ਪੰਜਾਬ ਦੀ ਲੋਕਧਾਰਾ
ਲੇਖਕ | ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬ ਦੀ ਲੋਕਧਾਰਾ ਦਾ ਅਧਿਐਨ |
ਪ੍ਰਕਾਸ਼ਕ | ਨੈਸ਼ਨਲ ਬੁੱਕ ਟਰੱਸਟ, ਇੰਡੀਆ |
ਸਫ਼ੇ | 194 |
ਪੰਜਾਬ ਦੀ ਲੋਕਧਾਰਾ ਪੁਸਤਕ ਦੀ ਰਚਨਾ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਕੀਤੀ ਗਈ ਹੈ। ਜਿਹਨਾਂ ਦੀ ਲੋਕਧਾਰਾ ਦੇ ਖੇਤਰ ਵਿੱਚ ਕੀਤੀ ਗਈ ਖੋਜ, ਅਧਿਐਨ ਅਤੇ ਸਮੁੱਚੇ ਸਮਾਜ ਨੂੰ ਦੇਣ ਬੜੀ ਮਹੱਤਵਪੂਰਨ ਹੈ। ਆਪ ਨੇ ਲੋਕਧਾਰਾ ਦਾ ਸੰਕਲਪ ਸੰਪਾਦਨ, ਸਿਧਾਂਤ ਉਸਾਰਨ ਅਤੇ ਆਪਣੀਆਂ ਸਿਰਜਣਾਤਮਕ ਕਿਰਤਾਂ ਰਾਹੀਂ ਲੋਕਧਾਰਾ ਦੇ ਜੀਵੰਤ ਰੂਪਾਂ ਨੂੰ ਸਾਂਭਣ ਦਾ ਅਹਿਮ ਕਾਰਜ ਕੀਤਾ ਹੈ। ਡਾ. ਬੇਦੀ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਉਸ ਵੱਲੋਂ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਲੋਕਧਾਰਾ ਵਿਸ਼ਵਕੋਸ਼ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਵੱਲੋਂ ਆਪਣਾ ਪੂਰਾ ਜੀਵਨ ਲੇਖੇ ਲਾ ਕੇ ਲੋਕਧਾਰਾ ਦੇ ਖੇਤਰ ਵਿੱਚ ਮਹੱਤਵਪੂਰਨ ਤੇ ਬਹੁਭਾਂਤੀ ਕੰਮ ਕੀਤਾ ਗਿਆ ਹੈ। ਬੇਦੀ ਵੱਲੋਂ ਆਪਣੀਆਂ ਸਾਰੀਆਂ ਪੁਸਤਕਾਂ ਵਿੱਚ ਲੋਕਧਾਰਾ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਹੈ।
ਕਿਤਾਬ ਬਾਰੇ
[ਸੋਧੋ]ਪੰਜਾਬ ਦੀ ਲੋਕਧਾਰਾ ਪੁਸਤਕ ਵਿੱਚ ਕੁੱਲ ਦਸ ਲੇਖ ਸ਼ਾਮਲ ਹਨ -ਦੇਸ਼ ਤੇ ਲੋਕ, ਪੁਰਾਣ ਕਥਾਵਾਂ, ਜਾਦੂ ਟੂਣੇ ਤੇ ਧਰਮ, ਲੋਕਾਚਾਰ ਤੇ ਰੀਤੀ ਰਿਵਾਜ, ਮੇਲੇ ਤੇ ਤਿਉਹਾਰ, ਮੌਖਿਕ ਸਾਹਿਤ, ਪੰਜਾਬ ਦੇ ਲੋਕ ਨਾਚ, ਲੋਕ ਸੰਗੀਤ, ਲੋਕ ਕਲਾ ਅਤੇ ਲੋਕ ਨਾਟ। ਡਾ. ਬੇਦੀ ਵੱਲੋਂ ਲੋਕਧਾਰਾ ਨਾਲ ਸੰਬੰਧਿਤ ਸਮੱਗਰੀ ਦਾ ਇੱਕਤਰੀਕਰਣ ਹੀ ਨਹੀਂ ਕੀਤਾ ਗਿਆ ਸਗੋਂ ਇਸ ਸਮੱਗਰੀ ਦਾ ਨਿੱਠ ਕੇ ਅਧਿਐਨ ਵੀ ਕੀਤਾ ਗਿਆ ਹੈ। ਜਿਹਨਾਂ ਵਿੱਚੋਂ ਪੰਜਾਬ ਦੀ ਲੋਕਧਾਰਾ ਵੀ ਮਹੱਤਵਪੂਰਨ ਪੁਸਤਕ ਹੈ। ਇਸ ਪੁਸਤਕ ਵਿੱਚ ਲੇਖਕ ਨੇ ਪੰਜਾਬ ਦੀ ਲੋਕਧਾਰਾ ਦਾ ਸਰਵਪੱਖੀ ਅਧਿਐਨ ਪੇਸ਼ ਕੀਤਾ ਹੈ ਅਤੇ ਸਾਰੇ ਲੇਖਾਂ ਵਿੱਚ ਵਿਸ਼ੇ ਦਾ ਵਿਸਥਾਰ ਸਹਿਤ ਅਧਿਐਨ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਲੇਖਕ ਪੰਜਾਬ ਦੇ ਭੂਗੋਲਿਕ ਇਤਿਹਾਸ ਤੋਂ ਲੈ ਕੇ ਪੰਜਾਬੀਆਂ ਦੇ ਜੀਵਨ ਨਾਲ ਸੰਬੰਧਿਤ ਹਰ ਮਹੱਤਵਪੂਰਨ ਪਹਿਲੂ ਨੂੰ ਪਾਠਕ ਦੇ ਸਨਮੁਖ ਰੱਖਿਆ ਹੈ। ਇਸ ਪੁਸਤਕ ਵਿੱਚ ਲੇਖਕ ਨੇ ਪੰਜਾਬ ਦੀਆਂ ਲੋਕ ਕਲਾਵਾਂ ਨੂੰ ਉਹਨਾਂ ਦੇ ਇਤਿਹਾਸਕ ਤੇ ਮਿਥਿਹਾਸਕ ਪਿਛੋਕੜ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਸ ਪੁਸਤਕ ਦੇ ਦਸ ਲੇਖਾਂ ਦਾ ਵਿਸਤ੍ਰਿਤ ਵਰਣਨ ਹੇਠਾਂ ਕੀਤਾ ਗਿਆ ਹੈ।
ਦੇਸ਼ ਤੇ ਲੋਕ
[ਸੋਧੋ]ਪੁਸਤਕ ਦੇ ਇਸ ਲੇਖ ਵਿੱਚ ਪੰਜਾਬ ਦੀਆਂ ਭੂਗੋਲਿਕ ਹੱਦਾਂ, ਵਿਦੇਸ਼ੀ ਹਮਲੇ, ਨਸ਼ਲੀ ਮਿਸ਼ਰਣ ਅਤੇ ਪੰਜਾਬੀ ਲੋਕਾਂ ਦੇ ਆਮ ਜੀਵਨ ਦਾ ਉਲੇਖ ਕੀਤਾ ਗਿਆ ਹੈ। ਪੰਜਾਬ ਦੀਆਂ ਭੂਗੋਲਿਕ ਹੱਦਾਂ ਕਦੇ ਵੀ ਸਥਿਰ ਨਹੀਂ ਰਹੀਆਂ। ਇੱਥੇ ਵਗਦੇ ਦਰਿਆਵਾਂ ਦੇ ਆਧਾਰ ਤੇ ਇਸ ਨੂੰ ਪ੍ਰਾਚੀਨ ਕਾਲ ਵਿੱਚ ਸਪਤ ਸਿੰਧੂ, ਫਿਰ ਪੰਚਨਦ ਅਤੇ ਬਾਅਦ ਵਿੱਚ ਪੰਜਾਬ ਪ੍ਰਚਲਿਤ ਹੋ ਗਿਆ ਜੋ ਅਜੇ ਤੱਕ ਚੱਲਦਾ ਆ ਰਿਹਾ ਹੈ। ਪੰਜਾਬ ਵਿੱਚ ਪ੍ਰਾਚੀਨ ਅਤੇ ਮੱਧਕਾਲ ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਕਈ ਜਾਤੀਆਂ ਅਤੇ ਕਬੀਲੇ ਰਹਿੰਦੇ ਸਨ। ਜੇਕਰ ਕੋਈ ਜਾਤੀ ਕਿਸੇ ਸਥਾਨ ਤੇ ਲੰਮਾ ਸਮਾਂ ਰਾਜ ਕਰਦੀ ਤਾਂ ਉਸ ਸਥਾਨ ਦਾ ਨਾਮ ਉਸ ਜਾਤੀ ਜਾਂ ਕਬੀਲੇ ਦੇ ਨਾਮ ਉਪਰ ਪੈ ਜਾਂਦਾ। ਮਦਰ, ਟੱਕ ਅਤੇ ਕੇਕਯ ਆਦਿ ਦੇਸ਼ਾ ਦੇ ਨਾਮ ਇਸ ਪ੍ਰਕਾਰ ਹੀ ਰੱਖੇ ਗਏ ਸਨ। ਲੇਖਕ ਅਨੁਸਾਰ: "ਅਜੋਕੇ ਮਾਲਵੇ ਦਾ ਨਾਮ ਇੱਥੇ ਵਸਦੀ ਮਾਲਸ਼ ਜਾਂ ਮਲਈ ਜਾਤੀ ਦੇ ਚੜਤ ਕਾਲ ਤੋਂ ਚੱਲਿਆ ਆ ਰਿਹਾ ਹੈ। " ਲੇਖਕ ਪੰਜਾਬ ਦੀ ਇਤਿਹਾਸਕ ਰੂਪ ਰੇਖਾ ਦਾ ਅਧਿਐਨ ਕਰਦਿਆਂ ਦੱਸਦੇ ਹਨ ਕਿ ਇਥੇ ਦੀ ਸਭ ਤੋਂ ਪੁਰਾਣੀ ਸੱਭਿਅਤਾ ਸਿੰਧੂ ਸੱਭਿਅਤਾ ਹੈ। ਪੰਜਾਬ ਦੇ ਵਰਤਮਾਨ ਇਤਿਹਾਸ ਦਾ ਆਰੰਭ ਆਰੀਆ ਜਾਤੀ ਤੋਂ ਮੰਨਦੇ ਹਨ। ਇਸ ਜਾਤੀ ਦੁਆਰਾ ਆਪਣਾ ਮੁੱਢਲੇ ਗ੍ਰੰਥ ਰਿਗਵੇਦ ਦੀ ਰਚਨਾ ਪੰਜਾਬ ਦੀ ਧਰਤੀ ਤੇ ਕੀਤੀ ਗਈ ਹੈ। ਪੰਜਾਬ ਵਿੱਚ ਸਿਕੰਦਰ ਦੇ ਹਮਲੇ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤਕ ਦੇ ਦੋ ਕੁ ਹਜ਼ਾਰ ਸਾਲ ਵਿੱਚ ਪੰਜਾਬ ਵਿੱਚ ਨਸ਼ਲੀ ਪੱਖ ਤੋਂ ਇੱਕ ਖਿਚੜੀ ਜਿਹੀ ਬਣਦੀ ਰਹੀ ਪੰਜਾਬ ਉੱਤੇ ਅਨੇਕਾਂ ਵਿਦੇਸ਼ੀ ਕਬੀਲਿਆਂ ਪਾਰਥੀਅਨ, ਸਿਥੀਅਨ, ਕੁਸ਼ਾਨ, ਹੂਣ, ਤੁਰਕ, ਮੰਗੋਲ ਤੇ ਅਫਗਾਨ ਆਦਿ ਨੇ ਉਪਰਥਲੀ ਹੱਲੇ ਕੀਤੇ ਅਤੇ ਇਨ੍ਹਾਂ ਸਭਨਾਂ ਕਬੀਲਿਆਂ ਦਾ ਚੌਖਾ ਭਾਗ ਸਦਾ ਲਈ ਇਥੇ ਹੀ ਵਸ ਗਿਆ।
ਪੁਰਾਣ ਕਥਾਵਾਂ
[ਸੋਧੋ]ਪੁਰਾਣ ਕਥਾਵਾਂ ਕਿਸੇ ਸੱਭਿਆਚਾਰ ਦੀ ਇਤਿਹਾਸਿਕ ਵਿਰਾਸਤ ਹੁੰਦੀਆਂ ਹਨ। ਲੇਖਕ ਅਨੁਸਾਰ ਹਰ ਜਾਤੀ ਦੀਆਂ ਆਪਣੀਆਂ ਪੁਰਾਣ ਕਥਾਵਾਂ ਹੋ ਸਕਦੀਆਂ ਹਨ ਅਤੇ ਇਹ ਸੱਭਿਆਚਾਰਕ ਰੂੜੀਆਂ, ਪ੍ਰਬਲ ਮਨੋਵਿਰਤੀਆਂ ਤੇ ਸਮੂਹਿਕ ਚਰਿਤ੍ਰ ਵਿਚੋਂ ਉਪਜੀਆਂ ਹੋਣ ਕਰਕੇ ਨਿਵੇਕਲੀਆਂ ਹੁੰਦੀਆਂ ਹਨ। ਇਹ ਕਥਾਵਾਂ ਕਿਸੇ ਜਾਤੀ ਦੇ ਧਾਰਮਿਕ ਵਿਸ਼ਵਾਸਾਂ ਤੇ ਰਹੁ-ਰੀਤੀਆਂ ਦਾ ਗੌਰਵਮਈ ਭਾਗ ਹੁੰਦੀਆਂ ਹਨ ਇਸ ਨਾਲ ਜਾਤੀ ਦੀਆਂ ਭਾਵਨਾਵਾਂ ਤੇ ਸਰਧਾ ਜੁੜੀ ਹੁੰਦੀ ਹੈ
ਪੁਰਾਣ ਕਥਾਵਾਂ ਦਾ ਮੁੱਢ ਬ੍ਰਹਿਮੰਡ ਦੇ ਰਹੱਸਾਂ ਤੇ ਮਨੁੱਖ ਦੇ ਵਿਸ਼ਵ ਨਾਲ ਸੰਬੰਧਾਂ ਨੂੰ ਸਮਝਣ ਲਈ ਇੱਕ ਰੌਚਕ ਉਪਰਾਲਾ ਹੈ। ਇਸ ਵਿੱਚ ਆਦਿਮ ਮਨੁੱਖ ਦੀ ਕਲਪਨਾ ਤੇ ਭਾਵਨਾ, ਸਮੂਰਤ ਪ੍ਰਤੀਕਾਂ ਦੇ ਰੂਪ ਵਿੱਚ ਵਿਅਕਤ ਹੋਈ ਹੁੰਦੀ ਹੈ। ਮੁੱਢਲਾ ਮਨੁੱਖ ਹਰੇਕ ਪਦਾਰਥ ਵਿੱਚ ਭਾਵੇਂ ਜੜ੍ਹ ਹੋਵੇ ਜਾਂ ਚੇਤਨ, ਆਤਮਾ ਅਥਵਾ ਪ੍ਰਾਣ ਅਨੁਭਵ ਕਰਦਾ ਹੈ। ਉਹ ਆਪਣੇ ਵਾਂਗ ਜੜ੍ਹ ਵਸਤੂਆਂ ਵਿੱਚ ਬੁਧ, ਸੂਝ ਤੇ ਸ਼ਕਤੀ ਮੰਨਦਾ ਤੇ ਪੰਜਾਬ ਉਹਨਾਂ ਨੂੰ ਨਿੱਜੀ ਤੇ ਭਾਈਚਾਰਕ ਜੀਵਨ ਦੇ ਪ੍ਰਤਿਰੂਪ ਢਾਲ ਕੇ ਸਮਝਣ ਦਾ ਉਪਰਾਲਾ ਕਰਦਾ ਹੈ ਇਹਨਾਂ ਯਤਨਾਂ ਵਿੱਚੋਂ ਹੀ ਪੁਰਾਣ ਕਥਾ ਜਨਮ ਲੈਂਦੀ ਹੈ। ਡਾ.ਸੋਹਿੰਦਰ ਸਿੰਘ ਬੇਦੀ ਅਨੁਸਾਰ: "ਮਿੱਥ (ਪੁਰਾਣ -ਕਥਾ) ਮੂਲ ਵਿੱਚ ਕੋਈ ਕਹਾਣੀ ਹੀ ਹੁੰਦਾ ਹੈ ਜੋ ਪੂਰਵ ਇਤਿਹਾਸਕ ਕਾਲ ਵਿੱਚ ਸਚਮੁੱਚ ਵਾਪਰੀ ਮੰਨੀ ਜਾਂਦੀ ਹੈ। ਇਸ ਵਿੱਚ ਕਿਸੇ ਤੱਥ ਦੀ ਵਿਆਖਿਆ ਹੁੰਦੀ ਹੈ ਤੇ ਜਾਤੀ ਦੀ ਕਿਸੇ ਨਾ ਕਿਸੇ ਸਮੇਂ ਇਸ ਵਿੱਚ ਧਾਰਮਿਕ ਆਸਥਾ ਰਹੀ ਹੁੰਦੀ ਹੈ। "
ਡਾ:ਬੇਦੀ ਨੇ ਪੁਰਾਣ ਕਥਾਵਾਂ ਦੇ ਸੁਭਾਅ ਨੂੰ ਮੁੱਖ ਰੱਖਦਿਆਂ ਦੋ ਤਰ੍ਹਾਂ ਨਾਲ ਵਰਗ ਵੰਡ ਕੀਤੀ ਹੈ-ਇੱਕ ਧਾਰਮਿਕ ਤੇ ਦੂਜੀ ਲੌਕਿਕ। ਧਾਰਮਿਕ ਪੁਰਾਣ ਕਥਾਵਾਂ ਦੇਵੀ ਦੇਵਤਿਆਂ ਦੀ ਉਤਪਤੀ ਅਤੇ ਜੀਵਨ ਬਾਰੇ ਹਨ। ਇਸ ਦੇ ਅੰਤਰਗਤ ਉਹ ਕਥਾਵਾਂ ਵੀ ਰੱਖੀਆਂ ਜਾ ਸਕਦੀਆਂ ਹਨ। ਜੋ ਕਿਸੇ ਰਹੁ-ਰੀਤੀ, ਸੰਸਕਾਰ,ਧਾਰਮਕ ਸੰਸਥਾ ਜਾਂ ਪ੍ਰਥਾ ਦੀ ਵਿਆਖਿਆ ਕਰਦੀਆਂ ਹਨ। ਲੌਕਿਕ ਕਥਾਵਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇੰਨਾ ਦਾ ਮਨੋਰਥ ਸ਼ੁਧ ਰੂਪ ਵਿੱਚ ਤੱਥਾਂ ਦੀ ਵਿਆਖਿਆ ਕਰਨਾ ਹੀ ਹੁੰਦਾ ਹੈ।
ਲੇਖਕ ਅਨੁਸਾਰ ਪੰਜਾਬ ਵਿੱਚ ਪ੍ਰਚਲਿਤ ਪੁਰਾਣ ਕਥਾਵਾਂ ਦੀਆਂ ਦੋ ਧਾਰਨਾਵਾਂ ਹਨ, ਇੱਕ ਸਨਾਤਨੀ ਤੇ ਦੂਜੀ ਲੌਕਿਕ। ਹਿੰਦੂਆਂ ਦੇ ਪ੍ਰਾਚੀਨ ਗ੍ਰੰਥਾਂ,ਵੇਦਾਂ ਤੇ ਪੁਰਾਣਾ ਵਿੱਚ ਵਰਣਨ ਪੁਰਾਣ ਕਥਾਵਾਂ ਸਨਾਤਨ ਹਨ। ਦੂਜੀ ਧਾਰਾ ਲੌਕਿਕ ਹੈ ਜੋ ਮੂੰਹੋਂ ਮੂੰਹ ਚਲੀ ਆ ਰਹੀ ਹੈ। ਇਹ ਪੁਰਾਣ ਕਥਾਵਾਂ ਪ੍ਰਾਚੀਨ ਗ੍ਰੰਥਾਂ ਵਿੱਚ ਨਹੀਂ, ਸਗੋਂ ਲੋਕਾਂ ਦੇ ਦਿਲਾਂ ਉੱਤੇ ਉਕਰੀਆਂ ਹੋਈਆਂ ਹਨ। ਸਨਾਤਨੀ ਤੇ ਲੌਕਿਕ ਧਾਰਾ ਤੋਂ ਬਿਨਾਂ ਪੁਰਾਣ ਕਥਾਵਾਂ ਦੀ ਇੱਕ ਮਿੱਸੀ ਧਾਰਾ ਵੀ ਹੈ ਲੋਕਾਂ ਨੇ ਕਈ ਸਨਾਤਨੀ ਪੁਰਾਣ ਕਥਾਵਾਂ ਵਿੱਚ ਆਪਣੀ ਸੂਝ ਅਤੇ ਅਨੁਭਵ ਅਨੁਸਾਰ ਕੁੱਝ ਤਬਦੀਲੀਆਂ ਲਿਆ ਕੇ ਉਹਨਾਂ ਨੂੰ ਲੌਕਿਕ ਸੱਚੇ ਵਿੱਚ ਢਾਲ ਲਿਆ। ਲੇਖਕ ਨੇ ਇਸ ਲੇਖ ਵਿੱਚ ਲੌਕਿਕ ਪੁਰਾਣ ਕਥਾਵਾਂ ਦੇ ਕਈ ਰੂਪਾਂ ਬ੍ਰਹਿਮੰਡ ਤੇ ਮਨੁੱਖ, ਸੂਰਜ ਤੇ ਚੰਨ, ਤਾਰੇ, ਮੀਂਹ ਅਤੇ ਬਿਜਲੀ ਆਦਿ ਕਥਾਵਾਂ ਦਾ ਵਰਣਨ ਕੀਤਾ ਹੈ। ਇਹਨਾਂ ਕੁਦਰਤੀ ਵਰਤਾਰਿਆਂ ਦੀ ਉਤਪਤੀ ਬਾਰੇ ਬਿਆਨ ਰੌਚਕ ਢੰਗ ਨਾਲ ਕੀਤਾ ਗਿਆ ਹੈ। ਪੰਜਾਬੀ ਜੀਵਨ ਵਿੱਚ ਇਨ੍ਹਾਂ ਕਥਾਵਾਂ ਦੀ ਆਪਣੀ ਮਾਨਤਾ ਤੇ ਸਾਰਥਕਤਾ ਹੈ।
ਜਾਦੂ-ਟੂਣੇ ਤੇ ਧਰਮ
[ਸੋਧੋ]ਮਨੁੱਖ ਦੇ ਸੁਭਾਅ ਵਿੱਚ ਹੀ ਇਹ ਗੁਣ ਹੈ ਕਿ ਉਹ ਮੁੱਢ ਤੋਂ ਹੀ ਪ੍ਰਕਿਰਤਕ ਸ਼ਕਤੀਆਂ ਤੇ ਕਾਬੂ ਪਾਉਣ ਤੇ ਜੀਵਨ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਆਪਣੇ ਅਨੁਸਾਰ ਚਲਾਉਣ ਦੀ ਇੱਛਾ ਰੱਖਦਾ ਹੈ। ਪਰ ਇਸ ਵਿੱਚ ਸਫਲਤਾ ਨਾ ਪ੍ਰਾਪਤ ਹੋਈ ਤੇ ਲੰਮੇ ਸਮੇਂ ਪਿੱਛੋਂ ਉਸ ਦਾ ਇਹ ਵਿਸ਼ਵਾਸ ਬਣ ਗਿਆ ਕਿ ਟੂਣਿਆਂ, ਮੰਤਰਾਂ, ਰੀਤਾਂ ਅਤੇ ਵਿਸ਼ੇਸ਼ ਸਮੱਗਰੀ ਦਾ ਪ੍ਰਯੋਗ ਕਰਕੇ ਜੀਵਨ ਦੀ ਗਤੀ ਉਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਨਾਲ ਜਾਦੂ ਟੂਣੇ ਦਾ ਜਨਮ ਹੋਇਆ। ਲੇਖਕ ਨੇ ਜਾਦੂ ਦੀਆਂ ਛੇ ਕਿਸਮਾਂ ਦਾ ਜ਼ਿਕਰ ਕੀਤਾ ਹੈ:
- ਭੁਲਾਵਾਂ ਜਾਦੂ
- ਲਾਗਵਾਂ ਜਾਦੂ
- ਅਭਾਵਾਤਮਕ ਜਾਦੂ
- ਭਾਵਾਤਮਕ ਜਾਦੂ
- ਚਿੱਟਾ ਜਾਦੂ
- ਕਾਲਾ ਜਾਦੂ
ਲੋਕਾਚਾਰ ਤੇ ਰੀਤੀ ਰਿਵਾਜ
[ਸੋਧੋ]ਭਾਈਚਾਰੇ ਵਿੱਚ ਰਹਿੰਦੇ ਹੋਏ ਜਿਸ ਚੱਜ ਆਚਾਰ ਤੇ ਵਰਤਣ ਵਰਤਾਰੇ ਦੀ ਪਾਲਣਾ ਕੀਤੀ ਜਾਂਦੀ ਹੈ ਉਹ ਲੋਕਾਚਾਰ ਹੈ। ਲੋਕਾਚਾਰ ਹੀ ਸਾਰੇ ਭਾਈਚਾਰੇ ਨੂੰ ਇੱਕ ਭਾਵੁਕ ਤੇ ਮਾਨਸਿਕ ਬੰਧਨ ਵਿੱਚ ਬੰਨ੍ਹਦਾ ਤੇ ਸਾਰੀ ਜਾਤੀ ਨੂੰ ਇੱਕ ਮਾਲਾ ਵਿੱਚ ਪਰੋਈ ਰੱਖਦਾ ਹੈ। ਪੰਜਾਬੀ ਜੀਵਨ ਵਿੱਚ ਰਿਸ਼ਤਿਆਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਲੇਖਕ ਨੇ ਲਹੂ ਦੇ ਰਿਸ਼ਤੇ ਅਤੇ ਮਨ ਦੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਸਾਕਾ ਵਿੱਚ ਦੋ ਵੱਡੇ ਭੰਵਰ ਨਾਨਕੇ ਅਤੇ ਦਾਦਕੇ ਹਨ ਜਿਹਨਾਂ ਵਿਚੋਂ ਹਰ ਵਿਅਕਤੀ ਆਪਣੀ ਤਰ੍ਹਾਂ ਦਾ ਰਸ ਤੇ ਸਵਾਦ ਲੈਦਾਂ ਹੈ। ਪੰਜਾਬੀ ਸਮਾਜ ਵਿੱਚ ਬਰਾਦਰੀ ਦਾ ਵਿਸ਼ੇਸ਼ ਸਥਾਨ ਹੈ ਲੇਖਕ ਅਨੁਸਾਰ
"ਬਰਾਦਰੀ ਮੂਲ ਵਿੱਚ ਆਪਣੀ ਜਾਤ ਦੇ ਅੰਗ ਸਾਕਾਂ ਦਾ ਸਮੂਹ ਹੁੰਦੀ ਹੈ। ਕਿਸੇ ਇੱਕੋ ਵਡਿਕੇ ਦੀ ਵੰਸ਼ ਹੋਣ ਕਰ ਕੇ ਸਾਰੀ ਬਰਾਦਰੀ ਵਿੱਚੋਂ ਸਾਂਝੇ ਲਹੂ ਦੀ ਮਹਿਕ ਆਉਂਦੀ ਹੈ। "
ਪੰਜਾਬੀ ਸਮਾਜ ਵਿੱਚ ਟੱਬਰ ਦੀ ਮਹੱਤਤਾ ਦੱਸਦਿਆ ਵੱਖ ਵੱਖ ਰਿਸ਼ਤਿਆਂ ਦਾ ਸਥਾਨ ਤੇ ਸਾਰਥਕਤਾ ਦਾ ਉਲੇਖ ਕੀਤਾ ਹੈ, ਨੂੰਹ -ਸਹੁਰੇ ਦਾ ਰਿਸ਼ਤਾ ਸਤਿਕਾਰ ਵਾਲਾ, ਦਿਉਰ-ਭਰਜਾਈ ਦਾ ਰਿਸ਼ਤਾ ਖੁੱਲ੍ਹਾ ਡੁੱਲਾ, ਨੂੰਹ -ਸੱਸ ਦਾ ਰਿਸ਼ਤਾ ਖੱਟਾ ਮਿੱਠਾ, ਭਰਾ- ਭਰਾ ਦਾ ਰਿਸ਼ਤਾ ਸਨੇਹ ਤੇ ਨਿੱਘ ਭਰਿਆ, ਭੈਣ-ਭਰਾ ਦਾ ਰਿਸ਼ਤਾ ਸਭ ਤੋਂ ਪਵਿੱਤਰ,ਮਾਂ -ਧੀ ਦਾ ਰਿਸ਼ਤਾ ਦਿਲ ਦੀ ਸਾਂਝ ਵਾਲਾ ਹੁੰਦਾ ਹੈ। ਕੁੱਝ ਰਿਸ਼ਤੇ ਧਰਮ ਦੇ ਵੀ ਬਣਾ ਲਏ ਜਾਂਦੇ ਹਨ। ਪੰਜਾਬੀ ਜੀਵਨ ਵਿੱਚ ਕੀਤੀਆਂ ਜਾਂਦੀਆਂ ਜਨਮ, ਵਿਆਹ ਤੇ ਮੌਤ ਦੀਆਂ ਰਸਮਾਂ ਦਾ ਪਿਛੋਕੜ ਜਾਦੂ ਨਾਲ ਜੋੜਿਆ ਗਿਆ ਹੈ। ਪੰਜਾਬੀ ਮਾਨਸਿਕਤਾ ਵਿੱਚ ਇਹ ਡੂੰਘੀਆਂ ਉਕਰੀਆਂ ਹੋਈਆਂ ਹਨ।
ਮੇਲੇ ਤੇ ਤਿਉਹਾਰ
[ਸੋਧੋ]ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸੱਧਰਾਂ, ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਵਾਹਮਈ ਇੱਕਸੁਰਤਾਂ ਹਨ। ਮੇਲਿਆਂ ਵਿੱਚ ਜਾਤੀ ਖੁਲ ਕੇ ਸਾਹ ਲੈਂਦੀ, ਲੋਕ ਪ੍ਰਤਿਭਾ ਨਿਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮਨ ਪਰਚਾਵੇ ਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ ਮੇਲੇ ਧਾਰਮਿਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਦੀ ਕਰਦੇ ਹਨ।
ਪੰਜਾਬੀਆਂ ਦੇ ਸੁਭਾਅ ਵਾਂਗ ਹੀ, ਉਹਨਾਂ ਦੇ ਮੇਲੇ ਵੀ ਬੜੇ ਸਜੀਵ ਤੇ ਰੰਗੀਲੇ ਹਨ। ਹਰ ਮੇਲਾ ਦੁਲਹਨ ਵਾਂਗ ਸਜਦਾ ਤੇ ਬਰਾਤ ਵਾਂਗ ਭਰਦਾ ਹੈ। ਪੰਜਾਬ ਦੇ ਮੇਲੇ ਸਰੂਪ ਵਿੱਚ ਸਚਿੱਤਰ ਹਨ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ, ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ। ਇੱਥੇ ਖਲਕਤ ਇੱਕ ਅਜਿਹੇ ਪ੍ਰਵਾਹ ਵਾਂਗ ਵਗ ਰਹੀ ਹੁੰਦੀ ਹੈ। ਜਿਸ ਵਿੱਚ ਕਈ ਰੰਗ ਘੁਲੇ ਹੋਣ ਤੇ ਜੋ ਆਪਣੇ ਕੰਢਿਆਂ ਤੋਂ ਉਛਲ, ਸਭ ਪਾਸੇ ਵਿਰਾਟ ਰੂਪ ਵਿੱਚ ਖਿੰਡ ਗਿਆ ਹੋਵੇ। ਪੰਜਾਬ ਵਿੱਚ ਹਰ ਦਿਨ ਕੋਈ ਨਾ ਕੋਈ ਮੇਲਾ ਹੁੰਦਾ ਹੈ। ਜਿਹਨਾਂ ਦਾ ਸੰਬੰਧ ਮੌਸਮ ਨਾਲ, ਕਿਸੇ ਧਾਰਮਿਕ ਘਟਨਾ ਨਾਲ ਜਾਂ ਸਿੱਖ ਇਤਿਹਾਸ ਨਾਲ ਹੁੰਦਾ ਹੈ। ਪੰਜਾਬ ਵਿੱਚ ਮਨਾਏ ਜਾਂਦੇ ਮੇਲਿਆਂ ਵਿੱਚੋ ਕੁੱਝ ਦਾ ਜ਼ਿਕਰ ਡਾ. ਬੇਦੀ ਦੁਆਰਾ ਇਸ ਪੁਸਤਕ ਵਿੱਚ ਵੀ ਕੀਤਾ ਗਿਆ ਹੈ। 1.ਬਸੰਤ ਪੰਚਮੀ 2.ਹੋਲੀ 3.ਵਿਸਾਖੀ 4.ਤੀਆਂ 5.ਛਪਾਰ ਦਾ ਮੇਲਾ 6.ਜਰਗ ਦਾ ਮੇਲਾ 7.ਜਗਰਾਵਾਂ ਦੀ ਰੋਸ਼ਨੀ ਦਾ ਮੇਲਾ 8.ਹੈਦਰ ਸ਼ੇਖ ਦਾ ਮੇਲਾ 9.ਮੁਕਤਸਰ ਦਾ ਮੇਲਾ 10.ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ
ਮੌਖਿਕ ਸਾਹਿਤ
[ਸੋਧੋ]ਮੌਖਿਕ ਸਾਹਿਤ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹੈ ਤੇ ਹੋਠਾਂ ਉਤੇ ਖੇਡਦਾ ਹੈ। ਇਹ ਮੂੰਹ ਅੱਗੇ ਤੁਰਦਾ ਜੁਗਾਂ ਦੇ ਪੈਂਦੇ ਤੈਅ ਕਰ ਲੈਂਦਾ ਹੈ। ਇਹ ਅਕਾਲ ਹੈ। ਕਿਸੇ ਕਾਲ ਨਾਲ ਨਹੀਂ ਬੱਝਿਆ ਹੋਇਆ। ਇਹ ਅਕਰਤਾ ਹੈ ਕਿਸੇ ਲੇਖਕ ਨਾਲ ਨਹੀਂ ਜੁੜਿਆ ਹੁੰਦਾ। ਇਹ ਪੀੜ੍ਹੀਆਂ ਦੀ ਘਾਲਣਾ ਤੇ ਜਾਤੀਆਂ ਦੀ ਕਿਰਤ ਹੈ। ਲੋਕ ਸਾਹਿਤ ਬਾਰੇ ਵਣਜਾਰਾ ਬੇਦੀ ਦੇ ਵਿਚਾਰ
"ਮੌਖਿਕ ਸਾਹਿਤ ਆਪ ਮੁਹਾਰੇ ਉੱਘੇ ਜੰਗਲੀ ਫੁੱਲਾਂ ਵਾਂਗ ਹੈ। ਜੋ ਸਹਿਜੇ ਹੀ ਭੋਇ ਦੀ ਹਿੱਕ ਚੀਰ ਕੇ ਝੂਮਣ ਲੱਗਦੇ ਹਨ ਅਤੇ ਉਹਨਾਂ ਦਾ ਆਪਣਾ ਰੰਗ ਰੂਪ ਤੇ ਫੱਬਣ ਹੁੰਦੀ ਹੈ। "
ਪੰਜਾਬੀ ਲੋਕਧਾਰਾ ਵਿੱਚ ਲੋਕ ਸਾਹਿਤ ਦੀਆਂ ਕਈ ਵੰਨਗੀਆਂ ਤੇ ਰੂਪ ਮਿਲਦੇ ਹਨ। ਜਿਹਨਾਂ ਵਿੱਚੋਂ ਵਣਜਾਰਾ ਬੇਦੀ ਨੇ ਹੇਠ ਲਿਖੇ ਰੂਪਾਂ ਦਾ ਵਰਣਨ ਕੀਤਾ ਹੈ -:
*ਲੋਕ ਗੀਤ
*ਕਹਾਣੀ
*ਅਖਾਣ
*ਬੁਝਾਰਤਾਂ
ਪੰਜਾਬ ਦੇ ਲੋਕ ਨਾਚ
[ਸੋਧੋ]ਪੰਜਾਬ ਦੇ ਲੋਕ ਨਾਚ ਪੰਜਾਬੀ ਸੰਸਕ੍ਰਿਤ ਤੇ ਚਰਿਤਰ ਦਾ ਦਰਪਣ ਹਨ। ਪੰਜਾਬੀਆਂ ਦੇ ਸੁਭਾਅ ਦੇ ਕੁਝ ਖਾਸ ਲੱਛਣ ਵੀਰਤਾ, ਸਾਹਸ, ਅਣਖ ਤੇ ਅਲਬੇਲਾਪਣ ਉਨ੍ਹਾਂ ਦੇ ਸਿੱਧੇ ਸਾਦੇ ਲੋਕ ਨਾਚਾਂ ਵਿੱਚ ਬੜੀ ਸੋਹਣੀ ਤਰ੍ਹਾਂ ਸੁਚਿਤਰ ਹੁੰਦੇ ਹਨ। ਇਹ ਨਾਚ ਜੋਸ਼ੀਲੇ ਬੀਰ ਰਸੀ ਤੇ ਕਰੜ ਹਨ, ਇੰਨਾ ਦੀ ਲਚਕਤਾ ਫੋਲਾਦੀ ਹੈ। ਪੰਜਾਬੀ ਸੁਭਾਅ ਦੀ ਕਰੜਾਈ ਤੇ ਮਿਠਾਸ ਦੋਵੇਂ ਇੰਨਾ ਵਿੱਚ ਇਕਰਸ ਹੋ ਕੇ ਸਮਾਏ ਹੋਏ ਹਨ। ਪੰਜਾਬ ਦੇ ਲੋਕ ਨਾਚਾਂ ਵਿਚ, ਅੰਗਾਂ ਦੇ ਲਹਿਰਾਓ, ਜੁੱਸੇ ਦੇ ਹਿਲੌਰੇ ਤੇ ਪੈਰਾਂ ਦੀ ਚਾਪ, ਮਨੋਭਾਵਾਂ ਨਾਲ ਕਦਮ ਮੇਚ ਕੇ ਤੁਰਦੀ ਹੈ। ਇੰਨਾ ਨਾਚਾਂ ਵਿੱਚ ਕਲਾਸਕੀ ਨਾਚਾਂ ਵਾਂਗ, ਅੰਗਾਂ ਦੀਆਂ ਹਰਕਤਾਂ ਤੇ ਕਦਮਾਂ ਦੀਆਂ ਚਾਲਾਂ ਦੇ ਕੋਈ ਬੱਝਵਾਂ ਤੇ ਕਰੜੇ ਨੇਮ ਨਹੀਂ ਹਨ। ਪੰਜਾਬ ਦੇ ਲੋਕ ਨਾਚ ਸੁਭਾਅ ਵਿੱਚ ਲੌਕਿਕ ਹਨ। ਇੰਨਾ ਨੂੰ ਧਰਮ ਦੀ ਲਾਗ ਨਹੀਂ ਲੱਗੀ। ਇੰਨਾ ਦਾ ਆਰੰਭ ਮੁਢ ਕਦੀਮ ਵਿਚ, ਕਿਸੇ ਧਾਰਮਿਕ ਰਹੁਰੀਤ ਜਾਂ ਉਪਜਾਊ ਸ਼ਕਤੀ ਵਧਾਉਣ ਦੀ ਕਿਸੇ ਕਾਮਨਾ ਤੋਂ ਭਾਵੇਂ ਬੱਝਿਆ ਹੋਵੇ, ਪਰ ਇਹ ਨਾਚ ਭਰਪੂਰ ਫਸਲ ਦੀ ਮਹਿਕ ਵਿਚ, ਖੁੱਲੇ ਖੇਤਾਂ ਦੀਆਂ ਬਾਹਵਾਂ ਵਿੱਚ ਅਤੇ ਦੁੱਧ ਚਿੱਟੀਆਂ ਰਾਤਾਂ ਵਿੱਚ ਤੇ ਘਰ ਦੇ ਖੁੱਲ੍ਹੇ ਵਿਹੜਿਆਂ ਵਿੱਚ ਪਲਦੇ ਤੇ ਨਿਖਰਦੇ ਹਨ।
*ਭੰਗੜਾ- ਮਰਦਾਂ ਦਾ ਨਾਚ
*ਗਿੱਧਾ- ਮੁਟਿਆਰਾਂ ਦਾ ਨਾਚ
*ਸੰਮੀ- ਪੱਛਮੀ ਪੰਜਾਬ ਦੀਆਂ ਤੀਵੀਆਂ ਦਾ ਨਾਚ
*ਕਿਕਲੀ- ਛੋਟੀਆਂ ਕੁੜੀਆਂ ਦਾ ਨਾਚ
*ਲੁਡੀ ਤੇ ਝੁੰਮਰ -ਮਰਦ ਤੇ ਤੀਵੀਆਂ ਦਾ ਨਾਚ
ਲੋਕ ਸੰਗੀਤ
[ਸੋਧੋ]ਪੰਜਾਬੀਆਂ ਨੂੰ ਸਵਰ -ਲਹਿਰੀਆ ਗੁੜ੍ਹਤੀ ਵਿੱਚ ਮਿਲਦੀਆਂ ਹਨ। ਜੰਮਦਿਆਂ ਸਾਰ ਹੀ, ਬੱਚੇ ਦੇ ਕੰਨਾਂ ਵਿੱਚ ਗੀਤਾਂ ਦੀਆਂ ਮਧੁਰ ਧੁਨੀਆਂ ਤੇ ਢੋਲਕੀ ਦਾ ਤਾਲ ਛਣਕਣ ਲੱਗਦਾ ਹੈ। ਲੋਕ ਸੰਗੀਤ ਬਾਲ ਦੀ ਆਤਮਾ ਵਿੱਚ ਇੱਕਰਸ ਹੋ ਕੇ ਰਚ ਜਾਂਦਾ ਹੈ ਤੇ ਜੀਵਨ ਭਰ ਕਈ ਰੂਪਾਂ ਰੰਗਾਂ ਵਿੱਚ ਉਸ ਦੇ ਬੁੱਲਾਂ ਉਤੇ ਨੱਚਦਾ ਰਹਿੰਦਾ ਹੈ। ਲੋਕ ਸੰਗੀਤ ਸਹਿਜ ਸੰਗੀਤ ਹੈ। ਗਾਇਕ ਗੀਤਾਂ ਦੀਆਂ ਧੁਨੀਆਂ ਨੂੰ ਕਿਸੇ ਉਸਤਾਦ ਤੋਂ ਨਹੀਂ ਸਿੱਖਦੇ। ਉਹ ਇਸ ਸੰਗੀਤ ਨੂੰ ਕੰਨਾਂ ਰਾਹੀ ਸੁਣ ਕੇ ਮਾਣ ਦੇ ਅੰਦਰ ਜੀਰ ਲੈਂਦੇ ਹਨ।
ਪੱਛਮੀ ਪੰਜਾਬ ਵਿੱਚ ਦਿਲਾਂ ਦੀਆਂ ਗੱਲਾਂ 'ਮਾਹੀਏ' ਤੇ ਢੋਲੇ ਰਾਹੀਂ ਕੀਤੀਆਂ ਜਾਂਦੀਆਂ ਹਨ, ਪਰ ਪੂਰਬੀ ਪੰਜਾਬ ਵਿੱਚ ਦਿਲ ਦੀ ਗੱਲ ਬੋਲੀਆਂ ਰਾਹੀਂ ਪ੍ਰਗਟ ਹੁੰਦੀ ਹੈ। ਲੇਖਕ ਨੇ ਪੰਜਾਬੀ ਜੀਵਨ ਵਿੱਚ ਲੋਕ ਧੁਨਾਂ ਪੈਦਾ ਕਰਨ ਵਾਲੇ ਸਾਜ਼ ਕਿੰਗ,ਇਕੱਤਾਰਾ,ਅਲਗੋਜਾ਼ ਵੰਝਲੀ ਤੇ ਗੱਡ ਸਾਰੰਗੀ ਉਲੇਖ ਕੀਤਾ ਹੈ। ਜਿਹਨਾਂ ਦੀ ਦਿੱਖ ਪੰਜਾਬੀ ਜੀਵਨ ਵਾਂਗ ਸਾਧਾਰਨ ਹੈ। ਲੇਖਕ ਨੇ ਬਹੁਤ ਸਾਰੇ ਕਾਵਿ ਰੂਪਾਂ ਮਾਹੀਆ, ਢੋਲਾ, ਬੋਲੀ, ਲੋਰੀਆਂ, ਅਲਾਉਣੀਆਂ, ਵੈਣ ਅਤੇ ਕਿਕਲੀ ਵਿੱਚ ਮਿਲਦੀਆਂ ਲੋਕ ਸੰਗੀਤ ਧੁਨੀਆਂ ਦਾ ਵਰਣਨ ਕੀਤਾ ਹੈ। ਜੋ ਕਿ ਪੰਜਾਬੀ ਜੀਵਨ ਦੇ ਸਾਧਾਰਨ ਰੂਪ ਨੂੰ ਰਸਮਈ ਬਣਾਉਂਦੇ ਹਨ। ਇਨ੍ਹਾਂ ਕਾਵਿ ਰੂਪਾਂ ਵਿੱਚ ਇੱਕ ਆਪਣੀ ਤਰ੍ਹਾਂ ਦਾ ਰਾਗ ਤੇ ਲੈਅ ਦੀ ਮਿਠਾਸ ਘੁੱਲੀ ਹੁੰਦੀ ਹੈ। ਮੌਤ ਨਾਲ ਸੰਬੰਧਿਤ ਕਾਵਿ ਰੂਪ ਕਰੁਣਾ ਭਰਿਆ ਮਾਹੌਲ ਸਿਰਜਦੇ ਹਨ ਪਰ ਇਹ ਸੰਗੀਤ ਪੰਜਾਬੀ ਜੀਵਨ ਵਿੱਚ ਪੂਰੀ ਤਰ੍ਹਾਂ ਰਚ ਚੁੱਕਾ ਹੈ।
ਲੋਕ ਕਲਾ
[ਸੋਧੋ]ਲੇਖਕ ਅਨੁਸਾਰ ਸੁਹਜ ਨੂੰ ਮਾਨਵ ਦੀ ਇੱਛਾ ਨੇ ਕਲਾ ਨੂੰ ਜਨਮ ਦਿੱਤਾ ਹੈ। ਕਲਾ ਮਨੁੱਖ ਦੀਆਂ ਸਰੀਰਕ ਲੋੜਾਂ ਵਾਂਗ ਹੀ ਮਨੁੱਖ ਦੀਆਂ ਮਾਨਸਿਕ ਲੋੜਾਂ ਦੀ ਵੀ ਪੂਰਤੀ ਕਰਦੀ ਹੈ। ਲੋਕ ਕਲਾ ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਹੋਣ ਕਰਕੇ, ਜਨ ਜੀਵਨ ਤੇ ਸੱਭਿਆਚਾਰ ਨਾਲ ਇਕਰਸ ਹੁੰਦੀ ਹੈ। ਇਸ ਦਾ ਸੁਹਜ ਤੇ ਫਬਨ ਜਾਤੀ ਦੀਆਂ ਕਲਾ ਰੁਚੀਆਂ ਦਾ ਬੌਧਿਕ ਹੈ। ਲੋਕ ਕਲਾ ਘਰਾਂ ਦਾ ਸੁਹਜ ਤੇ ਸ਼ਿੰਗਾਰ ਹੈ। ਪਰ ਮਨੁੱਖ ਵਿੱਚ ਜਨਮ ਤੋਂ ਹੀ ਸੁੰਦਰਤਾ ਦੀ ਭੁੱਖ ਹੁੰਦੀ ਹੈ ਤੇ ਇਸ ਦੀ ਤ੍ਰਿਪਤੀ ਸਾਧਾਰਣ ਜੀਵਨ ਵੇਗ ਵਿੱਚ ਲੋਕ ਕਲਾ ਹੀ ਕਰਦੀ ਹੈ। ਲੋਕ ਕਲਾ ਦਾ ਮੁੱਢ ਵੀ ਬੋਲੀ ਜਾਂ ਲਿਪੀ ਵਾਂਗ ਦੈਵੀ ਹੈ। ਲੇਖਕ ਅਨੁਸਾਰ ਪੰਜਾਬ ਦੀ ਮੂਰਤੀ ਕਲਾ ਵਿੱਚ ਗੰਧਾਰ ਸ਼ੈਲੀ ਬੜੀ ਪ੍ਰਸਿੱਧ ਹੈ। ਇਹ ਮੂਲ ਵਿੱਚ ਲੋਕ ਸ਼ੈਲੀ ਸੀ, ਜੋ ਯੂਨਾਨੀ ਅਤੇ ਈਰਾਨੀ ਸ਼ੈਲੀਆਂ ਦੇ ਪ੍ਰਭਾਵ ਹੇਠ ਬੁੱਧ ਕਾਲ ਵਿੱਚ ਨਿਖਰੀ। ਲੇਖਕ ਅਨੁਸਾਰ ਪੰਜਾਬ ਵਿੱਚ ਕੁੰਭਕਾਰੀ ਦੀ ਕਲਾ ਮੁਸਲਮਾਨੀ ਰਾਜ ਵਿੱਚ ਆਪਣੀ ਚੜਤ ਪ੍ਰਾਪਤ ਕਰਦੀ ਹੈ। ਪੰਜਾਬ ਵਿੱਚ ਲੱਕੜ ਦੀ ਸ਼ਿਲਪ ਕਲਾ, ਦੰਦ ਖੰਡ ਦੀ ਕਲਾ,ਗਹਿਣਿਆਂ ਦੀ ਕਲਾ ਅਤੇ ਫੁਲਕਾਰੀ ਦੀ ਕਢਾਈ ਕਲਾ ਦੇ ਉੱਤਮ ਨਮੂਨੇ ਮੰਨੇ ਜਾਂਦੇ ਹਨ।
ਲੋਕ ਨਾਟ
[ਸੋਧੋ]ਪੰਜਾਬ ਦੀ ਲੋਕ ਨਾਟ ਪਰੰਪਰਾ ਬਾਰੇ ਲੇਖਕ ਪੁਰਾਣ ਧਾਰਾ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਨੂੰ ਤ੍ਰੇਤੇ ਯੁੱਗ ਨਾਲ ਜੋੜ ਦਿੰਦਾ ਹੈ। ਨਾਟਕ ਪੰਜਾਬੀਆਂ ਦੇ ਜੀਵਨ ਪ੍ਰਵਾਹ ਵਿੱਚ ਰਚਿਆ ਹੋਇਆ ਹੈ। ਨਾਟਕ ਲਈ ਕੋਈ ਵਿਸ਼ੇਸ਼ ਪਹਿਰਾਵੇ ਜਾਂ ਸਟੇਜ ਦੀ ਲੋੜ ਨਹੀਂ ਹੁੰਦੀ। ਇਹ ਕਿਸੇ ਵੀ ਗਲੀ ਮੁਹੱਲੇ ਵਿੱਚ ਸਾਧਾਰਨ ਸਮੱਗਰੀ ਦੀ ਵਰਤੋਂ ਕਰਕੇ ਖੇਡਿਆ ਜਾ ਸਕਦਾ ਹੈ। ਪੰਜਾਬੀ ਲੋਕ ਨਾਟ ਦੀਆਂ ਵੰਨਗੀਆਂ:
- ਪੁਤਲੀਆਂ ਦਾ ਤਮਾਸ਼ਾ
- ਰਾਸ ਲੀਲ੍ਹਾ
- ਰਾਮ ਲੀਲ੍ਹਾ
- ਸਵਾਂਗ
- ਨੌਟੰਕੀ
- ਨਕਲਾਂ
- ਭੰਡਾਂ ਦਾ ਤਮਾਸ਼ਾ
- ਥਿਉੜੇ
- ਮਦਾਰੀ ਤੇ ਬਾਜ਼ੀਗਰਾਂ ਦੇ ਤਮਾਸ਼ੇ
ਸਮੁੱਚੇ ਤੌਰ 'ਤੇ ਇਹ ਪੁਸਤਕ ਪਾਠਕ ਨੂੰ ਪੰਜਾਬ ਦੀ ਲੋਕਧਾਰਾ ਦੇ ਪ੍ਰਮੁੱਖ ਅੰਗਾਂ ਸੰਬੰਧੀ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਪੰਜਾਬ ਦੀ ਲੋਕਧਾਰਾ ਨੂੰ ਸਾਂਭਣ ਅਤੇ ਅਧਿਐਨ ਕਰਨ ਦਾ ਪ੍ਰਵਾਹ ਵਿੱਚ ਇਹ ਪੁਸਤਕ ਆਪਣਾ ਬਣਦਾ ਯੋਗਦਾਨ ਪਾਉਣ ਵਿੱਚ ਕਾਫ਼ੀ ਸਫਲਤਾ ਪ੍ਰਾਪਤ ਕਰਦੀ ਹੈ। ਪੰਜਾਬੀ ਜੀਵਨ ਦੇ ਬਹੁ ਸਾਰੇ ਪਸਾਰਾ ਨੂੰ ਇਸ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਪੰਜਾਬੀ ਲੋਕਧਾਰਾ ਦੇ ਖੇਤਰ ਵਿੱਚ ਮਹੱਤਵਪੂਰਨ ਪੁਸਤਕ ਹੈ।