ਛੱਜ ਕੁੱਟਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੱਜ ਕੁੱਟਣਾ ਵੀ ਵਿਆਹ ਦੀ ਇਕ ਰਸਮ ਹੈ ਜੋ ਮੁੰਡੇ/ਕੁੜੀ ਦੇ ਵਿਆਹ ਸਮੇਂ ਨਾਨਕੀਆਂ ਰਾਤ ਨੂੰ ਕੱਠੀਆਂ ਹੋ ਕੇ ਪੂਰੀ ਕਰਦੀਆਂ ਹਨ। ਛੱਜ ਕੁੱਟਣ ਸਮੇਂ ਗੀਤ ਵੀ ਗਾਉਂਦੀਆਂ ਹਨ। ਪਹਿਲੇ ਸਮਿਆਂ ਵਿਚ ਵਿਆਹ ਦੀ ਸਾਰੀ ਤਿਆਰੀ ਹੱਥੀਂ ਕੀਤੀ ਜਾਂਦੀ ਸੀ। ਤਿੰਨ-ਤਿੰਨ ਰਾਤਾਂ ਤਾਂ ਬਰਾਤਾਂ ਠਹਿਰਦੀਆਂ ਹੁੰਦੀਆਂ ਸਨ। ਵਿਆਹਾਂ ਵਿਚ ਨਾਨਕੇ ਮੇਲ ਦੀ ਪੂਰੀ ਟੌਅਰ ਹੁੰਦੀ ਸੀ। ਨਾਨਕੇ ਮੇਲ ਵਿਚ ਨੱਚਣ ਵਾਲੀਆਂ, ਗਿੱਧਾ ਪਾਉਣ ਵਾਲੀਆਂ ਤੇ ਬੋਲੀਆਂ ਪਾਉਣ ਵਾਲੀਆਂ ਕੁੜੀਆਂ ਤੇ ਬਹੂਆਂ ਨੂੰ ਵਿਸ਼ੇਸ਼ ਤੌਰ ਤੇ ਲੈ ਕੇ ਜਾਂਦੇ ਸਨ। ਜਿਸ ਦਿਨ ਮੁੰਡੇ ਦੀ ਬਰਾਤ ਵਿਆਹੁਣ ਜਾਂਦੀ ਸੀ, ਉਸ ਰਾਤ ਨੂੰ ਨਾਨਕੀਆਂ ਛੱਜ ਕੁੱਟਦੀਆਂ ਸਨ। ਏਸੇ ਤਰ੍ਹਾਂ ਜਦ ਵਿਆਹੁਲੀ ਕੁੜੀ ਦੀ ਡੋਲੀ ਸਹੁਰੀ ਤੁਰ ਜਾਂਦੀ ਸੀ, ਉਸ ਰਾਤ ਨੂੰ ਨਾਨਕੀਆਂ ਛੱਜ ਕੁੱਟਦੀਆਂ ਸਨ।

ਛੱਜ ਸਲਵਾੜ ਦੀਆਂ ਤੀਲਾਂ ਦਾ ਬਣਿਆ ਹੁੰਦਾ ਸੀ/ਹੈ। ਛੱਜ ਆਮ ਤੌਰ ਤੇ ਮੁੰਡੇ/ਕੁੜੀ ਦੀ ਮਾਮੀ ਕੁੱਟਦੀ ਸੀ। ਮਾਮੀ ਦੇ ਹੱਥ ਵਿਚ ਛੱਜ ਕੁੱਟਣ ਲਈ ਘੁੰਗਰੂਆਂ ਵਾਲਾ ਡੰਡਾ ਫੜਿਆ ਹੁੰਦਾ ਸੀ। ਨਾਨਕੀਆਂ ਗਿੱਧਾ ਵੀ ਪਾਈ ਜਾਂਦੀਆਂ ਸਨ। ਨੱਚੀ ਵੀ ਜਾਂਦੀਆਂ ਸਨ। ਬੋਲੀ ਵੀ ਪਾਈ ਜਾਂਦੀਆਂ ਸਨ। ਜਦ ਬੋਲੀ ਖ਼ਤਮ ਹੋਣ ਤੇ ਆਉਂਦੀ ਸੀ ਤਾਂ ਮਾਮੀ ਛੱਜ ਤੇ ਡੰਡਾ ਤੇ ਡੰਡਾ ਮਾਰਦੀ ਸੀ। ਫੇਰ ਦੂਜੀ ਬੋਲੀ ਪਾਈ ਜਾਂਦੀ ਸੀ।ਮਾਮੀ ਦਾ ਡੰਡਾ ਫੇਰ ਛੱਜ ਤੇ ਚੱਲਦਾ ਸੀ। ਏਸ ਤਰ੍ਹਾਂ ਨਾਨਕੀਆਂ ਛੱਜ ਨੂੰ ਕੁੱਟ ਕੁੱਟ ਕੇ ਤੋੜ ਦਿੰਦੀਆਂ ਸਨ। ਇਹ ਹੁੰਦੀ ਸੀ ਛੱਜ ਕੁੱਟਣ ਦੀ ਰਸਮ।ਹੁਣ ਜਿਆਦਾ ਵਿਆਹ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ। ਜਿੱਥੇ ਮੁੰਡੇ ਅਤੇ ਕੁੜੀ ਦੇ ਸਾਰੇ ਰਿਸ਼ਤੇਦਾਰ ਸਵੇਰੇ ਸਿੱਧੇ ਆਉਂਦੇ ਹਨ। ਸ਼ਾਮ ਨੂੰ ਵਿਆਹ ਖ਼ਤਮ ਹੋਣ ਤੇ ਆਪਣੇ-ਆਪਣੇ ਘਰੀਂ ਮੁੜ ਜਾਂਦੇ ਹਨ। ਹੁਣ ਮੁੰਡੇ/ਕੁੜੀ ਦੇ ਵਿਆਹ ਸਮੇਂ ਬਹੁਤੇ ਪਰਿਵਾਰ ਛੱਜ ਕੁੱਟਣ ਦੀ ਥੋੜ੍ਹੀ ਜਿਹੀ ਰਸਮ ਹੀ ਪੂਰੀ ਕਰਦੇ ਹਨ ਜੋ ਵੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ।[1]

ਛੱਜ ਭੰਨਣਾ ਮੁੰਡੇ ਕੁੜੀਆਂ ਦੇ ਵਿਆਹ ਵਿੱਚ ਰਾਤ ਨੂੰ ਜਾਗੋ ਕੱਢਦੇ ਸਮੇਂ ਨਾਨਕਿਆਂ ਵੱਲੋਂ ਨੱਚ-ਟੱਪ ਕੇ ਸੱਭਿਆਚਾਰਕ ਲੋਕ ਬੋਲੀਆਂ ਅਤੇ ਰੀਤਾਂ ਨਾਲ ਦਾਦਕਿਆਂ ਵੱਲੋਂ ਦਿਤਾ ਗਿਆ ਛੱਜ ਭੰਨਿਆ ਜਾਂਦਾ ਹੈ। ਇਹ ਵਿਆਹ ਦੀ ਰਸਮ ਹੈ। ਇਸ ਵਿੱਚ ਨਾਨਕਿਆਂ ਅਤੇ ਦਾਦਕਿਆਂ ਦੇ ਬੋਲੀਆਂ ਦੇ ਮੁਕਾਬਲੇ ਵਿੱਚ ਛੱਜ ਭੰਨਿਆ ਜਾਂਦਾ ਹੈ। ਆਮ ਤੌਰ ਉੱਤੇ ਛੱਜ ਘਰਾਂ ਵਿੱਚ ਕਣਕ ਜਾਂ ਦਾਣੇ ਛਾਣਨ ਲਈ ਵਰਤਿਆ ਜਾਂਦਾ ਹੈ। ਛੱਜ ਨੂੰ ਬਣਾਉਣ ਲਈ ਤੀਲਾ, ਚਮੜੇ ਅਤੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਛੱਜ ਭੰਨਣ ਸਮੇਂ ਜਿਹੜੀ ਬੋਲੀ ਪਈ ਜਾਂਦੀ ਹੈ ਉਹ ਹੈ: 'ਚੱਕ ਚਰਖਾ ਪਰ੍ਹਾਂ ਕਰ ਪੀੜ੍ਹੀ, ਭਬਕੇ ਨੂੰ ਵੱਜ ਲੈਣ ਦੇ'। ਇਸ ਬੋਲੀ ਤੋਂ ਸਪਸ਼ਟ ਹੈ ਕਿ ਨਾਨਕੀਆਂ ਦਾਦਕੀਆਂ ਨੂੰ ਜਿਨਸੀ ਪ੍ਰਤੀਕ ਵਰਤ ਕੇ ਛੇੜ ਰਹੀਆਂ ਹਨ। ਭਬਕਾ ਲਿੰਗ ਦਾ ਪ੍ਰਤੀਕ ਹੈ। ਇੱਕ ਹੋਰ ਬੋਲੀ ਹੈ। 'ਜੇਠ ਚੱਲਿਆ ਨੌਕਰੀ ਜਠਾਣੀ ਦਾ ਮੁੰਹ ਬੱਗਾ ਨੀ ਜਠਾਣੀਏਂ ਥਾਲ਼ੀ ਵਿੱਚ ਭਬਕਾ ਵੱਜਾ। ਦੇਰ ਚੱਲਿਆ ਨੌਕਰੀ ਦਰਾਣੀ ਦਾ ਮੁੰਹ ਬੱਗਾ ਨੀ ਦਰਾਣੀਏਂ ਹੁਣ ਭੱਬਕੇ ਦਾ ਪਤਾ ਲੱਗਾ। ਅਸਲ ਵਿੱਚ ਕੁੜੀਆਂ ਨੂੰ ਭਬਕੇ ਦੇ ਅਰਥ ਨਹੀਂ ਪਤਾ। ਇਸ ਲਈ ਉਹ ਨਿਝਕ ਹੀ ਬੋਲੀ ਪਾਈ ਜਾਂਦੀਆਂ ਹਨ। ਭਬਕੇ ਦਾ ਅਰਥ ਹੈ - ਗਿਲਾਸ, ਜੋ ਲਿੰਗ ਦਾ ਪ੍ਰਤੀਕ ਹੈ। ਦਾਦਕੀਆਂ ਛੱਜ ਭਿਉਂ ਕੇ ਰੱਖਦੀਆਂ ਸਨ ਤਾਂ ਕਿ ਇਹ ਟੁੱਟ ਨਾ ਸਕੇ ਅਤੇ ਇਸ ਦੇ ਮੰਦੇ ਅਰਥ ਨਾ ਨਿੱਕਲ ਸਕਣ, ਭਾਵ ਨਾਨਕੀਆਂ ਜਿੱਤ ਨਾ ਸਕਣ।

ਪੰਜਾਬੀ ਕਹਾਵਤਾਂ ਵਿੱਚ ਵੀ ਛੱਜ ਨੂੰ ਵਰਤਿਆ ਜਾਂਦਾ ਹੈ। ਕਿਸੇ ਝੂਠੇ ਬੰਦੇ ਨੂੰ ਟੋਕਣ ਅਤੇ ਚੁੱਪ ਕਰਾਉਣ ਲਈ ਕਿਹਾ ਜਾਂਦਾ ਹੈ ਕਿ ‘‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’’ ਅਤੇ ਕਿਸੇ ਗੱਲ ਨੂੰ ਜਿਆਦਾ ਉਛਾਲਣ ਤੇ ‘‘ਛੱਜ ਵਿੱਚ ਪਾ ਕੇਛੱਟਣਾ’’ਕਹਾਵਤ ਵਰਤੀ ਜਾਂਦੀ ਹੈ। ਭਾਵੇਂ ਕਿ ਛੱਜ ਅੱਜ ਖਲਵਾੜਿਆਂ ਦਾ ਸੁਲਤਾਨ ਤਾਂ ਨਹੀਂ ਰਿਹਾ ਪਰ ਅੱਜ ਵੀ ਕਾਫੀ ਪੰਜਾਬੀ ਘਰਾਂ ਵਿੱਚ ਬਰਕਤ, ਭਾਗ ਅਤੇ ਦਾਨ ਦੇਣ ਦੇ ਪ੍ਰਤੀਕ ਵੱਜੋਂ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਛੱਜ ਦਾ ਅੱਜ ਵੀ ਪੰਜਾਬ ਵਿਰਾਸਤ ਵਿੱਚ ਵਜੂਦ ਕਾਇਮ ਹੈ ਅਤੇ ਅੱਗੇ ਵੀ ਰਹੇਗਾ।[2]

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਛੱਜ ਉਹਲੇ ਛਾਣਨੀ,ਪਰਾਂਤ ਉਹਲੇ ਤਵਾ ਓਏ,
ਪਰਾਂਤ ਉਹਲੇ ਤਵਾ ਓਏ,
ਦਾਦਕਿਆ ਦਾ ਮੇਲ ਆਇਆ,
ਬਾਜੀਗਰਾ ਦਾ ਰਵਾ ਓਏ,

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਸੁਖਵੀਰ ਸਿੰਘ ਕੰਗ , ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ, ਤਹਿ: ਸਮਰਾਲਾ ਜ਼ਿਲ੍ਹਾ ਲੁਧਿਆਣਾ ਮੋਬਾ: 85678-72291