ਗੁਲੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਸੇ ਡੰਡੇ ਦੇ ਦੁਸਾਂਗੜ ਵਿਚ ਰਬੜ ਬੰਨ੍ਹ ਕੇ ਤੇ ਉਸ ਰਬੜ ਦੇ ਵਿਚਾਲੇ ਛੋਟਾ ਰੋੜਾ ਰੱਖ ਕੇ ਫਸਲਾਂ ਨੂੰ ਨੁਕਸਾਨ ਕਰਦੇ ਪੰਛੀਆਂ ਨੂੰ ਉਡਾਉਣ ਲਈ ਅਤੇ ਕਈ ਵੇਰ ਛੋਟੇ ਪੰਛੀਆਂ ਦੇ ਸ਼ਿਕਾਰ ਲਈ ਵਰਤੇ ਜਾਂਦੇ ਸੰਦ ਨੂੰ ਗੁਲੇਲ ਕਹਿੰਦੇ ਹਨ। ਗੁਲੇਲ ਨੂੰ ਬਣਾਉਣ ਲਈ ਇਕ 13/14 ਕੁ ਇੰਚ ਦਾ ਡੰਡਾ ਲਿਆ ਜਾਂਦਾ ਸੀ ਜਿਸ ਦਾ ਉਪਰਲਾ 7/8 ਕੁ ਇੰਚ ਹਿੱਸਾ ਦੋਸਾਂਗੜ ਹੁੰਦਾ ਸੀ। ਇਸ ਦੋਸਾਂਗੜ ਦੀ ਆਪਸ ਵਿਚ ਦੀ ਉਪਰਲੀ ਵਿੱਥ 7/8 ਕੁ ਇੰਚ ਦੀ ਹੁੰਦੀ ਸੀ। ਦੋਸਾਂਗੜ ਦੇ ਸਿਰਿਆਂ ਤੇ ਸਾਈਕਲ ਦੀ ਰਬੜ ਦੀ ਟਿਊਬ ਦੀ 15 ਕੁ ਇੰਚ ਲੰਮੀ ਤੇ 3 ਕੁ ਇੰਚ ਚੌੜੀ ਵੱਧਰੀ ਨੂੰ ਕੱਟ ਕੇ ਰੱਸੀ ਨਾਲ ਚੰਗੀ ਤਰ੍ਹਾਂ ਬੰਨ੍ਹਿਆ ਜਾਂਦਾ ਸੀ। ਇਸ ਤਰ੍ਹਾਂ ਗੁਲੇਲ ਬਣਦੀ ਸੀ।[1]

ਗੁਲੇਲ ਨੂੰ ਚਲਾਉਣ ਲਈ ਗੁਲੇਲ ਦੇ ਹੇਠਲੇ ਹਿੱਸੇ ਨੂੰ ਗੁਲੇਲ ਚਲਾਉਣ ਵਾਲਾ ਆਪਣੇ ਖੱਬੇ ਹੱਥ ਦੀ ਮੁੱਠੀ ਵਿਚ ਫੜਦਾ ਸੀ। ਰਬੜ ਦੀ ਵੱਧਰੀ ਦੇ ਵਿਚਾਲੇ ਕੋਈ ਠੀਕਰੀ ਜਾਂ ਕੋਈ ਛੋਟਾ ਰੋੜਾ ਰੱਖਿਆ ਜਾਂਦਾ ਸੀ। ਰੋੜਾ ਰੱਖੀ ਵਾਲੀ ਥਾਂ ਤੋਂ ਵੱਧਰੀ ਨੂੰ ਸੱਜੇ ਹੱਥ ਦੇ ਅੰਗੂਠੇ ਤੇ ਅੰਗੂਠੇ ਦੇ ਨਾਲ ਦੀ ਉਂਗਲ ਦੀ ਦਾਬ ਨਾਲ ਚੰਗੀ ਤਰ੍ਹਾਂ ਪਿੱਛੇ ਖਿੱਚ ਕੇ ਫਸਲ ਵਿਚ ਬੈਠੇ ਪੰਛੀਆਂ ਵੱਲ ਸੇਧ ਕਰਕੇ ਚਲਾ ਦਿੱਤਾ ਜਾਂਦਾ ਸੀ। ਗੁਲੇਲ ਵਿਚ ਪਾਈ ਠੀਕਰੀ/ਰੋੜਾ ਪੰਛੀਆਂ ਨੂੰ ਲੱਗਦਾ ਸੀ ਜਿਸ ਨਾਲ ਪੰਛੀ ਉੱਡ ਜਾਂਦੇ ਸਨ। ਕਈ ਵੇਰ ਕੋਈ ਪੰਛੀ ਮਰ ਵੀ ਜਾਂਦਾ ਸੀ। ਕਈ ਸ਼ਿਕਾਰੀ ਤਾਂ ਗੁਲੇਲ ਨਾਲ ਕਬੂਤਰਾਂ ਅਤੇ ਹੋਰ ਛੋਟੇ ਪੰਛੀਆਂ ਦਾ ਸ਼ਿਕਾਰ ਵੀ ਕਰ ਲੈਂਦੇ ਸਨ।

ਪਹਿਲੇ ਸਮਿਆਂ ਵਿਚ ਥੋੜ੍ਹੀ-ਥੋੜ੍ਹੀ ਜ਼ਮੀਨ ਆਬਾਦ ਹੋਣ ਕਰਕੇ ਥੋੜ੍ਹੀਆਂਥੋੜ੍ਹੀਆਂ ਫ਼ਸਲਾਂ ਹੀ ਬੀਜੀਆਂ ਹੁੰਦੀਆਂ ਸਨ ਜਿਨ੍ਹਾਂ ਦੀ ਰਾਖੀ ਕਰਨੀ ਪੈਂਦੀ ਸੀ। ਫ਼ਸਲਾਂ ਨੂੰ ਜ਼ਿਆਦਾ ਨੁਕਸਾਨ ਚਿੜੀਆਂ, ਤੋਤੇ, ਕਾਂ, ਗੁਟਾਰਾਂ, ਕਬੂਤਰ ਆਦਿ ਕਰਦੇ ਸਨ। ਅੱਜ ਦੀ ਪੀੜ੍ਹੀ ਨੇ ਤਾਂ ਗੁਲੇਲ ਵੇਖੀ ਹੀ ਨਹੀਂ ਹੈ।[2]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.