ਲੋਕਧਾਰਾ ਸ਼ਬਦ ਦੀ ਉਤਪਤੀ ਤੇ ਲੱਛਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਧਾਰਾ ਸ਼ਬਦ ਅੰਗਰੇਜ਼ੀ ਪਦ ਫੋਕਲੋਰ ਦੇ ਪੰਜਾਬੀ ਪਰਿਆਇ ਵਜੋਂ ਵਰਤਿਆ ਗਿਆ ਹੈ।ਇਸ ਪਦ ਦੀ ਪਹਿਲੀ ਵਾਰ ਵਰਤੋਂ 1846 ਈ: ਵਿਚ ਵਿਲੀਅਮਮ.ਜੇ.ਥੋਮਸ ਵੱਲੋਂ ਵਰਤਿਆ ਗਿਆ ਸੀ।ਉਸ ਨੇ ਇਹ ਪਦ ਪੁਰਾਤਨ ਸ਼ਿ੍ਸ਼ਟਾਚਾਰ,ਰੀਤਾਂ,ਰਸਮਾਂ, ਵਹਿਮ ਭਰਮ, ਵਾਰਾਂ ਲਈ ਵਰਤਦੇ ਹੋਏ ਸੰਭਾਲਣ ਤੇ ਜ਼ੋਰ ਦਿੱਤਾ ਸੀ।

ਫੋਕਲੋਰ ਸ਼ਬਦ ਕਈ ਥਾਵਾਂ ਤੇ ਸਿਰਫ਼ 'ਲੋਰ' ਹੀ ਸਮੂਹਿਕ ਅਤੇ ਸੰਗਠਤ ਵਰਤਾਰੇ ਲਈ ਵਰਤਿਆ ਜ਼ਾਂਦਾ ਹੈ।ਇਸ ਲਈ ਇਸ ਦੇ ਸੰਗਠਤ ਅਰਥ ਹਨ।

'ਲੋਰ' ਇੱਕ ਸੰਗਠਤ ਵਰਤਾਰਾ ਹੈ ਅਤੇ ਸਮੂਹ ਦੀ ਸਿਰਜਣਾ ਹੈ।ਲੋਰ ਸ਼ਬਦ 'ਫੋਕ' ਦੇ ਸ਼ਬਦਾਂ ਨੂੰ ਵੀ ਸੁਤੇਸਿੱਧ ਨਿਰਧਾਰਿਤ ਕਰਦਾ ਹੈ।ਉਹ ਲੋਕ ਸਮੂਹ ਜੋ ਸੰਗਠਤ ਵਰਤਾਰੇ , ਲੋਕ ਕਲਾ, ਸਾਹਿਤ, ਧਰਮ ਅਤੇ ਰੀਤ ਦੀ ਵਿਲੱਖਣ ਜੁਗਤ ਦੀ ਸਿਰਜਣਾ ਕਰਦਾ ਹੈ, ਉਹੀ ਫੋਕ ਹੈ।ਪੰਜਾਬੀ ਵਿਚ ਇਸ ਲਈ ਲੋਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਇਸ ਤਰ੍ਹਾਂ 'ਲੋਰ' ਲਈ 'ਯਾਨ' ਸ਼ਬਦ ਨਿਸ਼ਚਿਤ ਕੀਤਾ ਗਿਆ ਹੈ।ਜਿਸ ਤਰ੍ਹਾਂ ਅੰਗਰੇਜ਼ੀ ਪਦ 'ਲੋਰ' ਪਦ 'ਫੋਕ' ਦੀ ਅਰਥ ਸੀਮਾ ਨਿਰਧਾਰਿਤ ਕਰਦਾ ਹੈ।ਇਸ ਦਾ ਪੰਜਾਬੀ ਪਰਿਆਇ 'ਯਾਨ' ਨਹੀਂ ਕੀਤਾ ਜਾ ਸਕਦਾ।[1]

ਪੱਛਮ ਵਿਚ ਫੋਕਲੋਰ ਸ਼ਬਦ ਦੀ ਘਾੜਤ ਤੋਂ ਪਹਿਲਾਂ ਅਜਿਹੀ ਸਮੱਗਰੀ ਜਾਂ ਵਰਤਾਰਿਆਂ ਨੂੰ 'ਲੋਕਪ੍ਰਿਯ ਸਾਹਿਤ' ਦਾ ਨਾਮ ਦਿੱਤਾ ਜਾਂਦਾ ਸੀ।

ਅੰਗਰੇਜ਼ੀ ਵਿੱਚ ਫੋਕ ਸ਼ਬਦ ਦੀ ਉਤਪੱਤੀ ਏਂਗਲੋ ਸੈਕਸ਼ਨ ਸ਼ਬਦ 'ਫੋਲਕ' ਤੋਂ ਹੋਈ ਮੰਨੀ ਜ਼ਾਂਦੀ ਹੈ।ਇਸ ਨੂੰ ਜਰਮਨ ਭਾਸ਼ਾ ਵਿਚ 'ਵੋਲਕ' ਦਾ ਨਾਮ ਦਿੱਤਾ ਜਾਂਦਾ ਹੈ।

ਵਿਲੀਅਮ ਥਾਮਜ਼ ਦੇ ਅਨੁਸਾਰ ਅਸੱਭਿਅ ਜਮਾਤਾਂ ਦੇ ਵਿਅਕਤੀ ਵੀ 'ਫੋਕ' ਹੁੰਦੇ ਹਨ।

ਲੋਰ ਸ਼ਬਦ ਤੋਂ ਭਾਵ 'ਸਰਬ ਸਾਧਾਰਨ ਜਨਤਾ' ਦਾ ਗਿਆਨ ਹੈ।ਲੋਰ ਸ਼ਬਦ ਦੀ ਉਤਪਤੀ ਵੀ ਏਂਗਲੋ ਸ਼ੈਕਸ਼ਨ ਦੇ ਸ਼ਬਦ ਲਰ ਤੋਂ ਹੋਈ ਮੰਨੀ ਜਾਂਦੀ ਹੈ।[2]

ਲੋਕਧਾਰਾ ਦੇ ਲੱਛਣ[ਸੋਧੋ]

ਕਿਸੇ ਵੀ ਜਨ ਸਮੂਹ ਦੀ ਲੋਕਧਾਰਾ ਉਸ ਦੇ ਵਿਸ਼ੇਸ਼ ਵਿਅਕਤ ਰੂਪਾਂ ਤੋਂ ਪਹਿਚਾਣੀ ਜਾਂਦੀ ਹੈ।ਇਹ ਵਿਸ਼ੇਸ ਵਿਅਕਤ ਰੂਪ ਹੀ ਇਸਦੇ ਲੱਛਣ ਹੁੰਦੇ ਹਨ।[3]

ਲੋਕਧਾਰਾ ਦਾ ਧਰਾਤਲ[ਸੋਧੋ]

ਲੋਕਧਾਰਾ ਦਾ ਧਰਾਤਲ ਹੀ ਲੋਕ ਸਮੂਹ ਦੀ ਮਨੋਸਥਿਤੀ ਹੁੰਦਾ ਹੈ।ਇਹ ਲੋਕਾਂ ਦੀ ਜੀਵਨ ਸਥਿਤੀ ਤੇ ਨਿਰਭਰ ਕਰਦੀ ਹੈ।ਜੀਵਨ ਸਥਿਤੀ ਅੱਗੋਂ ਪੈਦਾਵਾਰੀ ਦੇ ਰਿਸ਼ਤਿਆਂ ਤੇ ਨਿਰਭਰ ਕਰਦੀ ਹੈ।ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿਚ ਪਰਿਵਰਤਨ ਆਉਣ ਨਾਲ ਜੀਵਨ ਸਥਿਤੀ ਵਿਚ ਵੀ ਪਰਿਵਰਤਨ ਆਉਦਾ ਹੈ।ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰੰਪਰਾ[ਸੋਧੋ]

ਪਰੰਪਰਾ ਲੋਕਧਾਰਾ ਦੀ ਪੀੜੀ ਦਰ ਪੀੜੀ ਅੱਗੇ ਤੁਰਨ ਦੇ ਸੰਕਲਪ ਨੂੰ ਵਿਅਕਤ ਕਰਦੀ ਹੈ।ਪ੍ਰੰਪਰਾ ਨੂੰ ਧਾਰਾ ਸ਼ਬਦ ਬਹੁਤ ਹੀ ਸਾਰਥਕ ਰੂਪ ਵਿਚ ਵਿਅਕਤ ਕਰਦਾ ਹੈ।ਵਣਜਾਰਾ ਬੇਦੀ ਲੋਕਧਾਰਾ ਦੇ ਸੁਭਾਅ ਬਾਰੇ ਬਹੁਤ ਹੀ ਸਾਰਥਕ ਟਿੱਪਣੀ ਪੇਸ਼ ਕਰਦਾ ਹੈ।ਫੋਕਲੋਰ ਜੀਵਨ ਦਾ ਸਹਿਜ ਪਰਪੰਚ ਹੈ ਅਤੇ ਅਚੇਤ ਰੂਪ ਵਿਚ ਜੀਵਨ ਵਿੱਚ ਰਚਿਆ ਹੋਇਆ ਹੈ।ਇਸ ਨੂੰ ਗ੍ਰਹਿਣ ਕਰਨ ਲਈ ਕਦੇ ਵੀ ਉਚੇਚਯਤਨ ਕਰਨ ਦੀ ਜਰੂਰਤ ਨਹੀਂ ਪੈਂਦੀ।

ਇਹ ਇਕ ਥਾਂ ਤੋਂ ਦੂਜੀ ਥਾਂ ਤੇ ਮੂਲ ਰੂਪ ਵਿਚ ਹੁੰਦਿਆਂ ਹੋਇਆਂ ਉਹ ਵੀ ਹੈ ਤੇ ਕੁੱਝ ਹੋਰ ਵੀ ਹੈ ਅਤੇ ਇਸ ਦੀ ਹਰ ਧਾਰਾ ਆਪਣੇ ਆਪ ਵਿਚ ਪਰੰਪਰਾ ਹੈ।ਇਸ ਪਰੰਪਰਾ ਦੇ ਅੰਤਰਗਤ ਇਹ ਨਵੀਆਂ ਰੁਚੀਆਂ ਧਾਰਨ ਕਰਦੀ ਹੈ ਤੇ ਪੁਰਾਣੀਆਂ ਦਾ ਤਿਆਗ ਕਰਦੀ ਹੈ।

ਪਰਬੀਨਤਾ[ਸੋਧੋ]

ਲੋਕਧਾਰਾ ਦੀ ਪਰਬੀਨਤਾ ਤੋਂ ਭਾਵ ਹੈ ਕਿ ਇਹ ਲੋਕ ਸਮੂਹ ਦੀ ਹੁਨਰਮੰਦਯੋਗਤਾ ਦਾ ਸਹੀ ਪ੍ਰਤੀਬਿੰਬ ਹੁੰਦੀ ਹੈ।ਇਸ ਦੀ ਸਮੱਗਰੀ ਦੀ ਚੋਣ, ਰੂਪ ਦੀ ਬਣਤਰ,ਵੇਗ,ਨਿਭਾਅ, ਲੋਕ ਸਮੂਹ ਦੇ ਸਰਵਉਤਮ ਹੁਨਰ ਦੁਆਰਾ ਪਰਿਭਾਸ਼ਿਤ ਹੁੰਦੇ ਹਨ।

ਪ੍ਰਤਿਭਾ[ਸੋਧੋ]

ਲੋਕਧਾਰਾ ਦੇ ਅੰਸ਼ ਪ੍ਰਤਿਭਾ ਦੀ ਉਪਜ ਹਨ।ਇਹ ਕੋਈ ਵੀ ਵਿਅਕਤੀ ਨਿਰੰਤਰ ਅਭਿਆਸ ਨਾਲ ਸਿੱਖ ਸਕਦਾ ਹੈ।ਲੋਕਧਾਰਾਈ ਪ੍ਰਤਿਭਾ ਵਾਲਾ ਵਿਅਕਤੀ ਇਸ ਦੀ ਪਰੰਪਰਾ ਤੋਂ ਭਲੀ ਭਾਂਤੀ ਜਾਣੂ ਹੁੰਦਾ ਹੈ।ਇਸ ਦੇ ਮੂਲ ਰੂਪਾ ਤੇ ਇਸ ਦੀ ਪਕੜ ਹੁੰਦੀ ਹੈ।ਅਜਿਹੇ ਵਿਅਕਤੀ ਦਾ ਮਨ ਸੁਤੇਸਿਧ ਹੀ ਲੋਕਧਾਰਾਈ ਪਰੰਪਰਾ ਵਿਚ ਵਿਚਰਦਾ ਹੈ।

ਪ੍ਰਵਾਨਗੀ[ਸੋਧੋ]

ਲੋਕਧਾਰਾ ਦਾ ਸਰਬਸਮੂਹ ਵਲੋਂ ਪ੍ਰਵਾਨ ਹੋਣਾ ਇਸ ਦੀ ਉਘੀ ਖਾਸੀਅਤ ਹੈ।ਲੋਕਧਾਰਾ ਪ੍ਰਤਿਭਾ ਵਲੋਂ ਕੀਤੀ ਗਈ ਸਿਰਜਣਾ ਨੂੰ ਲੋਕ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ।ਭਾਵ ਉਸ ਸਿਰਜਣਾ ਪ੍ਰਤੀ ਲੋਕਾਂ ਦਾ ਹੁੰਗਾਰਾ ਸਾਰਥਕ ਹੋਣਾ ਚਾਹੀਦਾ ਹੈ।ਲੋਕ ਸਮੂਹ ਦੀ ਪ੍ਰਵਾਨਗੀ ਦਾ ਮਤਲਬ ਸਿਰਫ਼ ਹਾਂ ਜਾਂ ਨਾਂ ਵਿਚ ਉੱਤਰ ਦੇਣਾ ਨਹੀਂ ਸਗੋਂ ਸਿਰਜਣਾ ਨੂੰ ਵਿਵਹਾਰਿਕ ਵਰਤੋਂ ਵਿਚ ਲੈ ਕੇ ਆਉਣਾ ਹੈ।

ਪ੍ਰਬੰਧਕਤਾ[ਸੋਧੋ]

ਇਹ ਸਮੇ ਅਤੇ ਸਮਾਜ ਦੇ ਸਨਮੁੱਖ ਪਰਸਥਿਤੀਆਂ ਦੇ ਅਨੁਕੂਲ ਆਪਣਾ ਨਿਸ਼ਚਿਤ ਪ੍ਰਬੰਧ ਸਿਰਜਦੀ ਹੈ।ਉਸ ਨਿਸਚਿਤ ਪ੍ਰਬੰਧ ਅਨੁਸਾਰ ਲੋਕਧਾਰਾ ਦੇ ਵਿਭਿੰਨ ਰੂਪ,ਚਿੰਨ੍ਹ ਅਤੇ ਮੋਟਿਫ਼ ਪੇਸ਼ ਹੁੰਦੇ ਹਨ।ਹਰ ਸਮੂਹ ਦੀ ਲੋਕਧਾਰਾ ਦਾ ਆਪਣਾ ਨਵੇਕਲਾ ਪ੍ਰਬੰਧ ਹੁੰਦਾ ਹੈ।ਇਹ ਪ੍ਰਬੰਧ ਲੋਕਧਾਰਾ ਨੂੰ ਇਕ ਕਾਰਗਾਰ ਸੰਚਾਰ ਦਾ ਮਾਧਿਅਮ ਬਣਾਉਦਾ ਹੈ।ਇਹ ਪ੍ਰਬੰਧ ਹੀ ਲੋਕਧਾਰਾ ਦੀ ਵਿਲੱਖਣ ਪਹਿਚਾਣ ਤੇ ਵਿਕਾਸ ਦੇ ਰਾਹਾਂ ਨੂੰ ਨਿਧਾਰਿਤ ਕਰਦਾ ਹੈ।

ਪਰਪੱਕਤਾ[ਸੋਧੋ]

ਲੋਕਧਾਰਾ ਦੇ ਰੂਪ ਪਰਪੱਕ ਹੁੰਦੇ ਹਨ।ਭਾਵ ਇਹ ਕੱਚੀ ਸਮੱਗਰੀ ਦੇ ਨਹੀਂ ਹੁੰਦੇ।ਲੋਕ ਸਮੂਹ ਦੀ ਵਰਤੋਂ ਦੁਆਰਾ ਇਹ ਹੰਢੇ ਹੋਏ ਅਨੁਭਵਾਂ ਅਤੇ ਤਜ਼ਰਬਿਆਂ ਨੂੰ ਆਪਣੇ ਵਿਚ ਸਮਾਉਂਦੇ ਚਲੇ ਜਾਂਦੇ ਹਨ।ਹਰ ਪ੍ਰਬੰਧ, ਹਰ ਰੂਪ, ਆਪਣੀ ਕਚਿਆਈ ਨੂੰ ਤਿਆਗਦਾ ਹੋਇਆ ਪਰਪੱਕ ਰੂਪ ਧਾਰਨ ਕਰ ਲੈਂਦਾ ਹੈ।

ਕਥਾ ਰੂਪਾਂ ਨੂੰ ਪਰਪੱਕਤਾ ਵਿਅਕਤੀ ਦਾ ਉਚਾਰ ਅਤੇ ਉਸ ਦੀ ਲੋਕਧਾਰਕ ਪ੍ਰਤਿਭਾ ਪ੍ਰਦਾਨ ਕਰਦੀ ਹੈ।

ਪੂਰਨਤਾ[ਸੋਧੋ]

ਹਰ ਲੋਕਸਮੂਹ ਦੀ ਲੋਕਧਾਰਾ ਆਪਣੇ ਆਪ ਵਿਚ ਸੰਪੂਰਨ ਹੁੰਦੀ ਹੈ।ਇਸ ਲਈ ਲੋਕਧਾਰਾ ਦੀ ਵੰਨਗੀਆਂ ਦੀ ਵਧਾਈ-ਘਟਾਈ, ਇਸ ਦੇ ਰੂਪਾਂ ਦੀ ਗਿਣਤੀ ਮਿਣਤੀ ਲਈ ਸਹਾਈ ਨਹੀਂ ਹੁੰਦੀ।ਹਰ ਲੋਕ ਸਮੂਹ ਦੀ ਲੋਕਧਾਰਾ ਸਮੂਹ ਦੀਆਂ ਲੋੜਾਂ ਅਨੁਸਾਰ ਹੁੰਦੀ ਹੈ।

ਪਰਿਵਰਤਨ[ਸੋਧੋ]

ਪਰਿਵਰਤਨ ਲੋਕਧਾਰਾ ਦਾ ਪ੍ਰਭਾਵੀ ਲੱਛਣ ਹੈ।ਸਮੇਂ ਅਤੇ ਸਥਾਨ ਦੇ ਪ੍ਰਸੰਗ ਵਿਚ ਪਰਸਥਿਤੀਆਂ ਬਦਲਣ ਨਾਲ ਲੋਕਧਾਰਾ ਵਿਚ ਵੀ ਪਰਿਵਰਤਨ ਆਉਂਦੇ ਰਹਿੰਦੇ ਹਨ।ਇਹਨਾਂ ਪਰਿਵਰਤਨਾਂ ਕਾਰਨ ਬਾਹਰੀ ਪ੍ਰਭਾਵ ਅਤੇ ਅੰਦਰੂਨੀ ਪਰਿਵਰਤਨ ਦੋਵੇਂ ਹੁੰਦੇ ਹਨ।ਲੋਕਧਾਰਾ ਦੇ ਰੂਪਾਂ ਅਤੇ ਸ਼ੈਲੀਆਂ ਵਿਚ ਪਰਿਵਰਤਨ ਹੌਲੀ ਹੌਲੀ ਆਉਂਦੇ ਰਹਿੰਦੇ ਹਨ।ਇਹ ਕਾਫ਼ੀ ਸਮਾਂ ਸਥਿਰ ਰਹਿੰਦੇ ਹਨ।

ਉਚਾਰ[ਸੋਧੋ]

ਲੋਕਧਾਰਾ ਦੇ ਭਾਸ਼ਾਗਤ ਰੂਪ ਲੋਕਧਾਰਾ ਦੇ ਉਚਾਰ ਨਿਧਾਰਿਤ ਕਰਦੇ ਹਨ।ਭਾਸ਼ਾ ਦਾ ਉਚਾਰ ਦੂਹਰੀ ਬੁਣਤ ਦਾ ਹੁੰਦਾ ਹੈ।ਇਕ ਪ੍ਰਬੰਧ ਇਸ ਦੇ ਉਚਾਰ ਦਾ ਹੁੰਦਾ ਹੈ ਜਿਸ ਨੂੰ ਪੈਰੋਲ ਤੇ ਇਕ ਇਸ ਦੇ ਸਾਰ ਦਾ ਹੁੰਦਾ ਹੈ ਜਿਸ ਨੂੰ ਲਾਂਗ ਕਿਹਾ ਜਾਂਦਾ ਹੈ।ਲੋਕਧਾਰਾ ਦੇ ਰੂਪਾਂ ਵਿੱਚ ਉਚਾਰ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ।

ਪ੍ਰਵਚਨ[ਸੋਧੋ]

ਲੋਕਧਾਰਾ ਸਮੇਂ ਦੇ ਹਾਣ ਦਾ ਹੋ ਕੇ ਤੁਰਦੀ ਹੈ।ਇਸ ਵਿਚ ਪੇਸ਼ ਕਰੀ ਗਈ ਸਮੱਗਰੀ, ਸਕਤੇ ਸੁਰ ਸਮੇਂ ਦੇ ਅਨੁਕੂਲ ਅਤੇ ਲੋਕਸਮੂਹ ਦੇ ਸਨਮੁਖ ਦਰਪੇਸ਼ ਸਥਿਤੀਆਂ ਦੇ ਪ੍ਰਸੰਗ ਵਿਚ ਹੋ ਕੇ ਤੁਰਦੀ ਹੈ।ਉਹ ਸਮੱਸਿਆਵਾਂ ਅਤੇ ਮਸਲੇ ਲੋਕਧਾਰਾ ਵਿਚ ਸਲਾਮਤ ਨਹੀਂ ਰਹਿ ਸਕਦੇ।ਜਿੰਨ੍ਹਾਂ ਦੀ ਵਰਤਮਾਨ ਵਿਚ ਕੋਈ ਥਾਂ ਨਹੀਂ।ਲੋਕਧਾਰਾ ਪ੍ਰੰਪਰਾ ਵਿਚੋਂ ਉਛਲ ਕੇ ਵਰਤਮਾਨ ਨਾਲ ਟਕਰਾਉਂਦੀ ਹੈ।ਇਹ ਹਮੇਸ਼ਾ ਸਮੇਂ ਦੇ ਹਾਣ ਦਾ ਹੋ ਕੇ ਤੁਰਦੀ ਹੈ।

  1. ਭੁਪਿੰਦਰ ਸਿੰਘ, ਖਹਿਰਾ. ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ,ਪਟਿਆਲਾ. p. 2.
  2. ਪ੍ਰੋਫੈਸਰ ਜੀਤ ਸਿੰਘ, ਜੋਸ਼ੀ (2009). ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ. ਅੰਮ੍ਰਿਤਸਰ: ਵਾਰਿਸ਼ ਸ਼ਾਹ ਫਾਊਂਡੇਸ਼ਨ. p. 10. ISBN 978-81-7856-228-5.
  3. ਭੁਪਿੰਦਰ ਸਿੰਘ, ਖਹਿਰਾ. ਲੋਕਧਾਰਾ ਭਾਸ਼ਾ ਅਤੇ ਸੱਭਿਆਚਾਰ. ਪਟਿਆਲਾ: ਪੈਪਸੂ ਬੁੱਕ ਡਿਪੂ.