ਸਾਧੂ ਦਇਆ ਸਿੰਘ ਆਰਿਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਧੂ ਦਯਾ ਸਿੰਘ ਆਰਿਫ਼ (1894-1946)[1] ਕਰਤਾ ਜ਼ਿੰਦਗੀ ਬਿਲਾਸ ਵੱਡਾ ਵਿਦਵਾਨ ਅਤੇ ਪੰਜਾਬੀ ਕਵੀ ਸੀ। ਉਹਦੇ ਕਿੱਸੇ, ਖਾਸ ਕਰਕੇ 'ਫ਼ਨਾਹ ਦਾ ਮਕਾਨ', 'ਜ਼ਿੰਦਗੀ ਬਿਲਾਸ' ਤੇ 'ਸਪੁਤ੍ਰ ਬਿਲਾਸ' ਲੱਖਾਂ ਦੀ ਗਿਣਤੀ ਵਿਚ ਵਿਕੇ।

ਜ਼ਿੰਦਗੀ[ਸੋਧੋ]

ਸਾਧੂ ਦਯਾ ਸਿੰਘ ਆਰਿਫ ਦਾ ਜਨਮ 26 ਦਸੰਬਰ 1894 ਨੂੰ ਪੰਜਾਬ, ਭਾਰਤ (ਉਦੋਂ ਬਰਤਾਨਵੀ ਭਾਰਤ) ਦੇ ਮੋਗਾ ਜਿਲ੍ਹੇ ਦੇ ਪਿੰਡ "ਜਲਾਲਾਬਾਦ ਪੂਰਬੀ ਦੇ ਸੰਤਾ ਸਿੰਘ ਜੀ ਘਰ ਹੋਇਆ ਸੀ। ਸੁੰਦਰ ਸਿੰਘ ਪਟਵਾਰੀ ਤੋਂ ਫਾਰਸੀ,

ਕਈ ਗੈਰ-ਰਸਮੀ ਅਧਿਆਪਕਾਂ ਦੀ ਮਦਦ ਨਾਲ ਉਸਨੇ ਗੁਰਮੁਖੀ, ਉਰਦੂ, ਫ਼ਾਰਸੀ, ਅਰਬੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਬੋਧ ਹਾਸਲ ਕਰ ਲਿਆ ਸੀ। ਉਸਨੇ ਚੜ੍ਹਦੀ ਉਮਰ ਵਿੱਚ ਹੀ ਨਾ ਕੇਵਲ ਵੇਦ, ਪੁਰਾਣ, ਅਤੇ ਸਿਮਰਤੀਆਂ ਹੀ,ਸਗੋਂ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਦਾ ਵੀ ਅਧਿਐਨ ਕਰ ਲਿਆ ਸੀ। ਇਸਦੇ ਇਲਾਵਾ ਉਸ ਨੇ ਹੋਰ ਆਮ ਗੈਰ ਧਾਰਮਿਕ ਸਾਹਿਤ ਵੀ ਬਹੁਤ ਪੜ੍ਹਿਆ ਸੀ। ਉਸਨੇ ਆਪਣੀ ਪਲੇਠੀ ਕਿਤਾਬ ਫ਼ਨਾਹ ਦਾ ਮਕਾਨ[2], 1914 ਵਿੱਚ ਲਿਖੀ ਸੀ। ਇਸਦੇ ਮਗਰੋਂ ਉਸਦੀ ਸ਼ਾਹਕਾਰ ਰਚਨਾ ਜ਼ਿੰਦਗੀ ਬਿਲਾਸ[3] 1915-16 ਵਿੱਚ ਲਿਖੀ ਜਦੋਂ ਅਜੇ ਉਸ ਦੀ ਉਮਰ ਸਿਰਫ 22 ਸਾਲ ਸੀ। ਕਿਹਾ ਜਾਂਦਾ ਹੈ ਕਿ ਜਿੰਦਗੀ ਬਿਲਾਸ, ਹੀਰ ਵਾਰਿਸ ਸ਼ਾਹ ਤੋਂ ਬਾਅਦ ਸਭ ਤੋਂ ਵੱਧ ਵਿਕਣ ਵਾਲੀ ਸਾਹਿਤਕ ਕਿਰਤ ਹੈ। ਇਸ ਕਿਰਤ ਵਿੱਚ ਉਸ ਨੇ ਜਿੰਦਗੀ ਦੇ 100 ਸਾਲਾਂ ਦਾ ਹਾਲ ਲਿਖਿਆ ਹੈ। ਉਸ ਦੀ ਬਿੰਬਾਵਲੀ ਅਤੇ ਭਾਸ਼ਾ ਕਮਾਲ ਦੀ ਹੈ। ਉਸ ਦੀਆਂ ਸਪੁੱਤਰ ਬਿਲਾਸ, ਫਨਾਹ ਦਰ ਮਕਾਨ, ਇਨਕਲਾਬੀ ਗੁਰੂ ਗੋਬਿੰਦ ਸਿੰਘ ਆਦਿ ਰਚਨਾਵਾਂ ਵੀ ਪ੍ਰਸਿਧ ਹਨ।

ਬਾਅਦ ਵਿੱਚ ਦਯਾ ਸਿੰਘ ਨੇ ਇੱਕ 'ਢਾਡੀ ਜੱਥਾ' ਬਣਾ ਲਿਆ ਅਤੇ ਸਿੱਖ ਗੁਰੂ ਸਾਹਿਬਾਨ, ਯੋਧਿਆਂ ਅਤੇ ਸ਼ਹੀਦਾਂ ਦੀ ਉਸਤਤ ਵਿੱਚ 'ਪ੍ਰਸੰਗ' ਲਿਖਣਾ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਕਿਤਾਬ, ਸਪੁੱਤਰ ਬਿਲਾਸ 1921 ਵਿੱਚ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਸਰਦਾਰ ਕੁਲਤਾਰ ਸਿੰਘ ਨੂੰ ਸੰਬੋਧਿਤ ਕੀਤਾ ਗਿਆ ਸੀ।

ਦਯਾ ਸਿੰਘ ਬਾਰੇ ਪੁਸਤਕਾਂ[ਸੋਧੋ]

  • ਸਾਧੂ ਦਯਾ ਸਿੰਘ ਆਰਿਫ਼ ਦੀਆਂ ਕਾਵਿ-ਜੁਗਤਾਂ (ਪੰਜਾਬੀ ਯੂਨੀਵਰਸਿਟੀ ਪ੍ਰਕਾਸ਼ਨ)

ਨਮੂਨਾ[ਸੋਧੋ]

(ਸਾਧੂ ਦਯਾ ਸਿੰਘ ਆਰਿਫ਼ ਦੇ ‘ਜ਼ਿੰਦਗੀ ਬਿਲਾਸ‘ ਵਿਚੋਂ)[4]

ਖ਼ਬਰ ਨਹੀਂ ਪਿਆਰਿਆ ਵਿਚ ਦੁਨੀਆਂ,
ਕਾਇਮ ਰਹੇਗਾ ਨਾਮ-ਓ-ਨਿਸ਼ਾਨ ਭਲਕੇ।
ਖ਼ਬਰ ਨਹੀਂ ਬਾਜ਼ਾਰ ਦੇ ਬਾਣੀਏ ਨੇ,
ਛੱਡ ਚੱਲਣਾ ਸ਼ਹਿਰ ਮੁਲਤਾਨ ਭਲਕੇ।
ਖ਼ਬਰ ਨਹੀਂ ਕਿ ਅਤਰ-ਫ਼ਲੇਲ ਮਲੀਏ,
ਹੋਣਾ ਜੰਗਲਾਂ ਵਿਚ ਅਸਥਾਨ ਭਲਕੇ।
ਖ਼ਬਰ ਨਹੀਂ ਜੇ ਇਸ ਕਲਬੂਤ ਵਿਚੋਂ,
ਕੱਢ ਲੈਣ ਜਮਦੂਤ ਪਰਾਣ ਭਲਕੇ।
ਪਤਾ ਰੱਬ ਕਰੀਮ ਨੂੰ ਦਯਾ ਸਿੰਘਾ,
ਕਾਇਮ ਰਹੇਗਾ ਜ਼ਮੀਂ ਆਸਮਾਨ ਭਲਕੇ।


ਉੱਨੀ ਸਾਲ ਵਿਚ ਊਤ ਨਾ ਸੋਚਿਆ ਤੈਂ
ਸਦਾ ਨਹੀਂ ਜੇ ਹੁਸਨ ਦੀ ਝੜੀ ਰਹਿਣੀ,
ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ
ਦੌਲਤ ਵਿਚ ਜ਼ਮੀਨ ਦੇ ਪੜੀ ਰਹਿਣੀ,
ਕੋਈ ਰੋਜ਼ ਤੂੰ ਸੜਕ 'ਤੇ ਸੈਰ ਕਰ ਲੈ
ਬੱਘੀ ਵਿਚ ਤਬੇਲੇ ਦੇ ਖੜ੍ਹੀ ਰਹਿਣੀ,
ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ
ਗੁੱਡੀ ਸਦਾ ਨਾ ਜੱਗ 'ਤੇ ਚੜ੍ਹੀ ਰਹਿਣੀ।

ਹਵਾਲੇ[ਸੋਧੋ]