ਵਿਕੀਪੀਡੀਆ:ਭੂਗੋਲ/ਚੁਣਿਆ ਲੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰਾਂਸ
ਫ਼ਰਾਂਸ

ਫ਼ਰਾਂਸ ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।

ਰਕਬੇ ਪੱਖੋਂ ਫ਼ਰਾਂਸ ਦੁਨੀਆਂ ਦਾ ੪੨ਵਾਂ ਸਭ ਤੋਂ ਵੱਡਾ ਦੇਸ਼ ਹੈ ਪਰ ਪੱਛਮੀ ਯੂਰਪ ਅਤੇ ਯੂਰਪੀ ਸੰਘ ਵਿਚਲਾ ਸਭ ਤੋਂ ਵੱਡਾ ਮੁਲਕ ਹੈ। ਪੂਰੇ ਯੂਰਪ ਵਿੱਚ ਇਹਦਾ ਦਰਜਾ ਤੀਜਾ ਹੈ। ੬.੭ ਕਰੋੜ ਨੂੰ ਛੂੰਹਦੀ ਅਬਾਦੀ ਨਾਲ਼ ਇਹ ਦੁਨੀਆਂ ਦਾ ੨੦ਵਾਂ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦ ਦੇਸ਼ ਹੈ। ਫ਼ਰਾਂਸ ਇੱਕ ਇਕਾਤਮਕ ਅਰਧਰਾਸ਼ਟਰਪਤੀ ਗਣਰਾਜ ਹੈ ਜੀਹਦੀ ਰਾਜਧਾਨੀ ਪੈਰਿਸ ਵਿਖੇ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ। ਫ਼ਰਾਂਸ ਦਾ ਮੌਜੂਦਾ ਸੰਵਿਧਾਨ, ਜਿਹਨੂੰ ਲੋਕਮੱਤ ਰਾਹੀਂ ੪ ਅਕਤੂਬਰ ੧੯੫੮ ਵਿੱਚ ਕਬੂਲਿਆ ਗਿਆ ਸੀ, ਦੇਸ਼ ਨੂੰ ਧਰਮ-ਨਿਰਪੱਖ ਅਤੇ ਲੋਕਰਾਜੀ ਦੱਸਦਾ ਹੈ ਜੀਹਦੀ ਖ਼ੁਦਮੁਖ਼ਤਿਆਰੀ ਦਾ ਸਰੋਤ ਇਹਦੇ ਲੋਕ ਹਨ। ਮੁਲਕ ਦੇ ਆਦਰਸ਼ ਮਨੁੱਖ ਅਤੇ ਨਾਗਰਿਕ ਦੇ ਹੱਕਾਂ ਦੇ ਐਲਾਨ ਵਿੱਚ ਉਲੀਕੇ ਗਏ ਹਨ ਜੋ ਦੁਨੀਆਂ ਵਿੱਚ ਮਨੁੱਖੀ ਹੱਕਾਂ ਦੇ ਸਭ ਤੋਂ ਪਹਿਲੇ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਅਤੇ ਜਿਹਨੂੰ ਪਿਚੇਤਰੀ ੧੮ਵੀਂ ਸਦੀ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸ਼ੁਰੂਆਤੀ ਦੌਰ ਵਿੱਚ ਤਿਆਰ ਕੀਤਾ ਗਿਆ ਸੀ।

ਫ਼ਰਾਂਸ ਪਿਛੇਤਰੇ ਮੱਧ ਕਾਲ ਤੋਂ ਹੀ ਯੂਰਪ ਦੀ ਇੱਕ ਪ੍ਰਮੁੱਖ ਤਾਕਤ ਰਿਹਾ ਹੈ ਅਤੇ ੧੯ਵੀਂ ਅਤੇ ਅਗੇਤਰੀ ੨੦ਵੀਂ ਸਦੀ ਵਿੱਚ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਬਸਤੀਵਾਦੀ ਸਾਮਰਾਜ ਸਦਕਾ ਇਹ ਦੁਨਿਆਵੀ ਪ੍ਰਸਿੱਧੀ ਦੇ ਸਿਖਰਾਂ 'ਤੇ ਪੁੱਜ ਗਿਆ। ਆਪਣੇ ਲੰਮੇ ਅਤੀਤ ਦੌਰਾਨ ਫ਼ਰਾਂਸ ਨੇ ਕਈ ਉੱਘੇ ਕਲਾਕਾਰਾਂ, ਸੋਚਵਾਨਾਂ ਅਤੇ ਵਿਗਿਆਨੀਆਂ ਨੂੰ ਜਨਮ ਦਿੱਤਾ ਅਤੇ ਹੁਣ ਤੱਕ ਵੀ ਇਹ ਸੱਭਿਆਚਾਰ ਦਾ ਵਿਸ਼ਵੀ ਕੇਂਦਰ ਹੈ। ਇਸ ਦੇਸ਼ ਯੂਨੈਸਕੋ ਯੂਨੈਸਕੋ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਗਿਣਤੀ ਪੱਖੋਂ ਦੁਨੀਆਂ 'ਚ ਚੌਥੇ ਦਰਜੇ 'ਤੇ ਹੈ ਅਤੇ ਹਰ ਵਰ੍ਹੇ ਇੱਥੇ ਲਗਭਗ ੮.੩ ਕਰੋੜ ਵਿਦੇਸ਼ੀ ਸੈਲਾਨੀ ਆਉਂਦੇ ਹਨ – ਜੋ ਕਿਸੇ ਵੀ ਦੇਸ਼ ਤੋਂ ਵੱਧ ਹੈ।

ਫ਼ਰਾਂਸ ਯੂਰਪ ਅਤੇ ਦੁਨੀਆਂ ਵਿੱਚ ਚੋਖੇ ਸੱਭਿਆਚਾਰਕ, ਮਾਲੀ, ਫ਼ੌਜੀ ਅਤੇ ਸਿਆਸੀ ਰਸੂਖ਼ ਵਾਲੀ ਮਹਾਨ ਤਾਕਤ ਹੈ। ਦੁਨੀਆਂ ਵਿੱਚ ਫ਼ਰਾਂਸ ਦਾ ਫ਼ੌਜੀ ਬਜਟ ਪੰਜਵਾਂ, ਅਸਲੇ ਦਾ ਅੰਬਾਰ ਤੀਜਾ ਅਤੇ ਸਫ਼ਾਰਤੀ ਅਮਲਾ ਦੂਜਾ ਸਭ ਤੋਂ ਵੱਡਾ ਹੈ। ਆਪਣੇ ਸਮੁੰਦਰੋਂ-ਪਾਰ ਖੇਤਰਾਂ ਅਤੇ ਰਾਜਖੇਤਰਾਂ ਸਦਕਾ ਫ਼ਰਾਂਸ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਨਿਵੇਕਲਾ ਆਰਥਿਕ ਮੰਡਲ ਬਣ ਗਿਆ ਹੈ। ਫ਼ਰਾਂਸ ਇੱਕ ਵਿਕਸਿਤ ਦੇਸ਼ ਹੈ ਅਤੇ ਨਾਂ-ਮਾਤਰ ਜੀਡੀਪੀ ਪੱਖੋਂ ਪੰਜਵੇਂ ਅਤੇ ਖ਼ਰੀਦ ਸ਼ਕਤੀ ਇਕਸਾਰਤਾ ਪੱਖੋਂ ਸੱਤਵੇਂ ਦਰਜੇ 'ਤੇ ਹੈ। ਘਰੇਲੂ ਦੌਲਤ ਪੱਖੋਂ ਫ਼ਰਾਂਸ ਯੂਰਪ ਦਾ ਸਭ ਤੋਂ ਅਮੀਰ ਮੁਲਕ ਹੈ ਜਦਕਿ ਦੁਨੀਆਂ ਵਿੱਚ ਚੌਥੇ ਦਰਜੇ 'ਤੇ ਹੈ।

ਫ਼ਰਾਂਸੀਸੀ ਨਾਗਰਿਕਾਂ ਦੀ ਰਹਿਣੀ ਦਾ ਮਿਆਰ ਬਹੁਤ ਉੱਚਾ ਹੈ ਅਤੇ ਫ਼ਰਾਂਸ ਸਿੱਖਿਆ, ਸਿਹਤ-ਸੰਭਾਲ, ਜੀਵਨ-ਮਿਆਦ, ਸ਼ਹਿਰੀ ਅਜ਼ਾਦੀ ਅਤੇ ਮਨੁੱਖੀ ਵਿਕਾਸ ਦੀਆਂ ਕੌਮਾਂਤਰੀ ਦਰਜੇਦਾਰੀਆਂ ਵਿੱਚ ਵੀ ਮੋਹਰੀ ਰਹਿੰਦਾ ਹੈ। ਫ਼ਰਾਂਸ ਸੰਯੁਕਤ ਰਾਸ਼ਟਰ ਦਾ ਸਥਾਪਕੀ ਮੈਂਬਰ ਹੈ ਜਿੱਥੇ ਇਹ ਉਸਦੇ ਸੁਰੱਖਿਆ ਕੌਂਸਲ ਦੇ ਪੰਜ ਪੱਕੇ ਮੈਂਬਰਾਂ 'ਚੋਂ ਇੱਕ ਹੈ। ਇਸ ਤੋਂ ਇਲਾਵਾ ਇਹ ੭ ਦੀ ਢਾਣੀ, ਨਾਟੋ, ਆਰਥਿਕ ਸਹਿਕਾਰਤਾ ਅਤੇ ਵਿਕਾਸ ਜੱਥੇਬੰਦੀ (ਓ.ਈ.ਸੀ.ਡੀ.), ਵਿਸ਼ਵ ਵਪਾਰ ਜੱਥੇਬੰਦੀ ਅਤੇ ਲਾ ਫ਼ਰਾਂਕੋਫ਼ੋਨੀ ਵਰਗੇ ਕਈ ਕੌਮਾਂਤਰੀ ਅਦਾਰਿਆਂ ਦਾ ਵੀ ਮੈਂਬਰ ਹੈ। ਹੋਰ ਪੜ੍ਹੋ...