ਪੋਥੀਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੋਥੀ-ਮਾਲਾ ਤੋਂ ਫਰੈਸਕੋ ਕਲਾਕਾਰੀ
ਪੋਥੀ ਮਾਲਾ ਗੁਰੂ ਹਰ ਸਹਾਏ
ਪੋਥੀ ਮਾਲਾ ਗੁਰੂ ਹਰ ਸਹਾਏ

ਪੋਥੀਮਾਲਾ ਨਾਮ ਦਾ ਇਤਿਹਾਸਕ ਗੁਰਦੁਆਰਾ ਪਿੰਡ ਗੁਰੂ ਹਰ ਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਥਿਤ ਹੈ।

ਫਿਰੋਜ਼ਪੁਰ, ਫਰੀਦਕੋਟ ਅਤੇ ਮੁਕਤਸਰ ਤੋਂ ਲਗਭਗ ਬਰਾਬਰ ਦੀ ਦੂਰੀ ‘ਤੇ ਸਥਿਤ ਗੁਰੂ ਹਰ ਸਹਾਏ ਨਗਰ ਦੀ ਨੀਂਹ ਗੁਰੂ ਰਾਮਦਾਸ ਜੀ ਦੀ ਪੀੜ੍ਹੀ ਵਿੱਚ ਸੱਤਵੀਂ ਪੁਸ਼ਤ ਦੇ ਜੀਵਨ ਮੱਲ ਸੋਢੀ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਹਰਸਹਾਇ ਦੇ ਨਾਂਅ ਉੱਤੇ ਰੱਖੀ ਸੀ। ਜੀਵਨ ਮੱਲ ਦੇ ਸਮੇਂ ਤੋਂ ਹੀ ਇਥੇ ਇੱਕ ਗੱਦੀ ਚਲੀ ਆ ਰਹੀ ਹੈ। ਇਥੇ ਗੁਰਦੁਆਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਪੋਥੀ ਅਤੇ ਮਾਲਾ ਰੱਖੀ ਹੋਣ ਕਾਰਨ ਇਸ ਗੁਰਦੁਆਰੇ ਨੂੰ ਗੁਰਦੁਆਰਾ ਪੋਥੀਮਾਲਾ ਆਖਿਆ ਜਾਂਦਾ ਹੈ। ਜੀਵਨ ਮੱਲ ਦੇ ਸਮੇਂ ਤੋਂ ਹੀ ਇਥੇ ਇੱਕ ਗੱਦੀ ਚਲੀ ਆ ਰਹੀ ਸੀ ਅਤੇ ਇਸ ਗੱਦੀ ਦਾ ਮੁਖੀ ਇਥੇ ਰੱਖੀ ਪੋਥੀ ਅਤੇ ਮਾਲਾ ਦਾ ਰੱਖਿਅਕ ਚਲਿਆ ਆ ਰਿਹਾ ਸੀ। ਵਿਸਾਖੀ ਵਾਲੇ ਦਿਨ ਸੰਗਤਾਂ ਨੂੰ ਇਸ ਪੋਥੀ ਅਤੇ ਮਾਲਾ ਦੇ ਦਰਸ਼ਨ ਕਰਵਾਏ ਜਾਂਦੇ ਸਨ। ਇਹ ਮੰਦਭਾਗੀ ਗੱਲ ਹੈ ਕਿ ਕਈ ਵਰ੍ਹੇ ਪਹਿਲਾਂ ਇਹ ਪੋਥੀ ਅਤੇ ਮਾਲਾ ਚੋਰੀ ਹੋ ਗਈਆਂ ਸਨ। ਫਿਰੋਜ਼ਪੁਰ ਜ਼ਿਲ੍ਹੇ ਦੇ 1915 ਦੇ ਗਜ਼ਟੀਅਰ ਅਨੁਸਾਰ ਇਸ ਪੋਥੀ ਮਾਲਾ ਕਾਰਨ ਹੀ ਇਸ ਸਥਾਨ ਦੀ ਉੱਤਰੀ ਭਾਰਤ ਦੇ ਅਰੋੜਿਆਂ ਲਈ ਬੜੀ ਮਹਾਨਤਾ ਸੀ ਅਤੇ ਇਹ ਉਨ੍ਹਾਂ ਲਈ ਲਗਭਗ ਤੀਰਥ ਅਸਥਾਨ ਸਮਾਨ ਸੀ।

ਗੁਰਦੁਆਰਾ ਸਾਹਿਬ ਦੀ ਦੋ ਮੰਜ਼ਿਲੀ ਇਮਾਰਤ ਦੀ ਉਸਾਰੀ 1870 ਈ: ਵਿੱਚ ਕੀਤੀ ਗਈ ਸੀ[1] ਅਤੇ ਉਸ ਸਮੇਂ ਹੀ ਇਸ ਦੀਆਂ ਕੰਧਾਂ ਨੂੰ ਸੁਚਿੱਤਰਤ ਕੀਤਾ ਗਿਆ ਸੀ। ਇਸ ਗੁਰਦੁਆਰੇ ਦੀ ਉਪਰਲੀ ਮੰਜ਼ਿਲ ਦੇ ਵਿਚਕਾਰ ਇੱਕ ਕਮਰਾ ਬਣਿਆ ਹੋਇਆ ਹੈ, ਜਿਸ ਅੰਦਰ ਪੋਥੀ ਅਤੇ ਮਾਲਾ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸ ਕਮਰੇ ਦੀਆਂ ਅੰਦਰਲੀਆਂ ਕੰਧਾਂ ਉੱਤੇ ਆਦਮਕੱਦ ਪੋਰਟਰੇਟ ਚਿੱਤਰ ਬਣੇ ਹਨ। ਇਸ ਕਮਰੇ ਤੋਂ ਬਾਹਰ ਗੁਰਦੁਆਰੇ ਦੀਆਂ ਹੋਰਨਾਂ ਕੰਧਾਂ ਉੱਤੇ ਵੀ ਚਿੱਤਰ ਬਣੇ ਹਨ ਪਰ ਇਨ੍ਹਾਂ ਵਿਚੋਂ ਬਹੁਤ ਘਸਮੈਲੇ ਹੋ ਗਏ ਹਨ। ਇਹ ਚਿੱਤਰ ਧਾਰਮਿਕ ਅਤੇ ਸੰਸਾਰਕ ਦੋਵਾਂ ਵਿਸ਼ਿਆਂ 'ਤੇ ਉਲੀਕੇ ਗਏ ਹਨ। ਧਾਰਮਿਕ ਵਿਸ਼ਿਆਂ ਦੇ ਚਿੱਤਰਾਂ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਪ੍ਰਮੁੱਖ ਘਟਨਾਵਾਂ ਦੇ ਚਿੱਤਰ ਹਨ।

ਹਵਾਲੇ[ਸੋਧੋ]

  1. Kang, Kanwarjit Singh (1988). Pañjāba de kandha-cittara. Pabalīkeshana Biūro, Pañjābī Yūnīwarasiṭī.