ਫ਼ਿਰੋਜ਼ਸ਼ਾਹ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਿਰੋਜ਼ਸ਼ਾਹ ਦੀ ਲੜਾਈ
ਪਹਿਲੀ ਐਂਗਲੋ-ਸਿੱਖ ਜੰਗ ਦਾ ਹਿੱਸਾ
ਫ਼ਿਰੋਜ਼ਸ਼ਾਹ ਦੀ ਲੜਾਈ
ਥਾਂ/ਟਿਕਾਣਾ
ਫਿਰੋਜ਼ਸ਼ਾਹ, ਪੰਜਾਬ
ਨਤੀਜਾ ਬ੍ਰਿਟਿਸ਼ ਜਿੱਤ
Belligerents
ਸਿੱਖ ਸਲਤਨਤ ਈਸਟ ਇੰਡੀਆ ਕੰਪਨੀ
Commanders and leaders
ਲਾਲ ਸਿੰਘ
ਤੇਜ ਸਿੰਘ
ਸਰ ਹਿਊ ਗਫ਼
ਸਰ ਹੈਨਰੀ ਹਾਰਡਿੰਗ
Strength
35,000-50,000[1]
25,000 men
130 guns[2]
16,700-18,000
69 guns
2 howitzers[2]
Casualties and losses
3 guns
Unknown
694 killed
1,721 wounded
ਫ਼ਿਰੋਜ਼ਸ਼ਾਹ ਦੀ ਲੜਾਈ

ਫ਼ਿਰੋਜ਼ਸ਼ਾਹ ਦੀ ਲੜਾਈ 21 ਅਤੇ 22 ਦਸੰਬਰ 1845 ਨੂੰ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਵਿਚਕਾਰ ਪੰਜਾਬ ਦੇ ਪਿੰਡ ਫਿਰੋਜ਼ਸ਼ਾਹ ਵਿੱਚ ਲੜੀ ਗਈ। ਬ੍ਰਿਟਿਸ਼ ਫ਼ੌਜ ਦੀ ਅਗਵਾਈ ਸਰ ਹਿਊ ਗਫ਼ ਅਤੇ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਨੇ ਅਤੇ ਸਿੱਖਾਂ ਦੀ ਅਗਵਾਈ ਲਾਲ ਸਿੰਘ ਨੇ ਕੀਤੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਪਰ ਇਹ ਲੜਾਈ ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿੱਚ ਸਭ ਤੋਂ ਔਖੀ ਲੜਾਈ ਸੀ।

ਅੰਗਰੇਜ਼ੀ ਲਿਖਤਾਂ[ਸੋਧੋ]

ਫੇਰੂ ਸ਼ਹਿਰ (ਫਿਰੋਜ਼ਸ਼ਾਹ) ਦੀ ਜੰਗ ਬਾਰੇ ਕੁਝ ਅੰਗਰੇਜ ਲਿਖਾਰੀਆਂ ਦੀਆਂ ਲਿਖਤਾਂ:

"ਰਾਤ ਦੇ ਹਨ੍ਹੇਰੇ ਅਤੇ ਸਿੱਖ ਫੌਜਾਂ ਦੇ ਸਿਰੜ ਨੇ ਅੰਗਰੇਜ਼ੀ ਫੌਜਾਂ ਵਿੱਚ ਭਗਦੜ ਮਚਾ ਦਿੱਤੀ ਸੀ। ਸਾਰੀਆਂ ਰਜਮੈਂਟਾਂ ਦੇ ਫੌਜੀ ਅਤੇ ਉਨ੍ਹਾਂ ਦੇ ਹਥਿਆਰ ਆਪਸ ਵਿੱਚ ਰਲਗਡ ਹੋ ਗਏ ਸਨ। ਜਰਨੈਲਾਂ ਅਤੇ ਕਰਨੈਲਾਂ ਨੂੰ ਇਸ ਗੱਲ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ ਕਿ ਉਨ੍ਹਾਂ ਅਧੀਨ ਰਜਮੈਂਟਾਂ ਨਾਲ ਕੀ ਭਾਣਾ ਵਰਤ ਗਿਆ ਸੀ। ਉਹ ਦਹਿਸ਼ਤ-ਭਰੀ ਨਾ ਭੁੱਲਣ ਵਾਲੀ ਰਾਤ ਸੀ। ਉਸ ਸਮੇਂ ਇੰਜ ਜਾਪਦਾ ਸੀ ਜਿਵੇਂ ਹਿੰਦੁਸਤਾਨ ਦੀ ਧਰਤੀ ਅੰਗਰੇਜ਼ਾਂ ਹੱਥੋਂ ਖੁਸਦੀ ਨਜ਼ਰ ਆ ਰਹੀ ਹੋਵੇ। ਸਾਡੇ ਕੋਲ ਰੱਖਿਆ ਲਈ ਹੋਰ ਕੋਈ ਫੌਜ ਨਹੀਂ ਸੀ। ਅੰਗਰੇਜ਼ ਫੌਜੀ ਲੱਕੜਾਂ ਦੀ ਅੱਗ ਬਾਲ ਕੇ ਹੱਥ-ਪੈਰ ਸੇਕਣ ਦੀ ਕੋਸ਼ਿਸ਼ ਕਰ ਰਹੇ ਸਨ। ਸਿੱਖ ਫੌਜੀਆਂ ਨੇ ਉਸੀ ਸਮੇਂ ਆਪਣੀਆਂ ਤੋਪਾਂ ਦੇ ਮੂੰਹ ਉਧਰ ਵੱਲ ਨੂੰ ਮੋੜ ਕੇ ਅੱਗ ਦੀ ਰੋਸ਼ਨੀ ਵਿੱਚ ਨਜ਼ਰ ਆਉਂਦੇ ਅੰਗਰੇਜ਼ਾਂ ਉੱਤੇ ਗੋਲਾ-ਬਾਰੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਅੰਗਰੇਜ਼ ਸਾਰੀ ਰਾਤ ਆਪਣੀਆਂ ਜਾਨਾਂ ਬਚਾਉਣ ਦੇ ਆਹਰ ਵਿੱਚ ਲੱਗੇ ਰਹੇ।"

ਜੋਸਫ ਡੇਵੀ ਕਨਿੰਘਮ

"ਜੇ ਅਜੇ ਵੀ ਅਸੀਂ ਇਸ ਨੂੰ ਆਪਣੀ ਜਿੱਤ ਮੰਨਦੇ ਹਾਂ ਤਾਂ ਫਿਰ ਹਾਰ ਕਿਸ ਨੂੰ ਆਖਦੇ ਹਨ।"

— ਅੰਗਰੇਜ਼ ਅਫਸਰ ਪਾਈਲੀਅਸ

"ਕੱਲ੍ਹ ਦੀ ਲੜਾਈ ਵਿੱਚ ਸਾਡਾ ਹਮਲਾ ਬਿਲਕੁਲ ਫੇਲ੍ਹ ਸਾਬਤ ਹੋਇਆ ਹੈ।’’ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਜੇ ਅੱਜ ਦਾ ਸਾਡਾ ਹਮਲਾ ਵੀ ਫੇਲ੍ਹ ਸਾਬਤ ਹੁੰਦਾ ਹੈ ਤਾਂ ਸਮਝੋ ਸਭ ਕੁਝ ਖਤਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਅਸੀਂ ਜ਼ਖਮੀਆਂ ਅਤੇ ਬਾਕੀ ਫੌਜ ਨੂੰ ਬਚਾਉਣ ਲਈ ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਹਾਂ।"

ਸਰ ਰਾਬਰਟ ਕਸਟ

"ਸੱਚੀ ਗੱਲ ਤਾਂ ਇਹ ਹੈ ਕਿ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਮੂੰਹ ਭੰਨ ਕੇ ਰੱਖ ਦਿੱਤਾ ਸੀ। ਬ੍ਰਿਟਿਸ਼ ਸਾਮਰਾਜ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਅੰਗਰੇਜ਼ਾਂ ਨੇ ਮੈਦਾਨੇ ਜੰਗ ਵਿੱਚ ਆਪਣੇ ਦੁਸ਼ਮਣ ਦੇ ਸਾਹਮਣੇ ਬਿਨਾਂ ਸ਼ਰਤ ਹਥਿਆਰ ਸੁੱਟਣ ਦੀ ਤਿਆਰੀ ਕੀਤੀ ਹੋਵੇ।"

ਜੋਸਫ ਡੇਵੀ ਕਨਿੰਘਮ

"ਅਸੀਂ ਤੋਪਾਂ ਅਤੇ ਬੰਦੂਕਾਂ ਦਾ ਸਾਮ੍ਹਣਾ ਕਰਦੇ ਹੋਏ ਗੜਿਆਂ ਦੀ ਤਰ੍ਹਾਂ ਪੈ ਰਹੇ ਭਿਆਨਕ ਗੋਲਿਆਂ ਦੀ ਮਾਰ ਹੇਠ ਅੱਗੇ ਵੱਧ ਰਹੇ ਸਾਂ। ਇਸ ਤਬਾਹੀ ਨੂੰ ਹੋਰ ਵਧਾਉਣ ਲਈ ਬਾਰੂਦੀ ਸੁਰੰਗਾਂ ਸਾਡੇ ਪੈਰਾਂ ਹੇਠ ਫਟ ਰਹੀਆਂ ਸਨ ਅਤੇ ਸਾਡੀਆਂ ਜਾਨਾਂ ਦਾ ਦਰਦਨਾਕ ਘਾਣ ਕਰ ਰਹੀਆਂ ਸਨ।"

ਕੈਪਟਨ ਜੌਹਨ ਕਮਿੰਗ

"ਰਾਤ ਦੇ ਹਨੇਰੇ ਅਤੇ ਸਿੱਖ ਫੌਜਾਂ ਦੀ ਭਿਆਨਕ ਮਾਰ ਕਾਰਨ ਅੰਗਰੇਜ਼ਾਂ ਵਿੱਚ ਘਬਰਾਹਟ ਫੈਲ ਗਈ, ਸਾਰੀਆਂ ਰੈਜੀਮੈਂਟਾਂ ਦੇ ਸਿਪਾਹੀ ਆਪਸ ਵਿੱਚ ਰਲ ਮਿਲ ਗਏ, ਜਰਨੈਲਾਂ ਨੂੰ ਆਪਣੀ ਕਾਬਲੀਅਤ ਤੇ ਸ਼ੱਕ ਹੋਣ ਲੱਗਾ ਅਤੇ ਕਰਨਲਾਂ ਨੂੰ ਆਪਣੀਆਂ ਰੈਜੀਮੈਂਟਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਧਰ ਹਨ।"

ਜੋਸਫ ਡੇਵੀ ਕਨਿੰਘਮ

"ਇਸ ਸਮੇਂ ਅੰਗਰੇਜ਼ਾਂ ਅੰਦਰ ਇਹ ਗੱਲ ਫੈਲ ਚੁੱਕੀ ਸੀ ਕਿ ਹਿੰਦੁਸਤਾਨ ਉਨ੍ਹਾਂ ਹੱਥੋਂ ਨਿਕਲ ਚੁੱਕਾ ਹੈ, ਜਨਰਲ ਹੈਰੀ ਸਮਿੱਥ ਨੂੰ ਸਿੱਖਾਂ ਨੇ ਵਾਪਸ ਧੱਕ ਦਿੱਤਾ ਸੀ ਅਤੇ ਜਨਰਲ ਗਿਲਬਰਟ ਵੀ ਪਿੱਛੇ ਹਟ ਚੁੱਕਾ ਸੀ। ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਰਾਤੋਂ-ਰਾਤ ਤੇਜ ਸਿਓਂ ਦੀ ਫਿਰੋਜ਼ਪੁਰ ਵਾਲੀ ਫੌਜ ਆ ਕੇ ਉਹਨਾਂ ਉਤੇ ਟੁੱਟ ਪਵੇਗੀ। ਜੇਕਰ ਇਸ ਸਮੇਂ ਕਿਸੇ ਤਜ਼ਰਬੇਕਾਰ ਅਤੇ ਇਮਾਨਦਾਰ ਜਰਨੈਲ ਕੋਲ ਸਿੱਖਾਂ ਦੀ ਫੌਜ ਦੀ ਕਮਾਂਡ ਹੁੰਦੀ, ਤਾਂ ਥੱਕੇ ਹਾਰੇ ਅੰਗਰੇਜ਼ਾਂ ਨੂੰ ਕੋਈ ਨਹੀਂ ਸੀ ਬਚਾ ਸਕਦਾ।"

ਜੀ.ਬੀ. ਮਾਲੇਸਨ

"ਗਵਰਨਰ ਜਨਰਲ ਦੀ ਤਰਫੋਂ ਖਬਰ ਆਈ ਕਿ ਅੰਗ੍ਰੇਜ਼ 21 ਦਸੰਬਰ ਦੇ ਹਮਲੇ ਵਿਚ ਹਾਰ ਚੁੱਕੇ ਹਨ ਅਤੇ ਹਾਲਾਤ ਬਹੁਤ ਖ਼ਰਾਬ ਹਨ। ਸਰਕਾਰੀ ਦਸਤਾਵੇਜ਼ ਨਸ਼ਟ ਕਰ ਦਿੱਤੇ ਜਾਣ। ਜੇਕਰ ਸਵੇਰੇ ਉਨ੍ਹਾਂ ਦਾ ਆਖ਼ਰੀ ਹਮਲਾ ਵੀ ਫੇਲ ਹੋ ਗਿਆ ਤਾਂ ਸਭ ਕੁਝ ਖਤਮ ਹੋ ਜਾਵੇਗਾ। ਮਿਸਟਰ ਕਰੀ, ਪੁਲਿਟੀਕਲ ਸਕੱਤਰ ਨੇ ਮੈਨੂੰ ਖੂਫਿਆ ਖਬਰ ਦਿੱਤੀ ਕਿ ਉਹ ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਹਨ ਤਾਂ ਜੋ ਜ਼ਖ਼ਮੀਆਂ ਨੂੰ ਬਚਾਇਆ ਜਾ ਸਕੇ।"

ਕੈਪਟਨ ਰਾਬਰਟ ਕਸਟ

"ਜੇਕਰ ਸਿੱਖਾਂ ਨੇ ਰਾਤ ਨੂੰ ਹਮਲਾ ਕਰ ਦਿੱਤਾ ਹੁੰਦਾ ਤਾਂ ਇਸਦੇ ਨਤੀਜੇ ਬੜੇ ਭਿਆਨਕ ਹੁੰਦੇ, ਕਿਉਂਕਿ ਸਾਡੀਆਂ ਯੂਰਪੀਅਨ ਰੈਜੀਮੈਂਟਾਂ ਦੀ ਲੜਨ ਦੀ ਤਾਕਤ ਅਤੇ ਗਿਣਤੀ ਭਾਰੀ ਜਾਨੀ ਨੁਕਸਾਨ ਅਤੇ ਜ਼ਖ਼ਮੀਆਂ ਕਾਰਨ ਬਹੁਤ ਘਟ ਚੁੱਕੀ ਸੀ ਅਤੇ ਸਾਰੇ ਤੋਪਖਾਨੇ ਦਾ ਗੋਲਾ ਬਰੂਦ ਅਤੇ ਗੋਲੀ ਸਿੱਕਾ ਤਕਰੀਬਨ ਖ਼ਤਮ ਹੋ ਗਿਆ ਸੀ।"

ਵਿਲੀਅਮ ਐਡਵਰਡਜ਼

"ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਗਵਰਨਰ ਜਨਰਲ ਨੇ ਉਸ ਨੂੰ ਦੱਸਿਆ ਕਿ ਸਿੱਖਾਂ ਦੇ ਤੋਪਖਾਨੇ ਦੀ ਮਾਰ ਜਗਤ-ਪ੍ਰਸਿੱਧ ਜੰਗ ਐਲਬੁਅਰਾ ਤੋਂ ਕਿਤੇ ਭਿਆਨਕ ਸੀ। ਅਤੇ ਉਨ੍ਹਾਂ ਦੀਆਂ ਤੋਪਾਂ ਦੇ ਮੁਹਾਨੇ ਸਾਡੀਆਂ ਤੋਪਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਸਨ ਅਜੇਹੀਆਂ ਭਾਰੀਆਂ ਅਤੇ ਮਾਰੂ ਤੋਪਾਂ ਯੂਰਪੀਅਨ ਲੜਾਈਆਂ ਵਿੱਚ ਅਜੇ ਤਕ ਕਦੇ ਨਹੀਂ ਵਰਤੀਆਂ ਗਈਆਂ।"

ਵਿਲੀਅਮ ਐਡਵਰਡਜ਼

"ਲਿਟਲਰ ਦੀ ਡਿਵੀਜ਼ਨ ਪਿੱਛੇ ਧੱਕ ਦਿੱਤੀ ਗਈ ਅਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਧਰ ਗਈ ਹੈ। ਇਸ ਤਰ੍ਹਾਂ ਹੈਰੀ ਸਮਿੱਥ ਆਪਣੀ ਡਿਵੀਜ਼ਨ ਨਾਲ ਗੁਆਚਿਆ ਫਿਰਦਾ ਸੀ। ਸਿਪਾਹੀ ਅਤੇ ਅਫ਼ਸਰ ਥੱਕ ਕੇ ਚਕਨਾਚੂਰ ਹੋ ਚੁੱਕੇ ਸਨ। ਉਪਰੋਂ ਭੁੱਖ ਪਿਆਸ ਉਨ੍ਹਾਂ ਦਾ ਬੁਰਾ ਹਾਲ ਕਰ ਰਹੀ ਸੀ ਅਤੇ ਉਹ ਪਾਣੀ ਦੀ ਇਕ ਬੂੰਦ ਲਈ ਵੀ ਤਰਸ ਰਹੇ ਸਨ। ਕੜਾਕੇ ਦੀ ਠੰਢ ਸੀ ਅਤੇ ਸਾਰੀ ਫ਼ੌਜ ਬਿਨਾਂ ਗਰਮ ਕੋਟਾਂ ਦੇ ਲੜਾਈ ਵਾਲੀ ਵਰਦੀ ਵਿਚ ਸੀ। ਉਨ੍ਹਾਂ ਦੇ ਬਚਾਅ ਲਈ ਕੋਈ ਆਸਰਾ ਨਹੀਂ ਸੀ ਅਤੇ ਖੁੱਲ੍ਹੇ ਮੈਦਾਨ ਵਿਚ ਬੈਠੇ ਉਹ ਆਉਣ ਵਾਲੀਆਂ ਘੜੀਆਂ ਨੂੰ ਯਾਦ ਕਰ ਰਹੇ ਸਨ ਕਿ ਕਿਤੇ ਫ਼ੀਰੋਜ਼ਪੁਰ ਵਾਲੀ ਤਾਜ਼ਾ ਦਮ ਫ਼ੌਜ ਉਨ੍ਹਾਂ ਉਤੇ ਹਮਲਾ ਨਾ ਕਰ ਦੇਵੇ। ਇਧਰ ਫ਼ੀਰੋਜ਼ਸ਼ਾਹ ਵਿਚ ਸਿੱਖ ਤੋਪਾਂ ਹੁਣ ਵੀ ਦੇਰ ਰਾਤ ਗਏ ਉਨ੍ਹਾਂ ਉਪਰ ਗੋਲੇ ਬਰਸਾ ਰਹੀਆਂ ਸਨ। ਇਹੋ ਜਿਹੀਆਂ ਹਾਲਤਾਂ ਵਿਚ ਕਮਾਂਡਰ-ਇਨ-ਚੀਫ਼ ਤੇ ਗਵਰਨਰ ਜਨਰਲ ਦੀ ਫ਼ੌਜ ਨੇ 21 ਦਸੰਬਰ ਦੀ ਰਾਤ ਗੁਜ਼ਾਰੀ, ਜਦ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਰਾਜ ਦੀ ਕਿਸਮਤ ਸਿੱਖਾਂ ਦੇ ਰਹਿਮੋ-ਕਰਮ ਉਪਰ ਟਿਕੀ ਹੋਈ ਸੀ।"

ਚਾਰਲਸ ਗਫ਼ ਅਤੇ ਆਰਥਰ ਇਨਜ਼

"ਜਦ ਰਾਤ ਸਮੇਂ ਸਿੱਖਾਂ ਦੀਆਂ ਤੋਪਾਂ ਦੀ ਮਾਰ ਨਾਲ ਘੋੜੇ ਤੇ ਸਿਪਾਹੀ ਮਰ ਰਹੇ ਸਨ ਜਾਂ ਜੋ ਜ਼ਖ਼ਮੀ ਹੋ ਚੁੱਕੇ ਸਨ, ਉਨ੍ਹਾਂ ਨੂੰ ਸਾਂਭਣ ਜਾਂ ਸਾਰ ਲੈਣ ਵਾਲਾ ਕੋਈ ਵੀ ਨਹੀਂ ਸੀ ਤੇ ਹਰ ਕੋਈ ਚੁੱਪਚਾਪ ਬਿਨਾਂ ਕੁਰਲਾਏ ਦੁੱਖ ਸਹਿ ਰਿਹਾ ਸੀ। 80ਵੀਂ ਰੈਜਮੈਂਟ ਦੇ ਇਕ ਸਿਪਾਹੀ ਦਾ ਮੋਢਾ ਗੋਲਾ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਪਰ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮਦਦ ਲਈ ਕਿੱਥੇ ਜਾਵੇ। ਉਹ ਸਭ ਨੂੰ ਆਪਣਾ ਦੁੱਖ ਸੁਣਾਉਂਦਾ ਰਿਹਾ, ਪਰ ਸਾਰੇ ਉਸ ਨੂੰ ਚੁੱਪ ਕਰਵਾ ਦਿੰਦੇ ਕਿ ਕਿਤੇ ਉਸ ਮੂਰਖ ਦੀ ਆਵਾਜ਼ ਨਾਲ ਇਕ ਹੋਰ ਤੋਪ ਦਾ ਗੋਲਾ ਉਨ੍ਹਾਂ ਉੱਪਰ ਨਾ ਆ ਜਾਏ। ਪਰ ਉਹ ਨਾ ਹਟਿਆ ਜਿਵੇਂ ਉਸ ਦਾ ਹੀ ਦੁੱਖ ਸਭ ਤੋਂ ਜ਼ਿਆਦਾ ਹੋਵੇ। ਜਦ ਕੰਪਨੀ ਦੇ ਸਾਰਜੈਂਟ ਨੇ ਉਸ ਦੀ ਗੱਲ ਨਾ ਸੁਣੀ ਤਾਂ ਉਹ ਸੂਬੇਦਾਰ ਕੋਲ ਗਿਆ ਕਿ ਉਸ ਨੂੰ ਡਾਕਟਰ ਨੂੰ ਮਿਲਣ ਲਈ ਸੁਕੇਅਰ 'ਚੋਂ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ। ਸੂਬੇਦਾਰ ਨੇ ਉਸ ਨੂੰ ਆਪਣੀ ਖੱਬੀ ਲੱਤ ਜੋ ਹੇਠੋਂ ਪੈਰ ਸਮੇਤ ਉੱਡ ਚੁੱਕੀ ਸੀ, ਵਿਖਾਉਂਦੇ ਹੋਏ ਕਿਹਾ ਕਿ ਚੁੱਪ-ਚਾਪ ਲੇਟੇ ਰਹੋ। ਉਹ ਫਿਰ ਵੀ ਨਾ ਟਲਿਆ ਅਤੇ ਲੈਫ਼ਟੀਨੈਂਟ ਪਾਸ ਗਿਆ, ਜਿਸ ਨੇ ਬਹੁਤ ਸ਼ਾਂਤੀ ਨਾਲ ਆਪਣੀ ਖੱਬੀ ਬਾਂਹ ਵਿਖਾਉਂਦੇ ਹੋਏ ਚੁੱਪ ਰਹਿਣ ਦੀ ਸਲਾਹ ਦਿੱਤੀ ਜੋ ਕੂਹਣੀ ਬਾਰੂਦ ਨਾਲ ਉੱਡ ਚੁੱਕੀ ਸੀ। ਕੈਪਟਨ ਕਮਿੰਗ, ਜੋ ਉਸ ਸਮੇਂ ਜ਼ਖ਼ਮੀ ਲੈਫ਼ਟੀਨੈਂਟ ਦੇ ਪਾਸ ਹੀ ਬੈਠਾ ਸੀ, ਵੀ ਨਹੀਂ ਸੀ ਜਾਣਦਾ ਕਿ ਉਹ ਏਨਾ ਜ਼ਖ਼ਮੀ ਹੈ ਅਤੇ ਦੁੱਖ ਸਹਿ ਰਿਹਾ ਹੈ। ਪਰ ਉਹ ਅਭਾਗਾ ਮੂਰਖ ਫਿਰ ਵੀ ਨਾ ਟਲਿਆ ਅਤੇ ਰੈਜਮੈਂਟ ਦੇ ਕਰਨਲ ਮਿਸਟਰ ਬੰਨਬਰੇ ਪਾਸ ਜਾ ਹਾਜ਼ਰ ਹੋਇਆ ਜੋ ਅਜੇ ਤਕ ਘੋੜੇ ਉਪਰ ਹੀ ਸਵਾਰ ਸੀ। ਕਰਨਲ ਨੇ ਦਿਲਾਸਾ ਦਿੱਤਾ ਕਿ ਮੇਰੇ ਪਿਆਰੇ, ਜੇਕਰ ਤੂੰ ਜ਼ਖ਼ਮੀ ਹੈਂ ਤਾਂ ਮੈਂ ਵੀ ਤਾਂ ਜ਼ਖ਼ਮੀ ਹਾਂ। ਇਸ ’ਤੇ ਕਰਨਲ ਨੇ ਉਸ ਨੂੰ ਆਪਣੀ ਲੱਤ ਵਿਖਾਈ ਜੋ ਗੋਡੇ ਤੋਂ ਹੇਠਾਂ ਖ਼ੂਨ ਨਾਲ ਲੱਥਪੱਥ ਸੀ ਅਤੇ ਉਸ ਦੇ ਬੂਟ ਤੋਂ ਲਹੂ ਟਪਕ-ਟਪਕ ਕੇ ਹੇਠਾਂ ਜ਼ਮੀਨ ਉਪਰ ਡਿੱਗ ਰਿਹਾ ਸੀ। ਅਸਿਸਟੈਂਟ ਸਾਰਜੈਂਟ ਮੇਜਰ ਜੋ ਹੁਣ ਤਕ ਚੁੱਪ ਚਾਪ ਵੇਖ ਰਿਹਾ ਸੀ, ਉਸ ਮੂਰਖ ਉਪਰ ਗ਼ੁੱਸੇ ਨਾਲ ਭੜਕ ਪਿਆ ਅਤੇ ਉਸ ਨੂੰ ਜਾ ਫੜਿਆ ਤਾਂ ਕਿ ਉਸ ਨੂੰ ਚੁੱਪ ਕਰਵਾ ਸਕੇ, ਪਰ ਇਸ ਤੋਂ ਪਹਿਲਾਂ ਉਹ ਕੁਝ ਹੋਰ ਬੋਲਦਾ, ਇਕ ਤੋਪ ਦਾ ਗੋਲਾ ਛੂਕਦਾ ਹੋਇਆ ਆਇਆ ਤੇ ਦੋਵਾਂ ਦੇ ਸਿਰ ਉਡਾਉਂਦਾ ਹੋਇਆ ਦੂਰ ਜਾ ਫਟਿਆ।"

ਕੈਪਟਨ ਕਮਿੰਗ

"ਸਿੱਖਾਂ ਦੇ ਤੋਪਖ਼ਾਨੇ ਦੀ ਇਕ ਬੈਟਰੀ ਬਹੁਤ ਤਬਾਹੀ ਮਚਾ ਰਹੀ ਸੀ। ਜਿਸ ਨੇ ਅੰਗਰੇਜ਼ਾਂ ਦੀਆਂ ਤੋਪਾਂ ਨੂੰ ਬਾਰੂਦ ਦੇ ਗੱਡਿਆਂ ਸਮੇਤ ਉਡਾ ਦਿੱਤਾ। ਸਾਨੂੰ ਅਸਪੀ ਤੋਪਚੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਕਾਬਲੇ ਵਿਚ ਸਿੱਖਾਂ ਦੀਆਂ ਤੋਪਾਂ ਵਰਗੀ ਅਜਿਹੀ ਭਿਆਨਕ ਮਾਰ ਅਜੇ ਤਕ ਕਿਤੇ ਵੀ ਨਹੀਂ ਸੀ ਵੇਖੀ, ਜਦ ਉਨ੍ਹਾਂ ਦੀਆਂ ਤੋਪਾਂ ਸੱਚਮੁੱਚ ਹੀ ਹਵਾ ਵਿਚ ਉੱਡ ਗਈਆਂ ਸਨ।"

ਕੈਪਟਨ ਕਮਿੰਗ

"ਸਿੱਖਾਂ ਦੀਆਂ ਤੋਪਾਂ ਗੋਲੇ ਦਾਗ਼ਣ ਵਿਚ ਜ਼ਿਆਦਾ ਤੇਜ਼ ਸਨ ਅਤੇ ਉਨ੍ਹਾਂ ਦੇ ਗੋਲੇ ਵੀ ਸਹੀ ਨਿਸ਼ਾਨੇ 'ਤੇ ਵੱਜਦੇ ਸਨ। ਸਿੱਖਾਂ ਦੇ ਪੈਦਲ ਸੈਨਿਕ ਜੋ ਤੋਪਾਂ ਦੇ ਵਿਚ ਅਤੇ ਪਿੱਛੇ ਖੜ੍ਹ ਕੇ ਲੜ वे ਰਹੇ ਸਨ, ਪੂਰੇ ਫ਼ੌਜੀ ਜ਼ਾਬਤੇ ਵਿਚ ਰਹਿੰਦਿਆਂ ਬਹੁਤ ਹੀ ਵਧੀਆ ਤਰੀਕੇ ਨਾਲ ਦੁਸ਼ਮਣ ਦੀ ਗੋਲਾਬਾਰੀ ਦਾ ਜਵਾਬ ਦੇ ਰਹੇ ਸਨ। ਅੰਗਰੇਜ਼ਾਂ ਨੂੰ ਅਜਿਹੇ ਫਸਵੇਂ ਮੁਕਾਬਲੇ ਦੀ ਬਿਲਕੁਲ ਆਸ ਨਹੀਂ ਸੀ ਅਤੇ ਇਸ ਤਰ੍ਹਾਂ ਫ਼ੀਰੋਜ਼ਸ਼ਾਹ ਦੀ ਲੜਾਈ ਸਮੇਂ ਅੰਗਰੇਜ਼ਾਂ ਦਾ ਪਹਿਲੀ ਵਾਰ ਆਪਣੇ ਬਰਾਬਰ ਦੀ ਸ਼ਕਤੀ ਰੱਖਣ ਵਾਲੀ ਫ਼ੌਜ ਨਾਲ ਵਾਹ ਪਿਆ, ਜੋ ਉਨ੍ਹਾਂ ਲਈ ਬਹੁਤ ਹੀ ਹੈਰਾਨੀਜਨਕ ਸੀ। ਉਹ ਵਧ ਵਧ ਕੇ ਹੱਲੇ ਕਰ ਰਹੇ ਸਨ, ਪਰ ਸਿੱਖਾਂ ਨੂੰ ਉਖੇੜਨਾ ਮੁਸ਼ਕਲ ਹੋ ਰਿਹਾ ਸੀ।"

ਜੋਸਫ ਡੇਵੀ ਕਨਿੰਘਮ

"ਜਦ ਉਨ੍ਹਾਂ ਦੇ ਚਾਰ ਚੁਫੇਰੇ ਗੋਲੇ ਫਟ ਰਹੇ ਸਨ ਤਾਂ ਗੁਫ਼ ਅਤੇ ਹਾਰਡਿੰਗ ਨੇ ਇਕ ਛੋਟੇ ਜਿਹੇ ਤੰਬੂ ਵਿਚ ਬੈਠ ਕੇ ਫ਼ੈਸਲਾ ਕੀਤਾ ਕਿ ਮੈਦਾਨ ਨਾ ਛੱਡਿਆ ਜਾਵੇ ਅਤੇ ਸਵੇਰ ਨੂੰ ਮੁਕਾਬਲਾ ਕੀਤਾ ਜਾਵੇ, ਜਦਕਿ ਦੋਵੇਂ ਜਾਣਦੇ ਸਨ ਕਿ ਉਨ੍ਹਾਂ ਦੇ ਸਿਪਾਹੀ ਥੱਕੇ ਹੋਣ ਕਰਕੇ ਐਨੇ ਸਖ਼ਤ ਮੁਕਾਬਲੇ ਦਾ ਸਾਹਮਣਾ ਨਹੀਂ ਕਰ ਸਕਣਗੇ, ਜਿਹੋ ਜਿਹਾ ਉਹ ਵੇਖ ਚੁੱਕੇ ਸਨ। ਇਸ ਸੰਭਾਵਿਤ ਹਾਰ ਨੂੰ ਦਿਮਾਗ਼ ਵਿਚ ਰੱਖਦੇ ਹੋਏ ਹਾਰਡਿੰਗ ਨੇ ਪਰੂਸ਼ੀਆ (ਜਰਮਨ) ਦੇ ਸ਼ਹਿਜ਼ਾਦੇ ਵਾਲਡੀਮਰ ਨੂੰ, ਜੋ ਉਸ ਦਾ ਮਹਿਮਾਨ ਸੀ ਅਤੇ ਦਿਨ ਦੀ ਲੜਾਈ ਸਮੇਂ ਦਰਸ਼ਕ ਵਜੋਂ ਹਾਜ਼ਰ ਸੀ, ਸਲਾਮਤੀ ਖ਼ਾਤਰ ਅਤੇ ਨਾਲ ਹੀ ਆਪਣੀ ਨਿੱਜੀ ਤਲਵਾਰ ਤੇ ‘ਸਟਾਰ ਆਫ਼ ਬਾਥ' ਸਮੇਤ ਰਾਤੋ-ਰਾਤ ਮੁੱਦਕੀ ਭੇਜ ਦਿੱਤਾ। ਹਾਰਡਿੰਗ ਨੂੰ ਇਹ ਤਲਵਾਰ ‘ਡਿਊਕ ਆਫ਼ ਵਲਿੰਗਟਨ’ ਨੇ ਸੰਨ 1816 ਵਿਚ ਸੌਦਾ ਦੀ ਲੜਾਈ ਸਮੇਂ ਬਹਾਦਰੀ ਦਿਖਾਉਣ ਉਪਰ ਭੇਟ ਕੀਤੀ ਸੀ ਜੋ ਨੈਪੋਲੀਅਨ ਤੋਂ ਲੜਾਈ ਸਮੇਂ ਖੋਹੀ ਗਈ ਅਤੇ ਲੜਾਈਆਂ ਸਮੇਂ ਵਰਤੀ ਹੋਈ ਫ਼ਰਾਂਸੀਸੀ ਸਮਰਾਟ ਨੈਪੋਲੀਅਨ ਦੀ ਨਿੱਜੀ ਤਲਵਾਰ ਰਹੀ ਸੀ। ਹਾਰਡਿੰਗ ਨੇ ਰੋਬਰਟ ਕਸਟ ਤੇ ਫ਼ਰੈਡਰਿਕ ਕੜ੍ਹੀ ਨੂੰ ਮੁੱਦਕੀ ਵਿਖੇ ਇਹ ਸੁਨੇਹਾ ਵੀ ਭਿਜਵਾਇਆ ਸੀ ਕਿ ਉਹ ਸਾਰੇ ਸਰਕਾਰੀ ਦਸਤਾਵੇਜ਼ ਨਸ਼ਟ ਕਰ ਦੇਣ ਕਿਉਂਕਿ ਕੱਲ ਦਾ ਦਿਨ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ।"

ਜਾਰਜ ਬਰੂਸ

"21 ਦਸੰਬਰ ਦੀ ਰਾਤ ਮੇਰੇ ਜੀਵਨ ਵਿਚ ਨਾ ਭੁੱਲਣ ਵਾਲੀ ਰਾਤ ਸੀ। ਮੈਂ ਬਾਹਰ ਖੁੱਲ੍ਹੇ ਵਿਚ ਬਿਨਾਂ ਛੱਤ ਜਾਂ ਤੰਬੂ ਤੋਂ, ਬਿਨਾਂ ਖਾਧੇ ਪੀਤੇ ਆਪਣੇ ਆਦਮੀਆਂ ਨਾਲ ਬੈਠਾ ਰਿਹਾ। ਰਾਤ ਬਹੁਤ ਠੰਡੀ ਸੀ, ਸਾਡੇ ਸਾਹਮਣੇ ਸੜ ਰਿਹਾ ਸਿੱਖਾਂ ਦਾ ਕੈਂਪ ਸੀ ਅਤੇ ਸਾਡੇ ਬਹਾਦਰ ਸਿਪਾਹੀ ਤੋਪਾਂ ਦੀ ਭਿਆਨਕ ਮਾਰ ਹੇਠ ਲੇਟੇ ਹੋਏ ਸਨ, ਜੋ ਤੋਪਾਂ ਦੀ ਮਾਰ ਸਾਰੀ ਰਾਤ ਜਾਰੀ ਰਹੀ ਸੀ। ਦੋਵੇਂ ਪਾਸੇ ਸਿੱਖ ਅਤੇ ਅੰਗਰੇਜ਼ ਆਪਣੇ ਨਾਹਰੇ ਲਾ ਰਹੇ ਸਨ। ਸਾਡੇ ਸਿਪਾਹੀ ਕੋਈ ਥਾਂ ਜਾਂ ਆਸਰਾ ਭਾਲਦੇ ਫਿਰਦੇ ਸਨ ਅਤੇ ਮਰਨ ਵਾਲਿਆਂ ਦੀਆਂ ਚੀਕਾਂ ਸੁਣ ਰਹੀਆਂ ਸਨ।"

ਗਵਰਨਰ ਜਨਰਲ ਹੈਨਰੀ ਹਾਰਡਿੰਗ

"ਇਨ੍ਹਾਂ ਦੋਵੇਂ ਲੜਾਈਆਂ ਮੁੱਦਕੀ ਅਤੇ ਫ਼ੀਰੋਜ਼ਸ਼ਾਹ ਵਿਚ ਅੰਗਰੇਜ਼ਾਂ ਦਾ ਹਰ ਪੰਜਵਾਂ ਸਿਪਾਹੀ ਮਾਰਿਆ ਗਿਆ ਸੀ। ਸਭ ਤੋਂ ਵੱਧ ਯੂਰਪੀਅਨਾਂ ਦੀ ਤਬਾਹੀ ਹੋਈ ਸੀ ਕਿਉਂਕਿ ਸਿੱਖਾਂ ਨੇ ਆਪਣੇ ਤੋਪਾਂ ਦੇ ਗੋਲੇ ਅੰਗਰੇਜ਼ ਪਲਟਨਾਂ ਵੱਲ ਹੀ ਜ਼ਿਆਦਾ ਦਾਗ਼ੇ ਜਿਥੇ ਉਨ੍ਹਾਂ ਦੀ ਫ਼ੌਜ ਦਾ ਹਰ ਤੀਸਰਾ ਆਦਮੀ ਤਬਾਹ ਹੋ ਗਿਆ ਸੀ ਜੋ ਹੁਣ ਤਕ ਦੀਆਂ ਸਪੇਨ ਵਿਚ ਲੜੀਆਂ ਗਈਆਂ ਭਿਆਨਕ ਲੜਾਈਆਂ ਨਾਲੋਂ ਵੀ ਵੱਧ ਨੁਕਸਾਨ ਸੀ, ਜਿਨ੍ਹਾਂ ਵਿਚ ਹਿੱਸਾ ਲੈਣ ਵਾਲੀਆਂ ਕਈਆਂ ਬਟਾਲੀਅਨਾਂ ਇਸ ਲੜਾਈ ਵਿਚ ਸ਼ਾਮਲ ਸਨ।"

ਜਨਰਲ ਗੋਰਡਨ

"ਜਿੰਨੇ ਚਿਰ ਨੂੰ ਅੰਗਰੇਜ਼ਾਂ ਦੀਆਂ ਤੋਪਾਂ ਦੇ ੨ ਗੋਲੇ ਚੱਲਦੇ, ਸਿੱਖਾਂ ਦੀਆਂ ਤੋਪਾਂ ਇੰਨੇ ਸਮੇਂ ਵਿੱਚ ੩ ਗੋਲੇ ਦਾਗੇ ਦਿੰਦਿਆਂ ਸਨ। ਅੰਗਰੇਜ਼ਾਂ ਦੀਆਂ ਤੋਪਾਂ ਨਾਲੋਂ ਇਹ ਭਾਰੀਆਂ ਵੀ ਸਨ ਅਤੇ ਵੱਧ ਤੇਜ਼ੀ ਨਾਲ ਗੋਲਾਬਾਰੀ ਕਰਦੀਆਂ। ਉਨ੍ਹਾਂ ਦੇ ਨਿਸ਼ਾਨੇ ਵੀ ਅੰਗਰੇਜ਼ਾਂ ਨਾਲੋਂ ਕੀਤੇ ਬਹਿਤਰ ਸਨ।"

ਗਵਰਨਰ ਜਨਰਲ ਹੈਨਰੀ ਹਾਰਡਿੰਗ

"ਸਾਡੇ ਕੋਲ ਤੋਪਾਂ ਨਹੀਂ ਸਨ ਬਚੀਆਂ। ਜੇਕਰ ਕੋਈ ਹੈ ਵੀ ਸਨ ਤੇ ਉਨ੍ਹਾਂ ਲਈ ਗੋਲਾ ਬਾਰੂਦ ਨਹੀਂ ਸੀ। ਉਨ੍ਹਾਂ ਵਿਚੋਂ ਬਹੁਤਿਆਂ ਸਿੱਖਾਂ ਨੇ ਤਬਾਹ ਕਰ ਦਿੱਤੀਆਂ ਸਨ। ਸਾਰੇ ਪਾਸੇ ਮਰੇ ਹੋਏ ਘੋੜੇ ਅਤੇ ਟੁੱਟੇ ਅੰਗ ਖਿੱਲਰੇ ਹੋਏ ਸਨ। ਸਿੱਖਾਂ ਦੇ ਤੋਪਖਾਨੇ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਪਛਾੜ ਦਿੱਤਾ ਸੀ।"

ਕਰਨਲ ਰੋਬਰਟਸਨ

"ਅਸੀਂ ਅੱਗੇ ਵੱਧਦੇ ਸਿੱਖਾਂ ਤੋਂ ੨੦ ਕੁ ਗਜ ਦੇ ਫ਼ਾਸਲੇ ਤੇ ਪਹੁੰਚ ਗਏ ਸਾਂ ਕਿ ਸਿੱਖਾਂ ਵਿਚੋਂ ਅਜਿਹੀ ਗੋਲੀਬਾਰੀ ਕੀਤੀ ਗਈ ਕਿ ਸਾਡੇ ਸਿਪਾਹੀ ਮੀਂਹ ਵਾਂਙ ਧਰਤੀ ਤੇ ਡਿੱਗੇ। ਮੈਂ ਕਿੰਞ ਬਚ ਗਿਆ, ਇਹ ਮੇਰੇ ਲਈ ਵੀ ਸਦਾ ਰਹੱਸ ਹੀ ਰਹੇਗਾ।"

ਰਾਬਰਟ ਹੈਵੀਲੈਂਡ

"ਪਾਣੀ ਨਾ ਹੋਣ ਕਰਕੇ ਤ੍ਰਿਹਾਏ ਹੋਏ ਅੰਗਰੇਜ਼ ਸਿਪਾਹੀ ਤੋਪਾਂ ਦੇ ਪਈ ਤ੍ਰੇਲ ਨੂੰ ਪੀ ਕੇ ਤ੍ਰੇਹ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ"

ਜੋਸਫ਼ ਹੇਵਿਟ

"ਅਸੀਂ ਰਾਤ ਵੇਲੇ ਡਰ ਕਾਰਨ ਅੱਗ ਵੀ ਨਹੀਂ ਸੀ ਬਾਲ ਸਕਦੇ। ਜਿੱਥੇ ਵੀ ਅੱਗ ਬਲਦੀ, ਸਿੱਖਾਂ ਦੇ ਗੋਲੇ ਉਥੇ ਹੀ ਆ ਫਟਦੇ।"

— ਸੀਤਾਰਾਮ, ਅੰਗਰੇਜ਼ੀ ਫ਼ੌਜ ਦਾ ਹਿੰਦੁਸਤਾਨੀ ਸਿਪਾਹੀ

ਪਿੱਠਭੂਮੀ[ਸੋਧੋ]

ਪਹਿਲੀ ਐਂਗਲੋ ਸਿੱਖ ਜੰਗ ਉਦੋਂ ਸ਼ੁਰੂ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਵਿੱਚ ਅਰਾਜਕਤਾ ਫੈਲ ਗਈ। ਅੰਗਰੇਜ਼ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਸਿੱਖ ਫ਼ੌਜ ਨੂੰ ਇਸ ਦੇ ਲੀਡਰਾਂ ਦੁਆਰਾ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੂੰ ਸਤਲੁਜ ਪਾਰ, ਅੰਗਰੇਜ਼ਾਂ ਦੇ ਖੇਤਰ ਵਿੱਚ, ਲੜਾਈ ਲਈ ਭੇਜਿਆ ਗਿਆ। ਮੁਦਕੀ ਦੀ ਲੜਾਈ 18 ਦਸੰਬਰ 1845 ਨੂੰ ਹੋਈ ਸੀ। ਉਸ ਤੋਂ ਬਾਅਦ ਦੋ ਦਿਨਾਂ ਤੱਕ ਕੋਈ ਲੜਾਈ ਨਹੀਂ ਹੋਈ ਸੀ। ਇਨ੍ਹਾਂ ਦੋ ਦਿਨਾਂ ਵਿੱਚ ਖਾਲਸਾ ਫੌਜਾਂ ਨੇ ਫਿਰੋਜ਼ਸ਼ਾਹ ਦੇ ਸਥਾਨ ’ਤੇ ਆਪਣੇ ਤੋਪਖਾਨੇ ਨੂੰ ਵਧੀਆ ਤਰੀਕੇ ਨਾਲ ਬੀੜ ਦਿੱਤਾ ਹੈ। ਤੋਪਾਂ ਦੇ ਆਲੇ-ਦੁਆਲੇ ਰੇਤ ਦੇ ਉੱਚੇ-ਉੱਚੇ ਢੇਰ ਲਗਾ ਦਿੱਤੇ ਗਏ ਸਨ ਤਾਂ ਜੋ ਡਿਫੈਂਸ ਪੁਜ਼ੀਸ਼ਨ ਵਧੀਆਂ ਤਰੀਕੇ ਦੀ ਬਣ ਸਕੇ ਅਤੇ ਦੁਸ਼ਮਣ ਦੀਆਂ ਤੋਪਾਂ ਦਾ ਕੋਈ ਅਸਰ ਵੀ ਨਾ ਹੋ ਸਕੇ। ਅਸਲ ਵਿੱਚ ਫਿਰੋਜ਼ਸ਼ਾਹ ਦੀ ਲੜਾਈ ਵਿੱਚ ਦੋਹਾਂ ਪਾਸਿਆਂ ਤੋਂ ਤੋਪਖਾਨੇ ਦੀ ਜ਼ਬਰਦਸਤ ਵਰਤੋਂ ਕੀਤੀ ਗਈ ਸੀ। ਲੜਾਈ ਦੀ ਤਿਆਰੀ ਵਿੱਚ ਖਾਲਸਾ ਫੌਜਾਂ ਦੇ ਕਮਾਂਡਰਾਂ ਲਾਲ ਸਿੰਘ ਅਤੇ ਤੇਜ ਸਿੰਘ ਨੇ ਆਪਣੀ ਫੌਜ ਨੂੰ ਕੋਈ ਸਲਾਹ-ਮਸ਼ਵਰਾ ਨਹੀਂ ਦਿੱਤਾ ਸੀ। ਪਰ ਇਨ੍ਹਾਂ ਗੱਦਾਰ ਜਰਨੈਲਾਂ ਵੱਲੋਂ ਖਾਲਸਾ ਫੌਜ ਵੱਲੋਂ ਆਪਣੇ ਆਪ ਹੀ ਕੀਤੀ ਗਈ ਤਿਆਰੀ ਦੀਆਂ ਰਿਪੋਰਟਾਂ ਅੰਗਰੇਜ਼ੀ ਖੇਮੇ ਵਿੱਚ ਪਹੁੰਚਾਉਂਦੇ ਰਹੇ ਸਨ।

ਫਿਰੋਜ਼ਸ਼ਾਹ ਦੀ ਲੜਾਈ ਵਿੱਚ ਮਰੇ ਅੰਗਰੇਜ਼ੀ ਫੌਜਾਂ ਦਾ ਕਮਾਂਡਰ-ਇਨ-ਚੀਫ ਲਾਰਡ ਗਫ ਸੀ। ਉਸ ਸਮੇਂ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਵੀ ਮੈਦਾਨ ਜੰਗ ਵਿੱਚ ਮੌਜੂਦ ਸੀ। ਭਾਵੇਂ ਮੁਦਕੀ ਦੀ ਲੜਾਈ ਵਿੱਚ ਜ਼ਬਰਦਸਤ ਨੁਕਸਾਨ ਹੋਣ ਕਾਰਨ ਅੰਗਰੇਜ਼ ਅਜੇ ਹੋਰ ਲੜਾਈ ਲਈ ਤਿਆਰ ਨਹੀਂ ਸਨ। ਪਰ ਖਾਲਸਾ ਫੌਜਾਂ ਦੇ ਗੱਦਾਰ ਕਮਾਂਡਰਾਂ ਪਾਸੋਂ ਪ੍ਰਾਪਤ ਖੁਫੀਆ ਰਿਪੋਰਟਾਂ ਦੇ ਆਧਾਰ ’ਤੇ ਗਵਰਨਰ ਜਨਰਲ ਅਤੇ ਕਮਾਂਡਰ-ਇਨ-ਚੀਫ ਜਿੱਤ ਲਈ ਲੋੜੋਂ ਵੱਧ ਆਸ਼ਾਵਾਦੀ ਨਜ਼ਰ ਆ ਰਹੇ ਸਨ। ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਲੜਾਈ ਵਿੱਚ ਬਗੈਰ ਕਿਸੇ ਨੁਕਸਾਨ ਉਠਾਏ, ਉਹ ਬੜੀ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲੈਣਗੇ। ਫਿਰੋਜ਼ਸ਼ਾਹ ਦੀ ਲੜਾਈ 21 ਦਸੰਬਰ 1845 ਨੂੰ ਸ਼ਾਮ ਵੇਲੇ ਸ਼ੁਰੂ ਹੋ ਗਈ ਸੀ। ਖਾਲਸਾ ਫੌਜਾਂ ਦੀ ਤਿਆਰੀ ਬਾਰੇ ਗੱਦਾਰ ਕਮਾਂਡਰਾਂ ਪਾਸੋਂ ਪ੍ਰਾਪਤ ਸੂਚਨਾ ਦੇ ਆਧਾਰ ’ਤੇ ਅੰਗਰੇਜ਼ਾਂ ਨੇ ਆਪਣੀਆਂ ਫੌਜਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਖਾਲਸਾ ਫੌਜਾਂ ਉਪਰ ਖੱਬਿਓਂ, ਸੱਜਿਓਂ ਅਤੇ ਮੂਹਰਲੇ ਪਾਸਿਆਂ ਤੋਂ ਜ਼ਬਰਦਸਤ ਹਮਲਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਤੋਪਖਾਨੇ ਨੇ ਗੋਲਾਬਾਰੀ ਵੀ ਸ਼ੁਰੂ ਕਰ ਦਿੱਤੀ ਸੀ। ਜਵਾਬੀ ਹਮਲੇ ਵਿੱਚ ਖਾਲਸਾ ਤੋਪਖਾਨੇ ਨੇ ਵੀ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ ਸੀ। ਨਤੀਜੇ ਵਜੋਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਅੰਗਰੇਜ਼ੀ ਤੋਪਖਾਨੇ ਪੂਰੀ ਤਰ੍ਹਾਂ ਤਬਾਹ ਹੋ ਗਿਆ। ਖਾਲਸਾ ਤੋਪਖਾਨੇ ਦੇ ਗੋਲੇ ਠੀਕ ਨਿਸ਼ਾਨੇ ’ਤੇ ਬੈਠਦੇ ਸਨ। ਗੋਲਿਆਂ ਦੀ ਰਫਤਾਰ ਵੀ ਬਹੁਤ ਤੇਜ਼ ਹੁੰਦੀ ਸੀ। ਸਰ ਜਾਹਨ ਲਿਟਰ ਦੀ ਫੌਜੀ ਡਵੀਜ਼ਨ ਜੋ ਜੇਤੂ ਅੰਦਾਜ਼ ਵਿੱਚ ਅੱਗੇ ਵਧ ਰਹੀ ਸੀ, ਖਾਲਸਾ ਤੋਪਾਂ ਨੇ ਉਨ੍ਹਾਂ ਦਾ ਤੂੰਬਾ-ਤੂੰਬਾ ਉਡਾ ਕੇ ਰੱਖ ਦਿੱਤਾ ਸੀ। ਜੋ ਬਚ ਗਏ, ਉਨ੍ਹਾਂ ਨੇ ਵਾਪਸ ਭੱਜ ਕੇ ਅੰਗਰੇਜ਼ੀ ਖੇਮੇ ਵਿੱਚ ਪਹੁੰਚ ਕੇ ਰੱਬ ਦਾ ਸ਼ੁਕਰ ਕੀਤਾ। ਖਾਲਸਾ ਫੌਜਾਂ ਨੇ ਸਰ ਹੈਨਰੀ ਸਮਿੱਥ ਦੀ ਫੌਜੀ ਡਵੀਜ਼ਨ ਦਾ ਵੀ ਬੁਰਾ ਹਸ਼ਰ ਕੀਤਾ। ਉਨ੍ਹਾਂ ਵਿੱਚੋਂ ਜੋ ਬਚ ਗਏ ਸਨ, ਉਨ੍ਹਾਂ ਨੂੰ ਵੀ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਸਰ ਗਿਲਬਰਟ ਦੀ ਫੌਜੀ ਡਵੀਜ਼ਨ ਨੇ ਆਪਣੀ ਪੁਜ਼ੀਸ਼ਨ ਕਾਫੀ ਮਜ਼ਬੂਤ ਬਣਾ ਲਈ ਸੀ ਪਰ ਉਨ੍ਹਾਂ ਵੱਲੋਂ ਪ੍ਰਾਪਤ ਜੇਤੂ ਸਥਿਤੀ ਵੀ ਜ਼ਿਆਦਾ ਦੇਰ ਤੱਕ ਨਾ ਟਿਕ ਸਕੀ। ਖਾਲਸਾ ਫੌਜਾਂ ਨੇ ਉਨ੍ਹਾਂ ਦੇ ਪੈਰ ਵੀ ਉਖਾੜ ਦਿੱਤੇ। ਗਿਲਬਰਟ ਦੀ ਇਸ ਫੌਜੀ ਡਵੀਜ਼ਨ ਨੂੰ ਵੀ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ। ਦਿਨ ਛੋਟੇ ਹੋਣ ਕਾਰਨ ਨ੍ਹੇਰਾ ਜਲਦੀ ਹੋ ਗਿਆ। ਅੰਗਰੇਜ਼ੀ ਫੌਜਾਂ ਵਿੱਚ ਐਨੀ ਜ਼ਿਆਦਾ ਦਹਿਸ਼ਤ ਫੈਲ ਗਈ ਸੀ ਕਿ ਉਹ ਮੁੜ ਕੇ ਹਮਲਾ ਕਰਨ ਦੀ ਹਿੰਮਤ ਵੀ ਨਾ ਕਰ ਸਕੇ। ਫਿਰੋਜ਼ਸ਼ਾਹ ਦੇ ਮੈਦਾਨ ਵਿੱਚ ਅੰਗਰੇਜ਼ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ ਸਨ। ਉਨ੍ਹਾਂ ਦੇ ਕਈ ਹਜ਼ਾਰ ਫੌਜੀ ਜ਼ਖਮੀ ਹਾਲਤ ਵਿੱਚ ਤੜਪ ਰਹੇ ਸਨ। ਅੰਗਰੇਜ਼ਾਂ ਦਾ ਜਾਨੀ ਨੁਕਸਾਨ ਇੰਨਾ ਜ਼ਿਆਦਾ ਹੋਇਆ ਸੀ ਕਿ ਗਵਰਨਰ ਜਨਰਲ ਦੇ ਨਿੱਜੀ ਸਕਿਓਰਿਟੀ ਗਾਰਡ ਅਤੇ ਹੋਰ ਸਟਾਫ ਵੀ ਮਾਰੇ ਜਾ ਚੁੱਕੇ ਸਨ।

ਲਾਰਡ ਹਾਰਡਿੰਗ ਨੂੰ ਅਗਲੇ ਦਿਨ ਸਵੇਰੇ ਭਿਆਨਕ ਅਤੇ ਤਬਾਹੀ ਭਰੀ ਹਾਰ ਸਪਸ਼ਟ ਨਜ਼ਰ ਆ ਰਹੀ ਸੀ। 22 ਦਸੰਬਰ 1845 ਦੀ ਸਵੇਰ ਨੂੰ ਗੱਦਾਰ ਲਾਲ ਸਿੰਘ ਅੰਗਰੇਜ਼ਾਂ ਵਿਰੁੱਧ ਲੜਾਈ ਛੇੜਨਾ ਨਹੀਂ ਸੀ ਚਾਹੁੰਦਾ। ਉਹ ਗਿਣੀ-ਮਿਥੀ ਸਾਜ਼ਿਸ਼ ਅਨੁਸਾਰ ਖਾਲਸਾ ਫੌਜ ਨੂੰ ਵਰਗਲਾ ਕੇ ਅਤੇ ਆਪਣੇ ਨਾਲ ਲੈ ਕੇ ਮੈਦਾਨ ਵਿੱਚੋਂ ਇੱਕ ਪਾਸੇ ਹੋ ਗਿਆ। ਇਸ ਤਰ੍ਹਾਂ ਅੰਗਰੇਜ਼ਾਂ ਨੂੰ ਲੜਾਈ ਲਈ ਤਿਆਰੀ ਕਰਨ ਦਾ ਪੂਰਾ-ਪੂਰਾ ਅਵਸਰ ਪ੍ਰਾਪਤ ਹੋ ਗਿਆ। ਇਸ ਤੋਂ ਕੁਝ ਸਮੇਂ ਬਾਅਦ ਗੱਦਾਰ ਤੇਜ ਸਿੰਘ ਖਾਲਸਾ ਫੌਜ ਦਾ ਦੂਜਾ ਹਿੱਸਾ ਲੈ ਕੇ ਮੈਦਾਨ ਵਿੱਚ ਪਹੁੰਚ ਗਿਆ। ਖਾਲਸਾ ਫੌਜ ਦੇ ਤਾਜ਼ਾ ਦਮ ਹਿੱਸੇ ਨੂੰ ਵੇਖ ਕੇ ਅੰਗਰੇਜ਼ ਘਬਰਾ ਗਏ। ਪਿਛਲੇ ਦਿਨ ਦੇ ਹਾਰੇ-ਟੁੱਟੇ ਅੰਗਰੇਜ਼ ਫੌਜੀਆਂ ਨੂੰ ਆਪਣੀ ਹਾਰ ਅਤੇ ਮੌਤ ਦੋਵੇਂ ਹੀ ਸਿਰ ਉਪਰ ਮੰਡਰਾਉਂਦੀਆਂ ਸਪਸ਼ਟ ਨਜ਼ਰ ਆ ਰਹੀਆਂ ਸਨ। ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਭਰਪੂਰ ਖਾਲਸਾ ਫੌਜ ਤੇਜਾ ਸਿੰਘ ’ਤੇ ਜ਼ੋਰ ਪਾ ਰਹੀ ਸੀ ਕਿ ਲੜਾਈ ਛੇਤੀ ਤੋਂ ਛੇਤੀ ਛੇੜ ਦਿੱਤੀ ਜਾਵੇ। ਤੇਜ ਸਿੰਘ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤਾ ਸੀ ਕਿ ਇਸ ਸਮੇਂ ਅੰਗਰੇਜ਼ ਫੌਜ ਪੂਰੀ ਤਰ੍ਹਾਂ ਮਰੋੜੀ ਪਈ ਹੈ ਅਤੇ ਉਨ੍ਹਾਂ ਦੀਆਂ ਤੋਪਾਂ ਲਗਪਗ ਨਾਕਾਮ ਹੋ ਗਈਆਂ ਹਨ। ਤੇਜ ਸਿੰਘ ਦਾ ਮੰਤਵ ਅੰਗਰੇਜ਼ਾਂ ਨੂੰ ਹਰਾਉਣਾ ਬਿਲਕੁਲ ਨਹੀਂ ਸੀ। ਉਹ ਗੱਦਾਰ ਤਾਂ ਖਾਲਸਾ ਫੌਜਾਂ ਨੂੰ ਹਰਾਉਣਾ ਅਤੇ ਸੰਪੂਰਨ ਰੂਪ ਵਿੱਚ ਤਬਾਹ ਕਰਾਉਣਾ ਚਾਹੁੰਦਾ ਸੀ। ਇਸ ਕਾਰਨ ਤੇਜ ਸਿੰਘ ਕੋਈ ਨਾ ਕੋਈ ਬਹਾਨੇ ਬਣਾ ਕੇ ਸਮਾਂ ਬਿਤਾਉਣ ਲੱਗ ਪਿਆ ਅਤੇ ਲੜਾਈ ਦੀ ਸ਼ੁਰੂਆਤ ਨਾ ਕੀਤੀ। ਕਈ ਘੰਟੇ ਬੀਤ ਗਏ। ਲੜਾਈ ਸ਼ੁਰੂ ਹੁੰਦੇ ਸਿੱਖਾਂ ਦੇ ਤੋਪਖਾਨੇ ਨੇ ਫਿਰ ਤਬਾਹੀ ਮਚਾ ਦਿੱਤੀ। ਖਾਲਸਾ ਫੌਜ ਨੇ ਅੰਗਰੇਜ਼ਾਂ ਦੇ ਪੈਰ ਉਖਾੜ ਦਿੱਤੇ। ਅੰਗਰੇਜ਼ਾਂ ਦੇ ਸਾਰੇ ਹਮਲੇ ਨਾਕਾਮ ਸਿੱਧ ਹੋਏ। ਖਾਲਸਾ ਸਿੱਖ ਦਾ ਪਲੜਾ ਸਪਸ਼ਟ ਭਾਰੀ ਨਜ਼ਰ ਆ ਰਿਹਾ ਸੀ। ਅੰਗਰੇਜ਼ੀ ਫੌਜ ਦੀ ਦੁਰਦਸ਼ਾ ਵੇਖ ਕੇ ਗੱਦਾਰ ਤੇਜ ਸਿੰਘ ਘਬਰਾ ਗਿਆ ਅਤੇ ਖਾਲਸਾ ਫੌਜ ਨੂੰ ਗਲਤ ਦਿਸ਼ਾ-ਨਿਰਦੇਸ਼ ਦੇ ਕੇ ਆਪ ਚੁੱਪ-ਚੁਪੀਤੇ ਮੈਦਾਨ ਵਿੱਚੋਂ ਖਿਸਕ ਕੇ ਅੰਗਰੇਜ਼ੀ ਖੇਮੇ ਵਿੱਚ ਜਾ ਬੈਠਾ। ਸਿੱਟੇ ਵਜੋਂ ਖਾਲਸਾ ਫੌਜ ਨੂੰ ਪਿੱਛੇ ਹਟਣਾ ਪੈ ਗਿਆ। ਫਰੀਦਕੋਟ ਦਾ ਮਹਾਰਾਜਾ ਪਹਾੜਾ ਸਿੰਘ, ਜੋ ਲੜਾਈ ਦੌਰਾਨ ਅੰਗਰੇਜ਼ਾਂ ਨਾਲ ਰਲਿਆ ਹੋਇਆ ਸੀ, ਨੇ ਗਵਰਨਰ ਜਨਰਲ ਨੂੰ ਜਾ ਦੱਸਿਆ ਕਿ ਖਾਲਸਾ ਫੌਜਾਂ ਮੈਦਾਨ ਵਿੱਚੋਂ ਪਿੱਛੇ ਹਟ ਗਈਆਂ ਹਨ ਅਤੇ ਹੋ ਸਕਦਾ ਹੈ ਕਿ ਹੁਣ ਹੋਰ ਲੜਾਈ ਵੀ ਨਾ ਕਰ ਸਕਣ। ਇਸ ਤਰ੍ਹਾਂ ਗੱਦਾਰਾਂ ਦੀ ਜੁੰਡਲੀ ਦੀਆਂ ਦੇਸ਼ ਧਰੋਹੀ ਚਾਲਾਂ ਸਦਕਾ ਅੰਗਰੇਜ਼ ਜੋ ਇੱਕ ਯਕੀਨੀ ਹਾਰ ਦੇ ਕੰਢੇ ’ਤੇ ਖੜੋਤੇ ਸਨ ਅਤੇ ਘਬਰਾਏ ਹੋਏ ਸਨ, ਨੂੰ ਜਿੱਤ ਨਸੀਬ ਹੋ ਗਈ।

ਲੜਾਈ ਉਪਰੰਤ ਸਿੱਖਾਂ ਦੀਆਂ ਜੋ ਤੋਪਾਂ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਗਈਆਂ ਸਨ, ਉਨ੍ਹਾਂ ਉੱਪਰ ਕਿਸੇ ਬਾਰੂਦ ਦਾ ਨਿਸ਼ਾਨ ਤੱਕ ਨਹੀਂ ਪਿਆ ਸੀ। ਜਦਕਿ ਅੰਗਰੇਜ਼ੀ ਤੋਪਾਂ ਲਗਪਗ ਸਾਰੀਆਂ ਹੀ ਨਕਾਰਾ ਹੋ ਗਈਆਂ ਸਨ। ਆਪਣੇ ਟਿਕਾਣੇ ਤੋਂ ਉਖੜੀਆਂ ਪਈਆਂ ਸਨ। ਅੰਗਰੇਜ਼ ਫੌਜੀਆਂ ਨੂੰ ਭਾਰੀ ਸ਼ਿਕਾਇਤ ਸੀ ਕਿ ਤੋਪਾਂ ਬਹੁਤ ਘਟੀਆ ਕਿਸਮ ਦੀਆਂ ਹਨ। ਸਿੱਖਾਂ ਦੀਆਂ ਤੋਪਾਂ ਬਹੁਤ ਵਧੀਆ ਕਿਸਮ ਦੀਆਂ ਹੋਣ ਕਾਰਨ ਵਧੇਰੇ ਮਾਰੂ ਸ਼ਕਤੀ ਰੱਖਦੀਆਂ ਸਨ। ਸਿੱਖ ਤੋਪਚੀਆਂ ਦੇ ਨਿਸ਼ਾਨੇ ਵੀ ਠੀਕ ਨਿਸ਼ਾਨੇ ’ਤੇ ਪੈਂਦੇ ਸਨ ਅਤੇ ਤਬਾਹੀ ਮਚਾ ਦਿੰਦੇ ਸਨ। ਸਿੱਖਾਂ ਦੀਆਂ ਤੋਪਾਂ ਦੇ ਮੂੰਹ ਉੱਤੇ ਗੋਲਦਾਰ ਦੋ-ਦੋ, ਤਿੰਨ-ਤਿੰਨ ਫੁੱਟ ਉੱਚੇ ਕਿਨਾਰੇ ਬਣੇ ਹੋਏ ਸਨ, ਜੋ ਸਿੱਖ ਤੋਪਚੀਆਂ ਦੀ ਸੁਰੱਖਿਆ ਲਈ ਮਜ਼ਬੂਤ ਕੰਧ ਦਾ ਕੰਮ ਕਰਦੇ ਸਨ। ਅੰਗਰੇਜ਼ ਅਫਸਰ ਵਿਲੀਅਮ ਐਡਵਰਡਜ਼ ਆਪਣੇ ਰੋਜ਼ਨਾਮਚੇ ਵਿੱਚ ਲਿਖਦਾ ਹੈ, ‘‘ਲਾਰਡ ਹਾਰਡਿੰਗ ਨੇ ਮੈਨੂੰ ਦੱਸਿਆ ਸੀ ਕਿ ਸਿੱਖ ਤੋਪਖਾਨੇ ਦੀ ਮਾਰੂ ਸਮਰੱਥਾ ਬੜੀ ਭਿਆਨਕ ਸੀ। ਸਿੱਖਾਂ ਦੀਆਂ ਤੋਪਾਂ ਕਿਸੇ ਵੀ ਵਧੀਆ ਤੋਂ ਵਧੀਆ ਯੂਰਪੀ ਤੋਪਾਂ ਦੀ ਮਾਰੂ ਸਮਰੱਥਾ ਨਾਲੋਂ ਤਿੰਨ ਗੁਣਾਂ ਵੱਧ ਸੀ। ਸਿੱਖ ਫੌਜੀਆਂ ਦੀ ਦਲੇਰੀ, ਯੋਗਤਾ ਅਤੇ ਸਿਰੜ ਦਾ ਸਿੱਕਾ ਤਾਂ ਸਾਰੇ ਅੰਗਰੇਜ਼ ਫੌਜੀ ਅਤੇ ਉੱਚ ਅਫਸਰ ਵੀ ਮੰਨਣ ਲੱਗ ਪਏ ਸਨ।

ਹਵਾਲੇ[ਸੋਧੋ]

  1. http://books.google.co.in/books?id=L_xxOM85bD8C&pg=PA44&dq=50,000+sikh+army+ferozeshah&hl=en&ei=FC3TTv6gKcXPrQei19S9DA&sa=X&oi=book_result&ct=result&resnum=9&ved=0CFsQ6AEwCA#v=onepage&q=50%2C000%20sikh%20army%20ferozeshah&f=false
  2. 2.0 2.1 Tucker, Spencer C. (2009). A Global Chronology of Conflict: From the Ancient World to the Modern Middle ... p. 1174.