ਰੁਲੀਆ ਸਿੰਘ ਸਰਾਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੁਲੀਆ ਸਿੰਘ ਸਰਾਭਾ ਭਾਰਤ ਦੇੇ ਅਜ਼ਾਦੀ ਸੰਗਰਾਮ ਦਾ ਇੱਕ ਅਣਗੌਲਿਆ ਯੋਧਾ ਹੈ, ਜਿਸਨੇ ਕਰਤਾਰ ਸਿੰਘ ਸਰਾਭੇ ਅੰਦਰਲੀ ਦੇਸ਼ ਭਗਤੀ ਨੂੰ ਦਿਸ਼ਾ ਪ੍ਰਦਾਨ ਕੀਤੀ ਸੀ। ਉਹ ਕਰਤਾਰ ਸਿੰਘ ਸਰਾਭਾ ਤੋਂ ਉਮਰ ਵਿੱਚ ਕਾਫ਼ੀ ਵੱਡਾ ਸੀ। ਵਿਦੇਸ਼ਾਂ ਵਿੱਚ ਹਿੰਦੋਸਤਾਨੀ ਲੋਕਾਂ ਨਾਲ ਹੁੰਦੇ ਵਿਤਕਰੇ ਦੇ ਸ਼ਿਕਾਰ ਹੋਣ ਕਰਕੇ ਹੀ ਬ੍ਰਿਟਿਸ਼ ਸਾਮਰਾਜ ਪ੍ਰਤੀ ਉਸ ਅੰਦਰ ਨਫ਼ਰਤ ਪੈਦਾ ਹੋਈ ਅਤੇ ਉਸਨੇ ਅਜਿਹੀ ਹੁੰਦੀ ਧੱਕੇਸ਼ਾਹੀ ਵਿਰੁੱਧ ਹੀ ਵੱਖ-ਵੱਖ ਮੁਲਕਾਂ ਵਿੱਚ ਰਹਿੰਦਿਆਂ ਅੰਗਰੇਜ਼ਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਹੁੰਦੀਆਂ ਸਰਗਰਮੀਆਂ ਵਿੱਚ ਆਗੂ ਵਜੋਂ ਆਪਣੀ ਭੂਮਿਕਾ ਨਿਭਾਈ।[1]

ਨਿੱਜੀ ਜੀਵਨ ਤੇ ਅਜ਼ਾਦੀ ਲਈ ਸੰਘਰਸ਼[ਸੋਧੋ]

ਰੁਲੀਆ ਸਿੰਘ ਸਰਾਭਾ ਦਾ ਜਨਮ 19ਵੀਂ ਸਦੀ ਦੇ 9ਵੇਂ ਦਹਾਕੇ ਵਿੱਚ ਸਰਦਾਰ ਜਗਤ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਹੋਇਆ। ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ। ਵਿਧਵਾ ਮਾਂ ਨੇ ਰੁਲ਼ੀਆ ਸਿੰਘ ਦਾ ਮੁਸ਼ਕਲ ਹਾਲਤਾਂ ਵਿੱਚ ਪਾਲਣ-ਪੋਸ਼ਣ ਕਰਕੇ ਪੜ੍ਹਾਇਆ। ਸੱਧਰਾਂ ਨਾਲ ਮਾਂ ਨੇ ਉਹਨਾਂ ਦਾ ਵਿਆਹ ਕੀਤਾ ਪਰ ਕੁੱਝ ਮਹੀਨਿਆਂ ਮਗਰੋਂ ਹੀ ਪਤਨੀ ਦੀ ਮੌਤ ਹੋ ਗਈ। ਬਜ਼ੁਰਗ ਮਾਤਾ ਨੇ ਉਹਨਾਂ ਨੂੰ ਕਮਾਈ ਕਰਨ ਲਈ ਅਮਰੀਕਾ ਭੇਜਿਆ। ਜਦੋਂ ਉਹ ਅਮਰੀਕਾ ਪਹੁੰਚੇ, ਉਦੋਂ ਅਮਰੀਕੀ ਨਸਲਪ੍ਰਸਤ ਭਾਰਤੀਆਂ ਉੱਪਰ ਹਮਲੇ ਕਰਦੇ ਰਹਿੰਦੇ ਸੀ। ਕਈ ਵਾਰੀ ਭਾਰਤੀਆਂ ਨੂੰ ਜ਼ਬਰਨ ਗੱਡੀਆਂ ’ਤੇ ਚੜ੍ਹਾਕੇ ਦੂਰ-ਦੁਰਾਡੇ ਅਮਰੀਕੀ ਜੰਗਲਾਂ ਅੰਦਰ ਛੱਡੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ। ਬੱਸ ਅੱਡਿਆਂ, ਰੇਲਵੇ ਟੇਸ਼ਨਾਂ, ਹੋਟਲਾਂ, ਬਾਜ਼ਾਰਾਂ ਤੇ ਘਰਾਂ ਵਿੱਚ ਭਾਰਤੀਆਂ ਨੂੰ ‘ਕੁੱਤੇ’, ‘ਹਿੰਦੀ ਸਲੇਵ’ ਆਦਿ ਕਹਿ ਕੇ ਪੁਕਾਰਨਾ ਆਮ ਗੱਲ ਬਣੀ ਹੋਈ ਸੀ। ਇਨ੍ਹਾਂ ਹਾਲਤਾਂ ਨੇ ਅਣਖੀ ਤੇ ਗ਼ੈਰਤਮੰਦ ਰੁਲੀਆ ਸਿੰਘ ਦੇ ਨਾਜ਼ੁਕ ਮੰਨ ’ਚ ਗ਼ੁਲਾਮੀ ਪ੍ਰਤੀ ਨਫ਼ਰਤ ਤੇ ਗੁੱਸਾ ਪ੍ਰਚੰਡ ਕਰ ਦਿੱਤਾ ਤੇ ਆਜ਼ਾਦੀ ਦੀ ਤੜਪ ਤੇ ਤਾਂਘ ਦੀ ਚੰਗਿਆੜੀ ਬਾਲ ਦਿੱਤੀ। ਇਸੇ ਕਰਕੇ ਹੀ ਉਹ ਅੰਗਰੇਜ਼ ਸਾਮਰਾਜਵਾਦ ਦੇ ਖ਼ਾਤਮੇ ਲਈ ਹੋਣ ਵਾਲੀਆਂ ਮੀਟਿੰਗਾਂ ’ਚ ਨਾਲ ਭਾਗ ਲੈਣ ਲੱਗਿਆ। ਉਸਦੀਆਂ ਸਰਗਰੀਆਂ ਦਾ ਪ੍ਰਭਾਵ ਉਸ ਕੋਲ ਆਏ ਕਰਤਾਰ ਸਿੰਘ ਸਰਾਭਾ ਉੱਪਰ ਵੀ ਪਿਆ ਜੋ ਬਰਕਲੇ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ।

ਰੁਲੀਆ ਸਿੰਘ ਗ਼ਦਰ ਪਾਰਟੀ ਦੀ ਤਰਕੀਬ ਅਨੁਸਾਰ ‘ਤੋਸ਼ਾਮਾਰੂ’ ਜਹਾਜ਼ ਰਾਹੀਂ ਕਲੱਕਤੇ ਪਹੁੰਚ ਗਿਆ। ਪੁਲਿਸ ਦੀ ਗ੍ਰਿਫਤਾਰੀ ਤੋਂ ਬਚਕੇ ਉਹ ਪੰਜਾਬ ਆ ਗਿਆ। ਫਿਰ ਰੁਲੀਆ ਸਿੰਘ, ਕਰਤਾਰ ਸਿੰਘ ਨੂੰ ਢੁਡੀਕੇ ਹੋਈ ਮੀਟਿੰਗ ਵਿੱਚ ਮਿਲਿਆ, ਜਿਸ ਵਿੱਚ 50-60 ਗ਼ਦਰੀ ਸ਼ਾਮਲ ਸਨ। ਗ਼ਦਰ ਪਾਰਟੀ ਵੱਲੋਂ ਮਾਰੇ ਡਾਕਿਆਂ ਦੌਰਾਨ ਕਰਤਾਰ ਸਿੰਘ ਸਰਾਭਾ ਵੀ ਉਸਦੇ ਨਾਲ ਹੁੰਦਾ ਸੀ। ਫ਼ੌਜੀ ਛਾਉਣੀਆਂ ਵਿੱਚ ਜਾ ਕੇ ਫ਼ੌਜੀਆਂ ਨੂੰ ਗ਼ਦਰ ਲਈ ਤਿਆਰ ਕਰਨ ਵਿੱਚ ਉਹ ਮੋਹਰੀ ਰੋਲ ਨਿਭਾਉਂਦਾ ਰਿਹਾ। ਉਸ ’ਤੇ ਚੱਲੇ ਲਾਹੌਰ ਸਾਜਿਸ਼ ਕੇਸ ਵਿੱਚ ਰੁਲੀਆ ਸਿੰਘ ਸਮੇਤ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਹੋਈ। ਇਨ੍ਹਾਂ ਵਿੱਚੋਂ ਰੁਲੀਆ ਸਿੰਘ ਸਣੇ 17 ਦੀ ਸਜ਼ਾ ਵਾਇਸਰਾਏ ਨੇ ਕਾਲੇ ਪਾਣੀ ਦੀ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ। ਉਹ ਅੰਡੇਮਾਨ ਨਿਕੋਬਾਰ ਦੇ ਕਾਲੇ ਪਾਣੀਆਂ ਵਿੱਚ ਅੰਗਰੇਜ਼ ਹਕੂਮਤ ਦੇ ਜਬਰ ਖ਼ਿਲਾਫ਼ ਹਰ ਭੁੱਖ ਹੜਤਾਲੀ ਐਕਸ਼ਨ ਵਿੱਚ ਡੱਟਕੇ ਭਾਗ ਲੈਂਦੇ ਰਹੇ। ਅਖੀਰ 1 ਸਤੰਬਰ, 1918 ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਿਆ।[2]

ਹਵਾਲੇ[ਸੋਧੋ]

  1. ਜਸਦੇਵ ਸਿੰਘ ਲਲਤੋਂ (2018-09-04). "ਕਾਲੇ ਪਾਣੀ ਦਾ ਸ਼ਹੀਦ-ਰੁਲੀਆ ਸਿੰਘ ਸਰਾਭਾ - Tribune Punjabi". Tribune Punjabi. Retrieved 2018-10-09. {{cite news}}: Cite has empty unknown parameter: |dead-url= (help)[permanent dead link]
  2. ਜਸਦੇਵ ਸਿੰਘ ਲਲਤੋਂ. "ਕਾਲੇ ਪਾਣੀ ਦਾ ਮਹਾਨ ਸ਼ਹੀਦ ਰੁਲੀਆ ਸਿੰਘ ਸਰਾਭਾ".