ਛਤੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੱਤ ਪਾਉਣ ਲਈ ਜਿਹੜੀਆਂ ਮੋਟੀਆਂ ਲੱਕੜੀਆਂ ਉਪਰ ਕੁੜੀਆਂ ਰੱਖੀਆਂ ਜਾਂਦੀਆਂ ਸਨ, ਉਨ੍ਹਾਂ ਮੋਟੀਆਂ ਲੱਕੜੀਆਂ ਨੂੰ ਛਤੀਰ ਕਹਿੰਦੇ ਹਨ। ਛਤੀਰਾਂ ਦੀ ਲੰਬਾਈ ਆਮ ਤੌਰ 'ਤੇ 12/14 ਕੁ ਫੁੱਟ ਹੁੰਦੀ ਹੈ। ਦੋ ਛਤੀਰਾਂ ਦੇ ਵਿਚਕਾਰ ਛੱਤੀ ਹੋਈ ਥਾਂ ਨੂੰ ਖਣ ਕਹਿੰਦੇ ਹਨ। ਸ਼ੁਰੂ-ਸ਼ੁਰੂ ਵਿਚ ਜਦ ਜੰਗਲਾਂ ਨੂੰ ਪੱਟ ਕੇ ਜ਼ਮੀਨ ਵਾਹੀਯੋਗ ਬਣਾਇਆ ਜਾ ਰਿਹਾ ਸੀ, ਉਸ ਸਮੇਂ ਲੋਕ ਝੁੱਗੀਆਂ, ਝੌਂਪੜੀਆਂ ਵਿਚ ਰਹਿੰਦੇ ਸਨ। ਫੇਰ ਲੋਕਾਂ ਨੇ ਕੱਚੇ ਘਰ ਬਣਾਉਣੇ ਸ਼ੁਰੂ ਕੀਤੇ। ਉਸ ਸਮੇਂ ਜੰਗਲਾਂ ਵਿਚੋਂ, ਖੇਤਾਂ ਵਿਚੋਂ ਪੱਟੇ ਰੁੱਖਾਂ ਦੇ ਹੀ ਛਤੀਰ ਤੇ ਕੁੜੀਆਂ ਬਣਾ ਕੇ ਘਰਾਂ ਦੀਆਂ ਛੱਤਾਂ ਪਾਈਆਂ ਜਾਣ ਲੱਗੀਆਂ। ਪਿੰਡਾਂ ਦੇ ਮਿਸਤਰੀ ਹੀ ਘੜ ਕੇ ਛਤੀਰ ਕੁੜੀਆਂ ਬਣਾ ਦਿੰਦੇ ਸਨ। ਫੇਰ ਜਿਉਂ-ਜਿਉਂ ਮਨੁੱਖੀ ਸੂਝ ਵਧਦੀ ਗਈ ਤਿਉਂ ਤਿਉਂ ਲੱਕੜਾਂ ਨੂੰ ਆਰੇ ਨਾਲ ਚੀਰ ਕੇ ਖਾਸ ਲੰਬਾਈ, ਚੌੜਾਈ ਅਤੇ ਮੁਟਾਈ ਦੇ ਛਤੀਰ ਬਣਾਏ ਜਾਣ ਲੱਗੇ। ਕੁੜੀਆਂ ਨੇ ਬਾਲਿਆਂ ਦਾ ਰੂਪ ਧਾਰ ਲਿਆ। ਹੁਣ ਪੰਜਾਬ ਵਿਚੋਂ ਦੇਸੀ ਲੱਕੜ ਜਿਸ ਨਾਲ ਛਤੀਰ ਬਣਾਏ ਜਾਂਦੇ ਸਨ, ਉਹ ਤਕਰੀਬਨ ਖਤਮ ਹੋ ਗਈ ਹੈ। ਹੁਣ ਘਰ ਪੱਕੇ ਬਣਾਏ ਜਾਂਦੇ ਹਨ। ਇਸ ਲਈ ਛਤੀਰਾਂ ਦੀ ਥਾਂ ਹੁਣ ਲੋਹੇ ਦੇ ਗਾਡਰਾਂ ਨੇ ਲੈ ਲਈ ਹੈ। ਬਹੁਤੇ ਘਰ ਤਾਂ ਹੁਣ ਸੈਂਟਰ ਲਾ ਕੇ ਪਾਏ ਜਾਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.