ਹਰਵਿੰਦਰ ਭੰਡਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਵਨ[ਸੋਧੋ]

ਹਰਵਿੰਦਰ ਭੰਡਾਲ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲਾ ਕਵੀ, ਆਲੋਚਕ ਅਤੇ ਚਿੰਤਕ ਹੈ। ਜੱਦੀ ਪਿੰਡ ਭੰਡਾਲ ਬੇਟ ਜ਼ਿਲਾ ਕਪੂਰਥਲਾ ਵਿੱਚ 27 ਅਕਤੂਬਰ 1970 ਨੂੰ ਜਨਮਿਆ ਇਹ ਲੇਖਕ ਹੁਣ ਕਪੂਰਥਲਾ ਸ਼ਹਿਰ ਦਾ ਵਸਨੀਕ ਹੈ। ਉਹ ਇਸ ਸਮੇਂ ਜ਼ਿਲਾ੍ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਪੜ੍ਹਾ ਰਿਹਾ ਹੈ। ਲੇਖਕ ਹੋਣ ਦੇ ਨਾਲ ਨਾਲ ਉਹ ਆਪਣੇ ਜੀਵਨ ਦੇ ਵੱਖ ਵੱਖ ਪੜ੍ਹਾਵਾਂ ਉੱਤੇ ਪੰਜਾਬ ਸਟੂਡੈਂਟਸ ਯੂਨੀਅਨ, ਪਲਸ ਮੰਚ, ਕੇਂਦਰੀ ਪੰਜਾਬੀ ਲੇਖਕ ਸਭਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਸਿਰਜਣਾ ਕੇਂਦਰ ਕਪੂਰਥਲਾ ਜਿਹੀਆਂ ਸੰਸਥਾਵਾਂ ਵਿੱਚ ਸਰਗਰਮ ਰਿਹਾ ਹੈ।

ਰਚਨਾਵਾਂ[ਸੋਧੋ]

ਉਸ ਦੀ ਪਹਿਲੀ ਕਵਿਤਾ ਦੀ ਕਿਤਾਬ ਦਾ ਨਾਂ ਖ਼ੁਦਕੁਸ਼ੀ ਇੱਕ ਚੁੱਪ ਦੀ ਹੈ ਜੋ 1993 ਵਿੱਚ ਪ੍ਰਕਾਸ਼ਤ ਹੋਈ। ਬੁੱਧ ਬੇਹੋਸ਼ ਹੈ (1998),ਬਾਰ੍ਹੀਂ ਕੋਹੀਂ ਦੀਵਾ (2003), ਅਤੇ ਚਰਾਗਾਹਾਂ ਤੋਂ ਪਾਰ[1] (2010) ਉਸ ਦੀਆਂ ਹੋਰ ਕਾਵਿ-ਕਿਤਾਬਾਂ ਹਨ। ਉਸ ਨੂੰ ਸਮਾਜਕ ਸਰੋਕਾਰਾਂ ਨਾਲ ਜੁੜ੍ਹਿਆ ਕਵੀ ਤੇ ਆਲੋਚਕ ਸਮਝਿਆ ਜਾਂਦਾ ਹੈ। ਪੰਜਾਬੀ ਕਵਿਤਾ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਝਣ ਤੇ ਪਰਖਣ ਵਾਲੇ ਨਵੇਂ ਆਲੋਚਕਾਂ ਵਿੱਚ ਉਸ ਦਾ ਨਾਂ ਆਉਂਦਾ ਹੈ। ਸਮਕਾਲੀ ਪੰਜਾਬੀ ਕਵਿਤਾ: ਪ੍ਰਵਚਨ ਤੇ ਪ੍ਰਸ਼ਨ[2] (2009) ਉਸ ਦੀ ਆਲੋਚਨਾ ਪੁਸਤਕ ਹੈ। ਇਸ ਪੁਸਤਕ ਵਿੱਚ ਉਸ ਨੇ ਸਮਕਾਲੀ ਪੰਜਾਬੀ ਕਵਿਤਾ ਦਾ ਮਾਰਕਸਵਾਦੀ ਦ੍ਰਿਸ਼ਟੀ ਤੋਂ ਗਹਿਨ ਅਧਿਐਨ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ 2003 ਵਿੱਚ 'ਸਹਿ-ਚਿਂਤਨ' ਪੁਸਤਕ ਛਪੀ ਜਿਸ ਵਿੱਚ ਉਸ ਦੇ ਨਾਲ ਪੰਜਾਬੀ ਦੇ ਇੱਕ ਹੋਰ ਲੇਖਕ ਤਸਕੀਨ ਦੇ ਲੇਖ ਵੀ ਸਨ।

ਉਸ ਨੇ ਸਫ਼ਰਨਾਮਾ ਵਿਧਾ ਵਿੱਚ ਵੀ ਰਚਨਾ ਕੀਤੀ ਹੈ। 'ਸਫ਼ਰੀਆ' ਉਸ ਦੇ ਯਾਤਰਾ ਸੰਸਮਰਣਾਂ ਦੇ ਸੰਗ੍ਰਹਿ ਦਾ ਨਾਂ ਹੈ, ਜੋ 2012 ਵਿੱਚ ਪ੍ਰਕਾਸ਼ਤ ਹੋਇਆ। ਇਸ ਵਿੱਚ ਉਸ ਦੀਆਂ ਭਾਰਤ ਦੇ ਵੱਖ ਵੱਖ ਖੇਤਰਾਂ ਦੀਆਂ ਕੀਤੀਆਂ ਯਾਤਰਾਵਾਂ ਦੀਆਂ ਯਾਦਾਂ ਹਨ। ਇਹ ਯਾਤਰਾ ਲੇਖ ਵੀ ਉਸ ਦੀ ਮਾਰਕਸਵਾਦੀ ਦ੍ਰਿਸ਼ਟੀ ਦੀ ਗਵਾਹੀ ਭਰਨ ਵਾਲੇ ਹੀ ਹਨ।

ਹਰਵਿੰਦਰ ਭੰਡਾਲ ਨੇ ਇਤਿਹਾਸ ਦੇ ਖੇਤਰ ਵਿੱਚ ਵੀ ਕੰਮ ਕੀਤਾ ਹੈ। ਉਸ ਦੀਆਂ ਪੁਸਤਕਾਂ ਹਨ; ਭਾਰਤ ਵਿੱਚ ਕਮਿਉਨਿਸਟ ਲਹਿਰ ਦਾ ਅਰੰਭ ਅਤੇ ਮੇਰਠ ਸਾਜ਼ਿਸ਼ ਕੇਸ, ਨੌਜਵਾਨ ਭਾਰਤ ਸਭਾ ਤੇ ਭਾਰਤ ਦੀ ਕ੍ਰਾਂਤੀਕਾਰੀ ਲਹਿਰ, ਅਜ਼ਾਦੀ ਦੀਆਂ ਬਰੂਹਾਂ ਤੇ: ਅਜ਼ਾਦ ਹਿੰਦ ਫੌਜ ਤੇ ਸੁਭਾਸ਼ ਚੰਦਰ ਬੋਸ[3]। ਇਹ ਕਿਤਾਬਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। 2017 ਵਿੱਚ ਰੂਸੀ ਕ੍ਰਾਂਤੀ ਦੇ ਸ਼ਤਾਬਦੀ ਵਰ੍ਹੇ ਉਸ ਦੀ ਪ੍ਰਕਾਸ਼ਿਤ ਪੁਸਤਕ 'ਰੂਸੀ ਕ੍ਰਾਂਤੀ ਤੇ ਭਾਰਤ ਦਾ ਸੁਤੰਤਰਤਾ ਸੰਗਰਾਮ'[4] ਕਾਫ਼ੀ ਚਰਚਿਤ ਅਤੇ ਲੋਕਪ੍ਰਿਯ ਹੋਈ। ਇਸ ਵਰ੍ਹੇ ਇਹ ਸਭ ਤੋਂ ਵੱਧ ਵਿਕਣ ਵਾਲ਼ੀਆਂ ਪੰਜਾਬੀ ਕਿਤਾਬਾਂ ਵਿੱਚੋਂ ਇੱਕ ਸੀ। ਸਾਲ 2018 ਵਿੱਚ ਉਸ ਦੀ ਲਿਖੀ ਕਾਰਲ ਮਾਰਕਸ ਦੀ ਜੀਵਨੀ 'ਕਾਰਲ ਮਾਰਕਸ: ਵਿਅਕਤੀ ਯੁੱਗ ਤੇ ਸਿਧਾਂਤ' (2018) ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰਕਾਸ਼ਤ ਕੀਤੀ।

ਹਰਵਿੰਦਰ ਭੰਡਾਲ ਦਾ ਨਾਵਲ 'ਮੈਲ਼ੀ ਮਿੱਟੀ' 2020 ਵਿੱਚ ਪ੍ਰਕਾਸ਼ਤ ਹੋਇਆ। ਇਸ ਨਾਵਲ ਵਿੱਚ ਚੇਤਨਾ-ਪ੍ਰਵਾਹ ਅਤੇ ਜਾਦੂਈ ਯਥਾਰਥਵਾਦ ਦੀ ਤਕਨੀਕ ਨਾਲ ਪੰਜਾਬ ਦੇ ਸਮਾਜ ਦੀ, ਪਿਛਲੇ ਚਾਰ ਦਹਾਕਿਆਂ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਇਸ ਨੂੰ ਨਾਵਲ ਦੀ ਟੈਗ ਲਾਈਨ ਵਿੱਚ ‘ਪਿਘਲਦੇ-ਜੰਮਦੇ ਵੇਲਿਆਂ ਦੀ ਬਾਤ’ ਕਿਹਾ ਗਿਆ ਹੈ।[5]

ਸਾਲ 2021 ਵਿੱਚ ਉਸ ਦੀਆਂ ਦੋ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ। 'ਪੰਜਾਬੀਆਂ ਦੀ ਮਰਨ-ਮਿੱਟੀ' ਵਾਰਤਕ[6] ਦੀ ਪੁਸਤਕ ਹੈ, ਜਿਸ ਵਿੱਚ ਪੰਜਾਬੀ ਖਿੱਤੇ ਨਾਲ ਸੰਬੰਧਤ ਵੱਖ ਵੱਖ ਲਿਖਤਾਂ ਹਨ। ਉਹ ਇਸ ਕਿਤਾਬ ਵਿੱਚ ਪੰਜਾਬ ਦੇ ਇਤਿਹਾਸ, ਸਮਾਜ, ਆਰਥਿਕਤਾ, ਸਾਹਿਤ ਅਤੇ ਸਾਹਿਤਕਾਰਾਂ ਬਾਰੇ ਲਿਖਦਾ ਹੈ। 'ਮਾਰਕਸਵਾਦ ਰਾਸ਼ਟਰਵਾਦ ਤੇ ਇਨਕਲਾਬ' (2021) ਉਸ ਦੀ ਸਿਆਸੀ ਸਿਧਾਂਤਕੀ ਦੀ ਪੁਸਤਕ ਹੈ। ਇਸ ਕਿਤਾਬ ਦੇ ਤਿੰਨ ਹਿੱਸਿਆਂ ਵਿੱਚ ਮਾਰਕਸਵਾਦ, ਰਾਸ਼ਟਰਵਾਦ ਅਤੇ ਇਨਕਲਾਬ ਦੇ ਵਿਸ਼ਿਆਂ ਉੱਤੇ ਲੇਖ ਹਨ। ਉਸ ਨੇ ਮਾਰਕਸਵਾਦੀ ਦ੍ਰਿਸ਼ਟੀ ਤੋਂ ਚੀਜ਼ਾਂ, ਵਿਅਕਤੀਆਂ ਅਤੇ ਸਿਧਾਂਤਾਂ ਨੂੰ ਮੁੜ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਖਾਸ ਤੌਰ ਉੱਤੇ "ਦਫ਼ਤਰੀ ਮਾਰਕਸਵਾਦ" ਨਾਲ ਸੰਵਾਦ ਰਚਾਉਂਦਾ ਨਜ਼ਰ ਆਉਂਦਾ ਹੈ।

ਅਨੁਵਾਦ ਅਤੇ ਸੰਪਾਦਨ[ਸੋਧੋ]

ਹਰਵਿੰਦਰ ਭੰਡਾਲ ਨੇ ਆਪਣੀਆਂ ਮੌਲਿਕ ਕਿਤਾਬਾਂ ਲਿਖਣ ਦੇ ਨਾਲ ਸੰਪਾਦਨ ਅਤੇ ਅਨੁਵਾਦ ਦਾ ਕੰਮ ਵੀ ਕੀਤਾ ਹੈ। ਉਸ ਦੀਆਂ ਅਨੁਵਾਦਤ ਕਿਤਾਬਾਂ ਹਨ- 'ਐਮਨੈਸਟੀ ਇੰਟਰਨੈਸ਼ਨਲ ਤੇ ਇਸ ਦਾ ਨਵ-ਬਸਤੀਵਾਦੀ ਮਿਸ਼ਨ' (ਮੂਲ ਲੇਖਕ: ਕ. ਕੌਲ) ਅਤੇ 'ਭਗਤੀ ਤੇ ਸ਼ੂਦਰ' (ਮੂਲ ਲੇਖਕ: ਡਾ ਸੇਵਾ ਸਿੰਘ) ਸੰਨ 1916 ਵਿੱਚ ਭਾਰਤ ਅੰਦਰ ਫਾਂਸੀ ਲਟਕਾਏ ਗਦਰੀ ਦੇਸ਼ ਭਗਤਾਂ ਬਾਰੇ ਉਸ ਦੀ ਸੰਪਾਦਤ ਕਿਤਾਬ ਦਾ ਨਾਂ ਹੈ- 'ਸ਼ਤਾਬਦੀ ਵਰ੍ਹਾ 2016: ਲਾਹੌਰ ਸਪਲੀਮੈਂਟਰੀ ਕੇਸ, ਮਾਂਡਲੇ ਤੇ ਪੱਧਰੀ ਕਲਾਂ ਸਾਜ਼ਿਸ਼ ਕੇਸ'. ਉਸ ਦੀ ਸਹਿ-ਸੰਪਾਦਨਾ ਵਿੱਚ ਛਪੀਆਂ ਕਿਤਾਬਾਂ ਦੇ ਨਾਂ ਹਨ- 'ਸਿਰਜਣਾ ਦੇ ਨਕਸ਼', 'ਸਿਰਜਣਾ ਦੇ ਅੰਗ ਸੰਗ', 'ਸਿਰਜਣਾ ਦੇ ਪੰਧ', 'ਸਿਰਜਣਾ ਦੇ ਵਾਰਿਸ'। ਇਸ ਤੋਂ ਇਲਾਵਾ ਉਹ 5 ਸਾਲ ਪੰਜਾਬੀ ਪੱਤ੍ਰਿਕਾ 'ਸਰਦਲ' ਦੇ ਸੰਪਾਦਕੀ ਬੋਰਡ ਦਾ ਮੈਂਬਰ ਰਿਹਾ ਹੈ। 'ਮੇਲਾ ਗਦਰੀ ਬਾਬਿਆਂ ਦਾ' ਮੌਕੇ ਨਿਕਲਣ ਵਾਲੇ ਸੋਵੀਨਾਰ ਦਾ ਉਹ ਪਿਛਲੇ ਕਈ ਸਾਲਾਂ ਤੋਂ ਮੁੱਖ ਸੰਪਾਦਕ ਹੈ।

ਹਵਾਲੇ[ਸੋਧੋ]

  1. http://delhipubliclibrary.in/cgi-bin/koha/opac-ISBDdetail.pl?biblionumber=49844
  2. ਭੰਡਾਲ, ਹਰਵਿੰਦਰ. ਸਮਕਾਲੀ ਪੰਜਾਬੀ ਕਵਿਤਾ: ਪ੍ਰਵਚਨ ਤੇ ਪ੍ਰਸ਼ਨ. ਚੇਤਨਾ ਪ੍ਰਕਾਸ਼ਨ ਲੁਧਿਆਣਾ. ISBN 817883482-0.
  3. http://www.ghadarmemorial.net/publications_books.htm. {{cite web}}: Missing or empty |title= (help)
  4. ਭੰਡਾਲ, ਹਰਵਿੰਦਰ (2017). ਰੂਸੀ ਕ੍ਰਾਂਤੀ ਤੇ ਭਾਰਤ ਦਾ ਸੁਤੰਤਰਤਾ ਸੰਗਰਾਮ. Jalandhar: 5ਆਬ ਪ੍ਰਕਾਸ਼ਨ ਜਲੰਧਰ. ISBN 978-93-86838-04-9.
  5. ਭੰਡਾਲ, ਹਰਵਿੰਦਰ (2020). ਮੈਲੀ ਮਿੱਟੀ. ਜਲੰਧਰ: 5ਆਬ ਪ੍ਰਕਾਸ਼ਨ, ਜਲੰਧਰ. pp. ਟਾੲੀਟਲ. ISBN 978-93-88817-78-3.
  6. Bhandal, Harwinder; ਭੰਡਾਲ, ਹਰਵਿੰਦਰ (2021). Pajābī'āṁ dī marana - miṭī : vārataka. Ludhiana. ISBN 978-93-91530-01-3. OCLC 1327695417.{{cite book}}: CS1 maint: location missing publisher (link)

2.http://www.ghadarmemorial.net/publications_books.htm