ਲੋਕ ਪ੍ਰਚਲਿਤ ਪੱਛਮੀ ਤਿਉਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੇਲੇ ਅਤੇ ਤਿਉਹਾਰ ਕਿਸੇ ਸਮਾਜ ਦੇ ਸੱਭਿਆਚਾਰ ਅਤੇ ਲੋਕਯਾਨ ਦਾ ਅਨਿੱਖੜਵਾਂ ਅਤੇ ਵਿਲੱਖਣ ਅੰਗ ਹਨ। ਇਸ ਲਈ ਮਨੋਰੰਜਨ ਦੇ ਸਾਧਨਾਂ ਦਾ ਜ਼ਿਕਰ ਮੇਲਿਆਂ ਅਤੇ ਤਿਉਹਾਰਾਂ ਦੇ ਜ਼ਿਕਰ ਤੋਂ ਬਗੈਰ ਅਧੂਰਾ ਹੈ। ਪੰਜਾਬੀਆਂ ਦੇ ਜੀਵਨ ਵਿੱਚ ਇਨ੍ਹਾਂ ਦਾ ਬੜਾ ਮਹੱਤਵ ਹੈ ਤੇ ਇਹ ਇਨ੍ਹਾਂ ਦੇ ਵੱਡੇ ਮਨ ਪਰਚਾਵੇ ਹਨ ਇਹ ਅਜਿਹੇ ਮੌਕੇ ਮੇਲ ਹਨ, ਜ਼ਿਨ੍ਹਾਂ ਵਿੱਚੋਂ ਕਿਸੇ ਜਾਤੀ -ਵਿਸ਼ੇਸ਼ ਦਾ ਸਮੁੱਚਾ ਰੂਪ ਪ੍ਰਗਟ ਹੋਇਆ ਮਿਲ ਜਾਂਦਾ ਹੈ।  [1]                                                           

  ਮੇਲੇ ਅਤੇ ਤਿਉਹਾਰ ਕਿਸੇ ਕੌਮ ਅਤੇ ਸੱਭਿਆਚਾਰ ਦੀ ਰੂਹ ਹੁੰਦੇ ਹਨ। ਇਨ੍ਹਾਂ ਵਿੱਚ ਹੀ ਕਿਸੇ ਕੌਮ ਜਾਂ ਰਾਸ਼ਟਰ ਦੇ ਇਤਿਹਾਸ, ਸੰਸਕ੍ਰਿਤੀ ਅਤੇ ਰਸਮ ਰਿਵਾਜ ਨੂੰ ਸਾਂਭਿਆ ਹੁੰਦਾ ਹੈ।                            

    ਤਿਉਹਾਰ ਕੀ ਹਨ?ਕਦੋਂ ਸ਼ੁਰੂ ਹੋਏ ? ਇਨ੍ਹਾਂ ਦਾ ਇਤਿਹਾਸਕ ਤੇ ਸਮਾਜਿਕ ਪਿਛੋਕੜ ਕੀ ਹੈ ? ਮਾਨਵੀ ਸੱਭਿਅਤਾ ਦੇ ਇਤਿਹਾਸ ਅੰਦਰ ਇਨ੍ਹਾਂ ਦੇ ਸੰਕੇਤ ਕਿੱਤੇ ਵੀ ਪ੍ਰਾਪਤ ਨਹੀਂ ਹੁੰਦੇ ਕਿ ਮੇਲੇ ਕਦੋਂ,ਕਿਉਂ ਅਤੇ ਕਿਵੇਂ ਸ਼ੁਰੂ ਹੋਏ,ਇਨ੍ਹਾਂ ਸਵਾਲਾਂ ਨੂੰ ਸਮਝਣ ਤੋਂ ਪਹਿਲਾਂ 'ਮੇਲੇ ਅਤੇ ਤਿਉਹਾਰ' ਸ਼ਬਦ ਦੇ ਅਰਥ ਜਾਣ ਲੈਣੇ ਜ਼ਰੂਰੀ ਹਨ।  ਤਿਉਹਾਰ ਸ਼ਬਦ Festival  ਦਾ ਪਰਿਆਇ ਹੈ  ਜਿਸ ਦਾ ਭਾਵ ਹੈ ਕਿ ਸੰਸਥਾਗਤ ਧਾਰਮਿਕ ਰਹੁ- ਰੀਤਾਂ ਮੇਲਾ ਸ਼ਬਦ Fair ਦਾ ਪਰਿਆਇ ਹੈ ਜਿਸ ਦਾ ਭਾਵ ਹੈ ਮੇਲ-ਮਿਲਾਪ ਜਾਂ ਮੇਲਾ-ਗੇਲਾ ਆਦਿ ਅਤੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਅਕਸਰ ਖੁਸ਼ੀ ਦੇ ਇਜ਼ਹਾਰ ਵਜੋਂ ਕੀਤੀ ਜਾਂਦੀ ਹੈ।ਤਿਉਹਾਰਾਂ ਅਤੇ ਮੇਲਿਆਂ ਦਾ ਇੱਕ ਲੰਬਾ ਤੇ ਅਮੁੱਕ ਸਿਲਸਿਲਾ ਹੈ। ਇਸ ਲਈ ਇਹ ਕਹਾਵਤ ਪ੍ਰਸਿੱਧ ਹੈ, ਕਿ 'ਮਹੀਨੇ ਦੇ ਤੀਹ ਦਿਨ ਤੇ ਬੱਤੀ ਤਿਉਹਾਰ' ਜੇਕਰ ਇਹ ਤਿਉਹਾਰ ਘਰਾਂ ਵਿੱਚ ਆਪਣੇ ਹੀ ਤੌਰ 'ਤੇ ਮਨਾਏ ਜਾਂਦੇ ਹਨ, ਤਾਂ  ਉਹਨਾਂ ਨੂੰ ਕੇਵਲ ਤਿਉਹਾਰ ਹੀ ਮੰਨਿਆ ਜਾਂਦਾ  ਹੈ,ਪ੍ਰੰਤੂ ਜੇ ਇਹੀ ਤਿਉਹਾਰ ਸਰਵਜਨਿਕ ਸਥਾਨਾਂ ਤੇ ਜਨਤਕ ਰੂਪ ਵਿੱਚ ਰਲ ਕੇ ਮਨਾਏ ਜਾਂਦੇ ਹਨ ਤਾਂਂ ਇਹ ਮੇਲੇ ਹੋ ਨਿੱਬੜਦੇ ਹਨ। ਧਾਰਮਿਕ ਵਿਸ਼ਵਾਸਾਂ ਅਧੀਨ ਲੋਕ ਮੰਦਰਾਂ ਗੁਰਦੁਆਰਿਆਂ ਤੇ ਤੀਰਥਾਂ ਆਦਿ ਵਾਸਤੇ ਤੇ ਹੋਰ ਖਾਸ ਤੀਰਥਾਂ ਤੇ ਇਕੱਠੇ ਹੋ ਕੇ ਇਸ਼ਨਾਨ ਕਰਨ ਲਈ ਵਹੀਰਾਂ ਘੱਤ ਕੇ ਜੁੜਨ ਲੱਗੇ ਤਾਂ ਹੌਲੀ ਹੌਲੀ ਇਹ ਤਿਉਹਾਰ, ਤਿਉਹਾਰ ਨਾ ਰਹਿ ਕੇ ਮੇਲਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਹਰ ਮੇਲਾ ਤਿਉਹਾਰ ਵੀ ਹੋਵੇ, ਇਹ ਜ਼ਰੂਰੀ ਨਹੀਂ ਹੈ ਮੇਲੇ ਅਤੇ ਤਿਉਹਾਰ ਭਾਵੇਂ ਪੰਜਾਬੀ ਸੱਭਿਆਚਾਰ ਦੇ ਵੱਖਰੇ ਵੱਖਰੇ ਪੱਖ ਹਨ, ਪਰ ਸਮੇਂ ਦੇ ਵੇਗ ਵਿੱਚ ਬਹੁਤ ਸਾਰੇ ਤਿਉਹਾਰ ਤੇ ਮੇਲੇ ਇੱਕ ਦੂਜੇ ਨਾਲ ਜੁੜ ਗਏ ਹਨ।  [2]                  

ਇਸ ਤਰ੍ਹਾਂ ਸਮੇਂ ਦੇ ਬਦਲਾਅ ਨਾਲ ਪਰੰਪਰਾਗਤ ਤੌਰ 'ਤੇ ਚੱਲਦੇ ਆ ਰਹੇ ਮੇਲਿਆਂ ਤੇ ਤਿਉਹਾਰਾਂ ਨੂੰ ਅੱਜ ਦੇ ਆਧੁਨਿਕ ਸਮੇਂ ਵਿੱਚ ਮਨਾਏ ਜਾਣ ਵਿੱਚ ਖਾਸੀਆਂ ਤਬਦੀਲੀਆਂ ਆ ਗਈਆਂ ਹਨ। ਕੁਝ ਤਿਉਹਾਰ ਤੇ ਮੇਲੇ ਅਲੋਪ ਹੋ ਚੁੱਕੇ ਹਨ,ਅਤੇ ਕੁੱਝ ਅਲੋਪ ਹੋ ਰਿਹੇ ਹਨ ਇਨ੍ਹਾਂ ਤਿਉਹਾਰਾਂ ਦੇ ਅਲੋਪ ਹੋਣ ਦੀ ਥਾਂ ਉੱਪਰ ਕੁਝ ਪੱਛਮੀ ਤਿਉਹਾਰ ਪੰਜਾਬੀ ਸੱਭਿਆਚਾਰ ਵਿੱਚ ਪ੍ਰਚੱਲਿਤ ਹੋ ਰਹੇ ਹਨ, ਜਿਨਾ ਬਾਰੇ ਅੱਗੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ।                    

ਪੱਛਮੀ ਤਿਉਹਾਰਾਂ ਵੱਲ ਵਧਦਾ ਰੁਝਾਨ:-   ਪੰਜਾਬੀ ਸਭਿਆਚਾਰ ਦਿਨੋ ਦਿਨ ਬਦਲ ਰਿਹਾ ਹੈ। ਅਜੋਕਾ ਸਮਾਂ ਵਿਸ਼ਵੀਕਰਨ ਦਾ ਸਮਾਂ ਹੈ,ਜਿਸ ਵਿੱਚ ਸਾਰੇ ਸੰਸਾਰ ਦਾ ਇੱਕ ਮੰਡੀ ਵਜੋਂ ਉੱਭਰਨ ਦਾ ਨਤੀਜਾ ਸਾਹਮਣੇ ਆਇਆ ਹੈ। ਜਿਸ ਨੇ ਪੰਜਾਬੀ ਸੱਭਿਆਚਾਰ ਦੇ ਹਰ ਇੱਕ ਅੰਗ ਨੂੰ ਪ੍ਰਭਾਵਿਤ ਕੀਤਾ ਹੈ, ਜਿਹਨਾਂ ਵਿਚੋਂ ਤਿਉਹਾਰ ਵੀ ਇੱਕ ਹਨ ਪੱਛਮੀਕਰਨ ਦੇ ਯੁੱਗ ਵਿੱਚ ਪੱਛਮੀ ਤਿਉਹਾਰ ਵੀ ਪੰਜਾਬੀ ਜਨ-ਜੀਵਨ ਦਾ ਹਿੱਸਾ ਬਣਦੇ ਜਾ ਰਹੇ ਹਨ ਪੰਜਾਬੀ ਜੀਵਨ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਆਪਣੇ ਪ੍ਰਚੱਲਤ ਤਿਉਹਾਰਾਂ ਨਾਲੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ                                                

ਇਨ੍ਹਾਂ ਤਿਉਹਾਰਾਂ ਦੀ  ਪ੍ਰਸੰਗਿਕਤਾ ਨੂੰ ਵਧਾਉਣ ਵਿੱਚ ਸੋਸ਼ਲ ਮੀਡੀਆ ਦਾ ਯੋਗਦਾਨ ਵੀ ਅਹਿਮ ਮੰਨਿਆ ਜਾ ਸਕਦਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਸਬੰਧ ਆਪਣੇ ਭਾਈਚਾਰੇ ਤੋਂ ਇਲਾਵਾ ਦੂਜੇ ਭਾਈਚਾਰੇ, ਦੂਜੇ ਧਰਮ,ਸ਼ਹਿਰ, ਦੇਸ਼,ਪ੍ਰਦੇਸ਼  ਆਦਿ ਨਾਲ ਜੁੜਿਆ ਹੈ ਜਿਸ ਦੇ ਸਿੱਟੇ ਵਜੋਂ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ, ਮੁੱਲਾਂ ਵਿੱਚ ਪਰਿਵਰਤਨ ਆਇਆ ਹੈ ਇਸ ਪਰਿਵਰਤਨ ਨੇ ਲੋਕਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਨੂੰ ਵੀ ਪ੍ਰਭਾਵਿਤ ਕੀ਼ਤਾ ਹੈ ਇਨ੍ਹਾਂ ਸਭਿਆਚਾਰਕ ਗਤੀਵਿਧੀਆਂ ਵਿੱਚ ਤਿੳਹਾਰ ਵੀ ਇੱਕ ਹਨ।                                

ਪੰਜਾਬੀ ਜਨ ਜੀਵਨ ਦੇ ਅਜੋਕੇ ਸਮੇਂ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਉਹ ਪੱਛਮੀ ਸੱਭਿਆਚਾਰ ਨੂੰ ਚੰਗਾ ਤੇ ਆਪਣੇ ਸਭਿਆਚਾਰ ਨੂੰ ਗੌਣ ਮੰਨਦੇ ਹਨ।ਇਹ ਸਮੱਸਿਆ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਦੇਖ਼ਣ ਨੂੰ ਮਿਲਦੀ ਹੈ ਜਿਸ ਕਰਕੇ ਉਹ ਹਰੇਕ ਪੱਛਮੀ ਰੀਤੀ ਰਿਵਾਜ਼,ਖਾਣ-ਪੀਣ, ਤਿਉਹਾਰ ਆਦਿ ਨੂੰ ਤਰਜੀਹ ਦਿੰਦੇ ਹਨ।                                     ਲੋਕ ਪ੍ਰਚੱਲਤ ਪੱਛਮੀ ਤਿਉਹਾਰ:-  ਪੱਛਮੀ ਤਿਉਹਾਰ ਜੋ ਸਾਡੇ ਜਨ-ਜੀਵਨ ਦਾ ਹਿੱਸਾ ਬਣਦੇ ਜਾ ਰਹੇ ਹਨ ਓਨਾ ਬਾਰੇ ਹੇਠ ਵਿਚਾਰ ਕੀਤੀ ਗਈ ਹੈ:-                                                          1.  ਨਵਾਂ ਸਾਲ ਮਨਾਉਣਾ:-    ਪੰਜਾਬੀ ਸੱਭਿਆਚਾਰ ਵਿੱਚ ਜੇਕਰ ਨਵੇਂ ਸਾਲ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਸ ਦੀ ਸ਼ੁਰੂਆਤ 1 ਚੇਤ ਤੋਂ ਮੰਨੀ ਜਾਦੀ ਹੈ, ਫੱਗਣ ਦੇ ਮਹੀਨੇ ਨੂੰ ਸਾਲ ਦਾ ਆਖਰੀ ਮਹੀਨਾ ਮੰਨਿਆ ਜਾਂਦਾ ਹੈ।ਪਰ ਅੱਜ ਦੇ ਸਮੇਂ ਅੰਗਰੇਜ਼ੀ ਨਵਾਂ ਸਾਲ ਪੰਜਾਬੀ ਲੋਕਾਂ ਨੂੰ ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਉਨ੍ਹਾਂ ਦਾ ਕੋਈ ਆਪਣਾ ਤਿਉਹਾਰ ਹੋਵੇ ਜਾਂ ਫਿ਼ਰ ਉਨ੍ਹਾਂ ਨੂੰ ਵਿਰਸੇ ਵਿਚੋਂ ਹੀ ਪ੍ਰਾਪਤ ਹੋਇਆ ਹੋਵੇ ਪੰਜਾਬੀ ਲੋਕਾਂ ਵਿੱਚ 1 ਜਨਵਰੀ ਵਾਲੇ ਦਿਨ ਬੜਾ ਚਾਅ ਤੇ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਇਸ ਦਿਨ ਤੇ ਸਰਵਜਨਕ ਥਾਵਾਂ ਉੱਪਰ ਲੰਗਰ ਆਦਿ ਵੀ ਲਗਾਏ ਜਾਂਦੇ ਹਨ।                            

  2). ਵੈਲੇਨਟਾਈਨ ਡੇ:-     ਵੈਲੇਨਟਾਈਨ ਦੇ ਪੱਛਮੀ ਤਿਉਹਾਰਾਂ ਵਿੱਚੋਂ ਮਨਾਇਆ ਜਾਣ ਵਾਲਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਤਿਉਹਾਰ ਨੂੰ ਅਲੱਗ ਅਲੱਗ ਦੇਸ਼ਾਂ ਵਿੱਚ ਅਲੱਗ ਅਲੱਗ ਨਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ 'ਸੰਤ ਵੈਲਨਟਾਈਨ' ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।'ਸੰਤ ਵੈਲੇਨਟਾਈਨ' ਨੂੰ 14 ਫਰਵਰੀ 269 ਈ. ਵਿੱਚ ਫਾਂਸੀ ਤੇ ਚੜ੍ਹਾ ਦਿੱਤਾ ਗਿਆ, ਇਸ ਤਰ੍ਹਾਂ ਇਸ ਤਿਉਹਾਰ ਦੀ ਸ਼ੁਰੂਆਤ  ਪੱਛਮ ਵਿੱਚ ਹੋਈ।                                      

        ਇਸ ਤਿਉਹਾਰ ਦੀ ਪ੍ਰਸੰਗਕਤਾ ਪੰਜਾਬੀ ਸੱਭਿਆਚਾਰ ਵਿੱਚ ਵੀ ਵਧਦੀ ਜਾ ਰਹੀ ਹੈ ਖਾਸ ਕਰਕੇ ਇਸ ਤਿਉਹਾਰ ਨੂੰ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਤਵੱਜੋਂ ਦਿੰਦੇ ਹਨ। ਇਸ ਤਿਉਹਾਰ ਵਾਲੇ ਦਿਨ ਨੌਜਵਾਨ ਮੁੰਡੇ- ਕੁੜੀਆਂ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਤਿਉਹਾਰ ਨੂੰ ਅੱਠ ਦਿਨਾਂ ਦੀ ਲੜੀ ਅਨੁਸਾਰ ਮਨਾਇਆ ਜਾਂਦਾ ਹੈ, ਜਿਸ ਵਿੱਚ ਹੇਠ ਲਿਖੇ ਦਨ ਸ਼ਾਮਿਲ ਹਨ                                  

 1). Rose day        

2). Propose day

3). Chocolate day

4). Teddy day

5). Promise day

6). Hug day

7). Kiss day

8). Valentine day   

     ਇਸ ਤਰ੍ਹਾਂ ਇਸ ਤਿਉਹਾਰ ਨੂੰ ਪੰਜਾਬੀ ਕਲਚਰ ਵਿੱਚ ਵੀ ਕਾਫੀ ਉਤਸ਼ਾਹ ਨਾਲ ਮਨਾਇਆ ਜਾਣ ਲੱਗਾ ਹੈ। ਬਾਵਜੂਦ ਇਸ ਦੇ ਕਿ ਇਸ ਦੇ ਇਤਿਹਾਸ ਦਾ ਪੰਜਾਬੀ ਸੱਭਿਆਚਾਰ ਨਾਲ ਕੋਈ ਸਬੰਧ ਨਹੀਂ ਹੈ  ।

3). ਕ੍ਰਿਸਮਸ  :-   ਕ੍ਰਿਸਮਸ ਦਾ ਤਿਉਹਾਰ ਯਿਸੂ ਮਸੀਹ ਦੇ ਜਨਮ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਇਸਾਈ ਧਰਮ ਲਈ ਸਭ ਤੋਂ ਵੱਡਾ  ਤਿਉਹਾਰ ਹੈ ਇਸ ਨੂੰ ਇਸਾਈ ਲੋਕ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਤਿਉਹਾਰ ਨੂੰ ਈਸਾਈ ਕਮਿਊਨਿਟੀ ਤੋਂ ਇਲਾਵਾ ਹੋਰ ਕਮਿਊਨਿਟੀ ਦੇ ਲੋਕਾਂ ਦੁਆਰਾ ਵੀ ਮਨਾਇਆ ਜਾਂਦਾ ਹੈ।ਪੰਜਾਬੀ ਸੱਭਿਆਚਾਰ ਵਿੱਚ ਵੀ ਇਸ ਤਿਉਹਾਰ ਨੂੰ ਮਨਾਉਣ ਦਾ ਰਿਵਾਜ ਪ੍ਰਚਲਿਤ ਹੁੰਦਾ ਜਾ ਰਿਹਾ ਹੈ। ਇਸ ਨੂੰ ਮਨਾਉਣ ਵਿੱਚ ਬੱਚਿਆਂ ਦਾ ਮਹੱਤਵ ਵਧੇਰੇ  ਹੁੰਦਾ ਹੈ। ਉਹ ਸਾਂਤਾ ਕਲਾਜ਼ ਤੋਂ ਗਿਫਟ ਪ੍ਰਾਪਤ ਕਰਨ ਦੀ ਝਾਕ ਵਿੱਚ ਇਸ ਨੂੰ ਮਨਾਉਂਦੇ ਹਨ।                                            

      4). ਕਾਰਨੀਵਾਲ ਫੈਸਟੀਵਲ:-    ਕਾਰਨੀਵਾਲ ਫੈਸਟੀਵਲ ਵੀ ਪੱਛਮੀ ਤਿਉਹਾਰ ਹੈ। ਇਹ ਤਿਉਹਾਰ ਈਸਟਰ ਤੋਂ ਛੇ ਹਫਤੇ ਪਹਿਲਾਂ ਮਨਾਇਆ ਜਾਂਦਾ ਹੈ। ਕਾਰਨੀਵਾਲ ਇੱਕ ਪ੍ਰਾਚੀਨ ਪਰੰਪਰਾ ਹੈ,ਜੋ ਸਾਲ ਦੇ ਖੇਤੀ ਅਤੇ ਮੌਸਮੀ ਚੱਕਰ ਨਾਲ ਜੁੜਿਆ ਹੋਇਆ ਹੈ।ਪਵਿੱਤਰੀਕਰਨ ਦੇ ਰੂਪ ਵਿੱਚ ਵੀ  ਇਸਦਾ ਮਹੱਤਵ ਹੈ।ਕਾਰਨੀਵਾਲ ਫੈਸਟੀਵਲ ਪੱਛਮੀ ਦੇਸ਼ਾਂ ਤੋਂ ਇਲਾਵਾ ਭਾਰਤ ਦੇ ਕਈ ਪ੍ਰਾਂਤਾਂ ਵਿੱਚ ਵੀ ਮਨਾਇਆ ਜਾਂਦਾ ਹੈ।                

    ਪੰਜਾਬ ਵਿੱਚ ਵੀ ਕਈ ਸ਼ਹਿਰਾਂ ਵਿੱਚ ਕਾਰਨੀਵਾਲ ਫੈਸਟੀਵਲ ਮਨਾਇਆ ਜਾਂਦਾ ਹੈ ਇਨ੍ਹਾਂ ਵਿੱਚ ਪਟਿਆਲਾ,ਅੰਮ੍ਰਿਤਸਰ ਆਦਿ ਸ਼ਹਿਰ ਪ੍ਰਮੁੱਖ ਹਨ। ਇਸ ਮੇਲੇ ਨੂੰ ਲੈ ਕੇ ਪੰਜਾਬੀ ਲੋਕਾਂ ਵਿੱਚ ਵੀ ਕਾਫੀ ਦਿਲਚਸਪੀ ਦੇਖਣ ਨੂੰ ਮਿਲਦੀ ਹੈ। ਇਹ ਮੇਲਾ ਤਕਰੀਬਨ ਇੱਕ ਤੋਂ ਦੋ ਹਫਤੇ ਤੱਕ ਚੱਲਦਾ ਹੈ।        

  5). ਜਨਮ ਦਿਨ ਮਨਾਉਣ ਦੀ ਰੀਤ:-     ਜਨਮ ਦਿਨ ਮਨਾਉਣ ਦਾ ਰਿਵਾਜ਼  ਪੰਜਾਬੀ ਸਭਿਆਚਾਰ ਵਿੱਚ ਪੱਛਮੀ ਸੱਭਿਆਚਾਰ ਤੋਂ ਹੀ ਆਇਆ ਹੈ। ਸਾਡੇ ਆਪਣੇ ਸੱਭਿਆਚਾਰ ਵਿੱਚ ਪਹਿਲਾਂ ਗੁਰਪੁਰਬ ਜਾਂ ਸ਼ਹੀਦੀ ਦਿਹਾੜੇ ਮਨਾਉਣ ਦੀ ਹੀ ਰੀਤ ਪ੍ਰਚੱਲਤ ਸੀ,ਪਰ ਅਜੋਕੇ ਸਮੇਂ ਵਿੱਚ ਅਸੀਂ ਆਪਣੇ ਬੱਚਿਆਂ, ਮਿੱਤਰਾ ਆਦਿ ਦਾ ਜਨਮ ਦਿਨ ਪੂਰੀ ਸ਼ਿੱਦਤ ਨਾਲ ਮਨਾਉਂਦੇ ਹਾਂ। ਕਈ ਵਾਰ ਤਾਂ ਇਨ੍ਹਾਂ ਜਨਮ-ਦਿਨਾਂ ਉੱੱਪਰ  ਲੋੜ ਤੋਂ ਵੱਧ ਖਰਚਾ ਕੀਤਾ ਜਾਂਦਾ ਹੈ,ਜੋ ਕਿ ਪਹਿਲਾਂ ਪੰਜਾਬੀ ਸੱਭਿਆਚਾਰ ਵਿੱਚ ਸ਼ਾਮਲ ਨਹੀਂ ਸੀ ਇਸ ਤਰ੍ਹਾਂ ਇਹ ਜਨਮ ਦਿਨ ਮਨਾਉਣਾ ਵੀ ਤਿਉਹਾਰ ਵਾਂਗ ਪ੍ਰਚੱਲਿਤ ਹੋ ਚੁਕਾ ਹੈ।          

ਇਸ ਤਰ੍ਹਾਂ ਪੱਛਮੀ ਤਿਉਹਾਰਾਂ ਦਾ ਪ੍ਰਭਾਵ ਸਾਡੇ ਸੱਭਿਆਚਾਰ ਉੱਪਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਹ ਤਿਉਹਾਰ ਸਾਡੇ ਸੱਭਿਆਚਾਰ ਵਿੱਚ ਇੰਝ ਰਚ ਮਿਚ ਗਏ ਹਨ ਜਿਵੇਂ ਸਾਡੇ ਆਪਣੇ ਮੂਲ ਤਿਉਹਾਰ ਹੋਣ  ਇਨ੍ਹਾਂ ਤਿਉਹਾਰਾਂ ਤੋਂ ਇਲਾਵਾ ਸਾਡੇ ਸੱਭਿਆਚਾਰ ਵਿੱਚ ਪੱਛਮੀ ਰਸਮਾਂ ਰਿਵਾਜ਼ ਵੀ  ਸ਼ਾਮਿਲ ਹੋ ਰਹੇ ਹਨ ਜਿਵੇਂ  ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਸ਼ੂਟ ਕਰਨਾ ਜਾਂ ਵਿਆਹ ਸਮੇਂ ਰਿੰਗ-ਸੈਰੇਮਨੀ ਦੀ ਰਸਮ ਵੀ ਪੱਛਮੀ ਕਲਚਰ ਦੀ ਹੀ ਦੇਣ ਹੈ ਇਸ ਤਰ੍ਹਾਂ ਪੱਛਮੀ ਰਸਮਾਂ ਤਿਉਹਾਰਾਂ ਆਦਿ ਦਾ ਪ੍ਰਭਾਵ ਪੰਜਾਬੀ ਸੱਭਿਆਚਾਰ ਉੱਪਰ ਦਿਨੋਂ ਦਿਨ ਵੱਧ ਰਿਹਾ ਹੈ |

ਹਵਾਲੇ[ਸੋਧੋ]

  1. ਕੌਰ, ਡਾ.ਕੁਲਵੰਤ. ਲੋਕ ਖੇਡਾਂ, ਲੋਕ ਸ਼ੁਗਲ ਤੇ ਮੇਲੇ-ਤਿਉਹਾਰ. ਵਾਰਿਸ਼ ਸ਼ਾਹ ਫਾਊਂਡੈਸ਼ਨ. p. 54.
  2. ਕੌਰ, ਡਾ. ਕੁਲਵੰਤ. ਲੋਕ ਖੇਡਾਂ,ਲੋਕ ਸ਼ੁਗਲ ਤੇ ਮੇਲੇ - ਤਿਉਹਾਰ. ਵਾਰਿਸ਼ ਸ਼ਾਹ ਫਾਉਡੈਸ਼ਨ.