ਛਿੱਕੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੋਟੀ ਟੋਕਰੀ ਜਿਸ ਉਪਰ ਢੱਕਣ ਲੱਗਿਆ ਹੁੰਦਾ ਹੈ, ਨੂੰ ਛਿੱਕੂ ਕਹਿੰਦੇ ਹਨ। ਛਿੱਕੂ ਦੀ ਵਰਤੋਂ ਆਮ ਤੌਰ 'ਤੇ ਰੋਟੀਆਂ ਰੱਖਣ ਲਈ ਕੀਤੀ ਜਾਂਦੀ ਸੀ/ਹੈ। ਪਹਿਲੇ ਸਮਿਆਂ ਵਿਚ ਜਦ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਸੀ, ਉਸ ਸਮੇਂ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਖੇਤੀ ਵਿਚ ਸਾਰਾ ਟੱਬਰ ਮਰਦ, ਇਸਤਰੀਆਂ, ਬੱਚੇ ਸਾਰੇ ਹੀ ਲੱਗੇ ਰਹਿੰਦੇ ਸਨ। ਉਨ੍ਹਾਂ ਸਮਿਆਂ ਵਿਚ ਰੋਟੀ ਸਵੇਰੇ ਅਤੇ ਰਾਤ ਨੂੰ ਹੀ ਬਣਾਈ ਜਾਂਦੀ ਸੀ। ਹਾਜ਼ਰੀ ਰੋਟੀ ਖਾ ਕੇ ਲੋਕ ਕੰਮ ਕਰਨ ਲੱਗ ਜਾਂਦੇ ਸਨ। ਕੁਝ ਵਾਧੂ ਰੋਟੀਆਂ ਪਕਾਕੇ ਛਿੱਕੂ ਵਿਚ ਰੱਖ ਲੈਂਦੇ ਸਨ। ਛਿੱਕੂ ਆਮ ਤੌਰ 'ਤੇ ਛੱਤ ਨਾਲ ਲਟਕਾ ਕੇ ਰੱਖਿਆ ਜਾਂਦਾ ਸੀ। ਸ਼ਾਮ ਨੂੰ ਛਿੱਕੂ ਵਿਚ ਪਈਆਂ ਰੋਟੀਆਂ ਨੂੰ ਕਾੜ੍ਹਨੀ ਦੇ ਦੁੱਧ ਨਾਲ, ਚਾਹ ਨਾਲ ਜਾਂ ਲੱਸੀ ਨਾਲ ਖਾ ਲੈਂਦੇ ਸਨ।

ਛਿੱਕ ਗੁਲਾਈਦਾਰ ਬਣਾਇਆ ਜਾਂਦਾ ਸੀ ਜਿਹੜਾ ਆਮ ਤੌਰ 'ਤੇ 12 ਕੁ ਇੰਚ ਵਿਆਸ ਦਾ ਹੁੰਦਾ ਸੀ।ਛਿੱਕੂ ਜਾਂ ਤੂਤ ਦੀਆਂ ਬਰੀਕ ਛਿਟੀਆਂ ਦਾ ਬਣਾਇਆ ਜਾਂਦਾ ਸੀ। ਜਾਂ ਕਣਕ ਦੇ ਉਂਗਲ ਕੁ ਜਿੰਨੇ ਮੋਟੇ ਨਾੜ ਉਪਰ ਨਾੜ ਵਲ੍ਹੇਟ ਕੇ ਜਾਂ ਸੂਤ ਵਟ ਕੇ ਬਣਾਇਆ ਜਾਂਦਾ ਸੀ। ਮੁੰਜ ਉਪਰ ਸੂਤ ਵਟ ਕੇ ਵੀ ਛਿੱਕੂ ਬਣਦਾ ਸੀ। ਹੁਣ ਬਹੁਤ ਘੱਟ ਤੂਤ ਦੀਆਂ ਛਿਟੀਆਂ, ਨਾੜ ਅਤੇ ਮੁੰਜ ਦੇ ਛਿੱਕੂ ਬਣਦੇ ਹਨ। ਹੁਣ ਜ਼ਿਆਦਾ ਛਿੱਕੂ ਪਲਾਸਟਿਕ ਦੇ ਬਣਦੇ ਹਨ, ਜਿਨ੍ਹਾਂ ਨੂੰ ਹਾਟ ਕੇਸ ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.