ਮੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੱਕਾ[1] (/ˈmɛkə/) or ਮੱਕਾਹ (Arabic: مكة Makkah [ˈmaka]) ਸਾਊਦੀ ਅਰਬ ਵਿੱਚ ਟਿਹਾਮਾਹ ਮੈਦਾਨੀ ਖੇਤਰ ਵਿੱਚ ਇਕ ਸ਼ਹਿਰ ਹੈ,[2] ਜੋ ਕਿ ਮੱਕਾ ਰੀਜਨ ਦੀ ਰਾਜਧਾਨੀ ਅਤੇ ਪ੍ਰਸ਼ਾਸਕੀ ਹੈੱਡਕੁਆਰਟਰ ਵੀ ਹੈ।

ਮੁਸਲਮਾਨਾਂ ਦਾ ਪਵਿੱਤਰਧਰਮ-ਧਾਮ ਜੋ ਅਰਬ ਦੇਸ਼ ਵਿਚ ਸਥਿਤ ਹੈ ਅਤੇ ਜਿਥੇ ਹਜ਼ਰਤ ਮੁਹੰਮਦ ਨੇ ਜਨਮ ਲਿਆ ਸੀ। ਇਹ ਨਗਰ ਜੱਦਹ ਦੀ ਬੰਦਰਗਾਹ ਤੋਂ ਲਗਭਗ 100 ਕਿ.ਮੀ. ਦੂਰ ਪਥਰੀਲੀ ਧਰਤੀ ਉਤੇ ਵਸਿਆ ਹੈ। ਇਸ ਦੇ ਇਰਦ-ਗਿਰਦ ਦਾ ਇਲਾਕਾ ਬੜਾ ਖ਼ੁਸ਼ਕ ਅਤੇ ਗ਼ੈਰ-ਆਬਾਦ ਹੈ। ਇਸ ਦੇ ਮਹੱਤਵ ਦਾ ਮੁੱਖ ਕਾਰਣ ‘ਕਾਅਬਾ’ ਹੈ। ਹਜ਼ਰਤ ਮੁਹੰਮਦ ਨੇ ਜੀਵਨ ਵਿਚ ਇਕ ਵਾਰ ਇਸ ਦੀ ਜ਼ਿਆਰਤ ਕਰਨਾ ਹਰ ਮੁਸਲਮਾਨ ਲਈ ਜ਼ਰੂਰੀ ਦਸਿਆ ਹੈ। ਕਾਅਬੇ ਨੂੰ ਕਿਸ ਨੇ ਬਣਵਾਇਆ, ਇਸ ਬਾਰੇ ਵਖ ਵਖ ਰਵਾਇਤਾਂ ਪ੍ਰਚਲਿਤ ਹਨ, ਪਰ ਸਭ ਤੋਂ ਮਹੱਤਵ-ਪੂਰਣ ਪਰੰਪਰਾ ਇਹ ਹੈ ਕਿ ਹਜ਼ਰਤ ਇਬਰਾਹੀਮ ਨੇ ਆਪਣੇ ਪੁੱਤਰ ਦੀ ਬਲੀ ਦੇਣ ਦੀ ਆਜ਼ਮਾਇਸ਼ ਵਿਚ ਸਫਲ ਹੋਣ ਉਪਰੰਤ ਆਪਣੇ ਪੁੱਤਰ ਇਸਮਾਈਲ ਦੇ ਸਹਿਯੋਗ ਨਾਲ ਧਰਮ-ਪ੍ਰਚਾਰ ਦੇ ਜਿਸ ਵਿਸ਼ਵਵਿਆਪੀ ਅੰਦੋਲਨ ਦਾ ਸੰਚਾਲਨ ਕੀਤਾ, ਉਸ ਦਾ ਆਰੰਭ ਕਾਅਬੇ ਵਾਲੀ ਥਾਂ ਤੋਂ ਹੋਇਆ ਸੀ। ਉਦੋਂ ਇਹ ਵੀ ਸਥਾਪਨਾ ਕੀਤੀ ਗਈ ਕਿ ਰੱਬਵਿਚ ਯਕੀਨ ਰਖਣ ਵਾਲੇ ਸਾਰੇ ਲੋਕ ਇਸ ਸਥਾਨ ਉਤੇ ਆ ਕੇ ਜ਼ਿਆਰਤ ਕਰਨ ਅਤੇ ਆਪਣੇ ਇਲਾਕਿਆਂ ਨੂੰ ਪਰਤਕੇ ਇਸਲਾਮ ਦਾ ਪ੍ਰਚਾਰ ਕਰਨ। ਹਜ਼ਰਤ ਇਬਰਾਹੀਮ ਦੇ ਦੇਹਾਂਤ ਤੋਂ ਬਾਦ ਕਾਅਬਾ ਕਈ ਵਾਰ ਡਿਗਿਆ ਅਤੇ ਫਿਰ ਤੋਂ ਉਸਾਰਿਆ ਗਿਆ। ਇਕ ਵਾਰ ਹਜ਼ਰਤ ਮੁਹੰਮਦ ਸਾਹਿਬ ਤੋਂ ਵੀ ਇਸ ਦੀ ਨੀਂਹ ਰਖਵਾਈ ਗਈ ਦਸੀ ਜਾਂਦੀ ਹੈ। ਹਜ਼ਰਤ ਮੁਹੰਮਦ ਸਾਹਿਬ ਤੋਂ ਪਹਿਲਾਂ ਕਾਅਬਾ ਵਿਚ ਅਨੇਕ ਬੁਤ ਸਥਾਪਿਤ ਸਨ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਪਰ ਇਕ ਅੱਲ੍ਹਾ ਵਿਚ ਵਿਸ਼ਵਾਸ ਰਖਣ ਵਾਲੇ ਹਜ਼ਰਤ ਮੁਹੰਮਦ ਨੇ ਸਾਰਿਆਂ ਬੁੱਤਾਂ ਨੂੰ ਉਥੋਂ ਹਟਵਾ ਦਿੱਤਾ। ਕਾਅਬੇ ਦੀ ਵਰਤਮਾਨ ਇਮਾਰਤ ਦੀ ਉਸਾਰੀ ਸੰਨ 1040 ਈ. ਵਿਚ ਰੂਮ ਦੇਸ਼ ਦੇ ਉਸਮਾਨੀ ਬਾਦਸ਼ਾਹ ਮੁਰਾਦ ਚੌਥੇ ਨੇ ਕਰਵਾਈ ਜਿਸ ਵਿਚ ਸਮੇਂ ਸਮੇਂ ਥੋੜਾ ਬਹੁਤ ਸੁਧਾਰ ਹੁੰਦਾ ਰਿਹਾ। ਕਾਅਬੇ ਦੀ ਵਿਸ਼ਾਲ ਇਮਾਰਤ ਵਿਚ ਧਰਤੀ ਤੋਂ ਪੰਜ ਫੁਟ ਉੱਚਾਈ ਤੇ ਸੰਗ-ਅਸਵਦ (ਕਾਲਾ ਪੱਥਰ) ਜੜ੍ਹਿਆ ਹੋਇਆ ਹੈ ਜਿਸ ਨੂੰ ਮੁਸਲਮਾਨ ਯਾਤ੍ਰੀ ਚੁੰਮਦੇ ਹਨ। ਕਾਅਬੇ ਦੇ ਇਰਦ-ਗਿਰਦ ਬਹੁਤ ਵਿਸ਼ਾਲ ਪਰਿਕਰਮਾ ਹੈ ਜਿਸ ਵਿਚ ਯਾਤ੍ਰੀ ਬੜੇ ਸੌਖ ਨਾਲ ਵਿਚਰ ਸਕਦੇ ਹਨ। ਕਾਅਬੇ ਦੀ ਇਮਾਰਤ ਕਾਲੇ ਰੇਸ਼ਮੀ ਕਪੜੇ ਨਾਲ ਢਕੀ ਰਹਿੰਦੀ ਹੈ ਜਿਸ ਉਤੇ ਕੁਰਾਨ ਵਿਚੋਂ ਆਇਤਾਂ ਲਿਖੀਆਂ ਹੁੰਦੀਆਂ ਹਨ। ‘ਹੱਜ’ ਦੇ ਅਵਸਰ ਤੇ ਲੱਖਾਂ ਵਿਅਕਤੀ ਜ਼ਿਆਰਤ ਕਰਨ ਲਈ ਇਥੇ ਪਹੁੰਚਦੇ ਹਨ। ਸੰਤਾਂ, ਫ਼ਕੀਰਾਂ ਨੇ ਇਸ ਧਰਮ-ਧਾਮ ਦੀਆਂ ਰੂੜ੍ਹ ਮਾਨਤਾਵਾਂ ਤੋਂ ਹਟਕੇ ਆਪਣੇ ਅੰਦਰ ਹੀ ਕਾਅਬੇ ਦੀ ਸਥਿਤੀ ਮੰਨੀ ਹੈ। ਗੁਰੂ ਨਾਨਕ ਦੇਵ ਜੀ ਨੇ ਸਚੀ ਕਰਣੀ ਨੂੰ ਕਾਅਬਾ ਦਸਿਆ ਹੈ—ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ(ਗੁ.ਗ੍ਰੰ.140)। ਜਨਮਸਾਖੀ ਸਾਹਿਤ ਵਿਚ ਗੁਰੂ ਨਾਨਕ ਦੇਵ ਜੀ ਦਾ ਮੱਕੇ ਜਾਣਦਾ ਉੱਲੇਖ ਮਿਲਦਾ ਹੈ। ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀਆਂ ਤਿੰਨ ਪਉੜੀਆਂ (32-34) ਵਿਚ ਗੁਰੂ ਨਾਨਕ ਦੇਵ ਜੀ ਦੀ ਯਾਤ੍ਰਾ ਉਤੇ ਪ੍ਰਕਾਸ਼ ਪਾਉਂਦਿਆਂ ਲਿਖਿਆ ਹੈ — ਬਾਬਾਫਿਰਿਮਕੇਗਇਆਨੀਲਬਸਤ੍ਰਧਾਰੇਬਨਵਾਰੀ।ਆਸਾਹਥਿਕਿਤਾਬਕਛਿਕੂਜਾਬਾਂਗਮੁਸਲਾਧਾਰੀ।...ਧਰੀਨੀਸਾਣੀਕਉਸਦੀਮਕੇਅੰਦਰਿਪੂਜਕਰਾਈ।ਪਰ ਖੇਦ ਹੈ ਕਿ ਗੁਰੂ ਜੀ ਦੀ ਯਾਤ੍ਰਾ ਨਾਲ ਸੰਬੰਧਿਤ ਉਥੇ ਕੋਈ ਵੀ ਸਮਾਰਕ ਨਹੀਂ ਹੈ। ਖੜਾਵਾਂ (ਕਉਸ) ਬਾਰੇ ਦਸਿਆ ਜਾਂਦਾ ਹੈ ਕਿ ਉਹ ‘ਉਚ ਸ਼ਰੀਫ਼’ ਦੇ ਤੋਸ਼ਾਖ਼ਾਨੇ ਵਿਚ ਮੌਜੂਦ ਹਨ ਜੋ ਕਾਜ਼ੀ ਰੁਕਨਦੀਨ ਹਿੰਦੁਸਤਾਨ ਨੂੰ ਪਰਤਦਿਆਂ ਨਾਲ ਲੈ ਆਇਆ ਸੀ।

ਹਵਾਲੇ[ਸੋਧੋ]

  1. Rarely, Bakkah (Arabic: بكة).
  2. Merriam-Webster, Inc (2001). Merriam-Webster's Geographical Dictionary. p. 724. ISBN 0-87779-546-0. {{cite book}}: |first1= has generic name (help)