ਟਸਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੇਸ਼ਮ ਦੀ ਪੱਗ ਨੂੰ ਟਸਰੀ ਕਹਿੰਦੇ ਹਨ। ਟਸਰ ਇਕ ਮੋਟਾ ਰੇਸ਼ਮ ਹੁੰਦਾ ਹੈ ਜਿਸ ਦੀ ਪੱਗ ਬਣਾਈ ਜਾਂਦੀ ਹੈ। ਟਸਰ ਦੀ ਪੱਗ ਸਾਰੀਆਂ ਪੱਗਾਂ ਨਾਲੋਂ ਮਹਿੰਗੀ ਹੁੰਦੀ ਹੈ।ਪੈਸੇ ਵਾਲੇ ਪਰਿਵਾਰ ਹੀ ਟਸਰ ਦੀ ਪੱਗ ਬੰਨ੍ਹਦੇ ਹੁੰਦੇ ਸਨ। ਹੁਣ ਕਦੇ ਕਦੇ ਕਿਸੇ ਬਜੁਰਗ ਦੀ ਹੀ ਟਸਰੀ ਬੰਨ੍ਹੀ ਨਜ਼ਰ ਆਉਂਦੀ ਹੈ। ਹੁਣ ਜਿਆਦਾ ਪੱਗਾਂ ਵੈਲ ਜਾਂ ਰੂਬੀਏ ਦੀਆਂ ਬੰਨ੍ਹੀਆਂ ਜਾਂਦੀਆਂ ਹਨ।[1]

ਪੱਗ ਸਰਦਾਰ ਦੀ ਆਨ ਸ਼ਾਨ ਮੰਨੀ ਜਾਂਦੀ ਆ, ਵੈਸੇ ਵੀ ਪੱਗ ਬੰਨੀ ਸੋਹਣੀ ਲੱਗਦੀ ਆ। ਕਈ ਵਾਰ ਸੋਚਦੀ ਆਂ ਕਿ ਪੱਗ ਦੇ ਸਟਾਈਲ ਤੋਂ ਈ ਪਤਾ ਲੱਗ ਜਾਂਦਾ ਬਈ ਕਿਹੜੇ ਏਰੀਏ ਤੋਂ ਬੰਦਾ ਆਇਆ। ਪੱਗ ਤਾਂ ਕਈ ਦੇਸ਼ਾਂ ਚ ਬੰਨੀ ਜਾਂਦੀ ਆ ਪਰ ਹਰ ਦੇਸ਼ ਦੇ ਬੰਨਣ ਦਾ ਅੰਦਾਜ਼ ਜਾਂ ਪੱਗ ਦੇ ਕੱਪੜੇ ਦਾ ਫਰਕ ਕਾਫ਼ੀ ਹੁੰਦਾ। ਹੁਣ ਆਪਣੇ ਪੰਜਾਬ ਚ ਤਾਂ ਸਿੱਖ ਧਰਮ ਦੀ ਕਰਤਾ ਧਰਤਾ ਤੇ ਸਿਰ ਦੀ ਸ਼ਾਨ ਈ ਮੰਨੀ ਜਾਂਦੀ ਆ ਪਰ ਜੋ ਵੀ ਆ ਕਈ ਇਹਦੇ ਦਿਵਾਨੇ ਜਿਹੇ ਹੋ ਜਾਂਦੇ ਆ ਤੇ ਕਈ ਬੰਨਣੀ ਔਖੀ ਮੰਨਦੇ ਆ।

ਪੰਜਾਬ ਚ ਤਾਂ ਪੱਗ ਨੂੰ ਘਰ ਦੀ ਜਿੰਮੇਵਾਰੀ ਦਾ ਚਿੰਨ ਵੀ ਮੰਨਿਆ ਜਾਂਦਾ ਤੇ ਬਾਪ ਦੇ ਮਰਨ ਤੇ ਘਰ ਦੇ ਵੱਡੇ ਮੁੰਡੇ ਨੂੰ ਪੱਗ ਬਨਾਈ ਜਾਂਦੀ ਆ। ਮਤਲਬ ਤਾਂ ਇਹੀ ਹੁੰਦਾ ਸੀ ਕਿ ਭਾਈ ਅੱਜ ਤੋਂ ਬਾਪ ਦੀ ਕਬੀਲਦਾਰੀ ਦਾ ਭਾਰ ਤੇਰੇ ਸਿਰ ਤੇ ਆ। ਬਾਪ ਦੀ ਇੱਜਤ ਨੂੰ ਪੱਗ ਨਾਲ ਆਮ ਈ ਜੋੜ ਦਿੰਦੇ ਆ,ਬੜੇ ਗਾਣੇ ਵੀ ਬਣੇ ਆ ਪਰ ਹੈ ਸਾਰੇ ਜਿਆਦਾ ਕੁੜੀਆਂ ਵਾਸਤੇ ਈ। ਪਰ ਉਹ ਸਾਡੇ ਵਿਰਸੇ ਦੇ ਪਰਤੀਕ ਬਣੇ ਹੋਏ ਨੇ,ਕਈ ਚੰਗੇ ਨੇ ਤੇ ਕਈ ਮਾੜੇ ਪਰ ਜੋ ਵੀ ਆ ਪੱਗ ਸਿਰ ਦੀ ਸਾਂਭ ਸੰਭਲ,ਧੁੱਪ ਠੰਢ ਤੋਂ ਬਚਾਉਣ ਵਾਲਾ ਵੱਡਾ ਕੱਪੜਾ। ਮੈਨੂੰ ਯਾਦ ਆ ਅੱਗੇ ਜਦ ਪੁਰਾਣੇ ਲੋਕ ਪਰਾਉਣੇ ਕਿਤੇ ਜਾਂਦੇ ਤਾਂ ਆਮ ਈ ਗਰਮੀਆਂ ਚ ਪੱਗ ਲਾਹ ਕੇ ਉੱਤੇ ਲੈਕੇ ਸੌਂ ਜਾਂਦੇ।

ਸਾਡੇ ਵੀ ਮੇਰੇ ਨਾਨਕੇ ਇੱਕ ਪੱਗ ਹੁੰਦੀ ਸੀ ਪੜਨਾਨੇ ਦੀ, ਚਿੱਟੇ ਜਿਹੇ ਰੰਗ ਦੀ ਬੜੇ ਸੋਹਣੇ ਕੱਪੜੇ ਦੀ ਟਸਰੀ। ਬਹੁਤ ਲੋਕ ਉਹ ਪੱਗ ਮੰਗ ਕੇ ਲਿਜਾਂਦੇ ਰਹੇ ਮੇਰੀ ਸੁਰਤ ਚ ਵੀ। ਉਹ ਮੇਰੇ ਨਾਨੇ ਨੇ ਸਿੰਘਾਪੁਰ ਤੋਂ ਆਪਣੇ ਬਾਪ ਜਾਣੀ ਮੇਰੀ ਬੀਜੀ ਦੇ ਦਾਦੇ ਲਈ ਭੇਜੀ ਸੀ।ਨਾਨੀ ਨੂੰ ਉਹ ਪੱਗ ਬਹੁਤ ਪਿਆਰੀ ਸੀ,ਜਾਂ ਕਹਿ ਲੋ ਉਹਦੇ ਲਈ ਉਹ ਨਾਨੇ ਦੀ ਨਿਸ਼ਾਨੀ ਸੀ। ਕਈ ਵਾਰ ਮੈਂ ਸੋਚਦੀ ਆਂ ਪਤਾ ਨੀ ਕਿੰਨੀ ਕੁ ਵਾਰ ਉਸ ਪੱਗ ਨੂੰ ਹੱਥਾਂ ਚ ਫੜਕੇ ਜਾਂ ਉੱਤੇ ਲੈ ਕੇ ਨਾਨੀ ਨੇ ਰੋ ਰੋ ਕੇ ਜਵਾਨੀ ਵੇਲੇ ਵਿਛੋੜੇ ਦੀਆਂ ਰਾਤਾਂ ਕੱਢੀਆਂ ਹੋਣਗੀਆਂ। ਫੇਰ ਕੋਈ ਮੰਗ ਕੇ ਐਸਾ ਲੈਕੇ ਗਿਆ ਪੱਗ ਵਾਪਸ ਨੀ ਆਈ, ਨਾਨੀ ਨੂੰ ਕਈ ਵਾਰ ਇਹ ਕਹਿੰਦੇ ਸੁਣਿਆ ਸੀ ਕਿ ਮੇਰੇ ਕੋਲ ਇੱਕ ਈ ਤਾਂ ਉਹਦੀ ਚੀਜ ਸੀ ਉਹਦੇ ਤੇ ਵੀ ਨੀਤ ਫਿੱਟਗੀ ਕਿਸੇ ਦੀ।ਪਤਾ ਤਾਂ ਸੀ ਨਾਨੀ ਨੂੰ ਬਈ ਜਾਣ ਕਿ ਨੀ ਵਾਪਸ ਕੀਤੀ, ਪਰ ਸੀ ਵਿਚਾਰੀ ਭਗਤਣੀ ਕੁੱਛ ਕਹਿੰਦੀ ਨੀ ਸੀ ਕਿਸੇ ਨੂੰ।

ਪੱਗ ਚਾਹੇ ਸਿਰ ਦੀ ਸ਼ਾਨ ਹੋਵੇ ਜਾਂ ਨਾਨੀ ਵਾਂਗ ਕਿਸੇ ਦੇ ਪਿਆਰ ਦੀ ਨਿਸ਼ਾਨੀ ਪਰ ਹਮੇਸ਼ਾ ਸਾਡੇ ਕਲਚਰ ਜਾਂ ਵਿਰਸੇ ਦਾ ਇੱਕ ਅਨਿਖੜਵਾਂ ਜਿਹਾ ਅੰਗ ਰਿਹਾ ਤੇ ਰਹੂਗਾ ਵੀ। ਕਈ ਰੰਗ ਰੂਪ ਬਦਲਕੇ, ਕਦੇ ਧਰਮ ਦੇ ਚਿੰਨ ਦੇ ਰੂਪ ਚ ਤੇ ਕਦੇ ਫੈਸ਼ਨ ਦੇ ਰੂਪ ਚ ਤੇ ਕਦੇ ਸਿਰ ਦੇ ਤਾਜ ਦੇ ਰੂਪ ਚ ਚਲਦੀ ਆਈ ਤੇ ਚਲਦੀ ਰਹਿਣਾ, ਪਰ ਮੈਨੂੰ ਹਾਲੇ ਵੀ ਅਫਸੋਸ ਆ ਕਿ ਮੇਰੀ ਨਾਨੀ ਦੀ ਟਸਰੀ ਤੇ ਟਸਰੀ ਵਾਲਾ ਨਾਨੀ ਨਾਲ ਧੋਖਾ ਕਰ ਗਿਆ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.