ਪੀੜ੍ਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਾਰ ਪਾਵਿਆਂ ਨਾਲ ਲੱਕੜ ਦੀ ਬਣੀ ਚੌਗਾਠ ਨੂੰ ਜਿਹੜੀ ਮੰਜੇ ਦੀ ਤਰ੍ਹਾਂ ਬੁਣੀ ਹੁੰਦੀ ਹੈ ਤੇ ਬੈਠਣ ਦੇ ਕੰਮ ਆਉਂਦੀ ਹੈ, ਪੀੜ੍ਹੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਘਰ ਲਿਆਉਂਦਾ ਸੀ ਤਾਂ ਉਸ ਨੂੰ ਪੀੜ੍ਹੀ 'ਤੇ ਬਿਠਾ ਕੇ ਸ਼ਗਨ ਦਿੱਤਾ ਜਾਂਦਾ ਸੀ। ਪੀੜ੍ਹੀ ਦੀ ਚੁਗਾਠ ਦੀ ਬਾਹੀ ਦੀ ਲੰਬਈ 20/22 ਕੁ ਇੰਚ ਹੁੰਦੀ ਹੈ ਤੇ ਸੇਰਵੇ ਦੀ ਲੰਬਾਈ 18 ਕੁ ਇੰਚ ਹੁੰਦੀ ਹੈ। ਕਈ ਪੀੜ੍ਹੀਆਂ ਦੀਆਂ ਬਾਹੀਆਂ ਤੇ ਸਰਵੇ 18/20 ਕੁ ਇੰਚ ਦੇ ਵਰਗਾਕਾਰ ਹੁੰਦੇ ਹਨ। ਬਾਹੀਆਂ ਅਤੇ ਸੇਰਵਿਆਂ ਦੇ ਸਿਰਿਆਂ 'ਤੇ ਚੂਲ ਪਾਏ ਜਾਂਦੇ ਹਨ। ਪਾਵਿਆਂ ਦੀ ਲੰਬਾਈ ਆਮ ਤੌਰ 'ਤੇ 9 ਕੁ ਇੰਚ ਹੁੰਦੀ ਹੈ। ਪਾਵਿਆਂ ਦੇ ਉਪਰਲੇ ਸਿਰਿਆਂ ਤੇ ਉਪਰ ਹੇਠਾਂ ਕਰਕੇ ਆਰ ਪਾਰ ਦੋ ਸੱਲ ਪਾਏ ਜਾਂਦੇ ਹਨ। ਉਪਰਲੇ ਸੱਲ ਵਿਚ ਸੇਰਵਿਆਂ ਦੀਆਂ ਚੂਲਾਂ ਅਤੇ ਹੇਠਲੇ ਸੱਲਾਂ ਵਿਚ ਬਾਹੀਆਂ ਦੀਆਂ ਚੂਲਾਂ ਫਿੱਟ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਪੀੜ੍ਹੀ ਦੀ ਚੁਗਾਠ ਬਣਦੀ ਹੈ।

ਪੀੜ੍ਹੀ ਬੁਣਨ ਲਈ ਬਾਹੀਆਂ ਵਾਲੇ ਇਕ ਪਾਸੇ 6 ਕੁ ਇੰਚ ਬਾਹੀ ਛੱਡ ਕੇ ਮੁੱਲ ਪਾਇਆ ਜਾਂਦਾ ਹੈ। ਮੱਲ ਦਾ ਜਿਹੜਾ ਹਿੱਸਾ ਬਾਹੀਆਂ ਦੇ ਉਪਰ ਆਉਂਦਾ ਹੈ ਉਸ ਨੂੰ ਰੱਸੀ ਨਾਲ ਗੁੰਦਿਆ ਜਾਂਦਾ ਹੈ। ਫੇਰ ਮੱਲ ਦੇ ਵਿਚਾਲੇ ਡੰਡਾ ਪਾ ਕੇ ਮੁੱਲ ਨੂੰ ਵੱਟ ਦਿੱਤਾ ਹੈ | ਫੇਰ ਡੰਡੇ ਨੂੰ ਸਰਵ ਉਪਰ ਰੱਖ ਦਿੱਤਾ ਜਾਂਦਾ ਹੈ। ਉਸ ਤੋਂ ਪਿਛੋਂ ਤਾਣਾ ਤੇ ਪੇਟਾ ਨਾਲੋਂ ਨਾਲ ਪਾ ਕੇ ਵਾਣ ਦੀ ਪੀੜ੍ਹੀ ਨੂੰ ਬਣਿਆ ਜਾਂਦਾ ਹੈ। ਜਦ ਪੀੜ੍ਹੀ ਬੁਣੀ ਜਾਂਦੀ ਹੈ ਤਾਂ ਦੌਣ ਪਾ ਦਿੱਤੀ ਜਾਂਦੀ ਹੈ ਤੇ ਪੱਲ ਵਿਚੋਂ ਡੰਡਾ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪੀੜ੍ਹੀ ਬਣਦੀ ਹੈ। ਸੂਤ ਦੀ ਪੀੜ੍ਹੀ ਬਣਾਉਣ ਲਈ ਪਹਿਲਾਂ ਸਾਰਾ ਤਾਣਾ ਪਾਇਆ ਜਾਂਦਾ ਹੈ। ਫੇਰ ਪੇਟਾ ਪਾ ਕੇ ਪੀੜ੍ਹੀ ਬੁਣੀ ਜਾਂਦੀ ਹੈ। ਸੂਤ ਦੀ ਬਣਾਈ ਪੀੜੀ ਵਿਚ ਵੀ ਮੱਲ ਤੇ ਦੌਣ ਪਾਈ ਜਾਂਦੀ ਹੈ।

ਹੁਣ ਵਾਣ ਤੇ ਸੂਤ ਦੀਆਂ ਪੀੜੀਆਂ ਬਣਾਉਣ ਦਾ ਰਿਵਾਜ ਦਿਨੋਂ ਦਿਨ ਘੱਟ ਰਿਹਾ ਹੈ। ਪੀੜ੍ਹੀਆਂ ਦੀ ਥਾਂ ਹੁਣ ਪਲਾਸਟਿਕ ਦੀਆਂ ਪਟੜੀਆਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਨਵੀਂ-ਵਿਆਹੀ ਆਈ ਵਹੁਟੀ ਨੂੰ ਹੁਣ ਪੀੜ੍ਹੀ ਦੀ ਥਾਂ ਕੁਰਸੀ ਜਾਂ ਸੋਫੇ 'ਤੇ ਬਿਠਾ ਕੇ ਸ਼ਗਨ ਦੇਣ ਦਾ ਰਿਵਾਜ਼ ਚੱਲ ਪਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.