ਮਨੋਵਿਸ਼ਲੇਸ਼ਣਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਨੋਵਿਸ਼ਲੇਸ਼ਣ ਇੱਕ ਸੁਤੰਤਰ ਅਨੁਸ਼ਾਸਨ ਹੈ, ਜੋ ਕਿ ਅੰਗਰੇਜ਼ੀ ਸ਼ਬਦ Psycho analysis ਦਾ ਪੰਜਾਬੀ ਰੂਪਾਂਤਰਣ ਹੈ। Psycho ਅਰਥਾਤ ਮਨੋ analysis ਅਰਥਾਤ ਵਿਸ਼ਲੇਸ਼ਣ ਭਾਵ ਕਿ ਅਜਿਹੀ ਵਿਧੀ ਜੋ ਕਿ ਮਨ ਦਾ ਵਿਸ਼ਲੇਸ਼ਣ ਕਰਨ ਲਈ ਅਪਣਾਈ ਜਾਂਦੀ ਹੈ, ਇਹ ਸਥਿਤੀ ਚੇਤਨ ਜਾਂ ਅਚੇਤਨ ਦੋਵੇਂ ਰੂਪਾਂ ਵਿੱਚ ਸੰਭਵ ਹੈ। ਪ੍ਰੀਭਾਸ਼ਾ ਦੀ ਦ੍ਰਿਸ਼ਟੀ ਤੋਂ “ਮਨੋਵਿਸ਼ਲੇਸ਼ਣ ਕੇਵਲ ਚੇਤਨ ਵਿਵਹਾਰ ਤੱਕ ਹੀ ਸੀਮਿਤ ਨਹੀਂ, ਇਸਦਾ ਲਕਸ਼ ਤਾਂ ਚੇਤਨਾ, ਵਿਵਹਾਰ ਅਤੇ ਅਚੇਤਨ ਨਿਰਧਾਰਕਾਂ ਦਾ ਵਿਗਿਆਨਕ ਅਧਿਐਨ ਕਰਨਾ ਹੈ।

ਆਮ ਤੌਰ 'ਤੇ ਮਨੋਵਿਸ਼ਲੇਸ਼ਣ ਤਿੰਨ ਅਰਥਾਂ ਵਿੱਚ ਵਰਤਿਆ ਜਾਂਦਾ ਹੈ:-

ਪਹਿਲਾਂ ਮਨੋਵਿਸ਼ਲੇਸ਼ਣ ਇੱਕ ਵਿਧੀ ਹੈ ਜਿਸਦੇ ਰਾਹੀਂ ਅਚੇਤ ਮਾਨਸਿਕ ਕ੍ਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ।

ਦੂਜਾ ਮਨੋਵਿਸ਼ਲੇਸ਼ਣ ਮਾਨਸਿਕ ਵਿਕਾਰਾਂ ਨੂੰ ਸਮਝਣ, ਵਿਆਖਿਆ ਕਰਨ ਅਤੇ ਉਪਚਾਰ ਕਰਨ ਦੀ ਇੱਕ ਤਕਨੀਕ ਹੈ।

ਤੀਜਾ ਮਨੋਵਿਸ਼ਲੇਸ਼ਣ ਇੱਕ ਵਿਚਾਰਧਾਰਾ ਦੇ ਰੂਪ ਵਿੱਚ ਜੋ ਮਨੁੱਖੀ ਵਿਹਾਰ ਨੂੰ ਜਾਣਨ ਦਾ ਇੱਕ ਅਜਿਹਾ ਮਾਧਿਅਮ ਹੈ, ਜਿਸਦੇ ਰਾਹੀਂ ਪਤਾ ਕੀਤਾ ਜਾਂਦਾ ਹੈ ਕਿ ਬਾਲਪਨ ਦੇ ਅਨੁਭਵ ਵਿਅਮਕ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ।

According to Brown:- “ਮਨੋਵਿਸ਼ਲੇਸ਼ਣ ਮਨੋਵਿਗਿਆਨ ਦਾ ਉਹ ਅੰਸ਼ ਹੈ, ਜਿਸਦਾ ਲਕਸ਼ ਮਾਨਸਿਕ ਸ਼ਕਤੀ ਦੇ ਜਨਮ ਅਤੇ ਵਿਤਰਨ ਦੇ ਅਧਿਐਨ ਕਰਨ ਤੋਂ ਹੈ ਜਿਸਤੇ ਮਨੁੱਖ ਦਾ ਸੰਪੂਰਨ ਵਿਵਹਾਰ ਨਿਰਭਰ ਕਰਦਾ ਹੈ।”

ਮਿਗਮੰਡ ਫਰਾਇਡ ਨੂੰ ਮਨੋਵਿਸ਼ਲੇਸ਼ਣ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕਈ ਵਾਰ ਮਨੋਵਿਸ਼ਲੇਸ਼ਣ ਨੂੰ ਫਰਾਇਡਵਾਦ ਵੀ ਕਿਹਾ ਜਾਂਦਾ ਹੈ ਕਿਉਂਕਿ ਮਨੋਵਿਸ਼ਲੇਸ਼ਣ ਦਾ ਉਪਯੋਗ ਫਰਾਇਡ ਦੇ ਸਾਰੇ ਵਿਚਾਰ, ਸਿਧਾਂਤ, ਨਿਯਮ, ਤਰਕ ਅਤੇ ਉਨ੍ਹਾਂ ਦੇ ਉਪਯੋਗਾਂ ਲਈ ਹੀ ਵਰਤਿਆ ਜਾਂਦਾ ਹੈ ਅਤੇ ਇਸਦਾ ਵਿਸ਼ੇਸ਼ ਉਦੇਸ਼ ਵਿਅਕਤੀ ਦੇ ਮਾਨਸਿਕ ਜੀਵਨ ਦੇ ਤੱਥਾਂ ਦੀ ਖੋਜ ਹੈ।

ਮਨੋਵਿਸ਼ਲੇਸ਼ਣ ਦਾ ਇਤਿਹਾਸ:- ਮਨੋਵਿਗਿਆਨ ਜਗਤ ਵਿੱਚ ਮਨੋਵਿਸ਼ਲੇਸ਼ਣ ਦਾ ਜਨਮ ਮਨੋਵਿਗਿਆਨ ਦੇ ਦੂਜੇ ਸਿਧਾਂਤਾਂ ਵਾਂਗ ਨਾ ਤਾਂ ਦਰਸ਼ਨ-ਸ਼ਾਸਤਰ ਤੋਂ ਹੋਇਆ ਅਤੇ ਨਾ ਹੀ ਸਿਰਫ ਪ੍ਰਯੋਗਸ਼ਾਲਾਵਾਂ ਵਿੱਚ ਕੀਤੇ ਗਏ ਪ੍ਰਯੋਗਾਂ ਤੋਂ ਬਲਕਿ ਮਨੋਵਿਸ਼ਲੇਸ਼ਣ ਦਾ ਜਨਮ ਤਾਂ ਮੂਲ ਰੂਪ ਵਿੱਚ ਚਕਿਤਸਾ ਖੇਤਰ ਤੋਂ ਹੋਇਆ। ਮਨੋਵਿਸ਼ਲੇਸ਼ਣ ਦੇ ਆਧਾਰ ਚਕਿਸਤਕਾਂ ਰਾਹੀਂ ਆਪਣੇ ਰੋਗੀਆਂ ਦੇ ਅਨੁਭਵਾਂ ਰਾਹੀਂ ਮਾਨਸਿਕ ਕਾਰਜਾਂ ਦਾ ਗਿਆਨ ਅਤੇ ਉਸ ਅਸਾਧਾਰਨ ਵਿਵਹਾਰ ਦਾ ਸਫਲਤਾ ਸਾਹਿਤ ਇਲਾਜ ਕਰਨ ਵਜੋਂ ਸੀ। ਸੋ ਮਨੋਵਿਸ਼ਲੇਸ਼ਣ ਇੱਕ ਤਰ੍ਹਾਂ ਨਾਲ ਸਰੀਰਿਕ ਪ੍ਰਕ੍ਰਿਆਵਾਂ ਦੇ ਪ੍ਰਤਿ 19ਵੀਂ ਸਦੀ ਵਿੱਚ ਪ੍ਰਚਲਿਤ ਝੁਕਾਵਾਂ ਪ੍ਰਤਿ ਵਿਦਰੋਹ ਦੇ ਰੂਪ ਵਿੱਚ ਸਾਹਮਣੇ ਆਇਆ। ਮਾਨਸਿਕ ਰੋਗਾਂ ਦੇ ਇਲਾਜ ਲਈ 1780 ਈ. ਵਿੱਚ ਮੈਸਮਰ ਨੇ ਸੰਮੋਹਨ ਵਿਧੀ ਨੂੰ ਚਕਿਤਸਾ ਦੀ ਇੱਕ ਪ੍ਰਣਾਲੀ ਦੇ ਰੂਪ ਵਜੋਂ ਪੇਸ਼ ਕੀਤਾ ਅਤੇ ਅੱਗੇ ਚਲਕੇ ਇਸੇ ਆਧਾਰ 'ਤੇ ਚਾਰਕੋਟ ਨੇ ਹਿਸਟੀਰੀਆਂ ਵਰਗੇ ਮਨੋਰੋਗ ਦੇ ਇਲਾਜ ਲਈ ਸੰਮੋਹਨ ਦਾ ਪ੍ਰਯੋਗ ਕੀਤਾ। ਇਸੇ ਸਮੇਂ ਮੋਰਵਿਯਾ ਦੇ ਇੱਕ ਯਹੂਦੀ ਪਰਿਵਾਰ ਦੇ ਜੰਮਪਲ ਡਾਕਟਰ ਫਰਾਇਡ ਨੇ ਡਾਕਟਰੀ ਵਿਗਿਆਨ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਡਾਕਟਰਾਂ ਦੀ ਪ੍ਰਸਿੱਧ ਨਗਰੀ ਵਿਯਾਨਾਂ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਫਰਾਇਡ ਦਾ ਮੇਲ ਪੈਰਿਸ ਦੇ ਦੋ ਡਾਕਟਰਾਂ ਚਾਰਕੋਟ ਅਤੇ ਜੈਨੇ ਨਾਲ ਹੋਇਆ। ਇੱਥੇ ਹੀ ਇਨ੍ਹਾਂ ਦੋਹਾਂ ਕੋਲੋਂ ਫਰਾਇਡ ਨੂੰ ਮਨੋਵਿਸ਼ਲੇਸ਼ਣ ਸੰਬੰਧੀ ਵਧੇਰੇ ਸਮੱਗਰੀ ਮਿਲੀ। ਉਸਨੇ ਵੇਖਿਆ ਕਿ ਸੰਮੋਹਿਤ ਅਵਸਥਾ ਵਿੱਚ ਮਨੁੱਖ ਦਾ ਵਿਅਕਤਿਤੂ ਅਜੀਬ ਤਰ੍ਹਾਂ ਨਾਲ ਤਰਲ ਅਤੇ ਲਚਕੀਲਾ ਹੋ ਜਾਂਦਾ ਹੈ। ਚਾਰਕੋਟ ਅਤੇ ਜੈਨੇ ਤੋਂ ਵੀ ਜਿਆਦਾ ਫਰਾਇਡ ਦੇ ਵਿਚਾਰਾਂ ਨੂੰ ਨਿਸ਼ਚਿਤ ਰੂਪ ਦੇਣ ਵਾਲਾ ਇੱਕ ਹੋਰ ਵਿਅਕਤੀ ਜੌਸਫ ਬਰੂਅਰ ਹੈ। ਅਸਲ ਵਿੱਚ ਮਨੋਵਿਸ਼ਲੇਸ਼ਣ ਦਾ ਜਨਮ ਜੋਸਫ ਬਰੂਅਰ ਰਾਹੀਂ ਇੱਕ ਮੁਟਿਆਰ ਦੇ ਇਲਾਜ ਕਰਨ ਤੋਂ ਪ੍ਰਾਪਤ ਗਿਆਨ ਦੇ ਅਧਾਰ 'ਤੇ ਮੰਨਿਆ ਜਾਂਦਾ ਹੈ। ਡਾਕਟਰ ਬਰੂਅਰ ਕੋਲ 21 ਸਾਲਾਂ ਦੀ ਜਰਮਨ ਮੁਟਿਆਰ ਐਨਾ ਇਲਾਜ ਲਈ ਆਈ ਜੋ ਦੋ ਸਾਲਾਂ ਤੋਂ ਰੋਗਣ ਸੀ। ਉਸਦੇ ਹੱਕਾਂ ਨੂੰ ਲਕਵਾ ਹੋ ਗਿਆ ਸੀ ਅਤੇ ਹਾਲਤ ਇਸ ਕਦਰ ਹੋ ਗਈ ਸੀ ਕਿ ਕਈ ਦਿਨ ਦੀ ਪਿਆਸੀ ਹੋਣ ਦੇ ਬਾਵਜੂਦ ਵੀ ਉਹ ਪਾਣੀ ਨਹੀਂ ਸੀ ਪੀ ਸਕੀ। ਆਪਣੇ ਰੋਗੀ ਪਿਤਾ ਦੀ ਸੇਵਾ ਕਰਦੀ ਕਰਦੀ ਉਹ ਖੁਦ ਰੋਗਣ ਹੋ ਗਈ ਸੀ। ਡਾ. ਬਰੂਅਰ ਨੇ ਲੜਕੀ ਨੂੰ ਸੰਮੋਹਿਤ ਕਰਕੇ ਲਕਵੇ ਦਾ ਕਾਰਨ ਲੱਭਣਾ ਸ਼ੁਰੂ ਕੀਤਾ। ਉਸਨੇ ਨੋਟ ਕੀਤਾ ਕਿ ਉਹ ਜਦੋਂ ਮਾਨਸਿਕ ਪਰਿਵਰਤਨ ਦੀ ਅਵਸਥਾ ਵਿੱਚ ਹੁੰਦੀ ਹੈ ਤਾਂ ਕੁੱਝ ਸ਼ਬਦ ਬੁੜਬੜਾਉਂਦੀ ਹੈ। ਨੋਟ ਕੀਤੇ ਸ਼ਬਦਾਂ ਦੇ ਆਧਾਰ ਤੇ ਉਸਨੇ ਨਤੀਜਾ ਕੱਢਿਆ ਕਿ ਬੁੜਬੜਾਹਟ ਦਾ ਕਾਰਨ ਲੜਕੀ ਦੇ ਮਨ ਵਿੱਚ ਗੜਬੜ ਕਰਨ ਵਾਲੇ ਵਿਚਾਰਾਂ ਨਾਲ ਸੰਬੰਧਿਤ ਘਟਨਾਵਾਂ ਹਨ, ਚਾਹੇ ਉਹ ਕਲਪਿਤ ਹੀ ਕਿਉਂ ਨਾ ਹੋਣ। ਇਸ ਲਈ ਡਾਕਟਰ ਬਰੂਅਰ ਨੇ ਉਸਨੂੰ ਸੰਮੋਹਿਤ ਕੀਤਾ ਅਤੇ ਸੰਮੋਹਿਤ ਅਵਸਥਾ ਵਿੱਚ ਉਸਦੇ ਸਾਹਮਣੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਇਆ ਜੋ ਉਹ ਬੁੜਬੜਾਉਂਦੀ ਸੀ। ਨਤੀਜਾ ਇਹ ਹੋਇਆ ਕਿ ਲੜਕੀ ਨੇ ਆਪਣੀਆਂ ਸਾਰੀਆਂ ਮਾਨਸਿਕ ਕਲਪਨਾਵਾਂ ਕਹਿ ਛੱਡੀਆਂ ਜਿਨਾਂ ਕਰਕੇ ਉਸਨੂੰ ਬੇਚੈਨੀ ਦਾ ਸ਼ਿਕਾਰ ਹੋਣਾ ਪਿਆ ਸੀ। ਇਨ੍ਹਾਂ ਰੰਗ-ਬਰੰਗੀਆਂ ਕਲਪਨਾਵਾਂ ਵਿੱਚ ਕਈ ਤਾਂ ਨਿਰਾਸ਼ਤਾ-ਭਰਪੂਰ ਸਨ, ਇਹ ਵੀ ਵੇਖਿਆ ਗਿਆ ਕਿ ਮਾਨਸਿਕ ਕਲਪਨਾਵਾਂ ਵਿਅਕਤ ਕਰਨ ਬਾਅਦ ਉਹ ਕੁੱਝ ਸਮੇਂ ਲਈ ਸਵਾਰਥ ਅਤੇ ਪ੍ਰਸੰਨਚਿਤ ਰਹਿੰਦੀ ਸੀ। ਜਿਵੇਂ ਕਿ ਉਸਦੀ ਛਾਤੀ ਤੇ ਕੁੰਡਲੀ ਮਾਰ ਕੇ ਬੈਠਾ ਰਹਿਣ ਵਾਲਾ ਸੱਪ ਕਿਤੇ ਨੱਸ ਗਿਆ ਹੋਵੇ।

ਉਸ ਰੋਗਣ ਦੇ ਇਤਿਹਾਸ ਦੇ ਨਿਰੀਖਣ ਤੋਂ ਦੋ ਨਤੀਜੇ ਨਿਕਲਦੇ ਹਨ:-

ਜ਼ਰੂਰੀ ਨਹੀਂ ਕਿ ਸਾਨੂੰ ਚੇਤਨ ਅਵਸਥਾ ਵਿੱਚ ਆਪਣੀਆਂ ਮਾਨਸਿਕ ਰੁਕਾਵਟਾਂ ਦੀ ਜਾਣਕਾਰੀ ਹੋਵੇ।

ਸੰਮੋਹਨ ਅਥਵਾ ਕਿਸੇ ਹੋਰ ਅਜਿਹੀ ਪੱਧਤੀ ਸਹਾਰੇ ਪੱਖ ਦੇ ਅਚੇਤਨ ਦੀ ਉਸ ਤਹਿ ਤੱਕ ਪਹੁੰਚਿਆ ਜਾ ਸਕਦਾ ਹੈ ਜਿਸਦੇ ਗਰਭ ਵਿੱਚ ਇਹਨਾਂ ਰੁਕਾਵਟਾਂ ਦੇ ਬੀਜ ਪਏ ਹੁੰਦੇ ਹਨ।

ਇਹ ਨਤੀਜੇ ਡਾਕਟਰ ਬਰੂਅਰ ਨੇ ਕੱਢੇ ਜਿਨਾਂ ਦੇ ਆਧਾਰ ਤੇ ਫਰਾਇਡ ਨੇ ਆਪਣੀ ਮਨੋਵਿਸ਼ਲੇਸ਼ਣ ਸੰਪਰਦਾ ਦਾ ਸੰਸਥਾਪਨ ਕੀਤਾ। ਡਾ. ਬਰੂਅਰ ਨੇ ਇਨ੍ਹਾਂ ਨਤੀਜਿਆਂ ਅਤੇ ਪ੍ਰਾਪਤ ਨਵੇਂ ਵਿਚਾਰਾਂ ਨੂੰ ਪ੍ਰਕਾਸ਼ਿਤ ਨਾ ਕੀਤਾ। ਫਰਾਇਡ ਦੁਆਰਾ ਦਬਾਅ ਦੇਣ ਤੇ ਬਰੂਅਰ ਅਤੇ ਫਰਾਇਡ ਨੇ ਖ਼ੁਦ ਮਿਲ ਕੇ 1883 ਈ. ਵਿੱਚ ‘ਹਿਸਟੀਰੀਆ ਦੇ ਮਾਨਸਿਕ ਲੱਛਣ’ ਸਿਰਲੇਖ ਅਧੀਨ ਇਹ ਨਵੇਂ ਸਿਧਾਂਤ ਪ੍ਰਕਾਸ਼ਿਤ ਕੀਤੇ।

ਇਸ ਸਮੇਂ ਮਨੋਵਿਸ਼ਲੇਸ਼ਣ ਦੇ ਅੰਤਰਗਤ ਇਨ੍ਹਾਂ ਨੂੰ ਵਿਰੇਚਨ ਦੀ ਵਿਧੀ ਕਿਹਾ ਗਿਆ। ਵਿਰੇਚਨ ਦੀ ਵਿਧੀ ਵਿੱਚ ਵਿਅਕਤੀ ਸੰਮੋਹਨ ਅਵਸਥਾ ਵਿੱਚ ਰੋਕਾਂ ਹੱਟ ਜਾਣ ਨਾਲ ਪੂਰੇ ਵਿਸ਼ਵਾਸ ਦੇ ਆਧਾਰ 'ਤੇ ਆਪਣੇ ਮਨ ਦੀਆਂ ਸਾਰੀਆਂ ਚੰਗੀਆਂ, ਮਾੜੀਆਂ ਗੱਲਾਂ, ਪ੍ਰੇਸ਼ਾਨੀਆਂ ਵਿਸ਼ਵਾਸਾਂ, ਅਵਿਸ਼ਵਾਸਾਂ ਆਦਿ ਬਾਰੇ ਬੇਝਿਜਕ ਬੋਲਦਾ ਹੈ। ਨਤੀਜੇ ਵਜੋਂ ਇਸ ਨਾਲ ਮਾਨਸਿਕ ਤਨਾਓ ਦੂਰ ਹੁੰਦੇ ਹਨ। ਵਿਰੇਚਨ ਦੀ ਵਿਧੀ ਰਾਹੀਂ ਹਿਸਟੀਰੀਆ ਦੇ ਸੰਬੰਧ ਵਿੱਚ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ। ਇੱਕ ਤਾਂ ਜੇ ਸਾਧਾਰਨ ਵਿਵਹਾਰ ਦੀ ਥਾਂ ਹਿਸਟੀਰੀਆ ਦੇ ਲੱਛਣ ਉਤਪੰਨ ਹੁੰਦੇ ਹਨ ਤਾਂ ਉਨ੍ਹਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ। ਦੂਜਾ ਜੇ ਕਿਸੇ ਵਿਧੀ ਰਾਹੀਂ ਇਨ੍ਹਾਂ ਲੱਛਣਾਂ ਦਾ ਪਤਾ ਲੱਗ ਜਾਵੇ ਤਾਂ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪ੍ਰੰਤੂ ਵਿਰੇਚਨ ਦੀ ਵਿਧੀ ਦੀਆਂ ਕੁੱਝ ਸੀਮਾਵਾਂ ਵੀ ਹਨ, ਜਿਵੇਂ ਇੱਕ ਤਾਂ ਵਿਰੇਚਨ ਵਿਧੀ ਰੋਗੀ ਅਤੇ ਵਿਸ਼ਲੇਸ਼ਣ ਦੇ ਸੰਤੁਲਿਤ ਸੰਬੰਧਾਂ ਤੇ ਨਿਰਭਰ ਕਰਦੀ ਹੈ, ਦੂਜਾ ਇਹ ਵਿਧੀ ਕੁੱਝ ਹੀ ਲੋਕਾਂ ਤੇ ਲਾਗੂ ਹੁੰਦੀ ਹੈ। ਸਾਰਿਆਂ ਨੂੰ ਉਨੀ ਗਹਿਰਾਈ ਤੱਕ ਸੰਮੋਹਿਤ ਨਹੀਂ ਕੀਤਾ ਜਾ ਸਕਦਾ। ਵਿਰੇਚਨ ਵਿਧੀ ਦੇ ਵਿਰੋਧ ਕਾਰਨ ਡਾ. ਬਰੂਅਰ ਨੇ ਆਲੋਚਨਾ ਤੋਂ ਬਚਣ ਲਈ ਫਰਾਇਡ ਦਾ ਸਾਥ ਛੱਡ ਦਿੱਤਾ ਅਤੇ ਫਰਾਇਡ ਇਕੱਲਾ ਹੀ ਵਿਸ਼ਵਾਸ ਅਤੇ ਹੌਂਸਲੇ ਨਾਲ ਅੱਗੇ ਵੱਧਦਾ ਗਿਆ। ਅਨੇਕਾਂ ਆਲੋਚਨਾਵਾਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਕੁੱਝ ਸਮੇਂ ਬਾਅਦ ਨੈਂਸੀ ਵਿੱਚ ਬਰਨਾਹਮ ਦੀ ਸੰਪਰਦਾ ਦੇ ਸਿਧਾਂਤ-ਸੁਤੰਤਰ ਸਹਿਚਾਰ ਦਾ ਅਨੁਸਰਨ ਕਰਨ ਲੱਗਾ। ਬਰਨਾਹਮ ਦਾ ਵਿਚਾਰ ਸੀ, ਜੇ ਚਕਿਤਸਕ ਜ਼ੋਰ ਦੇ ਕੇ ਰੋਗੀ ਨੂੰ ਕਹੇ ਕਿ ਉਹ ਕੋਈ ਭੁੱਲੀ ਹੋਈ ਗੱਲ ਵਾਸਤਵ ਵਿੱਚ ਭੁੱਲਿਆ ਨਹੀਂ, ਉਹ ਜਾਣਦਾ ਹੈ ਤਾਂ ਇਸ ਸੁਝਾਅ ਰਾਹੀਂ ਰੋਗੀ ਹੌਲੀ-ਹੌਲੀ ਭੁੱਲੇ ਹੋਏ ਅਨੁਭਵਾਂ ਨੂੰ ਯਾਦ ਕਰਨ ਲੱਗਦਾ ਹੈ। ਫਰਾਇਡ ਨੇ ਵੇਖਿਆ ਕਿ ਰੋਗੀ ਤੇ ਦਬਾਅ ਦੇਣ ਦੀ ਲੋੜ ਹੀ ਨਹੀਂ ਹੁੰਦੀ। ਰੋਗੀ ਦੇ ਮਨ ਵਿੱਚ ਅਨੇਕਾਂ ਵਿਚਾਰ ਪਏ ਰਹਿੰਦੇ ਹਨ, ਪ੍ਰੰਤੂ ਰੋਕਾਂ ਕਾਰਨ ਉਹ ਉਨ੍ਹਾਂ ਨੂੰ ਵਿਅਕਤ ਨਹੀਂ ਕਰ ਸਕਦਾ। ਸੋ ਫਰਾਇਡ ਰੋਗੀ ਨੂੰ ਅਚੇਤਨ ਮਨ ਵਿੱਚ ਜੋ ਚੰਗਾ ਬੁਰਾ ਹੈ, ਉਸਨੂੰ ਜਿਉਂ ਦਾ ਤਿਉਂ ਬੋਲਣ ਲਈ ਕਹਿੰਦਾ ਅਤੇ ਉਸ ਆਧਾਰ ਤੇ ਸੁਤੰਤਰ-ਸਹਿਚਾਰ ਤਕਨੀਕ ਵਰਤਦੇ ਹੋਏ ਰੋਗੀ ਦਾ ਰੋਗ ਦੂਰ ਕਰਦਾ। ਸੋ ਇਸ ਸੁਤੰਤਰ-ਸਹਿਚਾਰ ਤਕਨੀਕ ਰਾਹੀਂ ਅਚੇਤਨ ਨੂੰ ਜਾਣਦੇ ਫਰਾਇਡ ਨੇ ਨਵੀਂ ਤਕਨੀਕ ਮਨੋਵਿਸ਼ਲੇਸ਼ਣ ਨੂੰ ਜਨਮ ਦਿੱਤਾ।

‘ਮਨੋਵਿਸ਼ਲੇਸ਼ਣ’ ਸ਼ਬਦ ਵੀ ਫਰਾਇਡ ਨੇ ਹੀ 1886 ਵਿੱਚ ਆਪਣੇ ਮਨੋਵਿਸ਼ਲੇਸ਼ਣੀ ਸਿਧਾਂਤ ਪ੍ਰਤਿਪਾਦਿਤ ਕਰਦੇ ਹੋਏ ਵਰਤਿਆ। ਮਨੋਵਿਸ਼ਲੇਸ਼ਣ ਦੇ ਜਨਮ ਤੋਂ ਦੱਸ ਸਾਲ ਤੋਂ ਵੀ ਜ਼ਿਆਦਾ ਫਰਾਇਡ ਇਕੱਲਾ ਹੀ ਆਪਣੇ ਸਿਧਾਂਤਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਲੱਗਾ ਰਿਹਾ ਅਤੇ ਕਰੜੀ ਮਿਹਨਤ ਸਦਕਾ ਮਨੋਵਿਸ਼ਲੇਸ਼ਣ ਦਾ ਬਾਨੀ ਬਣਿਆ। ਆਪਣੇ ਸਿਧਾਂਤਾਂ ਦੇ ਸਮਰਥਨ ਦੀ ਦਿਸ਼ਾ ਨੂੰ ਵਿਗਿਆਨਕ ਰੂਪ ਦੇਣਾ ਚਾਹੁੰਦਾ ਹੈ। 'History of Psycho-Analytical Movement' ਕਿਤਾਬ ਵਿੱਚ ਬੜੇ ਗੌਰਵ ਨਾਲ ਲਿਖਦਾ ਹੈ, “ਦਸ ਵਰ੍ਹਿਆਂ ਤੱਕ ਮੈਂ ਇਸ ਵਿੱਚ ਲਗ ਰਿਹਾ ਹਾਂ....ਮਨੋਵਿਸ਼ਲੇਸ਼ਣ ਕੀ ਹੈ? ਕੋਈ ਵਿਅਕਤੀ ਇਸ ਵਿਸ਼ੇ ਵਿੱਚ ਮੇਰੇ ਤੋਂ ਜ਼ਿਆਦਾ ਨਹੀਂ ਜਾਣਦਾ।” 1906 ਵਿੱਚ ਮਨੋਵਿਸ਼ਲੇਸ਼ਣ ਦੀ ਚੜ੍ਹਤ ਨੂੰ ਵੇਖਦੇ ਹੋਏ ਸਵਿਸ ਮਨੋਚਿਕਿਤਸਕ ਬਲੂਲਰ ਅਤੇ ਯੁੰਗ ਨੇ ਮਨੋਵਿਸ਼ਲੇਸ਼ਣ ਵਿੱਚ ਰੁਚੀ ਲੈਣੀ ਸ਼ੁਰੂ ਕੀਤੀ। ਇਨ੍ਹਾਂ ਨੇ ਫਰਾਇਡ ਦੇ ਕੁਝ ਸਿਧਾਤਾਂ ਦਾ ਵਿਰੋਧ ਵੀ ਕੀਤਾ ਪ੍ਰੰਤੂ ਇਸਦੇ ਬਾਵਜੂਦ ਵੀ ਪਹਿਲੇ ਮਹਾਂਯੁੱਧ ਦੇ ਲਗਭਗ ਮਨੋਵਿਸ਼ਲੇਸ਼ਣ ਦੇ ਸਮਰਥਕ ਸਾਰੇ ਯੋਰਪ ਅਤੇ ਯੋਰਪ ਤੋਂ ਬਾਹਰ ਵੀ ਹੋਣ ਲੱਗੇ। 1922 ਵਿੱਚ ਤਾਂ ਮਨੋਵਿਸ਼ਲੇਸ਼ਣ ਦਾ ਪ੍ਰਸਾਰ ਕਈ ਮਹਾਂਦੀਪਾਂ ਤੱਕ ਹੋ ਗਿਆ। ਵਿਯਾਨਾ, ਬੁਧਾਪੇਸਟ ਅਤੇ ਬਰਲਿਨ ਤੋਂ ਬਾਹਰ ਹਾਲੈਂਡ, ਜਿਉਰਿਚ, ਸਵੀਡਨ, ਪੋਲੈਂਡ, ਲੰਡਨ, ਚਿੱਲੀ, ਭਾਰਤ, ਆਸਟ੍ਰੇਲੀਆ ਅਤੇ ਮਾਸਕੋ ਵਿੱਚ ਵੀ ਮਨੋਵਿਸ਼ਲੇਸ਼ਣ ਸੰਬੰਧੀ ਕਾਰਜ ਹੋਣ ਲੱਗਾ। ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਦੇ ਪ੍ਰਚਾਰ ਲਈ ਬ੍ਰਿਲ ਅਤੇ ਜੋਨਸ ਨੇ ਸਭ ਤੋਂ ਜ਼ਿਆਦਾ ਯਤਨ ਕੀਤੇ। ਯੋਰਪੀਨ ਦੇਸ਼ਾਂ ਵਿੱਚੋਂ ਫਰਾਂਸ ਵਿੱਚ ਮਨੋਵਿਸ਼ਲੇਸ਼ਣ ਦਾ ਕਾਰਜ ਕੁਝ ਘੱਟ ਰਫਤਾਰ ਨਾਲ ਹੋਇਆ। 1920 ਵਿੱਚ ਅੰਤਰਰਾਸ਼ਟਰੀ ਮਨੋਵਿਸ਼ਲੇਸ਼ਣ ਸੰਸਥਾ ਦੀ ਸਥਾਪਨਾ ਹੋ ਗਈ ਅਤੇ ਫਰਾਇਡ ਦੀ ਜਰਮਨ ਭਾਸ਼ਾ ਵਿੱਚ ਲਿਖੀ ਸਮੱਗਰੀ ਦਾ ਅੰਗਰੇਜ਼ੀ ਤੋਂ ਛੁੱਟ ਹੋਰਨਾਂ ਭਾਸ਼ਾਵਾਂ-ਫਰਾਂਸੀਸੀ, ਇਟਾਲੀਅਨ, ਸਪੇਨਿਸ਼ ਆਦਿ ਵਿੰਚ ਵੀ ਅਨੁਵਾਦ ਹੋਣ ਲੱਗਾ। ਮਨੋਵਿਸ਼ਲੇਸ਼ਣ ਨੇ ਬਹੁਤ ਤੇਜ਼ ਰਫਤਾਰ ਨਾਲ ਉਨਤੀ ਦੀ ਦਿਸ਼ਾ ਵੱਲ ਵੱਧਣਾ ਸ਼ੁਰੂ ਕੀਤਾ। ਫਰਾਇਡ ਨੇ ਚੇਲਿਆਂ ਯੁੰਗ ਅਤੇ ਐਡਲਰ ਨੇ ਮਨੋਵਿਸ਼ਲੇਸ਼ਣ ਦੀ ਉਨਤੀ ਵਿੱਚ ਵਿਸ਼ੇਸ਼ ਕੰਮ ਕੀਤਾ। ਇਹ ਦੋਵੇਂ ਪਹਿਲਾਂ ਫਰਾਇਡ ਦੇ ਸੱਜੇ ਖੱਬੇ ਹੱਥਾਂ ਵਾਂਗ ਸਨ, ਪ੍ਰੰਤੂ ਬਾਅਦ ਵਿੱਚ ਵਿਚਾਰਾਂ ਦੀ ਵਿਭਿੰਨਤਾ ਕਾਰਨ ਇਨ੍ਹਾਂ ਨੇ ਮਨੋਵਿਸ਼ਲੇਸ਼ਣ ਦੇ ਅਲੱਗ ਸੰਪਰਦਾਇ ਸਥਾਪਿਤ ਕੀਤੇ। ਇਸੇ ਸਮੇਂ ਜਿੱਥੇ ਫਰਾਇਡ ਨੇ ਐਡਲਰ ਅਤੇ ਯੁੰਗ ਦੇ ਵਿਰੋਧ ਨੂੰ ਸਹਿਆ ਉੱਥੇ ਦੂਜੇ ਪਾਸੇ ਉਸਨੂੰ ਹੋਰ ਵਿਸ਼ਵਾਸਪਾਤਰ ਸਹਿਯੋਗੀ ਮਿਲ ਗਏ ਜਿਨਾਂ ਵਿਚੋਂ ਸਟੇਕਲ ਓਟੋ ਰੈਂਕ ਫੈਰੇਂਜੀ ਪ੍ਰਮੁੱਖ ਸਨ। 1907 ਤੋਂ 1914 ਵਿੱਚ ਮਨੋਵਿਸ਼ਲੇਸ਼ਣ ਦੇ ਸ਼ੋਧ ਅਤੇ ਵਿਕਾਸ ਸਦਕਾ ਕਈ ਸੋਧ-ਪ੍ਰਤ੍ਰਿਕਾਵਾਂ ਵੀ ਪ੍ਰਕਾਸ਼ਿਤ ਹੋਣ ਲੱਗੀਆਂ। ਇਸ ਤਰ੍ਹਾਂ ਮਨੋਵਿਸ਼ਲੇਸ਼ਣ ਦਾ ਇਤਿਹਾਸ ਇਥੇ ਹੀ ਪੂਰਾ ਨਹੀਂ ਹੁੰਦਾ। ਇਹ ਤਾਂ ਮਨੋਵਿਸ਼ਲੇਸ਼ਣ ਦੇ ਪ੍ਰਾਰੰਭ ਦਾ ਇਤਿਹਾਸ ਹੈ। ਫਰਾਇਡ ਨਾਲ ਵਿਚਾਰਾਂ ਦੀ ਵਿਭਿੰਨਤਾ ਹੋਣ ਕਾਰਨ ਬਾਅਦ ਵਿੱਚ ਨਵਫਰਾਇਡਵਾਦ ਦਾ ਜਨਮ ਹੋਇਆ। ਨਵਫਰਾਇਡਵਾਦੀਆਂ ਵਿਚੋਂ ਅਲੈਗਜੈਂਡਰ, ਗਰਨੇ, ਫਰਾਮ, ਸੁਲੀਵਾਨ ਅਤੇ ਇਰਕਸਨ ਪ੍ਰਮੁੱਖ ਹਨ।

ਮਨੋਵਿਸ਼ਲੇਸ਼ਣ ਦੀਆਂ ਪ੍ਰਮੁੱਖ ਸੰਪਰਦਾਵਾਂ ਅਤੇ ਸਿਧਾਂਤ

ਮਨੋਵਿਸ਼ਲੇਸ਼ਣ ਵਿੱਚ ਸਮੇਂ-ਸਮੇਂ ਵੱਖ-ਵੱਖ ਸੰਪਰਦਾਵਾਂ ਨੇ ਜਨਮ ਲਿਆ ਅਤੇ ਆਪਣੇ ਸਿਧਾਤਾਂ ਦੀ ਪ੍ਰਤਿਪਾਦਨਾ ਕੀਤੀ। ਮਨੋਵਿਸ਼ਲੇਸ਼ਣ ਦੇ ਸਿਧਾਂਤਾਂ ਦੀ ਸਭ ਤੋਂ ਪਹਿਲਾਂ ਸਥਾਪਨਾ 1893 ਵਿੱਚ ਵਿਆਨਾ ਵਿੱਚ ਸਿਗਮੰਡ ਫਰਾਇਡ ਨੇ ਕੀਤੀ। ਫਰਾਇਡ ਨੇ ਕੁੱਝ ਨਿਯਮਾਂ ਦੇ ਆਧਾਰ ਤੇ ਮਨੋਵਿਸ਼ਲੇਸ਼ਣ ਦੀ ਪੂਰੀ ਸਿਧਾਂਤ ਰੇਖਾ ਖਿੱਚੀ। ਫਰਾਇਡ ਦੇ ਸਿਧਾਂਤਾਂ ਦਾ ਪ੍ਰਮੁੱਖ ਸਥਾਨ ਰਿਹਾ ਹੈ, ਕਿਉਂਕਿ ਫਰਾਇਡ ਦੇ ਮਨੋਵਿਸ਼ਲੇਸ਼ਣੀ ਸਿਧਾਂਤਾਂ ਦੇ ਆਧਾਰ ਤੇ ਹੀ ਸਾਰਾ ਮਨੋਵਿਸ਼ਲੇਸ਼ਣ ਖੜਾ ਹੈ। ਯੁੰਗ ਅਤੇ ਐਡਲਰ ਨੇ ਵੀ ਇਨ੍ਹਾਂ ਸਿਧਾਂਤਾ ਦੀ ਪਿੱਠਭੂਮੀ ਵਿੱਚ ਮਨੋਵਿਸ਼ਲੇਸ਼ਣ ਸੰਬੰਧੀ ਆਪਣੇ ਸਿਧਾਂਤਾਂ ਦਾ ਪ੍ਰਤਿਪਾਦਨ ਕੀਤਾ। ਬਾਅਦ ਵਿੱਚ ਨਵਫਰਾਇਡਵਾਦੀਆਂ ਦੇ ਮਨੋਵਿਸ਼ਲੇਸ਼ਣੀ ਸਿਧਾਂਤਾਂ ਦਾ ਆਧਾਰ ਵੀ ਇਹੀ ਫਰਾਇਡੀਅਨ ਮਨੋਵਿਸ਼ਲੇਸ਼ਣੀ ਸਿਧਾਂਤ ਰਹੇ। ਸੋ ਫਰਾਇਡ ਤੋਂ ਨਵਫਰਾਇਡਵਾਦੀਆਂ ਤੱਕ ਦੇ ਮਨੋਵਿਸ਼ਲੇਸ਼ਣੀ ਸਿਧਾਂਤਾਂ ਨੂੰ ਨਿਰਖਣ-ਪਰਖਣ ਲਈ ਮਨੋਵਿਸ਼ਲੇਸ਼ਣ ਸੰਪਰਦਾ ਨੂੰ ਪੰਜ ਪ੍ਰਮੁੱਖ ਸਿਰਲੇਖਾਂ ਵਿੱਚ ਵੰਡਿਆ ਜਾ ਸਕਦਾ ਹੈ:-

(ੳ) ਫਰਾਇਡੀਅਨ ਮਨੋਵਿਸ਼ਲੇਸ਼ਣ ਸੰਪਰਦਾ:- ਮਨੋਵਿਸ਼ਲੇਸ਼ਣ ਕੇਵਲ ਚੇਤਨ ਵਿਵਹਾਰ ਤੱਕ ਹੀ ਸੀਮਿਤ ਨਹੀਂ ਸਗੋਂ ਇਸਦਾ ਮਨੋਰਥ ਤਾਂ ਚੇਤਨ ਵਿਵਹਾਰ ਤੋਂ ਇਲਾਵਾ ਵਿਵਹਾਰ ਦੇ ਅਚੇਤਨ ਨਿਰਧਾਰਕਾਂ ਦਾ ਅਧਿਐਨ ਕਰਨਾ ਵੀ ਹੈ। ਫਰਾਇਡ ਨੇ ਮਨੁੱਖੀ ਸਖ਼ਸੀਅਤ ਅਤੇ ਮਨੁੱਖੀ ਸੋਚ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਤੱਥ ਅਚੇਤਨ ਮੰਨਿਆ ਜਾਂਦਾ ਹੈ ਅਤੇ ਇਸੇ ਅਚੇਤਨ ਉੱਤੇ ਸਾਰੀ ਮਨੋਵਿਸ਼ਲੇਸ਼ਣ ਸੰਪਰਦਾ ਆਧਾਰਿਤ ਹੈ।

ਭਾਵੇਂ ਅਚੇਤਨ ਦੀ ਖੋਜ ਦਾ ਸਿਹਰਾ ਫਰਾਇਡ ਸਿਰ ਹੈ, ਪ੍ਰੰਤੂ ਫਰਾਇਡ ਤੋਂ ਵੀ ਪਹਿਲਾਂ ਸ਼ੋਪਨਹਾਰ, ਹਾਰਟਮੈਨ ਅਤੇ ਐਫ.ਸੀ. ਮਾਯਰਸ ਨੇ ਅਚੇਤਨ ਮਨ ਦੀ ਤੁਲਨਾ ਬਰਫ਼ ਦੀ ਸਿੱਲੀ  ਨਾਲ ਕੀਤੀ ਸੀ। ਬਰਫ਼ ਦੀ ਸਿੱਲੀ ਬਾਰੇ ਇਹ ਪ੍ਰਚਲਿਤ ਹੈ ਕਿ ਉਸਦਾ ਇੱਕ ਹਿੱਸਾ ਪਾਣੀ ਦੀ ਤਹਿ ਤੋਂ ਉੱਪਰ ਰਹਿੰਦਾ ਹੈ ਅਤੇ ਨੌ ਬਟਾ ਦਸ ਭਾਗ ਪਾਣੀ ਦੇ ਥੱਲੇ। ਫਰਾਇਡ ਅਨੁਸਾਰ ਮਨ ਦੇ ਤਿੰਨ ਭਾਗ ਹਨ, ਚੇਤਨ, ਅਵਚੇਤਨ ਅਤੇ ਅਚੇਤਨ। ਚੇਤਨ ਮਨ ਦਾ ਸੰਬੰਧ ਮਨੁੱਖ ਦੀ ਜਾਗਰਿਤ ਅਵਸਥਾ ਨਾਲ ਹੈ। ਜਦੋਂ ਮਨੁੱਖ ਸੁਚੇਤ ਹੋ ਕੇ ਕਾਰਜ ਕਰਦਾ ਹੈ ਤਾਂ ਉਸ ਦਾ ਚੇਤਨ ਮਨ ਕਾਰਜਸ਼ੀਲ ਰਹਿੰਦਾ ਹੈ ਅਤੇ ਚੇਤਨ ਮਨ ਤੋਂ ਇਲਾਵਾ ਜੋ ਕੁੱਝ ਵੀ ਹੈ ਉਹ ਅਚੇਤਨ ਹੈ। ਅਰਥਾਤ ਕਿਸੇ ਵੀ ਮਾਨਸਿਕ ਪ੍ਰਕ੍ਰਿਆ ਨੂੰ ਅਸੀਂ ਅਚੇਤਨ ਦਾ ਨਾਂ ਦੇ ਸਕਦੇ ਹਾਂ। ਅਚੇਤਨ ਅਤੇ ਚੇਤੰਨ ਵਿਚਾਲੇ ਅਵਚੇਤਨ ਹੈ। ਅਵਚੇਤਨ ਮਨ ਨੂੰ ਸਾਧਾਰਨ ਮਨੋਵਿਗਿਆਨ ਦੀ ਭਾਸ਼ਾ ਵਿੱਚ ਯਾਦ ਵੀ ਕਿਹਾ ਜਾ ਸਕਦਾ ਹੈ। ਜਦੋਂ ਅਚੇਤਨ ਮਨ ਦੀ ਕੋਈ ਇੱਛਾ ਅਭਿਵਿਅਕਤ ਹੋਣਾ ਚਾਹੁੰਦੀ ਹੈ ਤਾਂ ਉਹ ਪਹਿਲਾਂ ਅਵਚੇਤਨ ਖੇਤਰ ਵਿੱਚ ਆਉਂਦੀ ਹੈ। ਅਵਚੇਤਨ ਮਨ ਵਿੱਚ ਇਛਾ ਜ਼ਰੂਰਤ ਅਨੁਸਾਰ ਯਾਦ ਕੀਤੀ ਜਾਂਦੀ ਹੈ। ਜਦੋਂ ਅਵਚੇਤਨ ਮਨ ਦੇ ਅਨੁਭਵ ਚੇਤਨ ਵਿੱਚ ਆਉਂਦੇ ਹਨ ਤਾਂ ਵਿਅਕਤੀ ਨੂੰ ਉਨ੍ਹਾਂ ਦੀ ਚੇਤਨਾ ਹੁੰਦੀ ਹੈ। ਇਸ ਤਰ੍ਹਾਂ ਫਰਾਇਡ ਨੇ ਅਚੇਤਨ ਅਨੁਭਵ ਦੇ ਚੇਤਨ ਤੱਥ ਪਹੁੰਚਣ ਦੀ ਸਥਿਤੀ ਵਿਚਲੇ ਖੇਤਰ ਨੂੰ ਅਵਚੇਤਨ ਮਨ ਨਾਲ ਸੰਬੰਧਿਤ ਮੰਨਿਆ ਹੈ। ਚੇਤਨ ਦੇ ਮਾਧਿਅਮ ਨਾਲ ਜੋ ਅਨੁਭਵ ਵਿਅਕਤੀ ਪ੍ਰਾਪਤ ਕਰਦਾ ਹੈ। ਉਸਦੀ ਚੇਤਨਾ ਸਦਾ ਬਣੀ ਰਹਿੰਦੀ ਹੈ। ਕੁੱਝ ਸਮੇਂ ਬਾਅਦ ਇਹ ਅਨੁਭਵ ਮਨ ਦੇ ਅਵਚੇਤਨ ਖੇਤਰ ਵਿੱਚ ਚਲੇ ਜਾਂਦੇ ਹਨ। ਜਦੋਂ ਇਨ੍ਹਾਂ ਅਨੁਭਵਾਂ ਨੂੰ ਯਾਦ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਵਿਅਕਤੀ ਕੋਸ਼ਿਸ਼ ਕਰਕੇ ਇਨ੍ਹਾਂ ਨੂੰ ਅਵਚੇਤਨ ਮਨ ਵਿੱਚੋਂ ਖੇਤਰ ਵਿੱਚ ਚਲੇ ਜਾਂਦੇ ਹਨ। ਜਦੋਂ ਇਨ੍ਹਾਂ ਅਨੁਭਵਾਂ ਨੂੰ ਯਾਦ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਵਿਅਕਤੀ ਕੋਸ਼ਿਸ਼ ਕਰਕੇ ਇਨ੍ਹਾਂ ਨੂੰ ਅਵਚੇਤਨ ਮਨ ਵਿੱਚੋਂ ਕੱਢ ਕੇ ਚੇਤਨ ਮਨ ਵਿੱਚ ਲਿਆਉਂਦਾ ਹੈ। ਫਰਾਇਡ ਨੇ ਵੀ ਸੁਤੰਤਰ-ਸਹਿਚਾਰ ਵਿਧੀ ਰਾਹੀਂ ਅਵਚੇਤਨ ਮਨ ਵਿੱਚ ਦੱਬੇ ਵਿਚਾਰਾਂ ਨੂੰ ਚੇਤਨ ਮਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਰਾਹੀਂ ਮਾਨਸਿਕ ਰੋਗੀਆਂ ਦਾ ਇਲਾਜ ਸੰਭਵ ਹੋਇਆ। ਅਵਚੇਤਨ ਮਨ ਦੀਆਂ ਅਨੇਕਾਂ ਇੱਛਾਵਾਂ ਅਸਮਾਜਿਕ ਹੁੰਦੀਆਂ ਹਨ ਅਤੇ ਜਦੋਂ ਇਹ ਚੇਤਨ ਮਨ ਵਿੱਚ ਆਉਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ‘ਅਹਮ’ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਫਰਾਇਡ ਨੇ ਇਸਦੇ ਲਈ ਸੈਂਸਰ ਸ਼ਬਦ ਦਾ ਪ੍ਰਯੋਗ ਕੀਤਾ ਹੈ। ਫਰਾਇਡ ਦੇ ਅਨੁਸਾਰ, “ਸੈਂਸਰ ਉਹ ਪ੍ਰਕ੍ਰਿਆ ਹੈ ਜੋ ਅਸਮਾਜਿਕ ਅਤੇ ਮਾੜੀਆਂ ਇੱਛਾਵਾਂ ਨੂੰ ਅਚੇਤਨ ਮਨ ਵਿੱਚ ਆਉਣ ਤੋਂ ਰੋਕਦੀ ਹੈ। ਲੇਕਿਨ ਅਚੇਤਨ ਮਨ ਵਿੱਚ ਅਸਮਾਜਿਕ ਇੱਛਾਵਾਂ ਨੂੰ ਸਦਾ ਲਈ ਦਮਿਤ ਕਰਕੇ ਨਹੀਂ ਰੱਖਿਆ ਜਾ ਸਕਦਾ। ਅਜਿਹਾ ਕਰਨ ਨਾਲ ਮਨ ਵਿੱਚ ਗ੍ਰੰਥੀਆਂ ਬਣ ਜਾਂਦੀਆਂ ਹਨ ਤੇ ਵਿਅਕਤੀ ਮਾਨਸਿਕ ਰੋਗੀ ਹੋ ਜਾਂਦੀ ਹੈ।

ਵਿਅਕਤਿਤ੍ਵ ਦੇ ਅੰਦਰੂਨੀ ਸੰਰਚਨਾਤਮਕ ਤੱਤਾਂ ਨੂੰ ਫਰਾਇਡ ਕ੍ਰਮਵਾਰ ਇਡ (Id) ਈਗੋ (Ego) ਅਤੇ ਸੁਪਰ ਈਗੋ (Super Ego) ਦਾ ਨਾਮ ਦਿੰਦਾ ਹੈ। ਫਰਾਇਡ ਦੀਆਂ ਧਾਰਨਾਵਾਂ ਅਨੁਸਾਰ ਇਡ ਮਨੁੱਖੀ ਅਮਲੇ ਦੀ ਪ੍ਰਤੀਨਿਧਤਾ ਕਰਦੀ ਹੈ। ਮਨੋਵਿਸ਼ਲੇਸ਼ਕਾਂ ਅਨੁਸਾਰ ਇਡ ਕਾਮਪ੍ਰੇਰਕ ਸ਼ਕਤੀ ਲਿਬਿਡੋ ਅਤੇ ਪ੍ਰਵਿਰਤੀਮੂਲਕ ਸ਼ਕਤੀ ਦਾ ਭੰਡਾਰ ਹੈ। ਇਸ ਵਿੱਚ ਆਨੰਦ ਦੇ ਨਿਯਮ ਦੀ ਪ੍ਰਧਾਨਤਾ ਹੁੰਦੀ ਹੈ। ਫਰਾਇਡ ਇਡ ਦੀਆਂ ਵਿਸ਼ੇਸ਼ਤਾਵਾਂ ਉੱਤੇ ਰੋਸ਼ਨੀ ਪਾਉਂਦਾ ਹੋਇਆ ਲਿਖਦਾ ਹੈ ਕਿ ‘ਇਡ ਪ੍ਰਵਿਰਤੀਆਂ ਦੁਆਰਾ ਪ੍ਰਦਾਨ ਕੀਤੀ ਸ਼ਕਤੀ ਨਾਲ ਭਰਪੂਰ ਹੁੰਦੀ ਹੈ ਪਰ ਇਹ ਸੰਗਠਿਤ ਨਹੀਂ ਹੁੰਦੀ ਅਤੇ ਨਾ ਹੀ ਇਸ ਵਿਚੋਂ ਕੋਈ ਸਮੂਹਿਕ ਇੱਛਾ ਜਾਗਦੀ ਹੈ। ਇਡ ਵਿੱਚ ਆਨੰਦ-ਨਿਯਮ ਦੀ ਨਿਗਰਾਨੀ ਅਧੀਨ ਪ੍ਰਵਿਰਤੀ ਮੂਲਕ ਆਨੰਦ ਪ੍ਰਾਪਤ ਕਰਨ ਦੀ ਤੀਬਰ ਲਾਲਸਾ ਪ੍ਰਧਾਨ ਹੁੰਦੀ ਹੈ। ਸੋਚ ਵਿਚਾਰ ਦੇ ਤਰਕਪੂਰਨ ਨਿਯਮ ਇਸ ਉੱਤੇ ਲਾਗੂ ਨਹੀਂ ਹੁੰਦੇ....ਇਡ ਵਿੱਚ ਕਦੇ ਵੀ ਨਿਖੇਧ ਨਹੀਂ ਵਾਪਰਦਾ ਅਤੇ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਇਡ ਉੱਤੇ ਸਮੇਂ ਅਤੇ ਸਥਾਨ ਦੀ ਕੋਈ ਬੰਦਿਸ ਲਾਗੂ ਨਹੀਂ ਹੁੰਦੀ। ਇਡ ਵਿੱਚ ਹਰ ਉਹ ਕਾਮਨਾ ਸ਼ਾਮਿਲ ਹੁੰਦੀ ਹੈ ਜਿਸਦਾ ਦਮਨ ਕਰ ਦਿੱਤਾ ਗਿਆ ਹੁੰਦਾ ਹੈ। ਦੱਬੀਆਂ ਇੱਛਾਵਾਂ ਨੂੰ ਬਾਹਰ ਜਾਣ ਲਈ ਇਨ੍ਹਾਂ ਨੂੰ ਈਗੋ ਦੇ ਖੇਤਰ ਵਿਚੋਂ ਗੁਜ਼ਰਨਾ ਪੈਂਦਾ ਹੈ। ਈਗੋ ਵਿਅਕਤਿਤ੍ਵ ਦਾ ਚੇਤਨ, ਬੌਧਿਕ ਅਤੇ ਸੱਭਿਅਕ ਭਾਗ ਹੈ। ਇਸਦੀਆਂ ਸਾਰੀਆਂ ਕ੍ਰਿਆਵਾਂ ਗਿਆਤ ਰੂਪ ਵਿੱਚ ਹੁੰਦੀਆਂ ਹਨ ਅਤੇ ਇਸ ਵਲੋਂ ਰੋਕਾਂ ਜਾਣ ਬੁੱਝ ਕੇ ਲਗਾਈਆਂ ਗਈਆਂ ਹੁੰਦੀਆਂ ਹਨ। ਇਹ ਇਡ ਦੀਆਂ ਬੇਪ੍ਰਵਾਹ, ਅਮੋੜ ਭਾਵਨਾਵਾਂ ਦੀ ਤੀਬਰਤਾ ਨੂੰ ਮੱਠਾ ਕਰਦੀ ਹੈ। ਈਗੋ, ਇਡ ਲਈ ਇੱਕ ਅਧਿਆਪਕ ਦੇ ਰੂਪ ਵਿੱਚ ਕ੍ਰਿਆਸ਼ੀਲ ਰਹਿੰਦੀ ਹੈ ਅਤੇ ਇਡ ਨੂੰ ਬਾਹਰਲੀ ਸੰਸਾਰਿਕ ਵਾਸਤਵਿਕਤਾ ਦਾ ਗਿਆਨ ਦਿੰਦੀ ਹੋਈ ਜ਼ਾਇਜ ਢੰਗ ਨਾਲ ਪ੍ਰਵਿਰਤੀਮੂਲਕ ਇੱਛਾਵਾਂ ਦੀ ਪੂਰਨ ਕਰਨ ਦਾ ਰਾਹ ਦੱਸਦੀ ਹੈ। ਜਿਵੇਂ:- ਸੈਕਸ ਪ੍ਰਵਿਰਤੀਆਂ ਦੀ ਪੂਰਤੀ ਲਈ ਵਿਆਹ ਦੀ ਸੰਸਥਾ।

ਫਰਾਇਡ ਅਨੁਸਾਰ ਮਨੁੱਖੀ ਵਿਅਕਤਿਤ੍ਵ ਦਾ ਤੀਜਾ ਧਰਾਤਲ ਸੁਪਰਈਗੋ ਹੈ। ਜਿਸ ਤਰ੍ਹਾਂ ਈਗੋ ਦਾ ਧਿਆਨ ਜ਼ਿਆਦਾਤਰ ਯਥਾਰਥ ਵੱਲ ਹੁੰਦਾ ਹੈ। ਉਸੇ ਤਰ੍ਹਾਂ ਸੁਪਰਈਗੋ ਆਦਰਸ਼ ਅਥਵਾ ਨੈਤਿਕਤਾ ਤੋਂ ਪ੍ਰੇਰਿਤ ਹੁੰਦੀ ਹੈ। ਫਰਾਇਡ ਅਨੁਸਾਰ ਸੁਪਰਈਗੋ ਦਾ ਵਿਕਾਸ ਮਾਪਿਆਂ ਦੇ ਪ੍ਰਭਾਵ ਉੱਤੇ ਨਿਰਭਰ ਹੁੰਦਾ ਹੈ। ਜਿੱਥੇ ਇਡ ਆਨੰਦ ਦੇ ਨਿਯਮ ਮੁਤਾਬਿਕ ਤੇ ਈਗੋ ਯਥਾਰਥ ਦੇ ਨਿਯਮ ਮੁਤਾਬਿਕ ਕਾਰਜਸ਼ੀਲ ਹੁੰਦੀ ਹੈ, ਉੱਥੇ ਸੁਪਰਈਗੋ ਨੈਤਿਕਤਾ ਦੇ ਨਿਯਮ ਅਨੁਸਾਰ ਕ੍ਰਿਆਸ਼ੀਲ ਹੈ।

ਮਨੁੱਖੀ ਵਿਵਹਾਰ ਅਤੇ ਮਾਨਸਿਕਤਾ ਦੀ ਜਾਂਚ ਪੜਤਾਲ ਨੂੰ ਅੱਗੇ ਤੋਰਦਿਆਂ ਫਰਾਇਡ ਕਾਮ-ਸੰਬੰਧੀ ਪ੍ਰੇਰਨਾ ਸ਼ਕਤੀ ਨੂੰ ਲਿਬਿਡੋ (Libido) ਦਾ ਨਾਮ ਦਿੰਦਾ ਹੈ। ਲਿਬਿਡੋ ਸੰਪੂਰਨ ਜੀਵਨ ਸ਼ਕਤੀ ਨਹੀਂ ਬਲਕਿ ਜੀਵਨ ਸ਼ਕਤੀ ਦਾ ਇੱਕ ਭਾਗ ਹੈ। ਲਿਬਿਡੋ ਦੇ ਖੇਤਰ ਵਿੱਚ ਕੁਝ ਮੂਲ ਪ੍ਰਵਿਰਤੀਆਂ ਵੀ ਆਉਂਦੀਆਂ ਹਨ:- ਇੱਕ ਆਤਮ-ਰੱਖਿਆ ਦੀ ਪ੍ਰਵਿਰਤੀ। ਜਿਸ ਤਰ੍ਹਾਂ ਆਤਮ-ਰੱਖਿਆ ਲਈ ਭੁੱਖ ਦਾ ਪ੍ਰਯੋਜਨ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਜਾਤੀ ਰੱਖਿਆ ਲਈ ਪਿਆਰ ਦੇ ਨਾਂ ਤੇ ਜੋ ਪ੍ਰੇਰਕ ਸ਼ਕਤੀ ਉਦੇਮਾਨ ਹੁੰਦੀ ਹੈ ਉਸਨੂੰ ਲਿਬਿਡੋ ਕਿਹਾ ਗਿਆ ਹੈ। ਲਿਬਿਡੋ ਦਾ ਮੁੱਖ ਮੰਤਵ ਪਿਆਰ ਅਤੇ ਸਾਧਯ ਪ੍ਰੀਕਿਰਿਆ ਹੈ ਪਰ ਕਦੇ-ਕਦੇ ਕਾਮ ਪ੍ਰਵਿਰਤੀਆਂ ਅਜਿਹੀ ਸਥਿਤੀ ਵਿੱਚ ਪਹੁੰਚ ਜਾਂਦੀਆਂ ਹਨ ਜਿੱਥੇ ਉਸਦਾ ਲਕਸ਼ ਅਤੇ ਮਾਧਯ ਦੋਵੇਂ ਬਦਲ ਜਾਂਦੇ ਹਨ। ਕਾਮ ਪ੍ਰਵਿਰਤੀ ਅਕਾਮੁਕ, ਉੱਚੀ-ਸੁੱਚੀ, ਸਮਾਜਿਕ ਅਤੇ ਨੈਤਿਕ ਮਹੱਤਵ ਦੇ ਕਿਸੇ ਕਾਰਜ ਵਿੱਚ ਪ੍ਰਵਿਰਤ ਹੋ ਜਾਂਦੀ ਹੈ। ਇਸ ਮਾਨਸਿਕ ਕ੍ਰਿਆ ਨੂੰ ਉਦਾਤੀਕਰਨ ਕਿਹਾ ਜਾਂਦਾ ਹੈ।

ਲਿਬਿਡੋ ਸਿਧਾਂਤ ਅਤੇ ਵ੍ਰਿਤੀ ਸਿਧਾਤਾਂ ਦੇ ਨਾਲ ਹੀ ਫਰਾਇਡ ਨੇ ਲਿਬਿਡੋ ਦੇ ਮਨੋਲੈਂਗਿਕ ਵਿਕਾਸ ਬਾਰੇ ਵਿਅਕਤਿਤ੍ਵ ਦੀਆਂ ਵਿਭਿੰਨ ਅਵਸਥਾਵਾਂ ਦਾ ਵਰਣਨ ਕੀਤਾ ਹੈ:- ਜਿਵੇਂ ਕਿ:-

(1) ਮੌਖਿਕ ਅਵਸਥਾ:- ਫਰਾਇਡ ਨੇ ਬੱਚੇ ਦੇ ਜਨਮ ਤੋਂ ਲੈ ਕੇ ਲਗਭਗ ਦੋ ਸਾਲ ਦੀ ਉਮਰ ਦੇ ਵਿਕਾਸ ਨੂੰ ਮੌਖਿਕ ਅਵਸਥਾ ਮੰਨਿਆ ਹੈ। ਪਹਿਲੀ ਅਵਸਥਾ ਵਿੱਚ ਬੱਚਾ ਮਾਂ ਦਾ ਦੁੱਧ ਚੰਘਦੇ ਹੋਏ ਆਨੰਦ ਪ੍ਰਾਪਤ ਕਰਦਾ ਹੈ। ਦੂਜੀ ਅਵਸਥਾ ਵਿੱਚ ਉਹ ਦੰਦ ਉਗਣ 'ਤੇ ਮਾਂ ਦੇ ਥਨ ਨੂੰ ਦੰਦਾਂ ਨਾਲ ਕੱਟਣਾ ਸ਼ੁਰੂ ਕਰ ਦਿੰਦਾ ਹੈ।

(2) ਗੁਦਾ ਅਵਸਥਾ:- ਇਸ ਅਵਸਥਾ ਦੀ ਉਮਰ 2 ਤੋਂ 4 ਸਾਲ ਤੱਕ ਦੀ ਹੁੰਦੀ ਹੈ, ਇਸ ਅਵਸਥਾ ਵਿੱਚ ਬੱਚਾ ਪਿਸ਼ਾਬ ਅਤੇ ਪਖਾਨਾ ਕਰਨ ਦੀ ਪ੍ਰੀਕ੍ਰਿਆ ਆਨੰਦ ਦੀ ਪ੍ਰਾਪਤੀ ਕਰਦਾ ਹੈ, ਪ੍ਰੰਤੂ ਜਦੋਂ ਬੱਚਾ 4 ਸਾਲ ਪੂਰੇ ਕਰ ਜਾਂਦਾ ਹੈ ਤਾਂ ਉਸਨੂੰ ਯਥਾਰਥ ਦਾ ਕੁੱਝ ਨਾ ਕੁੱਝ ਅਨੁਭਵ ਹੋਣ ਲੱਗਦਾ ਹੈ ਜਿਸਦੇ ਫਲਸਰੂਪ ਆਨੰਦ ਸਿਧਾਂਤ ਦੇ ਆਧਾਰ ਤੇ ਕਾਰਜ ਕਰਨ ਦੀ ਪ੍ਰਵਿਰਤੀ ਵਿੱਚ ਘਾਟ ਆਉਣ ਲੱਗਦੀ ਹੈ।

(3) ਲਿੰਗ ਪ੍ਰਧਾਨ ਅਵਸਥਾ:- ਇਹ ਉਮਰ 4 ਤੋਂ 6 ਸਾਲ ਤੱਕ ਦੀ ਮੰਨੀ ਜਾਂਦੀ ਹੈ। ਨਹਾਉਣ ਮਗਰੋਂ ਲਿੰਗ ਇੰਦਰੀ ਨੂੰ ਤੋਲੀਏ ਨਾਲ ਪੂੰਝਣ ਤੇ ਹਲਕੀ ਜਿਹੀ ਰਗੜ ਪੈਦਾ ਹੁੰਦੀ ਹੈ। ਜੋ ਬੱਚੇ ਦੀ ਲਿੰਗ ਇੰਦਰੀ ਵਿੱਚ ਖਿੱਚ ਪੈਦਾ ਕਰਦੀ ਹੈ। ਇਹ ਖਿੱਚ ਲਿੰਗ ਕ੍ਰਿਆ ਦੀ ਚੇਤਨਾ ਦਾ ਮੁੱਢਲਾ ਰੂਪ ਹੈ। ਫਿਰ ਬੱਚਾ ਖ਼ੁਦ ਤੋਂ ਧਿਆਨ ਹੱਟ ਕੇ ਮਾਂ/ਪਿਓ ਵੱਲ ਆਕਰਸ਼ਿਤ ਹੋਣ ਲੱਗ ਜਾਂਦਾ ਹੈ। ਇਡੀਪਸ ਇਲੈਕਟ੍ਰਾ ਗ੍ਰੰਥੀਆਂ ਅਤੇ ਕਾਸਟਰੇਸ਼ਨ ਗ੍ਰੰਥੀਆਂ ਵੀ ਇਸੇ ਅਵਸਥਾ ਵਿੱਚ ਉਤਪੰਨ ਹੁੰਦੀਆਂ ਹਨ।

(4) ਸੁਪਤ ਅਵਸਥਾ:- ਇਸ ਅਵਸਥਾ ਦੀ ਉਮਰ 12 ਸਾਲ ਦੇ ਬੱਚਿਆਂ ਦੀ ਹੁੰਦੀ ਹੈ, ਜਦੋਂ ਉਹ ਸਕੂਲ ਜਾਣ ਲੱਗ ਪੈਂਦਾ ਹੈ, ਉਸਦੇ ਸੰਬੰਧ ਹੋਰ ਬੱਚਿਆਂ ਨਾਲ ਬਣਦੇ ਹਨ। ਇਸ ਸਮੇਂ ਉਹ ਸਮਾਜਿਕ, ਨੈਤਿਕ ਕਦਰਾਂ-ਕੀਮਤਾਂ ਨਾਲ ਸੰਬੰਧਿਤ ਹੋ ਜਾਂਦਾ ਹੈ। ਉਸ ਵਿੱਚ ਸੁਪਰਈਗੋ ਦੀ ਮਾਤਰਾ ਕਾਫੀ ਵਿਕਸਿਤ ਹੋ ਜਾਂਦੀ ਹੈ। ਉਹ ਸਮਝਦਾ ਹੈ ਕਿ ਉਹ ਆਪਣੇ ਚੰਗੇ-ਮਾੜੇ ਦਾ ਆਪ ਧਿਆਨ ਰੱਖ ਸਕਦਾ ਹੈ, ਉਹ ਨਹੀਂ ਚਾਹੁੰਦਾ ਕਿ ਮਾਂ-ਬਾਪ ਉਹ ਪ੍ਰਤੀ ਜ਼ਿਆਦਾ ਪ੍ਰੇਮ ਦਿਖਾਉਣ।

(5) ਜਣਨਅੰਗੀ ਅਵਸਥਾ:- ਇਸ ਅਵਸਥਾ ਵਿੱਚ ਬੱਚਿਆਂ ਵਿੱਚ ਲੈਂਗਿਕ ਰੁਚੀ ਵਿਕਸਿਤ ਹੋਣ ਲਗਦੀ ਹੈ। ਬੱਚੇ ਜਵਾਨੀ ਕਾਲ ਵਿੱਚ ਪ੍ਰਵੇਸ਼ ਕਰਦੇ ਹਨ ਤੇ ਉਨ੍ਹਾਂ ਵਿੱਚ ਲਿੰਗ ਚੇਤਨਾ ਜਾਗ੍ਰਿਤ ਹੋ ਜਾਂਦੀ ਹੈ। ਸ਼ੁਰੂ-ਸ਼ੁਰੂ ਵਿੱਚ ਲੈਂਗਿਕ ਕਾਮੁਕਤਾ ਸਹਵਰਗੀ ਹੁੰਦੀ ਹੈ।

ਇਹ ਸਹਵਰਗੀ ਖਿੱਚ ਸਮਾਜਿਕ ਪ੍ਰਸਥਿਤੀਆਂ ਦੇ ਬੰਧਨਾਂ ਕਾਰਨ ਹੈ। ਇਸਦਾ ਕਾਰਜਸ਼ੀਲ ਹੋਣਾ ਜਨਮਜਾਤ ਨਹੀਂ। ਜਦੋਂ ਲੜਕੇ-ਲੜਕੀ ਦੀ ਉਮਰ ਪੰਦਰਾਂ ਸਾਲ ਹੋ ਜਾਂਦੀ ਹੈ ਤਾਂ ਇਹ ਸਹਵਰਗੀ ਪ੍ਰਵਿਰਤੀ ਘੱਟ ਜਾਂਦੀ ਹੈ।  ਇਸ ਤਰ੍ਹਾਂ ਬਾਲਪਨ ਤੋਂ ਵਿਅਸਕ ਹੋਣ ਤੱਕ ਇਨ੍ਹਾਂ ਮਨੋਲੈਂਗਿਕ ਅਵਸਥਾਵਾਂ ਦਾ ਵਿਸ਼ੇਸ਼ ਸਥਾਨ ਹੈ।

ਮਨੋਲੈਂਗਿਕ ਅਵਸਥਾ ਵਿੱਚ ਮੁੰਡੇ-ਕੁੜੀਆਂ ਦੀ ਵਿਰੋਧੀ ਲਿੰਗ ਦੇ ਮਾਪਿਆਂ ਪ੍ਰਤੀ ਖਿੱਚ ਹੁੰਦੀ ਹੈ। ਇਸ ਅਸਾਧਾਰਨ ਪ੍ਰਵਿਰਤੀ ਨੂੰ ਫਰਾਇਡ ਈਡੀਪਸ ਮਨੋਗ੍ਰੰਥੀ ਅਤੇ ਇਲੈਕਟ੍ਰਾ-ਮਨੋਗ੍ਰੰਥੀ ਦਾ ਨਾਂ ਦਿੰਦਾ ਹੈ। ਫਰਾਇਡ ਦੱਸਦਾ ਹੈ ਕਿ ਕੁੜੀ ਵਿੱਚ ਇਲੈਕਟ੍ਰਾ-ਮਨੋਗ੍ਰੰਥੀ ਅਤੇ ਵਿਸ਼ੇਸ਼ ਕਰਕੇ ਲਿੰਗ-ਈਰਖਾ ਉਦੋਂ ਪੈਦਾ ਹੁੰਦੀ ਹੈ, ਜਦੋਂ ਉਹ ਪਹਿਲੀ ਵਾਰ ਵਿਰੋਧੀ ਲਿੰਗ ਦੇ ਜਣਨ ਅੰਗਾਂ ਨੂੰ ਦੇਖਦੀ ਹੈ। ਕੁੜੀ ਨੂੰ ਲਗਦਾ ਹੈ ਕਿ ਸਮਾਂ ਪਾ ਕੇ ਮਰਦਾਨਾ ਜਣਨ ਅੰਗ ਪ੍ਰਾਪਤ ਹੋ ਜਾਵੇਗਾ, ਪ੍ਰੰਤੂ ਅਜਿਹਾ ਨਾ ਹੋਣ ਦੀ ਹਾਲਤ ਵਿੱਚ ਉਸ ਅੰਦਰ ਹੀਨਤਾ ਭਾਵ ਸਥਾਈ ਰੂਪ ਵਿੱਚ ਬੈਠ ਜਾਂਦਾ ਹੈ ਤੇ ਕੁੜੀਆਂ ਇਸ ਹਾਨੀ ਪੂਰਤੀ ਲਈ ਪਿਤਾ ਵੱਲ ਝੁਕਦੀਆਂ ਹਨ। ਦੂਜੇ ਪਾਸੇ ਮੁੰਡਾ ਵੀ ਆਪਣੀ ਮਾਂ ਦਾ ਸਾਥ ਵਧੇਰੇ ਭਾਲਦਾ ਹੈ, ਉਸਨੂੰ ਪਿਤਾ ਦੀ ਹਾਜ਼ਰੀ ਰੜਕਦੀ ਰਹਿੰਦੀ ਹੈ, ਉਹ ਕਈ ਵਾਰ ਸਿੱਧੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਮਾਂ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰਦਾ ਹੈ।

(ਅ) ਯੁੰਗ ਦਾ ਵਿਸ਼ਲੇਸ਼ਣਾਤਮਕ ਮਨੋਵਿਗਿਆਨ:- ਕਾਰਲ ਗੁਸਤਾਵ ਯੁੰਗ ਫਰਾਇਡ ਦੇ ਪ੍ਰਮੁੱਖ ਸਹਿਯੋਗੀਆਂ ਅਤੇ ਚੇਲਿਆਂ ਵਿੱਚੋਂ ਇੱਕ ਸੀ ਪ੍ਰੰਤੂ ਚੇਲਾ ਹੋਣ ਦੇ ਬਾਵਜੂਦ ਵੀ ਉਹ ਫਰਾਇਡ ਦੇ ਸਿਧਾਂਤਾਂ ਨਾਲੋਂ ਵੱਖ ਹੋ ਕੇ ਮਨੋਵਿਸ਼ਲੇਸ਼ਣ ਸੰਬੰਧੀ ਨਵੇਂ ਸਿਧਾਂਤਾਂ ਦਾ ਪ੍ਰਤਿ-ਪਾਦਨ ਕੀਤਾ ਜਿਸਨੂੰ ‘ਵਿਸ਼ਲੇਸ਼ਣਾਤਮਕ ਮਨੋਵਿਗਿਆਨ’ ਦਾ ਨਾਮ ਦਿੱਤਾ। ਯੁੰਗ ਨੇ ਵਿਅਕਤੀ ਅਤੇ ਉਸਦੇ ਵਿਵਹਾਰ ਨੂੰ ਸਮਝਣ ਲਈ ਸਮਾਜਿਕ ਪੱਖ ਮਹੱਤਵ ਨੂੰ ਸਵੀਕਾਰ ਕੀਤਾ। ਯੁੰਗ ਨੇ ਚਾਰ ਭਾਗਾਂ ਵਿੱਚ ਵੰਡਿਆ ਇਸ ਸਥਿਤੀ ਬਾਰੇ ਦੱਸਿਆ ਹੈ:- (1) ਅਨੀਸਾ (2) ਪਰਸੋਨਾ (3) ਅਨੀਮਸ ਤੇ (4) ਛਾਇਆ। ਸਮਾਜਿਕ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਅਤੇ ਸਮਾਜਿਕ ਪਰੰਪਰਾਵਾਂ ਪਾਲਣ ਕਰਦੇ ਹੋਏ ਵਿਅਕਤੀ ਆਪਣੇ ਆਪ ਵਿੱਚ ਜੋ ਪਰਿਵਰਤਨ ਲਿਆਉਂਦਾ ਹੈ, ਉਸ ਪਰਿਵਰਤਿਤ ਰੂਪ ਨੂੰ ਪਰਸੋਨਾ ਕਹਿੰਦੇ ਹਨ। ਅਨੀਮਾ ਅਤੇ ਅਨੀਮਸ ਦਾ ਸੰਬੰਧ ਸੈਕਸ ਗ੍ਰੰਥੀਆਂ ਨਾਲ ਹੈ। ਸਰੀਰਿਕ ਰੂਪ ਵਿੱਚ ਹਰ ਪੁਰਸ਼ ਦੇ ਵਿਅਕਤਿਤ੍ਵ ਦਾ ਇੱਕ ਇਸਤ੍ਰੀ ਪੱਖ ਹੁੰਦਾ ਹੈ ਅਤੇ ਹਰ ਇਸਤਰੀ ਦੇ ਵਿਅਕਤਿਤ੍ਵ ਦਾ ਇੱਕ ਪੁਰਖ ਪੱਖ ਹੁੰਦਾ ਹੈ। ਹਰ ਪੁਰਸ਼ ਇਸਤਰੀ ਸੰਬੰਧੀ ਜੋ ਧਾਰਨਾ ਬਣਾਉਂਦਾ ਹੈ ਉਸਦਾ ਆਧਾਰ ਅਨੀਮਾ ਹੈ ਅਤੇ ਹਰ ਇਸਤਰੀ ਪੁਰਸ਼ ਬਾਰੇ ਜੋ ਸੋਚਦੀ ਹੈ ਉਸਦਾ ਆਧਾਰ ਅਨੀਮਸ ਹੈ। ਯੁੰਗ ਅਨੁਸਾਰ ਵਿਅਕਤੀ ਅੰਦਰ ਜੋ ਪਾਸ਼ਵਿਕ ਪ੍ਰਵਿਰਤੀ ਹੁੰਦੀ ਹੈ ਉਸਨੂੰ ਛਾਇਆ ਕਿਹਾ ਜਾਂਦਾ ਹੈ।

ਬਾਹਰਮੁਖਤਾ ਅਤੇ ਅੰਤਰਮੁਖਤਾ ਦੇ ਆਧਾਰ 'ਤੇ ਵਿਅਕਤੀਆਂ ਦੀਆਂ ਰੁਚੀਆਂ ਅਤੇ ਕ੍ਰਿਆਵਾਂ ਵਿੱਚ ਵੀ ਵਿਭਿੰਨਤਾ ਹੁੰਦੀ ਹੈ। ਯੁੰਗ ਅਨੁਸਾਰ ਪ੍ਰਮੁੱਖ ਚਾਰ ਮਾਨਸਿਕ ਕ੍ਰਿਆਵਾਂ ਹਨ- (1) ਚਿੰਤਨ (2) ਪ੍ਰਤੱਖੀਕਰਨ (3) ਅੰਤਰਬੋਧ ਅਤੇ (4) ਭਾਵਨਾ। ਇਨ੍ਹਾਂ ਵਿੱਚ ਚਿੰਤਨ ਅਤੇ ਭਾਵਨਾ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਇਸੇ ਤਰ੍ਹਾਂ ਪ੍ਰਤੱਖੀਕਰਨ ਅਤੇ ਅੰਤਰਬੋਧ ਇੱਕ ਦੂਜੇ ਦੇ ਵਿਰੋਧੀ ਹਨ। ਇਨ੍ਹਾਂ ਮਾਨਸਿਕ ਕ੍ਰਿਆਵਾਂ ਦਾ ਰੂਪ ਵੀ ਅੰਤਰਮੁਖਤਾ ਅਤੇ ਬਾਹਰਮੁਖਤਾ ਵਾਲਾ ਹੋਣ ਕਾਰਨ ਇਸ ਆਧਾਰ 'ਤੇ ਯੁੰਗ ਅੱਠ ਤਰ੍ਹਾਂ ਦੇ ਵਿਅਕਤੀਆਂ ਨੂੰ ਸਵੀਕਾਰ ਕਰਦਾ ਹੈ ਜਿਵੇਂ ਬਾਹਰਮੁਖੀ ਜਾਂ ਅੰਤਰਮੁਖੀ-ਚਿੰਤਕ, ਸੰਵੇਦਕ, ਅੰਤਰਬੋਧੀ ਅਤੇ ਭਾਵੁਕ। ਇਨ੍ਹਾਂ ਤੋਂ ਇਲਾਵਾ ਚੇਤਨ ਰੂਪ ਵਿੱਚ ਬਾਹਰਮੁਖੀ ਵਿਅਕਤੀ ਅਚੇਤਨ ਵਿੱਚ ਅੰਤਰਮੁਖੀ ਅਤੇ ਚੇਤਨ ਰੂਪ ਵਿੱਚ ਅੰਤਰਮੁਖੀ ਵਿਅਕਤੀ ਅਚੇਤਨ ਵਿੱਚ ਬਾਹਰਮੁਖੀ ਵੀ ਹੋ ਸਕਦਾ ਹੈ। ਇਨ੍ਹਾਂ ਦਾ ਆਧਾਰ 'ਲਿਬਿਡੋ' ਸ਼ਕਤੀ ਹੈ।   

ਯੁੰਗ ਦੇ ਅਨੁਸਾਰ, “ਬਾਹਰਮੁਖਤਾ ਦਾ ਅਰਥ ਹੈ ਲਿਬਿਡੋ ਦਾ ਬਾਹਰ ਨੂੰ ਜਾਣਾ ਅਤੇ ਅੰਤਰ ਮੁਖਤਾ ਦਾ ਅਰਥ ਲਿਬਿਡੋ ਦਾ ਖੁਦ ਆਪਣੇ ਵੱਲ ਨੂੰ ਮੁੜਨਾ।” ਯੁੰਗ ਜੀਵਨ ਇੱਛਾ ਨੂੰ ਹੀ ਵਿਅਕਤੀ ਦੀ ਮੁੱਖ ਪ੍ਰਵਿਰਤੀ ਮੰਨਦਾ ਹੈ। ਇਹ ਸਮੁੱਚੀ ਸ਼ਕਤੀ ਹੈ ਜੋ ਵਿਕਸਿਤ ਹੋਣ, ਬੱਚੇ ਪੈਦਾ ਕਰਨ ਅਤੇ ਦੂਜੀਆਂ ਜੀਵਨ ਸੰਬੰਧੀ ਕ੍ਰਿਆਵਾਂ ਵਿੱਚ ਵਿਅਕਤ ਹੁੰਦੀ ਹੈ। ਪ੍ਰੰਤੂ ਯੁੰਗ ਫਰਾਇਡ ਦੇ ਬਾਲ-ਕਾਮ-ਵਾਸ਼ਨਾ ਅਤੇ ਵਿਭਿੰਨ ਅਵਸਥਾਵਾਂ ਨੂੰ ਮਨੋਵਿਸ਼ਲੇਸ਼ਣ ਸੰਪਰਦਾ ਨਾਲ ਸੰਬੰਧਿਤ ਕਰਨ ਲਈ ਤਿਆਰ ਨਹੀਂ। ਉਹ ਬਾਲ-ਕਾਮਵਾਸ਼ਨਾ ਦੀ ਹੋਂਦ ਨੂੰ ਤਾਂ ਮੰਨਦਾ ਹੈ ਪ੍ਰੰਤੂ ਫਰਾਇਡਵਾਂਗ ਇਸਨੂੰ ਵਿਸ਼ਾਲ ਅਰਥ ਨਹੀਂ ਪ੍ਰਦਾਨ ਕਰਦਾ।

ਸੁਪਨਿਆਂ ਦੀ ਵਿਆਖਿਆ ਕਰਦੇ ਹੋਏ ਯੁੰਗ ਨੇ ਦੂਜੇ ਮਨੋਵਿਸ਼ਲੇਸ਼ਕਾਂ ਰਾਹੀਂ ਪ੍ਰਸਤਾਵਿਤ ਸਹਿ-ਵਿਚਾਰ ਪ੍ਰਣਾਲੀ ਦਾ ਸਮਰਥਨ ਨਹੀਂ ਕੀਤਾ। ਯੁੰਗ ਨੇ ਇਸ ਮੰਤਵ ਲਈ ਅਤੇ ਗ੍ਰੰਥੀਆਂ ਦੀ ਜਾਣਕਾਰੀ ਲਈ ਆਪਣੇ ਪ੍ਰਯੋਗਤਾਮਕ ਦੀ ਚੋਣ ਕਰਕੇ ਉਨ੍ਹਾਂ ਵਿਚੋਂ ਨਿਰਦੇਸ਼ ਰਾਹੀਂ ਉਤੇਜਨਾ ਸ਼ਬਦ ਦੇ ਸੁਣਦੇ ਸਾਰ ਹੀ ਦਿਮਾਗ ਵਿੱਚ ਪਹਿਲੀ ਵਾਰ ਜੋ ਸ਼ਬਦ ਆਵੇ, ਨੂੰ ਵਿਅਕਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਯੁੰਗ ਧਾਰਮਿਕ ਗ੍ਰੰਥਾਂ, ਪ੍ਰਤੀਕਾਂ ਅਤੇ ਮਿੱਥਾਂ ਤੋਂ ਵੀ ਸਹਾਇਤਾ ਲੈਂਦਾ ਹੈ। ਭਾਵੇਂ ਯੁੰਗ ਨੇ ਪ੍ਰੀਖਣ ਵਿਧੀਆਂ ਦੀ ਵਿਗਿਆਨਕ ਵਰਤੋਂ ਕੀਤੀ ਪ੍ਰੰਤੂ ਇਸ ਸਭ ਦਾ ਆਧਾਰ ਦਾਰਸ਼ਨਿਕ ਅਤੇ ਧਾਰਮਿਕ ਹੀ ਰਿਹਾ। 1933 ਈ. ਵਿੱਚ ਜੋ ਪੁਸਤਕ ‘ਆਧੁਨਿਕ ਮਾਨਵ ਆਤਮਾ ਦੀ ਖੋਜ ਵਿੱਚ’ ਪ੍ਰਕਾਸ਼ਿਤ ਹੋਈ, ਉਹ ਉਸਦੀ ਅਧਿਆਤਮਕ ਰੁਚੀ ਹੀ ਦਰਸਾਉਂਦੀ ਹੈ।

ਸਾਧਾਰਨ ਤੌਰ 'ਤੇ ਆਧੁਨਿਕ ਵਿਗਿਆਨਕ ਯੁੱਗ ਵਿੱਚ ਅੱਜ ਦਾ ਮਨੋਵਿਗਿਆਨਕ ਆਤਮਾ ਅਤੇ ਅਧਿਆਤਮ ਨੂੰ ਵੀ ਯੋਗ ਸਥਾਨ ਦਿੱਤਾ। ਯੁੰਗ ਨੇ ਵਿਗਿਆਨ ਨੂੰ ਚਿਤ ਦੇ ਚੇਤਨ ਭਾਗ ਦੀ ਸਜਾਵਟ ਕਿਹਾ ਹੈ ਅਤੇ ਧਰਮ ਨੂੰ ਅਵਚੇਤਨ ਦੀ ਮੂਲ ਕ੍ਰਿਆ ਸ਼ਕਤੀ ਮੰਨਿਆ ਹੈ ਅਤੇ ਵਿਗਿਆਨ ਨੂੰ ਚਿਤ ਦੀ ਪੂਰੀ ਪਹਿਚਾਣ ਖਾਤਰ ਧਰਮ ਦੇ ਰਹੱਸਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਵੀ ਸਿਫ਼ਾਰਸ ਕੀਤੀ।

ਨਿਰਸੰਦੇਹ ਯੁੰਗ ਦਾ ਇਹ ਵਿਸ਼ਲੇਸ਼ਣਾਤਮਕ ਮਨੋਵਿਗਿਆਨ, ਮਨੋਵਿਸ਼ਲੇਸ਼ਣ ਸੰਪ੍ਰਦਾ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਦਾ ਧਾਰਨੀ ਹੈ।

(ੲ) ਐਡਲਰ ਦਾ ਵਿਅਕਤੀ ਮਨੋਵਿਗਿਆਨ:- ਅਲਫਰੇਡ ਐਡਲਰ ਵੀ ਸ਼ੁਰੂ ਵਿੱਚ ਫਰਾਇਡ ਦੇ ਪ੍ਰਮੁੱਖ ਸਹਿਯੋਗੀਆਂ ਅਤੇ ਚੇਲਿਆਂ ਵਿਚੋਂ ਸੀ, ਪ੍ਰੰਤੂ ਹੌਲੀ-ਹੌਲੀ ਇਸਦਾ ਫਰਾਇਡ ਦੇ ਵਿਚਾਰਾਂ ਨਾਲ ਮਤਭੇਦ ਹੋਣ ਲੱਗਾ। ਐਡਲਰ ਨੇ ਫਰਾਇਡ ਦੇ ਲਿਬਿਡੋ ਸਿਧਾਂਤ ਤੇ ਵਧੇਰੇ ਜ਼ੋਰ ਦੇਣ ਦਾ ਵਿਰੋਧ ਕੀਤਾ। ਉਸ ਅਨੁਸਾਰ ਮੂਲ ਪ੍ਰਵਿਰਤੀ ਲਿਬਿਡੋ ਪ੍ਰਮੁੱਖ ਪ੍ਰੇਰਨਾਤਮਕ ਸ਼ਕਤੀ ਦਾ ਸ੍ਰੋਤ ਨਾ ਹੋ ਕੇ ਵਿਅਕਤੀ ਦੀ ਸ਼ਕਤੀ ਪ੍ਰਾਪਤ ਕਰਨ ਦੀ ਇੱਛਾ ਪ੍ਰਮੁੱਖ ਪ੍ਰੇਰਨਾ ਸ੍ਰੋਤ ਹੈ।  

1913 ਵਿੱਚ ਫਰਾਇਡ ਦੇ ਬਾਲਪਨ ਦੀ ਕਾਮੁਕਤਾ ਅਤੇ ਚੇਤਨ ਅਚੇਤਨ ਜਿਹੇ ਸਿਧਾਂਤਾਂ ਦੀ ਆਲੋਚਨਾ ਕਰਦਿਆਂ ਐਡਲਰ ਨੇ ਆਪਣੇ ਸਿਧਾਂਤਾਂ ਨੂੰ ਪ੍ਰਤਿਪਾਦਤ ਕੀਤਾ ਅਤੇ ਇਸਨੂੰ ‘ਵਿਅਕਤੀ ਮਨੋਵਿਗਿਆਨ’ ਦਾ ਨਾਮ ਦਿੱਤਾ। ਐਡਲਰ ਅਨੁਸਾਰ ਪਹਿਲੇ ਪੰਜ ਸਾਲਾਂ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਬੱਚਾ ਇਸ ਕਾਲ ਦੌਰਾਨ ਹੀ ਜੀਵਨ-ਸ਼ੈਲੀ ਘੜ ਲੈਂਦਾ ਹੈ। ਵਿਭਿੰਨ ਪ੍ਰਸਥਿਤੀਆਂ ਵਿੱਚ ਕਿਹੋ ਜਿਹੀ ਪ੍ਰਤੀਕ੍ਰਿਆ ਕੀਤੀ ਜਾਵੇ? ਇਸ ਵਿਵਹਾਰ ਦੇ ਆਧਾਰ 'ਤੇ ਹੀ ਬੱਚੇ ਦਾ ਮਗਰਲਾ ਵਿਵਹਾਰਕ ਵਿਕਾਸ ਹੁੰਦਾ ਹੈ। ਪਰਿਵਾਰਿਕ ਸਥਿਤੀ ਅਤੇ ਆਲਾ-ਦੁਆਲਾ ਬੱਚੇ ਨੂੰ ਵਿਸ਼ੇਸ਼ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਇਸ ਦ੍ਰਿਸ਼ਟੀਕੋਣ ਨੂੰ ਐਡਲਰ ਜੀਵਨ-ਸ਼ੈਲੀ ਭਾਵ 'Style of Life' ਦਾ ਨਾਂ ਦਿੰਦਾ ਹੈ। ਇੱਥੇ ਅਸੀਂ ਮਾਂ ਦੁਆਰਾ ਬੱਚੇ ਦੀ ਪ੍ਰਵਰਿਸ਼ ਦੀ ਉਦਾਹਰਣ ਲੈ ਸਕਦੇ ਹਾਂ।

ਦੂਜੇ ਹੀ ਪਾਸੇ ਐਡਲਰ ਹੀਨਤਾ ਦੀ ਭਾਵਨਾ-ਗ੍ਰੰਥੀ ਬਾਰੇ ਲਿਖਦਾ ਹੋਇਆ ਦੱਸਦਾ ਹੈ ਕਿ:-

“ਜੋ ਜਨਮ ਤੋਂ ਹੀ ਕਿਸੇ ਕਿਸਮ ਦੀ ਹੀਨਤਾ ਭਾਵ ਲੈ ਕੇ ਜਨਮੇ ਹੁੰਦੇ ਹਨ, ਉਨ੍ਹਾਂ ਨੂੰ ਸ਼ੁਰੂ ਤੋਂ ਹੀ ਜੀਵਨ ਇੱਕ ਬੋਝ ਜਾਪਣ ਲੱਗਦਾ ਹੈ ਜਿਸਦੇ ਫਲਸਰੂਪ ਉਨ੍ਹਾਂ ਨੂੰ ਜੀਵਨ ਪ੍ਰਤੀ ਡੂੰਘੀ ਨਿਰਾਸ਼ਾ ਹੁੰਦੀ ਹੈ ਅਤੇ ਇਸ ਨਿਰਾਸ਼ਾ ਦੀ ਧੁੰਦ ਵਿੱਚੋਂ ਉਹ ਉਦੋਂ ਹੀ ਬਾਹਰ ਨਿਕਲਦੇ ਹਨ, ਜਦੋਂ ਉਨ੍ਹਾਂ ਨੇ ਇਹ ਕਮੀ ਜੀਵਨ ਦੇ ਕਿਸੇ ਹੋਰ ਵਿੱਚ ਵਿਸ਼ਿਸ਼ਟਤਾ ਹਾਸਿਲ ਕਰਕੇ ਪੂਰੀ ਕਰ ਲਈ ਹੋਵੇ। ਜੇਕਰ ਇਹ ਵਿਸ਼ਿਸ਼ਟਤਾ ਕਿਸੇ ਕਾਰਨ ਪ੍ਰਾਪਤ ਨਾ ਹੋ ਸਕੇ, ਤਾਂ ਇਸ ਹੀਨਤਾ-ਗ੍ਰੰਥੀ ਦੇ ਭਾਵਾਂ ਤੋਂ ਹੀ ਮਨੋਵਿਕਾਰ ਪੈਦਾ ਹੁੰਦੇ ਹਨ।”

ਉਦਾਹਰਣ ਵਜੋਂ ਜੇਕਰ ਕਿਸੇ ਨੌਜਵਾਨ ਨੂੰ ਇਹ ਡਰ ਹੋ ਜਾਵੇ ਕਿ ਉਸ ਵਿੱਚ ਮਰਦਾਵੇਂਪਨ ਦੀ ਘਾਟ ਹੈ ਤਾਂ ਉਹ ਆਤਮ ਚਿੰਤਾ ਵਿੱਚ ਲੀਨ ਅਤੇ ਦੁੱਖੀ ਰਹੇਗਾ। ਔਰਤ ਵੱਲੋਂ ਅਸਫਲਤਾ ਮਿਲਣ ਤੇ ਉਹ ਹਸਤ-ਮੈਥੁਨ ਦਾ ਸਹਾਰਾ ਲਵੇਗਾ।

ਕਿਸੇ ਵੱਡੀ ਉਮਰ ਦੀ ਔਰਤ ਦੀ ਹਮਦਰਦੀ ਮਿਲਣ 'ਤੇ ਉਹ ਉਸ ਵਿਚੋਂ ਮਾਂ ਦੀ ਭਾਵਨਾ ਦੇਖੇਗਾ।

ਐਡਲਰ ਨੇ ਵੀ ਸੁਪਨ ਸਿਧਾਂਤ ਦਿੱਤਾ ਹੈ, ਉਸ ਦੇ ਕਹਿਣ ਅਨੁਸਾਰ ਸੁਪਨੇ ਕੇਵਲ ਭੂਤਕਾਲ ਦੀਆਂ ਅਤ੍ਰਿਪਤ ਇੱਛਾਵਾਂ ਨੂੰ ਹੀ ਵਿਅਕਤ ਨਹੀਂ ਕਰਦੇ ਸਗੋਂ ਵਰਤਮਾਨ ਸਥਿਤੀਆਂ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ।

ਫਰਾਇਡ, ਯੁੰਗ ਅਤੇ ਐਡਲਰ ਦੇ ਇਨ੍ਹਾਂ ਸੰਕਲਪਾਂ ਦੇ ਸਹਾਰੇ ਹੀ ਸਾਰਾ ਮਨੋਵਿਸ਼ਲੇਸ਼ਣ ਖੜ੍ਹਾ ਹੈ। ਇਨ੍ਹਾਂ ਮਨੋਵਿਸ਼ਲੇਸ਼ਣੀ ਸੰਕਲਪਾਂ ਦੇ ਆਧਾਰ 'ਤੇ ਹੀ ਬਾਅਦ ਵਿੱਚ ਫਰਾਇਡਵਾਦ ਦੇ ਵਿਰੋਧ ਵਿੱਚ ਇੱਕ ਨਵਾਂ ਮਨੋਵਿਸ਼ਲੇਸ਼ਣ ਦਾ ਸਕੂਲ ਪੈਦਾ ਹੋਇਆ, ਜਿਨਾਂ ਨੂੰ ਨਵਫਰਾਇਡਵਾਦੀ ਸਕੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦਾ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।

(ਸ) ਨਵਫਰਾਇਡਵਾਦੀ ਸੰਪਰਦਾ:- ਫਰਾਇਡ, ਐਡਲਰ ਅਤੇ ਯੁੰਗ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਮਨੋਵਿਗਿਆਨਕ ਜਗਤ ਤੇ ਛਾਏ ਰਹੇ। ਇਨ੍ਹਾਂ ਤਿੰਨਾਂ ਵਿੱਚੋਂ ਸਭ ਤੋਂ ਵੱਧ ਯੁੰਗ ਜਿਉਂਦਾ ਰਿਹਾ। ਸਮੇਂ ਦੇ ਨਾਲ-ਨਾਲ ਯੁੰਗ ਦੇ ਵਿਚਾਰਾਂ ਵਿੱਚ ਵੀ ਪਰਿਵਰਤਨ ਆਉਣ ਲੱਗਾ ਅਤੇ ਜਿੱਥੋਂ ਤੱਕ ਵਿਅਕਤਿਤ੍ਵ ਅਤੇ ਸਮਾਜਿਕ ਅਤੇ ਸਾਂਸਕ੍ਰਿਤਕ ਪੱਖ ਦਾ ਸੰਬੰਧ ਹੈ, ਇਸ ਵੱਲ ਇਨ੍ਹਾਂ ਤਿੰਨਾਂ ਮਨੋਵਿਗਿਆਨਕਾਂ ਦਾ ਧਿਆਨ ਘੱਟ ਗਿਆ। ਜਿੱਥੇ ਫਰਾਇਡੀਅਨ ਸੰਪਰਦਾ ਦੇ ਵਿਚਾਰਕ ਵਿਅਕਤੀ ਦੇ ਮਾਨਸਿਕ ਅਧਿਐਨ ਵਿੱਚ ਜੀਵ ਵਿਗਿਆਨ ਨੂੰ ਵਧੇਰੇ ਪ੍ਰਧਾਨਤਾ ਦਿੰਦੇ ਸਨ, ਉਸਦੇ ਉਲਟ ਨਵਫਰਾਇਡਵਾਦੀਆਂ ਨੇ ਸਮਾਜ ਵਿਗਿਆਨ ਨੂੰ ਵਿਅਕਤਿਤ੍ਵ ਦੇ ਪਰਿਪੇਖ ਵਿੱਚ ਜੀਵ ਵਿਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਮੰਨਿਆ।

ਨਵਫਰਾਇਡਵਾਦੀ ਚਿੰਤਕਾਂ-ਹਾਰਨੀ (1855-1952), ਫਰਾਮ (1900-53) ਅਤੇ ਸੂਲੀਵਾਨ ਨੇ ਵਿਅਕਤੀ ਦੇ ਮਾਨਸਿਕ ਜੀਵਨ ਦਾ ਅਧਿਐਨ ਕਰਦੇ ਸਮੇਂ ਵਿਅਕਤੀ ਦੇ ਸਮਾਜਿਕ ਅਤੇ ਸਾਂਸਕ੍ਰਿਤਕ ਪੱਖ ਨੂੰ ਵਿਸ਼ੇਸ਼ ਰੂਪ ਵਿੱਚ ਦ੍ਰਿਸ਼ਟੀਗੋਚਰ ਕੀਤਾ ਹੈ।

ਹਾਰਨੀ ਵਿਚਾਰ ਰੱਖਦਾ ਸੀ ਕਿ ਮਨੁੱਖ ਖਾਣਾ, ਪੀਣਾ-ਪੈਸਾ ਆਦਿ ਸਭ ਛੱਡ ਸਕਦਾ ਹੈ ਜੇ ਉਸਨੂੰ ਇਨ੍ਹਾਂ ਤੋਂ ਕੋਈ ਸੰਤੁਸ਼ਟੀ ਨਾ ਮਿਲੇ ਜਾਂ ਉਸਨੂੰ ਇਹ ਡਰ ਨਾ ਹੋਵੇ ਕਿ ਉਹ ਭੋਜਨ ਬਿਨਾਂ ਮਰ ਜਾਵੇਗਾ ਅਥਵਾ ਉਸਦੀ ਸੁਰੱਖਿਆ ਸਮਾਪਤ ਹੋ ਜਾਵੇਗੀ। ਫਰਾਇਡ ਨੇ ਇਨ੍ਹਾਂ ਨੂੰ ਕਾਮਵਾਸ਼ਨਾ ਦੇ ਅੰਤਰਗਤ ਮੰਨਿਆ ਸੀ ਪ੍ਰੰਤੂ ਹਾਰਨੀ ਨੇ ਇਨ੍ਹਾਂ ਨੂੰ ਸੰਤੁਸ਼ਟੀ ਦੇ ਅੰਤਰਗਤ। ਜਦੋਂ ਇਸ ਤਰ੍ਹਾਂ ਦੀਆਂ ਸਰੀਰਕ ਅਤੇ ਮਨੋਵਿਗਿਆਨਕ ਲੋੜਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਆਂਤਰਿਕ ਦਵੰਦ ਪੈਦਾ ਹੁੰਦੇ ਹਨ ਅਤੇ ਵਿਅਕਤੀ ਮਨੋਤਾਪੀ ਬਣ ਜਾਂਦਾ ਹੈ। ਇਹ ਮਨੋਤਾਪ ਕਿਸੇ ਵੀ ਵਿਅਕਤੀ ਵਿੱਚ ਸਮਾਜਿਕ ਅਤੇ ਸਾਂਸਕ੍ਰਿਤਕ ਕਾਰਨਾਂ ਤੋਂ ਉਤਪੰਨ ਹੁੰਦਾ ਹੈ, ਜਦੋਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਹਾਰਨੀ ਦੇ ਅਨੁਸਾਰ ਅਜਿਹੇ ਵਿਅਕਤੀ ਸਮਾਜਿਕ ਪਰਿਸਥਿਤੀਆਂ ਦੇ ਕਾਰਨ ਪੈਦਾ ਹੋਏ ਆਂਤਰਿਕ ਦਵੰਦਾਂ ਦਾ ਸ਼ਿਕਾਰ ਹੁੰਦੇ ਹਨ।  ਇਸ ਤੋਂ ਇਲਾਵਾ ਹਾਰਨੀ ਨੇ ਫਰਾਇਡ ਦੇ ਸਿਧਾਂਤ ਈਡੀਪਸ ਮਨੋਗ੍ਰੰਥੀ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਮਨੋਗ੍ਰੰਥੀ ਪਿੱਛੇ ਕਾਮਵਾਸ਼ਨਾ ਨਹੀਂ ਕੰਮ ਕਰ ਰਹੀ ਹੁੰਦੀ, ਸਗੋਂ ਬੱਚੇ ਦਾ ਮਾਤਾ-ਪਿਤਾ ਪ੍ਰਤੀ ਸੁਭਾਵਿਕ ਪਿਆ ਹੁੰਦਾ ਹੈ।

ਏਰਿਕ ਫਰਾਮ ਨੇ ਵੀ ਵਿਅਕਤਿਤ੍ਵ ਦੇ ਸੰਬੰਧ ਵਿੱਚ ਸਮਾਜਿਕ ਅਤੇ ਸਾਂਸਕ੍ਰਿਤਕ ਪਰਿਪੇਖ ਤੋਂ ਚਰਚਾ ਕੀਤੀ ਹੈ। ਫਰਾਮ ਨੇ ਫਰਾਇਡ ਦੇ ਜੀਵ ਵਿਗਿਆਨਕ ਸੰਕਲਪਾਂ ਦਾ ਵਿਰੋਧ ਕਰਦੇ ਹੋਏ ਆਪਣੇ ਸਿਧਾਂਤ ਦਾ ਪ੍ਰਤਿਪਾਦਨ ਕੀਤਾ ਜੋ ਦੋ ਮੂਲ ਧਾਰਨਾਵਾਂ ਤੇ ਆਧਾਰਿਤ ਹੈ। ਪਹਿਲੀ ਤਾਂ ਇਹ ਕਿ ਮਨੋਵਿਗਿਆਨ ਦੀ ਪ੍ਰਮੁੱਖ ਸਮੱਸਿਆ ਕਿਸੇ ਮੂਲ ਪ੍ਰਵਿਰਤੀ ਦੀ ਸੰਤੁਸ਼ਟੀ ਅਥਵਾ ਅੰਸਤੁਸ਼ਟੀ ਦੀ ਅਵਸਥਾ ਵਿੱਚ ਪੈਦਾ ਮਨੋਵਿਕਾਰ ਨਹੀਂ, ਸਗੋਂ ਉਹ ਸੰਬੰਧ ਹਨ ਜਿਨਾਂ ਦਾ ਨਿਰਮਾਣ ਵਿਅਕਤੀ ਸੰਸਾਰ ਲਈ ਕਰਦਾ ਹੈ, ਦੂਜੀ ਇਹ ਕਿ ਵਿਅਕਤੀ ਅਤੇ ਸਮਾਜ ਦੇ ਸੰਬੰਧ ਹਮੇਸ਼ਾ ਪਰਿਵਰਤਨਸ਼ੀਲ ਰਹਿੰਦੇ ਹਨ, ਸਥਾਈ ਨਹੀਂ ਜਿਵੇਂ ਕਿ ਫਰਾਇਡ ਨੇ ਮੰਨਿਆ ਸੀ।

ਉਦਾਹਰਣ ਵਜੋਂ ਪਰਿਵਾਰ, ਜੋ ਬੱਚੇ ਲਈ ਪੂਰੇ ਸਮਾਜ ਦਾ ਹੀ ਰੂਪ ਹੁੰਦਾ ਹੈ, ਵਿੱਚ ਬੱਚਾ ਇਕੱਲੇਪਨ ਅਤੇ ਅਸੁਰੱਖਿਆ ਦੀ ਭਾਵਨਾ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਇਸ ਕੋਸ਼ਿਸ਼ ਵਿੱਚ ਉਹ ਰੱਖਿਆ-ਜੁਗਤਾਂ ਦਾ ਨਿਰਮਾਣ ਕਰਦਾ ਹੈ।

ਫਰਾਮ ਅਨੁਸਾਰ ਇਹ ਰੱਖਿਆ ਜੁਗਤਾਂ ਚਾਰ ਹੁੰਦੀਆਂ ਹਨ:-

(1) ਨੈਤਿਕ-ਸ੍ਵੈਂਪੀੜਨ:- ਇਸ ਰਾਹੀਂ ਵਿਅਕਤੀ ਆਪਣੀ ਹੀਨਤਾ ਅਤੇ ਕਮੀ ਦੀ ਭਾਵਨਾ ਪ੍ਰਦਰਸ਼ਿਤ ਕਰਦਾ ਹੈ। ਜਿਹੜੀ ਕਿ ਉਸਦੀ ਕਮਜ਼ੋਰੀ ਅਵਸਥਾ ਵਿੱਚ ਦੂਜਿਆਂ ਤੇ ਨਿਰਭਰ ਹੋਣ ਦੀ ਜ਼ਰੂਰਤ ਦੀ ਸੁੱਚਕ ਹੈ।

(2) ਪਰਪੀੜਨ:- ਇਸ ਰਾਹੀਂ ਵਿਅਕਤੀ ਦੂਜਿਆਂ ਨੂੰ ਆਪਣੇ ਉਪਰ ਨਿਰਭਰ ਕਰਨ, ਆਪਣੇ ਕਾਰਜਾਂ ਲਈ ਉਪਯੋਗ ਕਰਨ ਅਤੇ ਦੂਜਿਆਂ ਨੂੰ ਕਸ਼ਟ ਦੇਣ ਦੀ ਅਭਿਵਿਅਕਤੀ ਕਰਦਾ ਹੈ।

(3) ਵਿਨਾਸ਼ਤਾ:- ਇਸ ਰਾਹੀਂ ਵਿਅਕਤੀ ਆਪਣੀ ਸ਼ਕਤੀਹੀਨਤਾ ਦੀ ਭਾਵਨਾ ਨੂੰ ਹਟਾਉਣ ਲਈ ਦੂਜੇ ਲੋਕਾਂ ਦਾ ਵਿਨਾਸ਼ ਕਰਨਾ ਚਾਹੁੰਦਾ ਹੈ ਜਿਸ ਨਾਲ ਉਹ ਵਸਤੂ ਹੀ ਨਾ ਰਹੇ ਜਿਸਦੀ ਤੁਲਨਾ ਵਿੱਚ ਉਹ ਸ਼ਕਤੀਹੀਨ ਹੁੰਦਾ ਹੈ।

(4) ਸਵੈ ਚਾਲਿਤ-ਇਕਸਾਰਤਾ:- ਇਸ ਰਾਹੀਂ ਵਿਅਕਤੀ ਪੂਰੀ ਤਰ੍ਹਾਂ ਦੂਜਿਆਂ ਦੇ ਅਨੁਸਾਰ ਬਣ ਜਾਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਨਾਲ ਕਿ ਉਹ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲਤਨ ਹੀਨ ਅਤੇ ਕਮਜ਼ੋਰ ਨਾ ਮਹਿਸੂਸ ਕਰੇ।

ਇਸ ਤੋਂ ਇਲਾਵਾ ਵਿਅਕਤੀ ਦੇ ਪ੍ਰਕਿਰਤੀ ਨਾਲ ਸੰਬੰਧਾਂ ਬਾਰੇ ਗੱਲ ਕਰਦਿਆਂ ਫਰਾਮ ਨੇ ਕਿਹਾ ਹੈ ਕਿ “ਅੱਜ ਦੇ ਵਿਅਕਤੀ ਦੀ ਮੂਲ ਸਮੱਸਿਆ ਹੀ ਉਸਦਾ ਪ੍ਰਕ੍ਰਿਤੀ ਦਾ ਇੱਕ ਅੰਗ ਹੁੰਦੇ ਹੋਏ ਵੀ ਉਸ ਤੋਂ ਦੂਰ ਜਾਣ ਕਾਰਨ ਹੈ। ਮੂਲ ਰੂਪ ਵਿੱਚ ਮਨੁੱਖ ਪਸ਼ੂ ਹੁੰਦੇ ਹੋਏ ਵੀ ਮਾਨਵੀ ਬਣਨ ਦੀ ਅਸਫਲ ਕੋਸ਼ਿਸ਼ ਕਰਦਾ ਹੈ।

ਹੈਰੀਸਟੈਕ ਮੁਲੀਵਾਨ ਨਵਫਰਾਇਡਵਾਦੀ ਸਕੂਲ ਨਾਲ ਸੰਬੰਧਿਤ ਇੱਕ ਹੋਰ ਚਿੰਤਕ ਹੈ ਜਿਸਨੇ ਸੰਤੁਸ਼ਟੀ ਅਤੇ ਸੁਰੱਖਿਆ ਨੂੰ ਸਾਰੇ ਕਾਰਜਾਂ ਦਾ ਸ੍ਰੋਤ ਮੰਨਿਆ ਹੈ। ਸੰਤੁਸ਼ਟੀ ਸਰੀਰਕ ਹੈ ਜਦੋਂ ਕਿ ਸੁਰੱਖਿਆ ਸਾਂਸਕ੍ਰਿਤਕ। ਮੁਲੀਵਾਨ ਅਨੁਸਾਰ ਵਿਅਕਤੀ ਦਾ ਸਮਾਜਿਕ ਵਿਵਹਾਰ ਉਸਦੇ ਵਿਅਕਤਿਤ੍ਵ ਦਾ ਵਾਸਤਵਿਕ ਸਰੂਪ ਦਰਸਾਉਂਦਾ ਹੈ।;

ਮੁਲੀਵਾਨ ਨੇ ਵਿਅਕਤਿਤ੍ਵ ਦੇ ਵਿਕਾਸ ਨੂੰ ਪਰਸਪਰ ਸੰਬੰਧਾਂ ਦੇ ਆਧਾਰ 'ਤੇ ਛੇ ਹਿੱਸਿਆਂ ਵਿੱਚ ਵੰਡਿਆ ਹੈ:- ਸਿਸੂ ਕਾਲ, ਬਾਲਕਾਲ, ਉੱਤਰ ਬਾਲਕਾਲ, ਪੂਰਵ ਕਿਸ਼ੋਰ ਕਾਲ, ਮੁੱਢਲਾ ਕਿਸ਼ੋਰ ਕਾਲ, ਉੱਤਰ ਕਿਸ਼ੋਰ ਕਾਲ।

ਹਾਰਨੀ, ਅਤੇ ਮੁਲੀਵਾਨ ਮਨੋਵਿਗਿਆਨਕਾਂ ਤੋਂ ਛੁੱਟ ਨਵ-ਫਰਾਇਡਵਾਦੀਆਂ ਵਿੱਚ ਰੈਂਕ, ਫੈਰੇਂਜੀ, ਅਲੈਕਜੈਂਡਰ, ਇਡਕਸਨ ਅਤੇ ਵਿਲੀਬਮ ਰੀਚ ਆਦਿ ਦਾ ਨਾਂ ਵੀ ਆਉਂਦਾ ਹੈ। ਇਨ੍ਹਾਂ ਮਨੋਵਿਸ਼ਲੇਸ਼ਣ ਨੂੰ ਇੱਕ ਨਵੀਂ ਸੇਧ ਦਿੰਦਿਆਂ, ਵਿਅਕਤੀ ਦੇ ਵਿਅਕਤਿਤ੍ਵ ਦਾ ਇੱਕ ਆਦਰਸ਼ਪੂਰਨ ਚਿੱਤਰ ਪੇਸ਼ ਕਰਦਿਆਂ, ਸਮਾਜ ਦੇ ਸਾਂਸਕ੍ਰਿਤਕ ਅਤੇ ਨੈਤਿਕ ਮੁੱਲਾਂ ਨੂੰ ਵਿਅਕਤਿਤ੍ਵ ਦੇ ਸੰਬੰਧ ਵਿੱਚ ਵਧੇਰੇ ਮਹੱਤਵਪੂਰਨ ਦੱਸਿਆ। ਭਾਵੇਂ ਇੱਥ ਬਾਅਦ ਵਿੱਚ ਇਨ੍ਹਾਂ ਦੇ ਸਿਧਾਂਤਾਂ ਦੀ ਵੀ ਆਲੋਚਨਾ ਹੋਣ ਲੱਗ ਪਈ।

(ਹ) ਫਰੈਂਚ ਫਰਾਇਡ ਅਥਵਾ ਫਰਾਇਡ ਫਰਾਂਸੀਸੀ ਵਿਆਖਿਆ:- ਫਰਾਂਸ ਵਿੱਚ ਅਠਾਰਵੀਂ ਤੋਂ ਵੀਹਵੀਂ ਸਦੀ ਵਿੱਚ ਮਨੋਵਿਗਿਆਨ ਦੇ ਖੇਤਰ ਵਿੱਚ ਜਿੱਥੇ ਬੀਰਾਂ, ਐਂਪੀਅਰ ਕਜ਼ਿਨ, ਆਗਸਤ ਕਾਮਤੇ, ਪੀਨੇਲ, ਟੇਨ,  ਰਿੱਬੋ ਅਤੇ ਅਲਫਰਡ ਬਿਨੇ ਦਾ ਨਾਂ ਆਉਂਦਾ ਹੈ, ਉੱਥੇ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਅਥਵਾ ਸੰਰਚਨਾਤਮਕ ਮਨੋਵਿਗਿਆਨ ਦੇ ਅੰਤਰਗਤ ਆਧੁਨਿਕ ਵਿਚਾਰਕਾਂ ਵਿੱਚੋਂ ਪ੍ਰਮੁੱਖ ਰੂਪ ਵਿੱਚ ਲੈਣੀ ਸਤ੍ਰਾਸ, ਜਾਨ ਲਾਕਾਂ, ਮੋਸ ਬਾੱਤਈ, ਫੂਕੋ, ਦੈਰਿਦਾ, ਕਾਜਾ ਸਿਲਵਰਮੈਨ ਅਤੇ ਮੈਲਕੋਸ਼ ਬੋਣੇ ਦਾ ਨਾਂ ਉਲੇਖਯੋਗ ਹੈ।

ਵਿਸਤ੍ਰਿਤ ਵਰਣਨ ਸੰਭਵ ਨਾ ਹੋਣ ਕਾਰਨ ਸਿਰਫ ਲਾਕਾਂ ਅਤੇ ਦੇਲਿਊਜ ਗਾਟਰੀ ਦੇ ਵਿਚਾਰਾਂ ਨੂੰ ਹੀ ਪੇਸ਼ ਕੀਤਾ ਜਾ ਰਿਹਾ ਹੈ:-

ਲਾਕਾਂ ਜੋ ਕਿ ਫਰਾਂਸੀ ਮਨੋਵਿਗਿਆਨੀ ਹੋਇਆ ਲੇ ਫਰਾਇਡ ਦੇ ਸੰਕਲਪ ਲਿਬਿਡੋ ਦੀ ਵਿਆਖਿਆ ਆਪਣੇ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤੀ ਹੈ। ਫਰਾਇਡ ਨੇ ਇਸਤਰੀ ਅਤੇ ਪੁਰਸ਼ ਦੀ ਆਪਸੀ ਆਕਰਸ਼ਣ ਸ਼ਕਤੀ ਨੂੰ ਪਹਿਲਾਂ ਲਿੰਗ ਆਕਰਸ਼ਣ ਸ਼ਕਤੀ ਮੰਨਿਆ ਅਤੇ ਬਾਅਦ ਵਿੱਚ ਇਸਨੂੰ ਸਾਇਕਕ ਸ਼ਕਤੀ ਮੰਨ ਲਿਆ ਅਰਥਾਤ ਲਿਬਿਡੋ ਦੀ ਹੋਂਦ ਮਨੁੱਖ ਦੇ ਜਨਮ-ਮਰਨ ਨਾਲ ਬਹੁਤੀ ਸੰਬੰਧਤ ਨਹੀਂ, ਇਸਦਾ ਸੋਮਾ ਕਿਧਰੇ ਹੋਰ ਹੈ।

ਲਾਕਾਂ ਅਨੁਸਾਰ ਵਿਅਕਤੀ ਦੀ ਮਾਨਸਿਕਤਾ ਵਿਚਲਾ ਚੇਤਨ ਅਤੇ ਅਵਚੇਤਨ ਵਿਚਲਾ ਪਾੜਾ ਉਸ ਸਮੇਂ ਪ੍ਰਗਟ ਹੁੰਦਾ ਹੈ ਜਦੋਂ ਉਹ ਭਾਸ਼ਾ ਸੰਸਾਰ ਵਿੱਚ ਦਾਖਿਲ ਹੁੰਦਾ ਹੈ, ਜਿਸ ਸੱਭਿਆਚਾਰਕ ਚੌਗਿਰਦੇ ਉਸ ਵਿੱਚ ਉਹ ਰਹਿ ਰਿਹਾ ਹੁੰਦਾ ਹੈ।

ਲਿਬਿਡੋ, ਅਵਚੇਤਨ, ਭਾਸ਼ਾ ਅਤੇ ਪ੍ਰਤੀਕਾਂ ਸੰਬੰਧੀ ਵਿਚਾਰਾਂ ਤੋਂ ਛੁੱਟ ਲਾਕਾਂ ਨੇ ਫਰਾਇਡ ਦੇ ਹੋਰ ਸੰਕਲਪਾਂ-ਫੈਲਸ, ਇਡੀਪਸ-ਕੰਪਲੈਕਸ, ਕਾਸਟਰੇਸ਼ਨ, ਕੰਪਲੈਕਸ਼, ਫੈਂਟਸੀ ਅਤੇ ਕਲਪਨਾ ਆਦਿ ਵੀ ਵਿਆਖਿਆ ਕੀਤੀ ਜਿਨਾਂ ਦਾ ਸੰਰਚਨਾਤਮਕ-ਮਨੋਵਿਗਿਆਨ ਅਤੇ ਫਰੈਂਚ ਮਨੋਵਿਸ਼ਲੇਸ਼ਣ ਦੇ ਖੇਤਰ ਵਿੱਚ ਮਹੱਤਵਪੂਰਨ ਸਥਾਨ ਹੈ।

ਦੇਲਿਊਜ਼ ਦੂਜੇ ਸਿਰਮੋਰ ਲੇਖਕ ਹਨ, ਜਿਨਾਂ ਨੇ 1972 ਵਿੱਚ ਫਰੈਂਚ ਵਿੱਚ ਇੱਥ ਪੁਸਤਕ ਪ੍ਰਕਾਸ਼ਿਤ ਕੀਤੀ ਜਿਸਦਾ ਅਨੁਵਾਦ ਹਰਲੀ, ਸੀਮ ਅਤੇ ਲੇਨ ਨੇ 1977 ਵਿੱਚ ‘ਐਂਟਾਈ-ਇਡੀਪਸ’ ਨਾਂ ਥੱਲੇ ਛਪਿਆ। ਇਸਦੀ ਭੂਮਿਕਾ ਵਿੱਚ ਫੂਕੋ ਇਸਨੂੰ ਉੱਤਰ-ਸੰਰਚਨਾਵਾਦੀ ਕਿਰਤ ਆਖਦਾ ਹੈ। ਡਾ. ਗੁਰਭਗਤ ਸਿੰਘ ਅਨੁਸਾਰ:-

“ਇਹ ਪੁਸਤਕ ਸਭ ਪਾਸਿਓ ਬੰਦ ਏਕੀਕਰਨ ਅਤੇ ਕੁਲਪੱਖੀ ਬਣਾਉਣ ਵਾਲੇ ਮਾਨਸਿਕ ਡਰ ਜਾਂ ਪੈਰਾਨਾਇ ਉੱਤੇ ਆਕਰਸ਼ਣ ਹੈ। ਕਿਵੇਂ ਖੁਲ ਜਾਂ ਆਜ਼ਾਦੀ ਦਾ ਭਰਮ ਦੇ ਕੇ ਪੂੰਜੀਵਾਦੀ ਆਪਣੀਆਂ ਕੀਮਤਾਂ ਨਾਲ ਵਿਅਕਤੀ ਨੂੰ ਅੰਤਰ ਲਿਖਿਤ ਬਣਾਉਂਦਾ ਹੈ, ਇਸ ਪੁਸਤਕ ਦਾ ਕੇਂਦਰ ਹੈਸ ਪਰ ਇਸ ਅੰਤਰ ਲੇਖਨ ਦੇ ਬਾਵਜੂਦ ਮਨੁੱਖ ਦੀ ਦੇਹ ਆਧਾਰਿਤ ਸ਼ਕਤੀ ਖਤਮ ਨਹੀਂ ਹੁੰਦੀ, ਉਸਦੀ ਸਹਿਜ ਪ੍ਰਕ੍ਰਿਤੀ ਪੂੰਜੀਵਾਦੀ ਦੇ ਬਣਾਏ ‘ਸ਼ਿਜੋ’ ਵਿੱਚ ਵੀ ਕਾਇਮ ਰਹਿੰਦੀ ਹੈ।

ਸਾਹਿਤ ਵਿੱਚ ਮਨੋਵਿਸ਼ਲੇਸ਼ਣ ਵਿਧੀ ਦੀ ਵਰਤੋਂ:-

ਮਨੋਵਿਗਿਆਨ, ਸਾਹਿਤ ਅਤੇ ਸਾਹਿਤ ਆਲੋਚਨਾ ਦੇ ਆਪਸੀ ਸੰਬੰਧਾਂ ਦੀ ਗੱਲ ਕਰਦਿਆਂ ਪਤਾ ਲੱਗਦਾ ਹੈ ਕਿ ਮਨੋਵਿਗਿਆਨ ਨੇ ਸਾਹਿਤ-ਰਚਨਾ ਅਤੇ ਸਾਹਿਤ-ਆਲੋਚਨਾ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕੀਤਾ ਹੈ। ਡੇਵਿਡ ਡੇਸਿਜ਼ ਦੇ ਕਹਿਣ ਅਨੁਸਾਰ, ਮਨੋਵਿਗਿਆਨ ਦੋ ਤਰੀਕਿਆਂ ਰਾਹੀਂ ਸਾਹਿਤ ਅਧਿਐਨ ਦੇ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ, ਪਹਿਲਾਂ ਸਿਰਜਣਾਤਮਕ ਅਮਲ ਦੇ ਅਧਿਐਨ ਰਾਹੀਂ ਅਤੇ ਦੂਜੇ ਕਿਸੇ ਸਾਹਿਤਕ ਕਿਰਤ ਦੇ ਵਿਸ਼ੇਸ਼ ਗੁਣਾਂ ਅਤੇ ਰਚਨਾਕਾਰ ਦੀ ਮਾਨਸਿਕ ਹਾਲਤ ਅਤੇ ਸੁਭਾ ਦੇ ਆਪਸੀ ਸੰਬੰਧ ਨੂੰ ਦਰਸਾਉਣ ਲਈ ਕਿਸੇ ਵਿਸ਼ੇਸ਼ ਲੇਖਕ ਦੇ ਮਨੋਵਿਗਿਆਨਕ ਅਧਿਐਨ ਰਾਹੀਂ।

ਸਾਹਿਤ ਆਲੋਚਨਾ ਵਿੱਚ ਮਨੋਵਿਗਿਆਨ ਦਾ ਇਨ੍ਹਾਂ ਦੋਹਾਂ ਤਰਾਂ ਨਾਲ ਪ੍ਰਵੇਸ਼ ਸਾਹਿਤ ਆਲੋਚਨਾ ਲਈ ਇੰਨਾਂ ਲਾਭਕਾਰੀ ਨਹੀਂ ਜਿਨਾਂ ਕਿ ਮਨੋਵਿਗਿਆਨੀ ਲਈ। ਮਨੋਵਿਗਿਆਨ ਦੀਆਂ ਨਿੱਜੀ ਧਾਰਨਾਵਾਂ ਸਾਹਿਤ ਆਲੋਚਨਾ ਦੇ ਕਾਰਜ ਦੀ ਮੂਲ ਭਾਵਨਾ ਨਾਲੋਂ ਇਸ ਲਈ ਬਹੁਤੀ ਵਿੱਥ ਸਥਾਪਿਤ ਕਰਦੀਆਂ ਹਨ, ਕਿਉਂਕਿ ਮਨੋਵਿਗਿਆਨ ਦਾ ਸੰਬੰਧ ਮਾਨਸਿਕ ਸਰਗਰਮੀ ਦੀਆਂ ਪ੍ਰਕ੍ਰਿਆਵਾਂ ਨਾਲ ਹੈ, ਜਦੋਂ ਕਿ ਸਾਹਿਤ ਆਲੋਚਨਾ ਦਾ ਸੰਬੰਧ ਕਿਰਤ ਨਾਲ ਹੈ। ਮਨੋਵਿਗਿਆਨੀ ਸਿਰਫ ਮਾਨਸਿਕ ਪ੍ਰਕ੍ਰਿਆ ਤੱਕ ਪਹੁੰਚਣ ਲਈ ਕਿਰਤ ਦਾ ਅਧਿਐਨ ਕਰਦਾ ਹੈ, ਕਿਉਂਕਿ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਕਲਾ ਮਾਨਸਿਕਤਾ ਦੀ ਅਭਿਵਿਅਕਤੀ ਦੇ ਕਿੱਸੇ ਵੀ ਹੋਰ ਰੂਪ ਜਿੰਨੀ ਹੀ ਮਹੱਤਵਪੂਰਨ ਹੈ ਪ੍ਰੰਤੂ ਇਸਦੇ ਬਾਵਜੂਦ ਸਾਹਿਤ ਦਾ ਮਨੋਵਿਸ਼ਲੇਸ਼ਣਾਤਮਕ ਅਧਿਐਨ ਕਰਨ ਲਈ ਅਸੀਮ ਸੰਭਾਵਨਾਵਾਂ ਹਨ। ਇਸ ਅਧਿਐਨ ਰਾਹੀਂ ਕਿਸੇ ਵਿਸ਼ੇਸ਼ ਲੇਖਕ ਦੀ ਰਚਨਾ-ਦ੍ਰਿਸ਼ਟੀ ਉਸਦੀ ਰਚਨਾ ਵਿਚਲੇ ਪਾਤਰਾਂ ਦੀਆਂ ਸਮੱਸਿਆਵਾਂ ਦੇ ਮਾਨਸਿਕ ਪਹਿਲੂ ਜਾਂ ਪਾਤਰਾਂ ਦੀਆਂ ਮਾਨਸਿਕ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸਾਹਿਤ ਰਚਨਾ ਸੰਬੰਧੀ ਥੀਮਕ ਤੇ ਪ੍ਰਤੀਕਾਤਮਕ ਸਿੱਟੇ ਕੱਢੇ ਜਾ ਸਕਦੇ ਹਨ।

ਜਿੱਥੋਂ ਤੱਕ ਸਾਹਿਤ ਵਿੱਚ ਮਨੋਵਿੱਸ਼ਲੇਸ਼ਣ ਵਿਧੀ ਦੀ ਵਰਤੋਂ ਦਾ ਸੰਬੰਧ ਹੈ, ਇਹ ਆਲੋਚਨਾ ਵਿਧੀ ਵੀਹਵੀਂ ਸਦੀ ਦੀ ਹੀ ਉਪਜ ਹੈ। ਇਸ ਤੋਂ ਪਹਿਲਾਂ ਵੀ ਮਨੋਵਿਗਿਆਨਕ ਵਿਸ਼ੇ ਜ਼ਰੂਰ ਛੋਹੇ ਜਾਂਦੇ ਰਹੇ ਹਨ। 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਫਰਾਇਡ ਦੇ ਮਨੋਵਿਸ਼ਲੇਸ਼ਣੀ ਸਿਧਾਂਤਾਂ ਦਾ ਪ੍ਰਭਾਵ ਕਾਫੀ ਫੈਲ ਗਿਆ। ਏ.ਏ. ਬ੍ਰਿਲ ਨੇ ਕ੍ਰਮਵਾਰ 1910 ਅਤੇ 1912ਵਿੱਚ ‘ਕਾਮ ਸਿਧਾਂਤ ਨੂੰ ਤਿੰਨ ਯੋਗਦਾਨ’ ਅਤੇ ‘ਸੁਪਨਿਆਂ ਦੀ ਵਿਆਖਿਆ’ ਆਦਿ ਪੁਸਤਕਾਂ ਦੇ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਿਤ ਕੀਤੇ।

ਫਰਾਇਡ ਨੇ ਸਿਧਾਂਤਾਂ ਵਿਸ਼ਵ ਭਰ ਵਿੱਚ ਵਿਸਤਾਰ ਦਾ ਇਹ ਸਿੱਟਾ ਇਹ ਨਿਕਲਿਆ ਕਿ ਸਾਰੇ ਲੇਖਕ ਮਾਨਵ-ਸਥਿਤੀ ਦਾ ਹੋਰ ਵਧੇਰੇ ਡੂੰਘਾਈ ਵਿੱਚ ਜਾ ਕੇ ਵਿਸ਼ਲੇਸ਼ਣ ਕਰਨ ਲੱਗ ਪਏ ਅਤੇ ਮਾਨਵ ਮਨ ਦੀਆਂ ਹੇਠਲੀਆਂ ਪਰਤਾਂ ਨੂੰ ਫਰੋਲਣ ਵਿੱਚ ਰੁਚੀ ਵਿਖਾਉਣ ਲੱਗੇ। ਐਡਲਰ ਦੇ ਹੀਨਤਾ ਦੇ ਸੰਕਲਪ ਅਤੇ ਯੁੰਗ ਦੇ ਸਮੂਹਿਕ ਅਵਚੇਤਨ ਦੇ ਸੰਕਲਪ ਨੂੰ ਵੀ ਸਾਹਿਤਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਕੀਤਾ।

ਪੰਜਾਬੀ ਦੀ ਮਨੋਵਿਸ਼ਲੇਸ਼ਣਾਤਮਕ ਆਲੋਚਨਾ ਉੱਤੇ ਦ੍ਰਿਸ਼ਟੀਪਾਤ ਕਰਦਿਆਂ ਇਸ ਹੀਨਤਾ ਦਾ ਅਹਿਸਾਸ ਹੁੰਦਾ ਹੈ ਕਿ ਪੰਜਾਬੀ ਵਿੱਚ ਅਮਲੋ ਇਸ ਆਲੋਚਨਾ ਦੀ ਕੋਈ ਪਰੰਪਰਾ ਹੀ ਨਹੀਂ ਹੈ। ਇਸ ਅਧਿਐਨ ਵਿਧੀ ਬਾਰੇ ਪੰਜਾਬੀ ਵਿੱਚ ਕੋਈ ਖਾਸ ਕੰਮ ਨਹੀਂ ਹੋਇਆ। ਤਰਲੋਚਨ ਬਾਸੀ ਦੇ ਪੀ.ਐੱਚ.ਡੀ ਦੇ ਖੋਜ-ਪ੍ਰਬੰਧ ‘ਆਧੁਨਿਕ ਪੰਜਾਬੀ ਨਾਵਲ ਦਾ ਮਨੋਵਿਗਿਆਨਕ ਅਧਿਐਨ’ ਵਿੱਚ ਸਿਧਾਂਤਕ ਖੰਡ ਵਿੱਚ ਮਨੋਵਿਸ਼ਲੇਸ਼ਣੀ ਸੰਕਲਪਾਂ ਦਾ ਪੰਜਾਬੀ ਅਨੁਵਾਦ ਜ਼ਰੂਰ ਮਿਲਦਾ ਹੈ ਅਥਵਾ ਇੱਕ ਦਰਜਨ ਦੇ ਕਰੀਬ ਸਿਧਾਂਤਕ ਲੇਖਾਂ ਤੋਂ ਬਿਨਾਂ ਡਾ. ਨਰਿੰਦਰ ਸਿੰਘ ਕਪੂਰ ਦੇ ਕੁੱਝ ਆਲੋਚਨਾਤਮਕ ਖੋਜ-ਪੱਤਰ ਪ੍ਰਕਾਸ਼ਿਤ ਹੋਏ ਹਨ। ਡਾ. ਕਪੂਰ ਫਰਾਇਡ ਦੇ ਮਨੋਵਿਸ਼ਲੇਸ਼ਣਵਾਦੀ ਵਿਚਾਰਾਂ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਫਰਾਇਡ ਦੇ ਕੁੱਝ ਬੁਨਿਆਦੀ ਸੰਕਲਪਾਂ ਦੇ ਸਾਧਾਰਨੀਕ੍ਰਿਤ ਰੂਪਾਂ ਨੂੰ ਸਾਹਿਤਕ ਕਿਰਤਾਂ ਅਤੇ ਸਾਹਿਤਕ ਪਰੰਪਰਾਵਾਂ ਉੱਪਰ ਲਾਗੂ ਕਰਦਾ ਹੈ। ਇਨ੍ਹਾਂ ਕੁਝ ਅਕਾਦਮਿਕ ਖੋਜ ਪੱਤਰਾਂ ਤੋਂ ਬਿਨਾਂ ਮਨੋਵਿਸ਼ਲੇਸ਼ਣਾਤਮਕ ਵਿਧੀ ਬਾਰੇ ਉੱਚ-ਪੱਧਰ ਦੀ ਕੋਈ ਪੁਸਤਕ ਉਪਲਬਧ ਨਹੀਂ। ਯੂਨੀਵਰਸਿਟੀਆਂ ਵਿੱਚ ਕੁਝ ਉਪਾਧੀ ਸਾਪੇਖ ਖੋਜ ਲਈ ਲਿਖੇ ਜਾਂਦੇ ਖੋਜ-ਨਿਬੰਧ ਉਪਲਬਧ ਹਨ, ਜਿਨ੍ਹਾਂ ਵਿੱਚ ਇਸ ਵਿਧੀ ਬਾਰੇ ਸਿਧਾਂਤਕ ਚੌਖਟੇ ਨੂੰ ਨਿਸ਼ਚਿਤ ਕਰਨ ਅਤੇ ਇਸ ਵਿਧੀ ਦੇ ਆਧਾਰ ਤੇ ਸਾਹਿਤ ਅਧਿਐਨ ਦੀ ਪ੍ਰੰਪਰਾ ਤੋਰਨ ਦਾ ਯਤਨ ਕੀਤਾ ਗਿਆ ਹੈ, ਪ੍ਰੰਤੂ ਇਹ ਯਤਨ ਵੀ ਉਚੇਰੀ ਪੱਧਰ ਦੇ ਨਹੀਂ ਹਨ, ਇਸਲਈ ਪੰਜਾਬੀ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ ਵਿਧੀ ਦੁਆਰਾ ਹੁੰਦੇ ਅਧਿਐਨ ਦੀ ਘਾਟ ਮਹਿਸੂਸ ਹੁੰਦੀ ਹੈ।[1][2][3][4][5]

ਜਸ਼ਨਪ੍ਰੀਤ ਕੌਰ (17391008)

ਕੁਲਵੀਰ ਕੌਰ (17391015)

ਗਗਨਦੀਪ ਕੌਰ (17391025)

ਹਵਾਲੇ[ਸੋਧੋ]

  1. ਸਿੰਘ, ਡਾ. ਗੁਰਜੰਟ. ਮਨੋਵਿਸ਼ਲੇਸ਼ਣਾਤਮਕ ਸਾਹਿਤ-ਚਿੰਤਨ.
  2. ਚੀਮਾ, ਡਾ. ਇੰਦਰਜੀਤ ਸਿੰਘ. ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ.
  3. ਸਿੰਘ, ਡਾ. ਕੁਲਵੰਤ. ਸਿਗਮੰਡ ਫਰਾਇਡ ਅਤੇ ਮਨੋ-ਵਿਸ਼ਲੇਸ਼ਣ.
  4. ਸਿੰਘ, ਡਾ. ਅਮਨਿੰਦਰ ਪ੍ਰੀਤ. ਮਨੋਵਿਸ਼ਲੇਸ਼ਣਾਤਮਕ ਪਰਵਾਸੀ ਕਹਾਣੀ-ਚਿੰਤਨ.
  5. ਸਿੰਘ, ਡਾ. ਅਮਰਜੀਤ. ਮਨੋਵਿਸ਼ਲੇਸ਼ਣਾਤਮਕ ਸਿਧਾਂਤ ਅਤੇ ਨਰਿੰਜਨ ਤਸਲੀਮ ਦੇ ਨਾਵਲ.