ਅੰਦਰੇਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਪਿੰਡ ਪਠਾਨਕੋਟ-ਕਾਂਗੜਾ-ਬੈਜਨਾਥ ਸੜਕ ਉਤ ਸਥਿਤ ਪਾਲਮਪੁਰ ਤੋਂ 12 ਕਿਲੋ ਮੀਟਰ ਦੂਰ ਹੈ।ਅੰਦਰੇਟਾ ਦੀ ਬਹੁਤੀ ਪ੍ਰਸਿਧੀ ਦਾ ਕਾਰਨ ਨਾਮਵਰ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ (1901-1986) ਦਾ ਇੱਥੇ ਆ ਕੇ ਰਹਿਣਾ ਹੈ।ਆਧੁਨਿਕ ਪੰਜਾਬੀ ਰੰਗ ਮੰਚ ਦੀ ਲੱਕੜਦਾਦੀ ਮਰਹੂਮ ਮਿਸਿਜ਼ ਨੋਰ੍ਹਾ ਰਿਚਰਡਜ਼ (1876-1971) ਨੇ ਸਭ ਤੋਂ ਪਹਿਲਾਂ 1935 ਵਿੱਚ ਇਸ ਪਿੰਡ ਨੂੰ ਭਾਗ ਲਾਇਆ। ਹਿਮਾਚਲ ਸਰਕਾਰ ਨੇ ਇਸ ਪਿੰਡ ਨੂੰ “ਕਲਾ ਗ੍ਰਾਮ” ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ, ਪਰ ਕੁਝ ਵੀ ਕਰਨ ਵਲ ਕੋਈ ਧਿਆਨ ਨਹੀਂ ਦਿਤਾ। ਅੰਦਰੇਟਾ ਵਿਖੇ ਨਾਮਵਰ ਚਿੱਤਰਕਾਰ ਸੋਭਾ ਸਿੰਘ ਦੀ ਆਰਟ ਗੈਲਰੀ ਨੂੰ ਭਾਵੇਂ ਵਿਸ਼ਵ ਵਿਰਾਸਤ ਦਾ ਦਰਜਾ ਤਾਂ ਹਾਲੇ ਨਹੀਂ ਮਿਲਿਆ ਪਰ ਕਲਾ ਜਗਤ ਵਿੱਚ ਉਹਨਾਂ ਦੇ ਚਿੱਤਰਾਂ ਦੀ ਬੜੀ ਮਹੱਤਤਾ ਅਤੇ ਪ੍ਰਸਿੱਧੀ ਹੈ। ਪਿਛਲੇ ਸਾਲ ਨਿਊਯਾਰਕ (ਅਮਰੀਕਾ) ਵਿਖੇ ਉਹਨਾਂ ਦੇ ਜਾਦੂਈ ਬੁਰਸ਼ ਤੋਂ ਬਣਿਆ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਚਿੱਤਰ ਇੱਕ ਕਰੋੜ ਚਾਰ ਹਜ਼ਾਰ ਰੁਪਏ ਵਿੱਚ ਵਿਕਿਆ ਸੀ। ਅੰਦਰੇਟਾ ਸਥਿਤ ਆਰਟ ਗੈਲਰੀ ਦੀਆਂ ਦੀਵਾਰਾਂ ਉੱਤੇ ਅਨੇਕਾਂ ਹੀ ਅਜਿਹੇ ਬਹੁਮੁੱਲੇ ਚਿੱਤਰ ਪ੍ਰਦਰਸ਼ਤ ਹਨ। ਪਿਛਲੇ ਦਿਨੀਂ ਚਿੱਤਰਕਾਰ ਦੇ ਇੰਗਲੈਂਡ ਰਹਿੰਦੇ ਪ੍ਰਸੰਸਕ ਕਲਾ-ਪ੍ਰੇਮੀਆਂ ਤੇ ਪਰਿਵਾਰ ਨੇ ਤਾਲਮੇਲ ਕਰ ਕੇ ਕੌਮਾਂਤਰੀ ਪ੍ਰਸਿੱਧੀ ਵਾਲੇ ਦੋ ਬਰਤਾਨਵੀ ਮਾਹਿਰਾਂ ਦੀ ਮਦਦ ਨਾਲ ਇਨ੍ਹਾਂ ਚਿੱਤਰਾਂ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਿਮਾਚਲ ਪ੍ਰਦੇਸ਼ ਵਿੱਚ ਅੰਦਰੇਟਾ ਵਿਖੇ ਡਾ. ਨੋਰਾ ਰਿਚਰਡਜ਼ ਦੀ ਸੰਪੱਤੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ ਹੈ। ਇਥੋਂ ਦੀਆਂ ਇਮਾਰਤਾਂ ਦੀ ਮੁਰੰਮਤ ਕੀਤੀ ਗਈ ਹੈ ਪਰ ਇਨ੍ਹਾਂ ਦੀ ਮੂਲ ਉਸਾਰੀ-ਕਲਾ ਨੂੰ ਜਿਉਂ ਦਾ ਤਿਉਂ ਰੱਖਿਆ ਗਿਆ ਹੈ। ਥੀਏਟਰ ਤੇ ਟੈਲੀਵੀਜ਼ਨ ਦੇ ਖੇਤਰ ਵਿੱਚ ਅਧਿਐਨ ਅਤੇ ਖੋਜ ਕਰ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਠਹਿਰਨ ਲਈ ਇੱਥੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਥੀਏਟਰ ਤੇ ਟੈਲੀਵੀਜ਼ਨ ਵਿਭਾਗ ਹਰ ਸਾਲ ਅੰਦਰੇਟਾ ਵਿਖੇ ਨਾਟਕ ਕਲਾ ਦੇ ਪ੍ਰਦਰਸ਼ਨ ਦਾ ਪ੍ਰਬੰਧ ਕਰਦਾ ਹੈ।

ਬਾਹਰੀ ਕੜੀਆਂ[ਸੋਧੋ]