ਡਾ. ਅਮਰ ਕੋਮਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਅਮਰ ਕੋਮਲ ਨਿਰੰਤਰ ਸਾਹਿਤ ਸਿਰਜਣਾ ਕਰਦੇ ਰਹਿਣ ਵਾਲ਼ਾ ਸਾਹਿਤਕਾਰ ਹੈ। ਉਸ ਦੀ ਲਿਖੀ ਸਵੈ-ਜੀਵਨੀ ‘ਠਰੀ ਚਾਨਣੀ ਦਾ ਗੀਤ’ ਪਾਠਕਾਂ ਨੇ ਬਹੁਤ ਪਸੰਦ ਕੀਤੀ ਹੈ। ਅਮਰ ਕੋਮਲ ਨੇ ਹੁਣ ਤੱਕ 15 ਕਾਵਿ- ਸੰਗ੍ਰਹਿ, 9 ਕਹਾਣੀ-ਸੰਗ੍ਰਹਿ, 14 ਬਾਲ-ਸੰਗ੍ਰਹਿ, 4 ਸ਼ਬਦ ਚਿੱਤਰ- ਸੰਗ੍ਰਹਿ, 21 ਵਾਰਤਿਕ ਸੰਗ੍ਰਹਿ ਛਪ ਚੁੱਕੇ ਹਨ। ਇਸਦੇ ਇਲਾਵਾ ਉਸ ਦੀਆਂ ਅਨੁਵਾਦ ਦੀਆਂ 15, ਸੰਪਾਦਨ ਦੀਆਂ 20, ਆਲੋਚਨਾ ਦੀਆਂ 14 ਅਤੇ ਜੀਵਨੀ ਦੀਆਂ 9 ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਜੀਵਨ[ਸੋਧੋ]

ਡਾ. ਅਮਰ ਕੋਮਲ ਦਾ ਜਨਮ 29 ਨਵੰਬਰ, 1933 ਵਿਚ ਮਾਤਾ ਗਿਆਨ ਦੇਵੀ ਅਤੇ ਪਿਤਾ ਸਾਵਣ ਰਾਮ ਦੇ ਘਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਵਿਖੇ ਹੋਇਆ। ਅੱਠਵੀਂ ਤੱਕ ਦੀ ਵਿਦਿਆ ਪਿੰਡ ਦੇ ਸਕੂਲ ਵਿਚੋਂ ਕਰਨ ਉਪਰੰਤ, ਉਸ ਨੇ ਦਸਵੀਂ ਰਾਏਕੋਟ ਤੋਂ ਪਾਸ ਕੀਤੀ। ਉਦੋਂ ਹੀ ਉਸ ਦਾ ਲਗਾਉ ਪੰਜਾਬੀ ਸਾਹਿਤ ਵੱਲ ਹੋ ਗਿਆ ਸੀ। ਇੱਕ ਪ੍ਰਾਇਮਰੀ ਸਕੂਲ ਅਧਿਆਪਕ ਦੀ ਨੌਕਰੀ ਕਰਦਿਆਂ ਹੋਇਆਂ ਵੀ ਉਸ ਨੇ ਅੱਗੇ ਪੜ੍ਹਨਾ ਜਾਰੀ ਰੱਖਿਆ ਤੇ ਪੀ. ਐਚ. ਡੀ. ਤੱਕ ਕਰਕੇ ਕਾਲਜ ਲੈਕਚਰਾਰ ਦੇ ਅਹੁਦੇ ਤੇ ਰਿਹਾ।

ਉਸ ਨੇ ਹੋਰ ਭਾਸ਼ਾਵਾਂ ਦੀਆਂ ਕਿੰਨੀਆਂ ਹੀ ਪ੍ਰਸਿੱਧ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ। 1955 ਵਿਚ ਉਸ ਨੇ ਪ੍ਰੋ. ਪ੍ਰੀਤਮ ਸਿੰਘ ਰਾਹੀ ਨਾਲ ਮਿਲ ਕੇ ਡਾ. ਰਵਿੰਦਰ ਨਾਥ ਟੈਗੋਰ ਦੀ, ਨੋਬਲ ਇਨਾਮ ਯਾਫ਼ਤਾ ‘ਗੀਤਾਂਜਲੀ’ ਦਾ ਅਤੇ 2001 ਵਿਚ ਸ੍ਰੀਮਦ ਭਗਵਤ ਗੀਤਾ ਦਾ ਪੰਜਾਬੀ ਵਿਚ ਅਨੁਵਾਦ ਕੀਤਾ।