ਕਲੀਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਂਡਿਆਂ ਨੂੰ ਕਲੀ ਕਰਨ ਵਾਲੇ ਨੂੰ ਕਲੀਗਰ ਕਹਿੰਦੇ ਹਨ। ਕਲੀ ਇਕ ਧਾਤ ਹੈ ਜਿਸ ਨਾਲ ਭਾਂਡਿਆਂ ਨੂੰ ਮੁਲੰਮਾ ਚੜ੍ਹਾਇਆ ਜਾਂਦਾ ਹੈ। ਪਹਿਲਾਂ ਕਾਂਸੀ ਅਤੇ ਪਿੱਤਲ ਦੇ ਹੀ ਸਾਰੇ ਭਾਂਡੇ ਹੁੰਦੇ ਸਨ। ਇਨ੍ਹਾਂ ਭਾਂਡਿਆਂ ਨੂੰ ਹੀ ਕਲੀ ਕੀਤੀ ਜਾਂਦੀ ਸੀ। ਕਲੀ ਮੋਟੀ ਤਾਰ ਦੇ ਟੋਟਿਆਂ ਦੀ ਸ਼ਕਲ ਵਿਚ ਹੁੰਦੀ ਸੀ। ਕਲੀ ਕਰਨ ਵਾਲੇ ਭਾਂਡੇ ਨੰ ਪਹਿਲਾਂ ਕੋਲਿਆਂ ਦੀ ਅੱਗ ਉੱਪਰ ਪੂਰਾ ਸੇਕ/ਤਾਅ ਦਿੰਦੇ ਸਨ। ਜਦ ਭਾਂਡਾ ਪੂਰਾ ਗਰਮ ਹੋ ਜਾਂਦਾ ਸੀ ਤਾਂ ਕਲੀ ਦੇ ਤਾਰ ਦੇ ਟੋਟੇ ਦੇ ਇਕ ਸਿਰੇ ਨੂੰ ਗਰਮ ਕੀਤੇ ਭਾਂਡੇ ਦੇ ਅੰਦਰ ਘਸਾਇਆ ਜਾਂਦਾ ਸੀ। ਘਸੀ ਕਲੀ ਨੂੰ ਫੇਰ ਪੁਰਾਣੀ ਰੂੰ ਜਾਂ ਲੋਗੜ ਦੇ ਟੁਕੜੇ ਨਾਲ ਭਾਂਡੇ ਦੇ ਸਾਰੇ ਅੰਦਰ ਫੇਰ ਦਿੱਤਾ ਜਾਦਾ ਸੀ। ਲੋਗੜ ਫੇਰਨ ਨਾਲ ਭਾਂਡੇ ਦੇ ਸਾਰੇ ਅੰਦਰਲੇ ਹਿੱਸੇ ਵਿਚ ਕਲੀ ਹੋ ਜਾਂਦੀ ਸੀ। ਕਲੀਗਰ ਆਮ ਤੌਰ ਤੇ ਗਲੀ-ਗਲੀ ਹੋਕਾ ਦੇ ਕੇ ਕਲੀ ਕਰਦੇ ਹੁੰਦੇ ਸਨ। ਗਲੀ ਵਿਚ ਬੈਠ ਕੇ ਹੀ ਗਲੀ ਵਾਲਿਆਂ ਦੇ ਭਾਂਡੇ ਕਲੀ ਕਰਦੇ ਹੁੰਦੇ ਸਨ।

ਹੁਣ ਤਾਂ ਕਾਂਸੀ ਅਤੇ ਪਿੱਤਲ ਦੇ ਭਾਂਡਿਆਂ ਦਾ ਰਿਵਾਜ ਹੀ ਘੱਟ ਗਿਆ ਹੈ। ਕਿਸੇ-ਕਿਸੇ ਪਰਿਵਾਰ ਕੋਲ ਹੀ ਹੁਣ ਕਾਂਸੀ/ਪਿੱਤਲ ਦਾ ਭਾਂਡਾ ਹੈ। ਇਸ ਲਈ ਸ਼ਹਿਰਾਂ ਵਿਚ ਹੀ ਹੁਣ ਕੋਈ-ਕੋਈ ਕਲੀਗਰ ਰਹਿ ਗਿਆ ਹੈ। ਹੁਣ ਤਾਂ ਲਗਪਗ ਸਾਰੇ ਭਾਂਡੇ ਹੀ ਸਟੀਲ ਦੇ ਹਨ ਜਿਨ੍ਹਾਂ ਨੂੰ ਕਲੀ ਕਰਨ ਦੀ ਲੋੜ ਹੀ ਨਹੀਂ ਹੈ। ਇਸ ਲਈ ਹੁਣ ਕਲੀਗਰਾਂ ਨੇ ਹੋਰ ਕਿੱਤੇ ਸ਼ੁਰੂ ਕਰ ਲਏ ਹਨ ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.