ਹੁੰਜ਼ਾ ਘਾਟੀ
ਹੁੰਜ਼ਾ ਘਾਟੀ ਪਾਕ ਕਸ਼ਮੀਰ ਦੇ ਗਿੱਲਗਿਤ ਬਲਤਿਸਤਾਨ ਖੇਤਰ ਦੇ ਹੁੰਜ਼ਾ ਨਗਰ ਜ਼ਿਲ੍ਹੇ ਵਿੱਚ ਸਥਿਤ ਇੱਕ ਘਾਟੀ ਹੈ। ਇਹ ਗਿੱਲਗਿਤ ਦੇ ਉੱਤਰ ਵਿੱਚ ਨਗਰ ਵਾਦੀ ਦੇ ਨੇੜੇ ਰੇਸ਼ਮ ਮਾਰਗ ਪਰ ਸਥਿਤ ਹੈ। ਇਸ ਵਿੱਚ ਕਈ ਛੋਟੀਆਂ ਛੋਟੀਆਂ ਬਸਤੀਆਂ ਦਾ ਜਮਾਵੜਾ ਹੈ। ਸਭ ਤੋਂ ਬੜੀ ਬਸਤੀ ਕਰੀਮਾਬਾਦ ਹੈ, ਹਾਲਾਂਕਿ ਉਸਦਾ ਮੂਲ ਨਾਮ "ਬਲਤਤ" ਸੀ। ਘਾਟੀ ਤੋਂ ਰਾਕਾ ਪੋਸ਼ੀ ਦਾ ਨਜ਼ਾਰਾ ਬਹੁਤ ਸੁੰਦਰ ਹੈ। ਇਥੋਂ ਦੇ ਮੁੱਖ ਕਿੱਤੇ ਪਾਕਿਸਤਾਨੀ ਸੈਨਾ ਅਤੇ ਸੈਰ ਸਪਾਟੇ ਨਾਲ ਸੰਬੰਧਿਤ ਹਨ। ਵਾਦੀ ਵਿੱਚੋਂ ਹੁੰਜ਼ਾ ਨਦੀ ਗੁਜ਼ਰਦੀ ਹੈ।
ਇਤਿਹਾਸ
[ਸੋਧੋ]ਹੁੰਜ਼ਾ ਦਾ ਇਲਾਕਾ ਉੱਤਰ ਪੂਰਬ ਵਿੱਚ ਚੀਨ ਤੇ ਉੱਤਰ ਪੱਛਮ ਵਿੱਚ ਪਾਮੀਰ ਦੇ ਨਾਲ਼ ਲੱਗਦਾ ਹੈ। 1974 ਤੋਂ ਪਹਿਲਾਂ ਇਥੇ ਸ਼ਾਹੀ ਰਾਜ ਚਲਦਾ ਸੀ ਜਿਸ ਨੂੰ ਜ਼ੁਲਫ਼ਕਾਰ ਅਲੀ ਭੁੱਟੋ ਨੇ ਮੁਕਾ ਦਿੱਤਾ ਸੀ। ਹੁੰਜ਼ਾ ਦੇ ਦੱਖਣ ਚ ਗਿੱਲਗਿਤ ਤੇ ਪੂਰਬ ਵਿੱਚ ਸਾਬਕਾ ਸ਼ਾਹੀ ਰਾਜ ਦਾ ਇਲਾਕਾ ਨਗਰ ਹੈ।
ਮੌਸਮ
[ਸੋਧੋ]ਹੁੰਜ਼ਾ ਵਿੱਚ ਮੌਸਮ ਸਿਆਲ਼ ਵਿੱਚ ਠੰਡ ਤੇ ਗਰਮੀਆਂ ਵਿੱਚ ਮੌਸਮ ਸੁਹਾਵਣਾ ਹੁੰਦਾ ਹੈ। ਸਿਆਲ਼ ਵਿੱਚ ਤਾਪਮਾਨ ਮਨਫ਼ੀ 10 ਡਿਗਰੀ ਸੈਂਟੀਗ੍ਰੇਡ ਤੱਕ ਹੁੰਦਾ ਹੈ, ਜਦੋਂ ਕਿ ਗਰਮੀਆਂ ਵਿੱਚ ਤਾਪਮਾਨ 15 ਡਿਗਰੀ ਸੈਂਟੀਗ੍ਰੇਡ ਤੱਕ ਹੁੰਦਾ ਹੈ।
ਲੋਕ
[ਸੋਧੋ]ਹੁੰਜ਼ਾ ਦੇ ਲੋਕ ਬਹੁਤ ਮਹਿਮਾਨ ਨਵਾਜ਼ ਹਨ, ਇਥੇ ਦੇ ਲੋਕ ਅਮਨ ਪਸੰਦ ਤੇ ਮਹਿਮਾਨਾਂ ਦਾ ਖ਼ਿਆਲ ਰੱਖਣ ਵਾਲੇ ਹਨ। ਹੁੰਜ਼ਾ ਦੇ ਲੋਕ ਬਰੋਸ਼ੋ ਕੌਮ ਨਾਲ਼ ਤਾਅਲੁੱਕ ਰੱਖਦੇ ਹਨ ਤੇ ਇੰਨਾਂ ਦੀ ਵੱਡੀ ਗਿਣਤੀ ਬਰੋਸ਼ਸਕੀ ਬੋਲੀ ਬੋਲਦੀ ਹੈ ਤੇ ਕੁੱਝ ਸ਼ੀਨਾ ਤੇ ਵਾਖੀ ਬੋਲੀ ਵੀ ਬੋਲਦੇ ਹਨ। ਇਸ ਦੇ ਇਲਾਵਾ ਉਰਦੂ ਤਕਰੀਬਨ ਸਭ ਲੋਕ ਹੀ ਬੋਲਦੇ ਹਨ ਅਤੇ ਅੰਗਰੇਜ਼ੀ ਵੀ ਹਰ ਪੜ੍ਹਿਆ ਲਿਖਿਆ ਜਾਣਦਾ ਹੈ। ਇਥੇ ਪੜ੍ਹਾਈ ਦਾ ਤਨਾਸੁਬ 90 ਫ਼ੀਸਦੀ ਤੋਂ ਵੱਧ ਹੈ ਤੇ ਇਥੋਂ ਦਾ ਤਕਰੀਬਨ ਹਰ ਬਾਲਕ ਹੀ ਛੋਟੀ ਜਮਾਤ ਤੀਕਰ ਪੜ੍ਹਾਈ ਜ਼ਰੂਰ ਕਰਦਾ ਹੈ।
ਹੁੰਜ਼ਾ ਦੇ ਪਹਾੜ
[ਸੋਧੋ]ਹੁੰਜ਼ਾ ਵਿੱਚ ਬਹੁਤ ਸਾਰੇ ਨਿੱਕੇ ਵੱਡੇ ਪਹਾੜ ਹਨ, ਜਿਨ੍ਹਾਂ ਚ ਰਾਕਾ ਪੋਸ਼ੀ 7788 ਮੀਟਰ, ਗੋਲਡਨ ਪੀਕ 7027 ਮੀਟਰ, ਦੈਰਾਨ 7275 ਮੀਟਰ ਤੇ ਉਸ ਦੇ ਇਲਾਵਾ ਬਿਆਫ਼ੋ ਗਲੇਸ਼ੀਅਰ ਮਸ਼ਹੂਰ ਹਨ।
ਹੁੰਜ਼ਾ ਦੀ ਰਾਜਧਾਨੀ
[ਸੋਧੋ]ਪ੍ਰਾਚੀਨ ਹੁੰਜ਼ਾ ਰਾਜ ਦੀ ਸੱਤਾ ਦੀ ਪਹਿਲੀ ਸੀਟ ਅਲਤਿਤ ਸੀ। ਬਾਅਦ ਵਿੱਚ ਇਸ ਨੂੰ ਬਲਤਿਤ (ਅਜੋਕਾ ਕਰੀਮਾਬਾਦ) ਸ਼ਿਫਟ ਕਰ ਦਿੱਤਾ ਗਿਆ। 1974 ਵਿੱਚ ਸ਼ਾਹੀ ਰਾਜ ਦੇ ਪਤਨ ਤਕ, ਬਲਤਿਤ ਹੁੰਜ਼ਾ ਰਾਜ ਦਾ ਸਿਆਸੀ ਕੇਂਦਰ ਅਤੇ ਇਸ ਦੀ ਰਾਜਧਾਨੀ ਬਣਿਆ ਰਿਹਾ। ਅੱਜ, ਬਲਤਿਤ ਹੁੰਜ਼ਾ ਦੇ ਪ੍ਰਮੁੱਖ ਸੈਲਾਨੀ ਟਿਕਾਣਿਆਂ ਵਿੱਚੋਂ ਇੱਕ ਹੈ। ਪਰ ਸਰਗਰਮੀਆਂ ਦਾ ਕੇਂਦਰ ਨੇੜਲੇ ਸ਼ਹਿਰ ਅਲੀਆਬਾਦ ਵੱਲ ਚਲਾ ਗਿਆ ਹੈ, ਜੋ ਇਸ ਖੇਤਰ ਦਾ ਵਪਾਰਕ ਕੇਂਦਰ ਹੈ ਅਤੇ ਜਿਥੇ ਸਭ ਸਰਕਾਰੀ ਬੁਨਿਆਦੀ ਸਹੂਲਤਾਂ ਮਿਲ੍ਦੇਆਂ ਹਨ।