ਚੌਬੀਸਾਵਤਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੌਬੀਸਾਵਤਾਰ[ਸੋਧੋ]

ਚੌਬੀਸਾਵਤਾਰ ਦਸਮ ਗ੍ਰੰਥ ਵਿੱਚ ਸੰਕਲਿਤ ਇੱਕ ਮਹੱਤਵਪੂਰਨ ਰਚਨਾ ਹੈ।ਇਹ ਰਚਨਾ ਸੁਤੰਤਰ ਹੁੰਦੇ ਹੋਏ ਵੀ 'ਬਚਿਤ੍ਰ-ਨਾਟਕ' ਦਾ ਇੱਕ ਅੰਗ ਹੈ। ਇਸ ਰਚਨਾ ਦਾ ਪਿਛੋਕੜ ਅਵਤਾਰਵਾਦ ਹੈ ਜੋ ਪੁਰਾਣ ਸਾਹਿਤ ਦੀ ਪ੍ਰਮੁੱਖ ਪ੍ਰਵਿਰਤੀ ਹੈ। ਵਿਸ਼ੇਸ਼ਤਾਵਾਂ ਨਾਲ ਭਰਪੂਰ ਇਸ ਰਚਨਾ ਅਨੁਸਾਰ ਵਿਸ਼ਣੂ ਖੁਦ ਸ੍ਰਿਸ਼ਟੀ ਦੀ ਉਤਪਤੀ, ਸਥਿਤੀ ਅਤੇ ਲਯ ਦਾ ਕਾਰਣ ਨਹੀਂ ਹੈ। ਸਰਵ ਸ਼ਕਤੀਮਾਨ ਸੱਤਾ ਕਾਲਪੁਰਖ ਹੈ, ਵਿਸ਼ਨੂੰ ਉਸ ਦੇ ਅਧੀਨ ਹੈ, ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦਾ ਹੋਇਆ ਅਵਤਾਰ ਧਾਰਨ ਕਰਦਾ ਹੈ| ਕਵੀ ਵੱਲੋਂ ਕਾਲਪੁਰਖ ਨੂੰ ਮਹਾਨ ਸੱਤਾ ਮੰਨ ਕੇ ਵਿਸ਼ਨੂੰ, ਰੁਦਰ ਅਤੇ ਬ੍ਰਹਮ ਤਿੰਨਾਂ ਅਵਤਾਰ ਪਰੰਪਰਾਵਾਂ ਦੀ ਭਾਵਨਾ ਨੂੰ ਚੰਗੀ ਤਰ੍ਹਾਂ ਆਤਮਸਾਤ ਨਹੀਂ ਕੀਤਾ ਗਿਆ। 'ਚੌਬੀਸਾਵਤਾਰ' ਰਚਨਾ ਵਿਚਲੇ ਅਵਤਾਰਾਂ ਦਾ ਅੰਤ ਉਹਨਾਂ ਦੇ ਹੰਕ ਹੋਣ ਕਾਰਨ ਜਾਂ ਆਪਣੇ ਆਪ ਪਰਮ-ਸੱਤਾ ਸਮਝਣ ਕਾਰਨ ਹੋਇਆ ਹੈ। ਇਸ ਰਚਨਾ ਵਿੱਚ ਤਦ - ਵਕਤੀ ਸਮੱਸਿਆਵਾਂ ਦਾ ਸਮਾਧਾਨ ਕਰਣ ਲਈ ਪ੍ਰੇਰਨਾ ਦਿੱਤੀ ਗਈ ਹੈ। ਰਾਖਸ਼ੀ ਅਤੇ ਦੇਵਤਾ ਦੋ ਪਰਸਪਰ ਵਿਰੋਧੀ ਸ਼ਕਤੀਆਂ ਦਾ ਦੁਅੰਦ ਆਦਿ ਕਾਲ ਤੋਂ ਚਲਿਆ ਰਿਹਾ ਹੈ। ਰਾਖਸ਼ੀ ਸ਼ਕਤੀ ਅਧਰਮ ਦਾ ਪ੍ਰਤੀਕ ਹੈ ਅਤੇ ਦੇਵਤਾ ਧਰਮ ਦਾ। 'ਚੌਬੀਸਾਵਤਾਰ' ਵਿਚਲੇ ਅਵਤਾਰਾਂ ਦੇ ਪ੍ਰਸੰਗਾਂ ਦੇ ਕਥਾਨਕ ਆਪਣੇ ਸਰੋਤਾਂ ਤੋਂ ਹਟ ਕੇ ਰਚੇ ਗਏ ਹਨ।[1]

ਇਸ ਵਿੱਚ ਵਿਸ਼ਣੂ ਦੇ 24 ਅਵਤਾਰਾਂ ਤੋਂ ਇਲਾਵਾ ਅੰਤ ਉੱਤੇ ਮੀਰ ਮਹਿੰਦੀ ਦਾ ਪ੍ਰਸੰਗ ਵੀ ਆਇਆ ਹੈ। ਸਾਰੀਆਂ ਅਵਤਾਰ ਕਥਾਵਾਂ ਆਪਣੇ ਮਹੱਤਵ ਅਨੁਰੂਪ ਵਰਣਿਤ ਕੀਤੀਆਂ ਗਈਆਂ ਹਨ। ਹਰ ਇੱਕ ਅਵਤਾਰ ਕਥਾ ਦੇ ਅੰਤ ਉੱਤੇ ਪੁਸ਼ਪਿਕਾਵਾਂ ਲਿਖੀਆਂ ਹੋਈਆਂ ਹਨ।ਛਪੀਆਂ ਹੋਈਆਂ ਬੀੜਾਂ ਵਿੱਚ ਇਸ ਦੀ ਛੰਦ ਗਿਣਤੀ 2492 ਹੈ।ਭਾਈ ਮਨੀ ਸਿੰਘ ਵਾਲੀ ਬੀੜ ਨਾਲੋਂ ਇਸ ਅਵਤਾਰ ਕਥਾ ਦੇ 43 ਛੰਦ ਘੱਟ ਹਨ। ਸੰਗਰੂਰ ਵਾਲੀ ਬੀੜ ਵਿੱਚ ਕੁਲ 2559 ਛੰਦ ਹਨ, ਜਦਕਿ ਪਟਨੇ ਵਾਲੀ ਬੀੜ ਵਿੱਚ ਛੰਦ ਗਿਣਤੀ 2580 ਹੈ। ਸਪਸ਼ਟ ਹੈ ਕਿ ਇਸ ਰਚਨਾ ਦੀ ਛੰਦ ਗਿਣਤੀ ਵਿੱਚ ਫ਼ਰਕ ਹੈ। ਇਸ ਤੋਂ ਇਲਾਵਾ ਸੰਗਰੂਰ ਅਤੇ ਪਟਨੇ ਵਾਲੀਆਂ ਬੀੜਾਂ ਵਿੱਚ ਇਸ ਦੇ ਆਰੰਭ ਵਿੱਚ 'ਉਸਤਤਿ ਸ਼੍ਰੀ ਭਵਾਨੀ ਜੀ ਕੀ' ਦੇ 34 ਛੰਦ ਲਿਖੇ ਹਨ, ਇਹ ਛੰਦ ਪ੍ਰਕਾਸ਼ਿਤ ਬੀੜਾਂ ਵਿੱਚ ਨਹੀਂ ਹਨ। ਅਸਲ ਵਿੱਚ 'ਚੰਡੀ ਚਰਿੱਤਰ-2' ਦੇ ਸੱਤਵੇਂ ਅਧਿਆਏ ਵਿੱਚ 223 ਤੋਂ 256 ਤੱਕ ਜੋ ਦੇਵੀ ਕੀ ਉਸਤਤਿ ਦੇ 34 ਛੰਦ ਲਿਖੇ ਹਨ, ਉਹ ਇੱਥੋਂ ਦੇ ਹਨ। ਉਥੇ ਇਹ ਅਪ੍ਰਸੰਗਿਕ ਤੌਰ 'ਤੇ ਦਰਜ ਹੋਏ ਪ੍ਰਤੀਤ ਹੁੰਦੇ ਹਨ। ਇਸ ਰਚਨਾ ਦੀਆਂ ਪੁਸ਼ਪਿਕਾਵਾਂ ਬਹੁਤ ਅਸੰਤੁਲਿਤ ਅਤੇ ਅਵਿਵਸਥਿਤ ਹਨ। ਸੰਗਰੂਰ ਅਤੇ ਪਟਨੇ ਵਾਲੀਆਂ ਬੀੜਾਂ ਵਿੱਚ 'ਉਸਤਤਿ ਸ਼੍ਰੀ ਭਵਾਨੀ ਜੀ ਕੀ' ਤੋਂ ਬਾਅਦ ਇਸ ਰਚਨਾ ਦਾ ਵਿਭਾਜਨ ਚਾਰ ਖੰਡਾਂ ਵਿੱਚ ਹੋਇਆ ਹੈ - ਦਸਮ ਕਥਾ (ਬਾਲਪਨ), ਰਾਸ ਮੰਡਲ, ਬਿਰਹ ਨਾਟਕ, ਅਤੇ ਜੁਧ- ਪ੍ਰਬੰਧ। ਇਸ ਵਿਭਾਜਨ ਤੋਂ ਸਪਸ਼ਟ ਹੈ ਕਿ ਇਹ ਰਚਨਾ ਖੰਡਾਂ ਵਿੱਚ ਲਿਖੀ ਗਈ ਸੀ, ਪਰ ਬਾਅਦ ਵਿੱਚ ਇਸ ਨੂੰ ਇੱਕ ਇਕਾਈ ਬਣਾ ਦਿੱਤਾ ਗਿਆ।ਪ੍ਰਕਾਸ਼ਿਤ ਬੀੜਾਂ ਦੇ ਜੁਧ-ਪ੍ਰਬੰਧ ਤੋਂ ਹੁਣ ਵੀ ਇਸ ਦੇ ਖੰਡਾਂ ਵਿੱਚ ਲਿਖੇ ਹੋਣ ਦਾ ਸੰਕੇਤ ਮਿਲਦਾ ਹੈ। ਇਸ ਰਚਨਾ ਦੇ ਪ੍ਰਾਰੰਭ ਵਿੱਚ ਵੀ ਲਿਖਿਆ ਹੈ ਕਿ 1192 ਤੱਕ ਦੇ ਛੰਦਾਂ ਦੀ ਰਚਨਾ ਆਨੰਦਪੁਰ ਸਾਹਿਬ ਵਿੱਚ ਹੋਈ ਹੈ: ਜੇ ਜੇ ਕਿਸਨ ਚਰਿੱਤਰ ਦਿਖਾਏ।ਦਸਮ ਬੀਚ ਸਭ ਭਾਖ ਸੁਨਾਏ। ਗਯਾਰਾਂ ਸਹਸ ਬਾਨਵੈਂ ਛੰਦਾ।ਕਹੈ ਦਸਮ ਪੁਰ ਬੈਠ ਅਨੰਦਾ।

ਇਸ ਰਚਨਾ ਦੇ ਅੰਤ ਉੱਤੇ ਲਿਖੇ ਦੋਹਰੇ ਤੋਂ ਉੱਤਰਾਰਧ ਭਾਗ ਪਾਉਂਟਾ ਸਾਹਿਬ ਵਿੱਚ ਲਿਖਿਆ ਗਿਆ ਸੀ: ਸਤਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ। ਨਗਰ ਪਾਵਟਾ ਸੁਭ ਕਰਨ ਜਮਨਾ ਬਹੈ ਸਮੀਪ।

ਇਸ ਰਚਨਾ ਵਿੱਚ ਵਿਸ਼ਣੂ ਦੇ 24 ਅਵਤਾਰਾਂ ਦੀਆਂ ਚਰਿਤ-ਕਥਾਵਾਂ ਦਾ ਵਰਨਣ ਕੀਤਾ ਗਿਆ ਹੈ।ਇਹ ਗਿਣਤੀ ਪੌਰਾਣਿਕ ਪਰੰਪਰਾਵਾਂ, ਖ਼ਾਸ ਕਰਕੇ 'ਭਾਗਵਤ ਪੁਰਾਣ' ਵਿੱਚ ਵਰਣਿਤ ਚੌਬੀਸ ਅਵਤਾਰਾਂ ਤੋਂ ਕੁਝ ਕੁ ਭਿੰਨ ਹੈ, ਪਰ 24 ਗਿਣਤੀ ਦੀ ਕਲਪਨਾ ਇੱਕ ਸਮਾਨ ਹੈ।

ਇਸ ਵਿੱਚ ਵਰਣਿਤ 24 ਅਵਤਾਰਾਂ ਦੇ ਨਾਂ ਇਸ ਪ੍ਰਕਾਰ ਹਨ: ਮੱਛ, ਕੱਛ, ਨਰ, ਨਾਰਾਇਣ, ਮੋਹਨੀ, ਬਰਾਹ,ਨਰਸਿੰਘ, ਬਾਮਨ, ਪਰਸਰਾਮ, ਬ੍ਰਹਮ, ਰੁਦਰ, ਜਲੰਧਰ,ਬਿਸਨ, ਸ਼ੇਸ਼ਸਈ, ਅਰਹੰਤ, ਮਨੁ ਰਾਜਾ, ਧਨੰਤਰ, ਸੂਰਜ, ਚੰਦਰ, ਰਾਮ, ਕ੍ਰਿਸ਼ਨ, ਨਰ(ਅਰਜੁਨ), ਬੁੱਧ ਅਤੇ ਨਿਹਕਲੰਕੀ।

ਇਹਨਾਂ ਵਿੱਚੋਂ ਤਿੰਨ ਅਵਤਾਰਾਂ ਦੀਆਂ ਕਥਾਵਾਂ ਬਹੁਤ ਲੰਬੀਆਂ ਹਨ, ਜਿਵੇਂ- ਕ੍ਰਿਸ਼ਨ, ਰਾਮ ਅਤੇ ਨਿਹਕਲੰਕੀ।

ਇਹ ਪੌਰਾਣਿਕ ਰਚਨਾ ਆਪਣੇ ਰਚਨਾ ਉਦੇਸ਼ ਵਿੱਚ ਪੂਰੀ ਤਰ੍ਹਾਂ ਸਫਲ ਹੈ ਕਿਉਂਕਿ ਜਿੰਨ੍ਹਾਂ ਲੋਕਾਂ ਨੇ ਕਦੇ ਤਲਵਾਰ ਨੂੰ ਹੱਥ ਨਹੀਂ ਸੀ ਲਾਇਆ, ਉਹ ਯੁੱਧ ਵੀਰ ਬਣ ਕੇ ਰਣ ਵਿੱਚ ਨਿੱਤਰੇ ਅਤੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਯੁੱਧ ਲਈ ਪ੍ਰੇਰਿਤ ਕਰਨ ਦਾ ਉਦੇਸ਼ ਨਰ-ਸੰਗਾਰ ਨਹੀਂ ਸਗੋਂ ਮਨੁੱਖਤਾ ਦੇ ਵਿਕਾਸ ਵਿੱਚ ਰੁਕਾਵਟ ਪਾਉਣ ਵਾਲੀਆਂ ਦੰਗਈ ਸ਼ਕਤੀਆਂ ਨੂੰ ਬਲਹੀਮ ਕਰਨਾ ਸੀ।

ਇਸ ਅਵਤਾਰ ਕਥਾ ਵਿੱਚ ਚਰਿਤ ਨਾਇਕ ਦੇ ਸਰੂਪ ਵਿੱਚ ਵੀਰਤਾ ਦਾ ਸੰਯੋਜਨ ਕੀਤਾ ਗਿਆ ਹੈ।ਇਸ ਲਈ ਜੋ ਸਾਧਨ ਵਰਤੇ ਗਏ ਹਨ, ਉਹਨਾਂ ਵਿੱਚੋਂ ਇੱਕ ਹੈ ਪੁਰਾਤਨ ਅਵਤਾਰੀ ਸ਼ਕਤੀਆਂ ਦੇ ਕੇਵਲ ਰੂਪ ਨੂੰ ਹੀ ਪੂਰੀ ਮਗਨਤਾ ਨਾਲ ਚਿਤਰਨਾ।

ਜਿੱਥੇ ਮੂਲ ਪ੍ਰਸੰਗਾਂ ਵਿੱਚ ਵੀਰਤਾ ਦਿਖਾਉਣ ਜਾਂ ਯੁੱਧ ਕਰਨ ਦਾ ਕੋਈ ਪ੍ਰਸੰਗ ਨਹੀਂ ਆਇਆ, ਉੱਥੇ ਵੀ ਕਲਪਨਾ ਦੇ ਆਧਾਰ ਤੇ ਹੀ ਅਜਿਹੇ ਪ੍ਰਸੰਗ ਸਿਰਜੇ ਗਏ ਹਨ।ਇੱਥੇ ਸਾਰੀਆਂ ਅਵਤਾਰੀ ਸ਼ਕਤੀਆਂ ਦੀ ਇੱਕ ਕਮਜ਼ੋਰੀ ਦੱਸੀ ਗਈ ਹੈ ਕਿ ਜਿੱਤ ਪ੍ਰਾਪਤ ਕਰਨ ਉਪਰੰਤ ਉਹ ਹੰਕਾਰੀ ਹੋ ਕੇ ਕਾਲ-ਪੁਰਖ (ਪ੍ਰਭੂ) ਨੂੰ ਵਿਸਾਰ ਬੈਠੇ ਹਨ ਅਤੇ ਇਹੀ ਕਾਰਨ ਉਹਨਾਂ ਦੇ ਵਿਨਾਸ਼ ਦਾ ਦੱਸਿਆ ਗਿਆ ਹੈ।[2]

ਕਵਿਤਾ[ਸੋਧੋ]

ਜਗ ਜੀਤਿਓ ਜਬ ਸਰਬ। ਤਬ ਬਾਢਿਓ ਅਤ ਗਰਭ। ਦੀਆ ਕਾਲ ਪੁਰਖ ਬਿਸਾਰ। ਇਹ ਭਾਂਤ ਕੀਨ ਬਿਚਾਰ। 583

ਨਹਿ ਕਾਲ ਪੁਰਖ ਜਪੰਤ ।ਨਹਿ ਦੇਵ ਜਾਪ ਭਣੰਤ। ਤਬ ਕਾਲ ਦੇਵ ਰਿਸਾਇ। ਇੱਕ ਅਉਰ ਪੁਰਖ ਬਨਾਇ। 586

(ਦਸਮ ਗ੍ਰੰਥ ਪੰਨਾ 610)

ਹਵਾਲੇ[ਸੋਧੋ]

  1. ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ,ਭਾਗ ਪਹਿਲਾ, ਡਾ. ਰਤਨ ਸਿੰਘ ਜੱਗੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1999, ਪੰਨਾ 142
  2. ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ) ਡਾ. ਰਤਨ ਸਿੰਘ ਜੱਗੀ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998,ਪੰਨਾ 263