ਛੰਦ ਸੁਣਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੰਦ ਕਾਰਜ ਦੀ ਰਸਮ ਤੋਂ ਪਿੱਛੋਂ ਪਹਿਲੇ ਸਮਿਆਂ ਵਿਚ ਲਾੜੇ ਨੂੰ ਘਰ ਅੰਦਰ ਬੁਲਾ ਕੇ ਉਸ ਦੀਆਂ ਸਾਲੀਆਂ ਵੱਲੋਂ ਛੰਦ ਸੁਣਨ ਦੀ ਇਕ ਰਸਮ ਹੁੰਦੀ ਸੀ। ਛੰਦ ਉਸ ਕਵਿਤਾ ਨੂੰ ਕਹਿੰਦੇ ਹਨ ਜਿਸ ਕਵਿਤਾ ਵਿਚ ਮਾਤਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੁੰਦੀ ਹੈ। ਅਨੰਦ ਕਾਰਜ ਤੋਂ ਪਿੱਛੋਂ ਬਰਾਤੀ ਤਾਂ ਵਾਪਸ ਆਪਣੇ ਡੇਰੇ ਚਲੇ ਜਾਂਦੇ ਸਨ। ਲਾੜੇ ਨੂੰ ਘਰ ਅੰਦਰ ਬੁਲਾ ਲਿਆ ਜਾਂਦਾ ਸੀ। ਲਾੜਾ ਆਪਣੇ ਨਾਲ ਸਰਬਾਲ੍ਹਾ ਅਤੇ ਆਪਣੇ ਹਾਣ ਦੇ 2-3 ਮੁੰਡੇ ਹੋਰ ਨਾਲ ਲੈ ਆਉਂਦਾ ਸੀ। ਲਾੜੇ ਨੂੰ ਗਦੇਲੇ ਉੱਪਰ ਬਿਠਾਇਆ ਜਾਂਦਾ ਸੀ। ਮੇਲਣਾ, ਜਿਨ੍ਹਾਂ ਵਿਚ ਜਿਆਦਾ ਲਾੜੇ ਦੀਆਂ ਸਾਲੀਆਂ ਹੁੰਦੀਆਂ ਸਨ, ਲਾੜੇ ਦੇ ਆਲੇ ਦੁਆਲੇ ਆ ਖੜ੍ਹਦੀਆਂ ਸਨ। ਸੱਸ ਮਠਿਆਈ ਨਾਲ ਆਪਣੇ ਜੁਆਈ ਤੇ ਉਸ ਦੇ ਨਾਲ ਆਏ ਮੁੰਡਿਆਂ ਦਾ ਮੂੰਹ ਮਿੱਠਾ ਕਰਵਾਉਂਦੀ ਸੀ। ਦੁੱਧ ਪਿਆਉਂਦੀ ਸੀ। ਫੇਰ ਵਾਰੀ ਆਉਂਦੀ ਸੀ ਲਾੜੇ ਤੋਂ ਛੰਦ ਸੁਣਨ ਦੀ। ਇਹ ਲਾੜੇ ਅਤੇ ਲਾੜੇ ਦੇ ਨਾਲ ਆਏ ਉਸ ਦੇ ਸਾਥੀਆਂ ਅਤੇ ਸਾਲੀਆਂ ਦਾ ਨੋਕ-ਝੋਕ, ਹਾਸੇ-ਠੱਠੇ ਦਾ ਸਮਾਂ ਹੁੰਦਾ ਸੀ ਲਾੜਾ ਆਪਣੀਆਂ ਸਾਲੀਆਂ ਦੀ ਫਰਮਾਇਸ਼ ਤੇ ਛੰਦ ਸੁਣਾਉਂਦਾ ਸੀ। ਛੰਦਾਂ ਵਿਚ ਲਾੜਾ ਆਪਣੇ ਸੱਸ, ਸਹੁਰੇ, ਸਾਲੇ ਅਤੇ ਆਪਣੀ ਵਹੁਟੀ ਦੀ ਤਾਰੀਫ ਦੇ ਪੁਲ ਬੰਨ੍ਹ ਦਿੰਦਾ ਸੀ। ਸਾਲੀਆਂ ਨੂੰ ਥੋੜ੍ਹੀਆਂ-ਥੋੜ੍ਹੀਆਂ ਖਰੀਆਂ-ਖੋਟੀਆਂ ਵੀ ਸੁਣਾ ਦਿੰਦਾ ਸੀ। ਇਹ ਰਸਮ ਇਕ ਕਿਸਮ ਦੀ ਜੁਆਈ ਦੀ ਆਪਣੇ ਸਹੁਰੇ ਪਰਿਵਾਰ ਅਤੇ ਹੋਰ ਰਿਸ਼ਤੇਦਾਰਾਂ ਨਾਲ ਜਾਣ-ਪਛਾਣ ਦਾ ਕੰਮ ਵੀ ਕਰਦੀ ਸੀ। ਕਿਉਂ ਜੋ ਪਹਿਲੇ ਸਮਿਆਂ ਵਿਚ ਬਹੁਤੇ ਰਿਸ਼ਤੇ ਪੰਡਤਾਂ, ਨਾਈਆਂ ਤੇ ਵਿਚੋਲਿਆਂ ਰਾਹੀਂ ਹੁੰਦੇ ਸਨ। ਪਰਿਵਾਰ ਵਾਲੇ ਤੇ ਵਿਸ਼ੇਸ਼ ਤੌਰ ਤੇ ਜਨਾਨੀਆਂ ਤੇ ਰਿਸ਼ਤੇਦਾਰਨਾਂ ਤਾਂ ਪਹਿਲੀ ਵੇਰ ਲਾੜੇ ਨੂੰ ਵਿਆਹ ਸਮੇਂ ਹੀ ਵੇਖਦੀਆਂ ਹੁੰਦੀਆਂ ਸਨ। ਹੁਣ ਤਾਂ ਵਿਆਹ ਤੋਂ ਪਹਿਲਾਂ ਹੀ ਮੁੰਡਾ/ਕੁੜੀ ਨੇ ਤੇ ਮੁੰਡੇ/ਕੁੜੀ ਦੇ ਪਰਿਵਾਰ ਤੇ ਨੇੜੇ ਦੇ ਰਿਸ਼ਤੇਦਾਰਾਂ ਨੇ ਇਕ ਦੂਜੇ ਨੂੰ ਚੰਗੀ ਤਰ੍ਹਾਂ ਵੇਖਿਆ ਹੁੰਦਾ ਹੈ। ਹੁਣ ਛੰਦ ਸੁਣਨ ਅਤੇ ਵਿਆਹ ਦੀਆਂ ਹੋਰ ਵੀ ਕਈ ਰਸਮਾਂ ਖ਼ਤਮ ਹੋ ਗਈਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.