ਲੋਕ ਰੂੜ੍ਹੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਰੂੜੀਆਂ[ਸੋਧੋ]

ਲੋਕ ਰੂੜੀਆਂ ਲੋਕ-ਧਾਰਾ ਵਿਗਿਆਨ ਦੇ ਖੇਤਰ ਦਾ ਸੰਕਲਪ ਸ਼ਬਦ ਹੈ। ਲੋਕ ਮਨ ਆਪਣੀ ਸਿਜਣਾਤਮਕਤਾ ਦਾ ਪ੍ਰਗਟਾਅ ਕਰਨ ਲਈ ਲੋਕ ਰੂੜੀਆਂ ਨੂੰ ਆਧਾਰ ਬਣਾਉਂਦਾ ਹੈ। ਡਾ. ਨਾਹਰ ਸਿੰਘ ਅਨੁਸਾਰ, “ ਲੋਕ ਰੂੜੀ ਇੱਕ ਪ੍ਰਕਾਰ ਵਿੱਚ ਰੂੜ੍ਹ ਹੋ ਕੇ ਪਰੰਪਰਾ ਵਿੱਚ ਸਥਾਪਿਤ ਹੋ ਚੁੱਕੇ ਮੋਟਿਫ਼ ਹਨ। ” ਹਰ ਲੋਕ ਸਮੂਹ ਆਪਣੀ ਪਰੰਪਰਾ ਵਿੱਚੋਂ ਲੋਕ ਰੂੜੀਆਂ ਲੈ ਕੇ ਵਰਤਦਾ ਹੋਇਆ ਆਪਣੀ ਸੰਚਾਰ ਸਮਰੱਥਾ ਦਾ ਵਾਧਾ ਕਰਦਾ ਹੈ ਅਤੇ ਨਾਲ਼ੋਂ ਨਾਲ਼ ਨਵੀਆਂ ਰੂੜੀਆਂ ਸਿਰਜਦਾ ਜਾਂਦਾ ਹੈ।

‘ਰੂੜੀ’ ਅੰਗਰੇਜ਼ੀ ਦੇ ਸ਼ਬਦ ਮੋਟਿਫ਼ ਦਾ ਪੰਜਾਬੀ ਪਰਿਆਇ ਹੈ। ਜਿਸਦਾ ਅਰਥ ਅਜਿਹੇ ਭਾਵਾਂ ਤੋਂ ਹੈ, ਜਿਸ ਦਾ ਪ੍ਰਭਾਵ ਸੁਤੰਤਰ ਦਿਖਾਈ ਦਿੰਦਾ ਹੋਵੇ। ਹਿੰਦੀ ਦਾ ਸ਼ਬਦ ‘ਅਭਿਪ੍ਰਾਯ’ ਵੀ ਇਸੇ ਭਾਵ ਦਾ ਸੂਚਕ ਹੈ। ਡਾ. ਕ੍ਰਾਂਤੀ ਪਾਲ ਅਨੁਸਾਰ, “ ਲੋਕ-ਧਾਰਾ ਦੇ ਹਰ ਵਰਗ ਵਿੱਚ ਲੋਕ ਰੂੜੀਆਂ ਪਾਈਆਂ ਜਾਂਦੀਆਂ ਹਨ। ਲੋਕ ਚਿੱਤਰਕਾਰੀ ਵਿੱਚ ਰੂਪ-ਰੇਖਾ ਦੇ ਮੋਟਿਫ਼, ਕਹਾਣੀਆਂ ਵਿੱਚ ਰੂੜੀਆਂ ਅਤੇ ਸੰਗੀਤ ਵਿੱਚ ਲੋਕ ਰੂੜੀਆਂ ਹੁੰਦੀਆਂ ਹਨ। ” ਲੋਕ ਰੂੜੀਆਂ ਸੰਸਕ੍ਰਿਤੀ ਦਾ ਆਧਾਰ ਹੁੰਦੀਆਂ ਹਨ ਕਿਉਂਕਿ ਇਹਨਾਂ ਲੋਕ ਰੂੜੀਆਂ ਦੀ ਤਹਿ ਵਿੱਚ ਲੋਕ ਮਨ ਦੀ ਕੋਈ ਨਾ ਕੋਈ ਪ੍ਰਵਿਰਤੀ ਕਿਸੇ ਨਾ ਕਿਸੇ ਰੂਪ ਵਿੱਚ ਕਾਰਜਸ਼ੀਲ ਹੁੰਦੀ ਹੈ। ਲੋਕ ਸੰਸਕ੍ਰਿਤੀ ਦੀਆਂ ਬਹੁਤੀਆਂ ਰੂੜੀਆਂ ਮਨੁੱਖੀ ਆਚਾਰ ਵਿਹਾਰ, ਕਰਨੀ, ਕਥਨੀ ਨਾਲ਼ ਸੰਬੰਧਿਤ ਹੋਣ ਕਰ ਕੇ ਜਾਂ ਤਾਂ ਪ੍ਰਵਿਰਤੀ ਮੁਲਕ ਹੁੰਦੀਆਂ ਹਨ ਜਾਂ ਨਿਸ਼ੇਧਾਤਮਿਕ।


ਹਰੇ ਜਾਤੀ ਦੇ ਸਾਹਿਤ ਦਾ ਆਧਾਰ ਕੁੱਝ ਵਿਸ਼ੇਸ਼ ਲੋਕ ਰੂੜੀਆਂ ਹੁੰਦੇ ਹਨ। ਜੋ ਉਸ ਜਾਤੀ ਦੇ ਚਿੰਨ੍ਹ, ਚਰਿੱਤਰ, ਜੀਵਨ ਵਿਵਹਾਰ, ਸੰਸਕ੍ਰਿਤਿਕ ਪਾਸਾਰ, ਸਮੂਹਕ ਅਨੁਭਵ ਤੇ ਆਦਰਸ਼ਾਂ ਤੇ ਇਤਿਹਾਸਕ ਯਾਤਰਾ ਵਿੱਚੋਂ ਉੱਭਰਦੇ ਹਨ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ, “ ਕਲਾ, ਸਾਹਿਤ, ਨ੍ਰਿਤ, ਧਰਮ, ਵਿਗਿਆਨ ਆਦਿ ਸਭ ਲੋਕ-ਧਾਰਾ ਦੀਆਂ ਰੂੜੀਆਂ ਤੋਂ ਪੈਦਾ ਹੋਏ ਹਨ। ਇਹਨਾਂ ਸਭ ਦੀ ਚੂਲ਼ ਲੋਕ ਰੂੜੀਆਂ ਹੀ ਹਨ। ਲੋਕ-ਧਾਰਾ ਸਾਡੀ ਸੋਚ, ਕਲਾ ਸਾਹਿਤ ਤੇ ਚਿੰਤਨ ਦੀਆਂ ਰੂੜੀਆਂ ਚੋਂ ਪੈਦਾ ਹੋਈ ਹੈ। ਧਰਮ ਦੇ ਅਨੇਕਾਂ ਸਿਧਾਂਤ ਲੋਕ ਰੂੜੀਆਂ ਵਿੱਚ ਹੀ ਪੈਦਾ ਹੁੰਦੇ ਹਨ। ” ਡਾ. ਵਣਜਾਰਾ ਬੇਦੀ ਨੇ ਕਈ ਪ੍ਰਕਾਰ ਦੀਆਂ ਲੋਕ ਰੂੜੀਆਂ ਗਿਣਾਈਆਂ ਹਨ। ਜਿਵੇਂ: 1. ਚਿੰਨ੍ਹਾਤਮਕ ਰੂੜ੍ਹੀਆਂ 2. ਅਨੁਸ਼ਠਾਨਿਕ ਰੂੜ੍ਹੀਆਂ 3. ਧਾਰਮਿਕ ਰੂੜ੍ਹੀਆਂ 4. ਕਲਾਤਮਿਕ ਰੂੜ੍ਹੀਆਂ 5. ਵਿਸ਼ਵਾਸ ਪਰਕ ਰੂੜ੍ਹੀਆਂ 6. ਸੰਕਲਪਾਤਮਿਕ ਰੂੜ੍ਹੀਆਂ। [1]

  1. 1. ਕੇਸਰ ਸਿੰਘ ਕੇਸਰ (ਸੰਪਾ.), ਪੰਜਾਬੀ ਸਾਹਿਤ ਕੋਸ਼ (ਭਾਗ ਤੀਜਾ), ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, (ਉਧਰਿਤ ਡਾ. ਨਾਹਰ ਸਿੰਘ, ਲੋਕ-ਧਾਰਾ ਪੱਤਰ 1973) ਪੰਨਾ 31। 2. ਡਾ. ਕ੍ਰਾਂਤੀ ਪਾਲ, ਹੀਰ ਵਾਰਿਸ ਵਿੱਚ ਲੋਕ ਬਿਰਤਾਂਤ ਦੀਆਂ ਰੂੜ੍ਹੀਆਂ, ਨੈਸ਼ਨਲ ਬੁੱਕ ਸ਼ਾਪ, 2013। 3. ਕਰਨੈਲ ਸਿੰਘ ਥਿੰਦ, ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ, ਰਵੀ ਸਾਹਿਤ ਪ੍ਰਕਾਸ਼ਨ, ਪੰਨਾ 52-53।