ਮਦਦ:ਵਿਸ਼ਾ-ਵਸਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਚਾਰੀਆ ਜਯਦੇਵ ਪੀਯੂਸ਼ਵਰਸ

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਜਯਦੇਵ ਦਾ ਕਾਵਿਸ਼ਾਸਤਰੀ ਗ੍ਰੰਥ ’ਚੰਦ੍ਰਲੋਕ' ਆਪਣੀ ਅਤਿਸਰਲ ਸ਼ੈਲੀ ਦੇ ਕਾਰਣ ਸਭ ਤੋਂ ਜ਼ਿਆਦਾ ਲੋਕਪ੍ਰਿਯ ਗ੍ਰੰਥ ਮੰਨਿਆ ਜਾਂਦਾ ਹੈ। ਇਸਦੀ ਸੱਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਕਾਵਿਸ਼ਾਸਤਰੀ ਤੱਤਾਂ ਦੇ ਪ੍ਰਤਿਪਾਦਨ ਲਈ ਸ਼ਾਸਤਰੀ ਅਤੇ ਪ੍ਰੌੜ੍ਹ ਪੱਧਤੀ ਦੀ ਬਜਾਏ ਸਹਿਜ, ਸੌਖੀ, ਸਰਸ ਅਤੇ ਰੌਚਕ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ ਜਿਸ ਕਾਰਣ ਪਾਠਕ ਪ੍ਰਤਿਪਾਦਿਤ ਵਿਸ਼ੇ ਨੂੰ ਤਤਕਾਲ ਸਮਝ ਸਕਦੇ ਹਨ।     

ਜੀਵਨ ਅਤੇ ਮਾਤਾ-ਪਿਤਾ

ਆਚਾਰੀਆ ਜਯਦੇਵ ਦੇ ਜੀਵਨ ਅਤੇ ਸਮੇਂ ਬਾਰੇ ਇਨ੍ਹਾਂ ਦੀਆਂ ਆਪਣੀਆਂ ਰਚਨਾਵਾਂ ਤੋਂ ਕੁੱਝ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਇਹਨਾਂ ਦੇ ਕਾਵਿਸ਼ਸਾਤਰੀ ਗ੍ਰੰਥ ‘ਚੰਦ੍ਰਾਲੋਕ’ ਤੋਂ ਇਲਾਵਾ ‘ਪ੍ਰਸੰਨਰਾਘਵ’ ਨਾਮ ਦਾ ਇੱਕ ਨਾਟਕ ਵੀ ਮਿਲਦਾ ਹੈ ਜਿਸ ਦੀ ਪ੍ਰਸਤਾਵਨਾ ਆਦਿ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਦੇ ਪਿਤਾ ਦਾ ਨਾਮ ‘ਮਹਾਦੇਵ'; ਮਾਤਾ ਦਾ ਨਾਮ ‘ਸੁਮਿਤ੍ਰਾ’’ ਸੀ। ’ਚੰਦ੍ਰਾਲੋਕ’ ਦੇ ਹਰੇਕ ‘ਮਯੂਖ’ (ਅਧਿਆਇ) ਦੇ ਅੰਤ 'ਚ 1 ਵੀ ਇਹੋ ਸੰਕੇਤ ਪ੍ਰਾਪਤ ਹੈ। ਇਹ ਕੌਂਡਿਨਯ ਗੋਤ ਦੇ ਬ੍ਰਾਹਮਿਣ ਅਤੇ ‘ਮਿਥਿਲਾ’ (ਪ੍ਰਦੇਸ਼) ਦੇ ਰਹਿਣ ਵਾਲੇ ਸਨ। ਜਯਦੇਵ ਨੂੰ ‘ਪੀਯੂਸ਼ਵਰਸ਼’ ਵੀ ਕਿਹਾ ਜਾਂਦਾ ਹੈ। ਇਹ ਨਿਆਇਸ਼ਾਸਤ੍ਰ ਦੇ ਉੱਘੇ ਵਿਦਵਾਨ ਸਨ, ਇਹ ਤੱਥ ਇਹਨਾਂ ਦੇ ਨਾਟਕ ਦੀ ਪ੍ਰਸਾਤਵਨਾ ਤੋਂ ਪ੍ਰਾਪਤ ਹੁੰਦਾ ਹੈ। ਮਿਥਿਲਾ ਦੇ ਵਿਦਵਾਨਾਂ 'ਚ ਇੱਕ ਦੰਦਕਥਾ ਪ੍ਰਚਲਿਤ ਰਹੀ ਹੈ ਕਿ ‘ਭਾਸ਼ਿਆਲੋਕ’ ਨਾਮ ਦੇ ਨਿਆਇਗ੍ਰੰਥ ਦੀ ਰਚਨਾ ਵੀ ਇਸੇ ਜਯਦੇਵ ਨੇ ਕੀਤੀ ਸੀ, ਜਦੋਂ ਕਿ ਇਸਦਾ ਲੇਖਕ ਕੋਈ ‘ਪਧਰ ਜਯਦੇਵ’ ਹੈ। ਇਸ ਦੀ ਰਚਨਾ ‘ਚੰਦ੍ਰਾਲੋਕ' ਦੇ ਲੇਖਕ ਜਯਦੇਵ ਨੇ ਹੀ ਕੀਤੀ ਸੀ, ਇਸ ਬਾਰੇ ਕੋਈ ਠੋਸ ਪ੍ਰਮਾਣ ਪ੍ਰਾਪਤ ਨਹੀਂ ਹੈ। ਪਰ ਡਾ. ਪੀ. ਵੀ. ਕਾਣੇ ਨੇ ਦੋਹਾਂ ਗ੍ਰੰਥਾਂ ਦਾ ਲੇਖਕ ਪਹਿਲੇ ਜਯਦੇਵ ਨੂੰ ਹੀ ਮੰਨਿਆ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ‘ਗੀਤਗੋਵਿੰਦ’ ਨਾਮ ਦੇ ਸੰਸਕ੍ਰਿਤ ਗੀਤਿਕਾਵਿ ਦੇ ਰਚਯਤਾ ਦਾ ਨਾਮ ਵੀ ਜਯਦੇਵ ਹੀ ਹੈ; ਪਰ ਉਹਨਾਂ ਦੇ ਆਪਣੇ ਕਥਨਾਨੁਸਾਰ ਪਿਤਾ ਭੋਜਦੇਵ, ਮਾਤਾ ਰਾਮਾਦੇਵੀ ਅਤੇ ਉਹ ਬੰਗਾਲਨਿਵਾਸੀ ਸਨ, ਇਸ ਲਈ ਦੋਨੋਂ ਵੱਖ-ਵੱਖ ਹੀ ਹਨ।

ਜਯਦੇਵ ਦਾ ਸਮਾਂ

ਜਯਦੇਵ ਨੇ ਚਾਹੇ ਆਪਣੇ ਵਿਅਕਤੀਗਤ ਜੀਵਨ ਬਾਰੇ ਅਨੇਕ ਸੰਕੇਤ ਦਿੱਤੇ ਹਨ; ਪਰੰਤੂ ਆਪਣੇ ਸਮੇਂ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਹੈ। ਇਹਨਾਂ ਦੀਆਂ ਆਪਣੀਆਂ ਕਿਰਤਾਂ ਅਤੇ ਦੂਜੇ ਪਰਵਰਤੀ ਆਚਾਰੀਆਂ ਦੁਆਰਾ ਉੱਤ ਸਾਮਗ੍ਰੀ ਦੇ ਆਧਾਰ ’ਤੇ ਹੀ ਇਹਨਾਂ ਦੇ ਸਮੇਂ ਦਾ ਨਿਸ਼ਚੈ ਕੀਤਾ ਜਾ ਸਕਦਾ ਹੈ। ਜਯਦੇਵ ਨੇ ਮੰਮਟ ਦੇ ਕਾਵਿ-ਲਕ੍ਸ਼ਣ ਦੀ ਆਲੋਚਨਾਕੀਤੀ ਹੈ। ਕਾਵਿਗਤ ਦੋਸ਼-ਵਿਵੇਚਨ 'ਚ ਵੀ ਮੰਮਟ ਦਾ ਹੀ ਅਨੁਸਰਣ ਕੀਤਾ ਜਾਪਦਾ ਹੈ। ‘ਵਿਚਿਤ੍ਰ’ ਅਤੇ ‘ਵਿਕਲਪ’ ਨਾਮ ਦੇ ਅਲੰਕਾਰਾਂ ਦੀ ਪਰਿਭਾਸ਼ਾ ਰੁੱਯਕ (1200 ਈ. ਸੰਨ ਲਗਭਗ) ਦੇ ‘ਅਲੰਕਾਰਸਰਵ' 'ਚੋਂ ਹੂ-ਬਹੂ ਉੱਤ ਹੈ। ਇਸ ਲਈ ਜਯਦੇਵ ਮੰਮਟ ਅਤੇ ਰੁੱਯਕ ਤੋਂ ਬਾਅਦ ਹੋਏ। ਵਿਸ਼ਵਨਾਥ (1300-1384 ਈ. ਸਦੀ) ਨੇ ਆਪਣੇ ਗ੍ਰੰਥ ‘ਸਾਹਿਤਦਰਪਣ' (4,3) ·ਵਿੱਚ ਜਯਦੇਵ ਦੇ ਨਾਟਕ ‘ਪ੍ਰਸੰਨਰਾਘਵ ਵਿਚੋਂ (ਕਦਲੀ-ਕਦਲੀ) ਸ਼ਲੋਕ ਨੂੰ ਅਰਥਾਂਤਰਸੰਕ੍ਰਮਿਤਵਾਚਯ ਧੁਨੀ ਦੇ ਉਦਾਹਰਣ ਵਜੋਂ ਉੱਧਿਤ ਕੀਤਾ ਹੈ। ਇਸੇ ਤਰ੍ਹਾਂ ‘ਸ਼ਾਰੰਗਧਰਪੱਧਤੀ’ (1361-63 ਈ. ਸਦੀ) ਵਿੱਚ ‘ਪ੍ਰਸੰਨਰਾਘਵ ਦੇ ਕੁੱਝ ਸ਼ਲੋਕ ਸੰਗ੍ਰਗ੍ਰੀਤ ਹਨ; ਇਸ ਲਈ ਜਯਦੇਵ ਦਾ ਸਮਾਂ ਇਹਨਾਂ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਸੋ, ਅਨੁਮਾਨ ਕੀਤਾ ਦਾ ਸਕਦਾ ਹੈ ਕਿ ਆਚਾਰੀਆ ਜਯਦੇਵ ਦਾ ਸਮਾਂ 1200-1300 ਈ.ਸਦੀ ਦੇ ਮਧਭਾਗ ਰਿਹਾ ਹੋਵੇਗਾ।

ਰਚਨਾਵਾਂ

ਆਚਾਰੀਆ ਜਯਦੇਵ ਦੇ ‘ਪ੍ਰਸੰਨਰਾਘਵ’ ਨਾਟਕ ਅਤੇ ਭਾਸ਼ਿਆਲੋਕ 'ਨਿਆਇਗ੍ਰੰਥ ਤੋਂ ਇਲਾਵਾ, ‘ਚੰਦ੍ਰਾਲੋਕ’ ਇੱਕ ਸੁਪ੍ਰਸਿੱਧ ਕਾਵਿਸ਼ਾਸਤਰੀ ਗ੍ਰੰਥ ਵੀ ਹੈ। ਇਹ ਗ੍ਰੰਥ ਦਸ ਮਯੂਖਾਂ (ਅਧਿਆਵਾਂ) ਵਿੱਚ ਵੰਡਿਆ ਅਤੇ ਅਨੁਸ਼ਟੁਪ ਛੰਦ ਦੀਆਂ ਲਗਭਗ 350 ਕਾਰਿਕਾਵਾਂ ’ਚ ਰਚਿਤ ਹੈ। ਇਸ ਦੀ ਸ਼ੈਲੀ ਸੌਖੀ ਅਤੇ ਸਪਸ਼ਟ ਹੈ। ਇਸ ਵਿੱਚ ਪ੍ਰਤਿਪਾਦਿਤ ਵਿਸੈ-ਵਸਤੂ ਨਿਮਨ ਅਨੁਸਾਰ ਹੈ:

ਮਯੂਖ-1 ਵਿੱਚ ਕਾਵਿ-ਪਰਿਭਾਸ਼ਾ; ਕਾਵਿ ਰਚਨਾ ਦੇ ਕਾਰਣ; ਰੂੜ੍ਹ, ਯੌਗਿਕ, ਯੋਗਰੂੜ੍ਹ ਤਿੰਨ ਤਰ੍ਹਾਂ ਦੇ ਸ਼ਬਦਾਂ ਦਾ ਵਿਵੇਚਨ

ਮਯੂਖ-2. ਵਿੱਚ ਸ਼ਬਦਗਤ-ਵਾਕਗਤ-ਅਰਥਗਤ ਆਦਿ ਕਾਵਿਸੰਬੰਧੀ ਦੋਸ਼ਾਂ ਦਾ ਨਿਰੂਪਣ।

ਮਯੂਖ-3. ਵਿੱਚ ਕਵੀ ਦੁਆਰਾ ਕਾਵਿ ’ਚ ਰਮਣੀਯਤਾ ਜਾਂ ਚਮਤਕਾਰ ਵਧਾਉਣ ਲਈ ਕੀਤੇ ਜਾਣ ਵਾਲੇ ਉਪਾਇਆਂ ਦੀ ਯੋਜਨਾ ਦਾ ਵਿਵੇਚਨ।

ਮਯੂਖ-4. ਵਿੱਚ ਆਚਾਰੀਆ ਭਰਤ, ਵਾਮਨ ਦੇ ਅਨੁਕਰਣ ’ਤੇ ਕਾਵਿਗਤ ਦਸ ਗੁਣਾਂ ਦਾ ਪ੍ਰਤਿਪਾਦਨ।

ਮਯੂਖ-5. ਵਿੱਚ ਚਾਰ ਸ਼ਬਦਾਲੰਕਾਰਾਂ ਅਤੇ ਇੱਕ ਸੌ ਅਰਥਾਲੰਕਾਰਾਂ ਦਾ ਸੋਦਾਹਰਣ ਨਿਰੂਪਣ।

ਮਯੂਖ-6. ਵਿੱਚ ਰਸਾਂ, ਭਾਵਾਂ, ਪਾਂਚਾਲੀ, ਗੌੜ੍ਹੀ, ਲਾਟੀ ਤਿੰਨ ਰੀਤੀਆਂ ਅਤੇ ਮਧੁਰਾ, ਪ੍ਰੌੜ੍ਹਾ, ਪਰੁਸ਼ਾ, ਲਲਿਤਾ, ਮਦ੍ਰਿ-ਨਾਮ ਦੀਆਂ ਪੰਜ ਤੀਆਂ ਦਾ ਵਿਵੇਚਨ। ਮਯੂਖ-7. ਵਿੱਚ ਵਿਅੰਜਨਾ ਸ਼ਬਦ ਸ਼ਕਤੀ ਦਾ ਨਿਰੂਪਣ ਅਤੇ ਧੁਨੀ ਦੇ ਭੇਦਾਂ ਦਾ ਪ੍ਰਤਿਪਾਦਨ।

ਮਯੂਖ-8. ਵਿੱਚ ਗੁਣੀਭੂਤਵਿਅੰਗ-ਕਾਵਿ ਦੇ ਭੇਦਾਂ ਦਾ ਵਿਵੇਚਨ। ਮਯੂਖ-9. ਵਿੱਚ ਲਕ੍ਸ਼ਣਾ ਸ਼ਬਦ ਸ਼ਕਤੀ ਦਾ ਵਿਸਤ੍ਰਿਤ ਵਿਵੇਚਨ।

ਮਯੂਖ-10. ਵਿੱਚ ਅਭਿਧਾ ਸ਼ਬਦ ਸ਼ਕਤੀ ਦਾ ਵਿਸ਼ਦ ਵਿਵੇਚਨ। ਅਲੰਕਾਰ ਦੇ ਵਿਕਾਸਕ੍ਮ ਵਿੱਚ ਸਪੱਸ਼ਟ ਕੀਤਾ ਜਾ ਚੁੱਕਿਆ ਹੈ ਕਿ ਕਿਵੇਂ ਸਹਿਜੇ- ਸਹਿਜੇ ਅਲੰਕਾਰਾਂ ਦੀ ਗਿਣਤੀ ਵਿੱਚ ਵਿਕਾਸ ਹੁੰਦਾ ਗਿਆ ਹੈ| ਇਸ ਵਿੱਚ ਵਿਕਾਸਕ੍ਮ ਨੂੰ ਅਧਿਐਨ ਦੇ ਸੋਖ ਲਈ ਤਿੰਨ ਅਵਸਥਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਅਵਸਥਾ ਭਾਹਮ ਤੋਂ ਲੈ ਕੇ ਵਾਮਨ ਤੱਕ ਹੈ ਅਤੇ ਇਸ ਵਿੱਚ ਅਲੰਕਾਰਾਂ ਦੀ ਗਿਣਤੀ 52 ਰਹੀ| ਦੂਜੀ ਅਵਸਥਾ ਰੁਦ੍ਟ ਤੋਂ ਰੁੱਯਕ ਤਕ ਹੈ। ਇਸ ਵਿੱਚ 51 ਹੋਰ ਅਲੰਕਾਰਾਂ ਦੀ ਕਲਪਨਾ ਹੋਈ ਅਤੇ ਇਹ ਗਿਣਤੀ 103 ਤੱਕ ਪਹੁੰਚ ਗਈ| ਤੀਜੀ ਅਵਸਥਾ ਜਯਦੇਵ ਤੋ ਜਗਨਨਾਥ ਤਕ ਹੈ। ਇਸ ਅਵਸਥਾ ਦੌਰਾਨ 88 ਹੋਰ ਅਲੰਕਾਰ ਦੀ ਕਲਪਨਾ ਕੀਤੀ ਗਈ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ 191 ਹੋ ਗਈ। ਅਸਲ ਵਿੱਚ, ਅਲੰਕਾਰਾਂ ਦੀ ਗਿਣਤੀ ਨੂੰ ਕਿਸੇ ਸੀਮਾ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ। ਜਯਦੇਵ ਨੇ ਅੰਕਿਤ ਕੀਤਾ ਹੈ ਕਿ ਜਿਹੜਾ ਅਲੰਕਾਰਾਂ ਤੋਂ ਰਹਿਤ ਕਾਵਿ ਨੂੰ ਸਵਿਕਾਰ ਕਰਦਾ ਹੈ। ਉਹ ਅਗਨੀ ਨੂੰ ਸੇਕ ਤੋਂ ਹੀਣੀ ਕਿਉਂ ਨਹੀਂ ਮਨ ਲੈਂਦਾ? ਭਾਵ ਕਿ ਜਿਵੇਂ ਸੇਕ ਤੇ ਅੱਗ ਦਾ ਸੰਬੰਧ ਅਨਿੱਖੜ ਹੈ ਤਿਵੇਂ ਕਾਵਿ ਤੇ ਅਲੰਕਰ ਆਪਸ 'ਚ ਅਨਿੱਖੜ ਹਨ।

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ 'ਚ ਆਚਾਰੀਆ ਜਯਦੇਵ ਦਾ ਸਭ ਤੋਂ ਵੱਡਾ ਯੋਗਦਾਨ ਹੈ ਕਿ ਇਹਨਾਂ ਨੇ (ਪੰਜਵੇਂ ਮਯੂਖ ਦੀ) ਜਿਸ ਕਾਰਿਕਾ ਵਿੱਚ ਜਿਸ ਅਲੰਕਾਰ ਦਾ ਲਕ੍ਸ਼ਣ ਦਿੱਤਾ ਹੈ; ਉਸੇ ਕਾਰਿਕਾ ਵਿੱਚ ਉਸਦਾ ਉਦਾਹਰਣ ਵੀ ਵਿਦਮਾਨ ਹੈ ਅਰਥਾਤ ਇੱਕੋ ਕਾਰਿਕਾ ਵਿੱਚ ਲਕ੍ਸ਼ਣ ਅਤੇ ਲਕ੍ਸ਼ਯ ਦੋਹਾਂ ਨੂੰ ਇੱਕੋ ਥਾਂ ਪ੍ਰਸਤੁਤ ਕੀਤਾ ਹੈ। ਇਹਨਾਂ ਦੀ ਸੂਤ੍ਰਾਤਮਕ ਅਤੇ ਸਰਲ ਪੱਧਤੀ (ਸ਼ੈਲੀ) ਨੇ ਪਾਠਕਾਂ ਨੂੰ ਕਾਵਿਸ਼ਾਸਤਰੀ ਵਿਸ਼ਿਆਂ ਦਾ ਚੰਗਾ ਜਾਣੂ ਬਣਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ’ਚੰਦ੍ਰਾਲੋਕ’ ’ਚ ਸਭ ਤੋਂ ਜ਼ਿਆਦਾ ਵਿਸਥਾਰ ਅਲੰਕਾਰ-ਵਿਵੇਚਨ ਦਾ ਹੈ ਅਤੇ ਜਯਦੇਵ ਨੇ 17 ਨਵੇਂ ਅਲੰਕਾਰਾਂ ਦਾ ਪ੍ਰਤਿਪਾਦਨ ਕੀਤਾ ਹੈ। ਬਾਅਦ 'ਚ ਆਚਾਰੀਆ ਅੱਪਯਦੀਕ੍ਸ਼ਿਤ ਨੇ ਆਪਣੇ ਅਲੰਕਾਰ-ਗ੍ਰੰਥ ‘ਕੁਵਲਯਾਨੰਦ’ ਦੀ ਰਚਨਾ ਵੇਲੇ ਜਯਦੇਵ ਦੇ ‘ਚੰਦ੍ਰਾਲੋਕ’ ਨੂੰ ਆਪਣਾ ਆਧਾਰ ਬਣਾ ਕੇ ਜਯਦੇਵ ਦਾ ਨਿਸੰਕੋਚ ਆਭਾਰ ਪ੍ਰਗਟ ਕੀਤਾ ਹੈ।

  1. ਗੁਰਸ਼ਰਨ ਕੌਰ ਜੱਗੀ - ਭਾਰਤੀ ਕਾਵਿ ਸ਼ਾਸਤਰ ,ਪੰਜਾਬੀ ਰੈਫ਼ਰੈਸ ਲਾਇਬ੍ਰੇਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ. ਚਾਂਦਨੀ ਚੌਕ ,ਦਿੱਲੀ: ਆਰਸੀ ਪਬਲਿਸ਼ਰਜ. 1994. pp. p–68.