੈ।

ਜੱਟ ਧਰਕੇ ਸੌਂਦਾ ਹੈ,

ਮੰਜੇ ਦੇ ਪਾਣੇ ਨਾਲ ਦੁਨਾਲੀ।

ਬਹੁਤ ਸਾਰੀਆਂ ਫਿਲਮਾਂ ਵੀ ਜੱਟਾਂ ਉੱਪਰ ਬਣਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਗੀਤ ਵੀਡੀਓ ਵਿੱਚ ਜੱਟਾਂ ਨੂੰ ਵਿਹਲਾ, ਐਸ ਕਰਨ ਵਾਲਾ, ਖਰਚੀਲਾ, ਸ਼ੌਕੀ ਆਦਿ ਦਿਖਾਇਆ ਗਿਆ ਹੈ। ਜੱਟ ਨੂੰ ਜੁਗਾੜੀ ਕਿਹਾ ਗਿਆ ਹੈ। ਇਸ ਤਰ੍ਹਾਂ ਜੱਟ ਨੂੰ ਇੱਕ ਪਾਸੇ ਗੱਡੀਆਂ ਵਿੱਚ ਘੁੰਮਦਾ ਹੋਇਆ ਦਿਖਾਇਆ ਜਾਂਦਾ ਹੈ ਤੇ ਦੂਸਰੇ ਪਾਸੇ ਪੁਰਾਣੇ ਗੀਤਾਂ ਵਿੱਚ ਜੱਟ ਨੂੰ ਮਜ਼ਬੂਰ, ਕਮਜ਼ੋਰ ਤੇ ਗਰੀਬ ਦਿਖਾਇਆ ਗਿਆ ਹੈ।

ਸਿੱਟਾ[ਸੋਧੋ]

ਇਸ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਗੀਤ ਵੀਡੀਓ ਵਿੱਚ ਜਿੱਥੇ ਜੱਟਵਾਦ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ, ਉੱਥੇ ਹੀ ਪੰਜਾਬੀ ਗੀਤ ਵੀਡੀਓ ਵਿੱਚ ਲੱਚਰਤਾ ਨੂੰ ਪੇਸ਼ ਕੀਤਾ ਗਿਆ ਹੈ। ਅੱਜ ਕੱਲ੍ਹ ਗੀਤ ਵੀਡੀਓ ਵਪਾਰੀਕਰਨ ਦੇ ਰਾਹ ਪੈ ਰਹੀ ਹੈ। ਜਿਸ ਵਿੱਚ ਜੱਟਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਸਭਿਆਚਾਰ ਐ ਦੇ ਗੀਤ ਵੀਡੀਓ ਵਿੱਚ ਜੱਟਾਂ ਦਾ ਜੋ ਮੁਹਾਂਦਰਾ ਪੇਸ਼ ਕੀਤਾ ਜਾਂਦਾ ਸੀ ਵੁਹ ਬਿਲਕੁਲ ਬਦਲ ਚੁੱਕਾ। ਅੱਜ ਦੇ ਗੀਤਾਂ ਵਿੱਚ ਜੱਟ ਸਿਰਫ਼ ਫੁਕਰੇ, ਨਸ਼ੇੜੀ, ਹਥਿਆਰਾਂ ਦਾ ਦਿਖਾਵਾ, ਕਰਨ ਔਰਤ ਨੂੰ ਵਸਤੂ ਵਜੋਂ ਪੇਸ਼ ਕਰਨਾ ਆਦਿ ਪੇਸ਼ ਕੀਤਾ ਜਾਂਦਾ ਹੈ। ਜੱਟਾਂ ਦੀ ਆਰਥਿਕ ਸਥਿਤੀ ਨੂੰ ਫੁਕਰੇਪਣ ਦੀ ਪਰਤ ਨੇ ਆਪਣੇ ਹੇਠ ਲੁਕੋ ਲਿਆ ਹੈ।

ਹਵਾਲੇ[ਸੋਧੋ]

[1][2]


  1. ਬਰਾੜ, ਡਾ. ਰਾਜਿੰਦਰਪਾਲ ਸਿੰਘ. ਪੰਜਾਬੀ ਗਾਇਕੀ.
  2. ਕੌਰ, ਵੀਰਪਾਲ. ਪੰਜਾਬੀ ਗੀਤਕਾਰੀ ਵਿੱਚ ਸੱਭਿਆਚਾਰ ਰੂਪਾਂਤਰਣ.

[1]

  1. ਕੌਰ, ਅਰਸ਼ਦੀਪ. ਸਮਕਾਲੀ ਪੰਜਾਬੀ ਗੀਤ ਵੀਡੀਓ ਵਿੱਚ ਨਾਰੀ ਬੰਬ ਦੀ ਪੇਸ਼ਕਾਰੀ.