ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ
ਲੇਖਕਵਣਜਾਰਾ ਬੇਦੀ
ਮੂਲ ਸਿਰਲੇਖਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਲੋਕਧਾਰਾ, ਕਥਾ ਰੂਪ
ਪ੍ਰਕਾਸ਼ਕਪੰਰਪਰਾ ਪ੍ਰਕਾਸ਼ਨ ਨਵੀੰ ਦਿੱਲੀ
ਪ੍ਰਕਾਸ਼ਨ ਦੀ ਮਿਤੀ
1977
ਮੀਡੀਆ ਕਿਸਮਪ੍ਰਿੰਟ
ਸਫ਼ੇ179

ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪੰਰਪਰਾ ਪੁਸਤਕ ਵਣਜਾਰਾ ਬੇਦੀ ਦੁਆਰਾ ਲਿਖੀ ਗਈ ਹੈ। ਇਹ ਪੁਸਤਕ ਤਿੰਨ ਹਿੱਸਿਆਂ ਵਿੱਚ ਵੰਡੀ ਨਜਰ ਆਉਂਦੀ ਹੈ। ਪਹਿਲੇ ਹਿੱਸੇ ਵਿੱਚ ਬੇਦੀ ਨੇ ਕ੍ਰਮਵਾਰ ਮੱਧਕਾਲਿਨ ਕਥਾ ਸਾਹਿਤ,ਮੱਧਕਾਲਿਨ ਕਥਾ ਸਾਹਿਤ ਦੀ ਸਿਰਜਨਾ,ਮੱਧਕਾਲਿਨ ਕਥਾ ਸਾਹਿਤ ਦੀਆਂ ਸਿਰਜਨ ਪਰਵਿਰਤੀਆਂ,ਕਥਾਨਿਕ ਰੂੜੀਆਂ ਤੇ ਰੂੜ ਕਥਾਵਾਂ,ਪੰਜਾਬੀ ਕਥਾ ਪਰੰਪਰਾ,ਮੱਧਕਾਲਿਨ ਕਥਾ ਸੰਸਾਰ ਆਦਿ ਬਾਰੇ ਚਰਚਾ ਕੀਤੀ ਗਈ ਹੈ। ਇਸ ਤੋਂ ਬਾਅਦ 26 ਦੇ ਲਗਭਗ ਕਥਾ ਰੂਪਾਂ ਦੀ ਵਿਸਤਾਰ ਪੂਰਵਕ ਵਿਆਖਿਆ ਕੀਤੀ ਹੈ। ਪੁਸਤਕ ਦੇ ਆਖਰੀ ਦੋ ਭਾਗ ਸਿਰਲੇਖ ਅੰਤਿਕਾ ਨੰਬਰ 1 ਅਤੇ ਅੰਤਿਕਾ ਨੰਬਰ 2 ਅਧੀਨ ਦਰਜ ਹਨ। ਜਿਸ ਵਿੱਚ ਪਹਿਲਾਂ ਚਰਚਾ ਕੀਤੇ ਜਾ ਚੁੱਕੇ ਕਥਾ ਰੂਪਾਂ ਦੀਆਂ ਉਧਾਰਨਾਂ ਵੱਜੋਂ ਕਥਾਵਾਂ ਦਰਜ ਹਨ। ਪਹਿਲੇ ਛੇ ਅਧਿਆਏ ਵਿੱਚ ਹੀ ਵਣਜਾਰਾ ਬੇਦੀ ਦੀ ਇਸ ਕਿਤਾਬ ਦਾ ਮਨੋਰਥ ਤੇ ਨਿਚੋੜ ਸ਼ਾਮਿਲ ਹੈ। ਜਿਸ ਅਧੀਨ ਉਹ ਲਿਖਦੇ ਹਨ ਕਿ ਮੱਧਕਾਲਿਨ ਕਥਾ ਸਾਹਿਤ ਨੂੰ ਆਮ ਤੌਰ 'ਤੇ ਲੋਕਧਾਰਾ ਅਤੇ ਲੋਕ ਕਹਾਣੀਆਂ ਦੀ ਪਰੰਪਰਾ ਤੋਂ ਨਿਖੇੜਕੇ ਸਮਝਣ ਦਾ ਯਤਨ ਕੀਤਾ ਜਾਂਦਾ ਹੈ,ਪਰ ਅਜਿਹਾ ਅਧਿਐਨ ਅਪੂਰਨ ਤੇ ਆਂਸ਼ਿਕ ਹੈ। ਵਣਜਾਰਾ ਬੇਦੀ ਨੇ ਕਥਾ ਸਾਹਿਤ ਦਾ ਭਾਂਵੇ ਉਹ ਲਿਪੀ ਬੱਧ ਰੂਪ ਵਿੱਚ ਪ੍ਰਾਪਤ ਹੋਇਆ ਹੈ ਅਤੇ ਭਾਵੇਂ ਮੋਖਿਕ ਪਰੰਪਰਾ ਦੁਆਰਾ ਵਿਚਰਦਾ ਸਾਡੇ ਤੱਕ ਪੁੱਜਾ ਹੈ,ਨੂੰ ਸਮੁੱਚ ਰੂਪ ਵਿੱਚ ਲੋਕਧਾਰਾ ਦੇ ਪਰਿਪੇਖ ਵਿੱਚ ਅਧਿਐਨ ਕੀਤਾ ਹੈ। ਇਹ ਆਪਣੇ ਆਪ ਵਿੱਚ ਹੀ ਇੱਕ ਵਿਲਖਣ ਅਤੇ ਰੋਚਕ ਯਤਨ ਹੈ। ਮੱਧਕਾਲਿਨ ਕਥਾ ਸਾਹਿਤ ਦੀ ਸਿਰਜਨਾ ਵਿੱਚ ਪੋਰਾਣਿਕ ਕਥਾਵਾਂ ਤੇ ਬੋਧੀ ਅਧਵਾਨਾਂ,ਸਾਮੀ ਕਥਾਵਾਂ ਤੇ ਰੂੜੀਆਂ,ਭਗਤੀ ਲਹਿਰ ਵਰਗੀਆਂ ਪ੍ਰਵਿਰਤੀਆਂ ਦੇ ਪ੍ਰਭਾਵ ਦਾ ਵੀ ਜਿਕਰ ਕੀਤਾ ਹੈ। ਇਸ ਦੇ ਅੰਤਰਗਤ ਹੀ ਕਥਾਨਿਕ ਰੂੜ੍ਹੀਆਂ ਤੇ ਰੂੜ੍ਹ ਕਥਾਵਾਂ ਦੇ ਅੰਤਰ ਨੂੰ ਵੀ ਦਰਸਾਇਆ ਗਿਆ ਹੈ ਕਿ ਕਥਾਨਿਕ ਰੂੜ੍ਹੀ ਕਿਸੇ ਕਥਾ ਕਹਾਣੀ ਦਾ ਉਹ ਛੋਟੇ ਤੋਂ ਛੋਟਾ ਇਕਾਈ ਤੱਤ ਹੈ,ਜੋ ਆਪਣੇ ਆਪ ਵਿੱਚ ਸੰਪੂਰਨ ਅਰਥ ਰੱਖਦਾ ਹੈ ਅਤੇ ਮੁੱਢ ਕਦੀਮ ਤੋਂ ਵਾਰ ਵਾਰ ਦੁਹਰਾਏ ਜਾਣ ਕਰਕੇ ਕਥਾ ਪਰੰਪਰਾ ਦਾ ਅੰਗ ਬਣ ਗਿਆ ਹੁੰਦਾ ਹੈ। ਵਣਜਾਰਾ ਬੇਦੀ ਨੇ ਕਥਾਨਕ ਰੂੜ੍ਹੀਆਂ ਨੂੰ ਤਿੰਨ ਕਿਸਮ ਦੀਆਂ ਮੰਨਿਆ ਹੈ:-

  • ਸੰਸਾਰਿਕ ਜਾਂ ਵਾਸਤਵਿਕ
  • ਵਿਸ਼ਵਾਸ ਪਰਕ
  • ਅਧਦੈਵਿਕ

ਜਦਕਿ ਰੂੜ੍ਹ ਕਥਾ ਇੱਕ ਵਿਸ਼ੇਸ਼ ਪ੍ਰਕਾਰ ਦੀ ਪਰੰਪਰਾਗਤ ਕਥਾ ਕਹਾਣੀ ਲਈ ਵਰਤਿਆ ਜਾਂਦਾ ਹੈ। ਜੋ ਕਿਸੇ ਵੀ ਜਾਤੀ ਕੋਲ ਬਹੁਤੀ ਮਾਤਰਾ ਵਿੱਚ ਨਹੀਂ ਹੁੰਦੀਆਂ। ਵਣਜਾਰਾ ਬੇਦੀ ਪੰਜਾਬੀ ਕਥਾ ਪਰੰਪਰਾ ਅਤੇ ਮਧਕਲੀਨ ਕਥਾ ਸੰਸਾਰ ਦੇ ਸ਼ੁਰੂਆਤੀ ਦੌਰ ਬਾਰੇ ਦੱਸਦੇ ਹਨ ਕਿ ਇਨ੍ਹਾਂ ਦਾ ਇਤਿਹਾਸ ਹੱੜ੍ਹਪਾ ਤੇ ਆਰਿਆਈ ਸਭਿਅਤਾ ਤੋਂ ਸ਼ੁਰੂ ਹੁੰਦਾ ਹੈ। ਇਸ ਅੰਤਰਗਤ ਹੀ ਮੱਧਕਾਲੀਨ ਕਥਾ ਰੂਪ ਬਾਤਾਂ ਦੇ ਸੁਭਾਅ ਤੇ ਰੂਪ ਬਾਰੇ ਜਾਣਕਾਰੀ ਦਿੰਦੇ ਹਨ। ਬਾਤਾਂ ਦੇ ਅਨੇਕ ਰੂਪ ਹਨ ਪਰ ਬੇਦੀ ਨੇ 26 ਦੇ ਕਰੀਬ ਕਥਾ ਰੂਪਾਂ ਦੀ ਚਰਚਾ ਕੀਤੀ ਹੈ। ਇਹ ਪ੍ਰ੍ਮੁੱਖ ਮੱਧਕਲੀਨ ਕਥਾ ਰੂਪ ਲਿਖੇ ਹਨ ਅਤੇ ਅੰਤਿਕਾ ਨੰਬਰ 1 ਵਿੱਚ ਦਰਜ ਸਬੰਧਿਤ ਕਥਾ ਰੂਪਾਂ ਦੀਆਂ ਕਥਾਵਾਂ ਨੂੰ ਵੀ ਉਧਾਰਣ ਵਜੋਂ ਇਨ੍ਹਾਂ ਵਿੱਚ ਸ਼ਾਮਿਲ ਕਰ ਲਿਆ ਹੈ:-

ਬਾਤਾਂ[ਸੋਧੋ]

ਰੂਪ ਅਤੇ ਵਿਸ਼ੇ ਦੇ ਪੱਖੋਂ ਇੰਨੀ ਵੰਨ-ਸੁਵੰਨਤਾ ਹੈ ਕਿ ਇੱਕ ਪਰਿਭਾਸ਼ਾ ਵਿੱਚ ਬੰਨਣਾ ਸਹਿਜ ਨਹੀਂ| ਪਰ ਵਣਜਾਰਾ ਬੇਦੀ ਨੇ ਬਾਤ ਦੇ ਕੁਝ ਮੂਲ ਤੱਤ ਦਰਸਾਏ ਹਨ,ਜਿਨਾਂ ਨੂੰ ਮੁੱਖ ਰਖਦਿਆਂ ਬਾਤਾਂ ਦੀ ਪਰਿਭਾਸ਼ਾ ਸਹਿਜ ਹੋ ਜਾਂਦੀ ਹੈ| ਇਹ ਤੱਤ ਹਨ:-

  • ਬਿਰਤਾਂਤਕ ਤੱਤ
  • ਲੋਕ ਮਨ ਦੀ ਅਭਵਿਆਕਤੀ
  • ਪਰੰਪਰਾਗਤ ਰੂੜ੍ਹੀਆਂ

ਬਾਤਾਂ ਨੂੰ ਸੁਭਾਅ ਪੱਖੋਂ ਤਿੰਨ ਵਰਗਾਂ ਵਿੱਚ ਵੰਡਿਆ ਹੈ:-

ਇਸ ਤਰਾਂ ਬਾਤਾਂ ਲੋਕ ਮਨ ਦੀ ਬਿਰਤਾਂਤਕ ਅਭਿਵਿਕਤੀ ਹਨ ਅਤੇ ਇਹ ਤਿੰਨੋਂ ਲੱਛਣ ਮੱਧਕਾਲ ਦੇ ਸਾਰੇ ਕਥਾ ਸਾਹਿਤ ਵਿੱਚ ਉਜਾਗਰ ਮਿਲਦੇ ਹਨ |ਪੰਜਾਬੀ ਦੀ ਸਭ ਤੋਂ ਛੋਟੀ ਬਾਤ ਚਾਰ ਸਤਰਾਂ ਦੀ ਹੈ ਪਰ ਬਿਰਤਾਂਤ ਅਦਭੁਤ ਹੋਣ ਕਰਕੇ ਰੋਚਕ ਹੈ |

ਕਰ ਕਹਾਣੀ ਕਲਿਆ
ਸੁਣ ਕਹਾਣੀ ਡੋਰਿਆ
ਅੰਨ੍ਹੇ ਚੋਰ ਪਕੜ੍ਹਿਆ
ਤੇ ਲੂਤ ਮਗਰ ਦੋੜਿਆ

ਕਥਾ[ਸੋਧੋ]

ਪੰਜਾਬੀ ਵਿੱਚ ਕਥਾ ਸ਼ਬਦ ਭਾਵੇਂ ਕਹਾਣੀ ਵਜੋਂ ਵੀ ਵਰਤਿਆ ਜਾਂਦਾ ਹੈ,ਪਰ ਸਹਿਜ ਰੂਪ ਵਿੱਚ ਇੱਕ ਖਾਸ ਪ੍ਰਕਾਰ ਦੇ ਉਪਦੇਸ਼ਾਤਮਿਕ ਪ੍ਰਸੰਗ ਜਾਂ ਬਿਰਤਾਂਤ ਲਈ ਪ੍ਰਯੋਗ ਹੁੰਦਾ ਹੈ,ਜੋ ਕਿਸੇ ਸੰਕਲਪ ਦੀ ਦਿੜ੍ਹਤਾ ਵਜੋਂ ਸਰੋਤਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਉਜਾਗਰ ਕਰਨ ਲਈ ਸੁਣਾਏ ਜਾਂਦੇ ਹਨ | ਬੇਦੀ ਨੇ ਕਥਾ ਸ਼ਬਦ ਦੇ ਤਿੰਨ ਅਰਥ ਦਰਸਾਏ ਹਨ;

  • ਕੋਈ ਵੀ ਰਚਨਾ ਜਿਸ ਵਿੱਚ ਬਿਰਤਾਂਤ ਤੱਤ ਹੋਵੇ
  • ਇੱਕ ਵਿਸ਼ੇਸ਼ ਤਰਾਂ ਦਾ ਧਾਰਮਿਕ ਬਿਰਤਾਂਤ
  • ਬਿਰਤਾਂਤ ਦੇ ਤੱਤ ਤੋਂ ਮੁਕਤ ਵਿਆਖਿਆ

ਪਰ ਵਣਜਾਰਾ ਬੇਦੀ ਨੇ ਇੱਕ ਵਿਸ਼ੇਸ਼ ਤਰਾਂ ਦੇ ਬਿਰਤਾਂਤ ਵਾਲੀ ਰਚਨਾ ਦੇ ਅਰਥਾਂ ਵਿੱਚ ਹੀ ਕਥਾ ਪਦ ਦਾ ਪ੍ਰਯੋਗ ਕੀਤਾ ਹੈ | ਅੰਤਿਕਾ ਨੰਬਰ 1 ਦੇ ਅਧੀਨ ’ਭਰਥਰੀ ਤੇ ਪਿੰਗਲਾ‘ ਕਥਾ ਦਾ ਹਵਾਲਾ ਦਿੱਤਾ ਹੈ |

ਸਾਖੀ[ਸੋਧੋ]

ਸਾਖੀ ਸ਼ਬਦ ਸੰਸਕ੍ਰਿਤ ਦੇ ਸ਼ਾਕਸ੍ਯ ਦਾ ਤਤਭਵ ਹੈ,ਜਿਸ ਦਾ ਅਰਥ ਗਵਾਹੀ ਹੈ ਜਾਂ ਅੱਖੀਂ ਦੇਖਿਆ ਸੱਚ| ਪਰ ਵਣਜਾਰਾ ਬੇਦੀ ਸਾਖੀ ਨੂੰ ਲੋਕਧਾਰਾ ਦੇ ਅੰਤਰਗਤ ਮੰਨਦੇ ਹਨ ਕਿਉਂਕਿ ਇਹ ਤੱਥ ਅਤੇ ਮਿੱਥ,ਮਨੌਤਾਂ ਤੇ ਵਿਸ਼ਵਾਸ ਦੀ ਮਿਸ ਤੋਂ ਉਪਜਿਆ ਹੋਇਆ ਲੋਕ ਸੱਚ ਹੁੰਦੀ ਹੈ | ਇਸ ਲਈ ਸਾਖੀਆਂ ਵਿੱਚ ਕਿਸੇ ਮਹਾਂਪੁਰਸ਼ ਦਾ ਜੋ ਮੁਹਾਂਦਰਾ ਉਘੜ੍ਹਦਾ ਹੈ ਉਹ ਪੌਰਾਣਿਕ ਅਤੇ ਵਾਸਤਵਿਕ ਨਾਂ ਲਗਦਾ ਹੋਇਆ ਵੀ ਯਥਾਰਥ ਲਗਦਾ ਹੈ ਵਣਜਾਰਾ ਬੇਦੀ ਅੰਤਿਕਾ ਨੰਬਰ 1 ਵਿੱਚ ਸਾਖੀ ਅਧੀਨ ਮੁਹਰਾਂ ਦੇ ਕੋਲੇ ਤੇ ਸੂਲੀ ਦਾ ਸੂਲ ਸਾਖੀ ਦਾ ਹਵਾਲਾ ਦਿੰਦੇ ਹਨ |

ਸੁਖਨ[ਸੋਧੋ]

ਸੁਖਨ ਕਿਸੇ ਸਤਿ,ਨੈਤਿਕ ਜਾਂ ਅਧਿਆਤਮਿਕ ਕਥਨ ਉੱਪਰ ਅਧਾਰਿਤ ਬਿਰਤਾਂਤ ਹੈ, ਜਿਸ ਵਿੱਚ ਮੁਸਲਮਾਨ ਪੀਰ ਫਕੀਰ ਆਦਿ ਦੇ ਬਚਨ ਬਿਲਾਸ ਅਤੇ ਪੁੰਨ ਕਰਮ ਦੀ ਚਰਚਾ ਹੁੰਦੀ ਹੈ | ਵਣਜਾਰਾ ਬੇਦੀ ਅਨੁਸਾਰ ਇਸ ਚਰਿਤਰ ਦੇ ਤਿੰਨ ਕਥਾ ਰੂਪ ਮਿਲਦੇ ਹਨ ;

  • ਸੁਖਨ
  • ਬਚਨ
  • ਗਲਾਂ

ਅੰਤਿਕਾ ਨੰਬਰ 1 ਵਿੱਚ ’ਬਿਗਾਨੀ ਵਸਤੂ’, ’ਭਰੋਸਾ‘ ਸੁਖਨਾਂ ਨੂੰ ਪੇਸ਼ ਕੀਤਾ ਗਿਆ ਹੈ |

ਬਚਨ[ਸੋਧੋ]

ਸੁਖਨ ਵਾਂਗ ਬਚਨ ਵੀ ਕਿਸੇ ਸਤ ਬਚਨ ਦੇ ਦੁਆਲੇ ਉਸਰੀ ਕਥਾ ਹੈ | ਬਚਨ ਵਿੱਚ ਆਮ ਤੋਰ ਉਤੇ ਕਿਸੇ ਗੁਰੂ ਭਗਤ,ਸਾਧ ਫਕੀਰ ਦੇ ਸਤਿ ਬਚਨਾਂ ਦੁਆਲੇ ਬਿਰਤਾਂਤ ਉਸਾਰਿਆ ਗਿਆ ਹੁੰਦਾ ਹੈ | ਵਣਜਾਰਾ ਬੇਦੀ ਨੇ ਬਚਨਾਂ ਦੀ ਵਰਗਵੰਡ ਵੀ ਕੀਤੀ ਹੈ ;

  • ਬਿਰਤਾਂਤ ਦੀ ਅਣਹੋਂਦ ਵਾਲੇ ਬਚਨ
  • ਬਿਰਤਾਂਤ ਯੁਕਤ ਬਚਨ
  • ਗੋਸ਼ਟੀ ਬਚਨ

ਬਚਨਾਂ ਸਬੰਧੀ ਵਣਜਾਰਾ ਬੇਦੀ 'ਮਾਇਆ', 'ਹੁਕਮ', 'ਸੰਸਾਰ ਕਿ ਗਤਿ’, ’ਲਾਲ’ਪ੍ਰਮਾਣ ਵੀ ਦਿਤੇ ਹਨ|

ਮਸਲੇ[ਸੋਧੋ]

ਮਸਲੇ ਵਿੱਚ ਕਿਸੇ ਪੀਰ ਪੈਗੰਬਰ ਜਾਂ ਮਹਾਂਪੁਰਸ਼ ਦੇ ਸਤ ਕਰਮ ਦੇ ਬਿਰਤਾਂਤ ਦੁਆਰਾ ਕਿਸੇ ਸਿਧਾਂਤ ਦੀ ਵਿਆਖਿਆ ਕੀਤੀ ਜਾਂਦੀ ਹੈ | ਬੇਦੀ ਨੇ ਅੰਤਿਕਾ 1 ਵਿੱਚ ਹਵਾਲੇ ਵਜੋਂ ਬਾਬਾ ਫਰੀਦ ਨਾਲ ਸਬੰਧਿਤ ਮਸਲੇ ‘’’ਸ਼ਕਰ ਦੀਆਂ ਢੀਮਾਂ’’’ ਨੂੰ ਪੇਸ਼ ਕੀਤਾ ਹੈ |

ਮਹਾਤਮ[ਸੋਧੋ]

ਮਹਾਤਮ ਇੱਕ ਵਿਸ਼ੇਸ਼ ਪ੍ਰਕਾਰ ਦੀ ਧਰਮ ਕਥਾ ਹੈ,ਜਿਸ ਵਿੱਚ ਕਿਸੇ ਧਾਰਮਿਕ ਕਰਮ ਕਾਂਡ,ਵਰਤ,ਇਸ਼ਨਾਨ,ਦਾਨ ਪੁੰਨ ਦੀ ਵਡਿਆਈ,ਕਿਸੇ ਧਰਮ ਅਸਥਾਨ ਦੀ ਯਾਤਰਾ ਜਾਂ ਇਸ਼ਨਾਨ ਦੇ ਪੁੰਨ ਫਲ ਦਾ ਮਹੱਤਵ ਕਿਸੇ ਬਿਰਤਾਂਤ ਦੁਆਰਾ ਪ੍ਰਗਟਾਇਆ ਗਿਆ ਹੁੰਦਾ ਹੈ | ਅੰਤਿਕਾ ਨੰਬਰ 1 ਵਿੱਚ ਮਹਾਤਮ ਕਥਾ ਰੂਪ ਦੇ ਹਵਾਲੇ ਵਜੋਂ ‘’’ਇਕਾਦਸ਼ੀ ਮਹਾਤਮ’’’ ਦਾ ਜਿਕਰ ਕੀਤਾ ਗਿਆ ਹੈ |

ਪ੍ਰਮਾਣ ਕਥਾ[ਸੋਧੋ]

ਪ੍ਰਮਾਣ ਇੱਕ ਵਿਸ਼ੇਸ਼ ਪ੍ਰਕਾਰ ਦੀ ਕਥਾ ਹੈ,ਜਿਸ ਵਿੱਚ ਕਿਸੇ ਸੰਕਲਪ,ਪਰਮਾਰਥ,ਗਿਆਨ,ਵਿਚਾਰ ਜਾਂ ਮਨੌਤ ਦੀ ਪ੍ਰੋੜਤਾ ਜਾਂ ਵਿਆਖਿਆ ਕੀਤੀ ਹੁੰਦੀ ਹੈ,ਭਾਵ ਕਿ ਸੂਖਮ ਸੰਕਲਪ ਨੂੰ ਸਥੂਲ ਬਿਰਤਾਂਤ ਵਿੱਚ ਸਿਰਜਿਆ ਗਿਆ ਹੁੰਦਾ ਹੈ | ਵਣਜਾਰਾ ਬੇਦੀ ਨੇ ‘’’ਹੱਥੋਂ ਹੱਥ ਨਿਬੇੜਾ’’’, ’’’ਦਾਣੇ-ਦਾਣੇ ਉੱਪਰ ਮੁਹਰ ‘’’, ’’’ਰੂਹ ਦਾ ਭਰਮਣ‘’’ ਪ੍ਰਮਾਣ ਕਥਾ ਰੂਪ ਵਜੋਂ ਦਰਸਾਇਆ ਹੈ |

ਸਿੱਧੀ[ਸੋਧੋ]

ਸਿੱਧੀ ਇੱਕ ਵਿਸ਼ੇਸ਼ ਪ੍ਰਕਾਰ ਦੀ ਮੰਤ੍ਰ ਕਥਾ ਹੈ,ਜਿਸਦਾ ਵਿਧੀ ਪੂਰਵਕ ਸਰਵਣ ਕਰਨ ਨਾਲ,ਸਹਿਜ ਭਾਵ ਵਿੱਚ ਹੀ ਰੋਗੀ ਦਾ ਉਹ ਖਾਸ ਰੋਗ ਦੂਰ ਹੋ ਜਾਂਦਾ ਹੈ,ਜਿਸ ਨਾਲ ਸਬੰਧਿਤ ਉਹ ਸਿੱਧੀ ਹੈ | ਵਣਜਾਰਾ ਬੇਦੀ ਨੇ ਅੰਤਿਕਾ ਨੰਬਰ 1 ਵਿੱਚ ‘’’ਅਧ ਸੀਸ ਦੀ ਸਿੱਧੀ ‘’’ਦਾ ਹਵਾਲਾ ਦਿਤਾ ਹੈ |

ਮੁੱਢੀ ਤੇ ਅਸਲੇ[ਸੋਧੋ]

ਇਨ੍ਹਾ ਕਥਾਵਾਂ ਵਿੱਚ ਕਿਸੇ ਵਸਤੂ,ਪ੍ਰਾਣੀ,ਰੂਪ-ਰੰਗ,ਪ੍ਰਕਿਰਤਕ ਪਰਪੰਚ ਦੇ ਮੁੱਢ ਬੱਝਣ ਜਾਂ ਕਾਰਣ ਨੂੰ ਘਟਨਾ ਦੁਆਰਾ ਪੇਸ਼ ਕੀਤਾ ਹੁੰਦਾ ਹੈ,ਜੋ ਮੂਲ ਵਿੱਚ ਲੋਕ ਮਨ ਦੀ ਹੀ ਅਭਵਿਆਕਤੀ ਹੈ| ਇਸਲਾਮੀ ਮਿੱਥਾਂ,ਮਨੌਤਾਂ ਤੇ ਸੰਕਲਪਾਂ ਦੇ ਅਧਾਰ ਉੱਪਰ ਜਿਹਨਾਂ ਮੁਢੀਆਂ ਦਾ ਨਿਰਮਾਣ ਹੋਇਆ,ਉਹਨਾਂ ਨੂੰ ਅਸਲਾ ਕਿਹਾ ਜਾਂਦਾ ਹੈ | ਵਣਜਾਰਾ ਬੇਦੀ ਨੇ ‘ਧੁੰਨੀ ਦੀ ਛੂਣੀ ‘ ਮੁੱਢੀ ਦਾ ਜਿਕਰ ਕੀਤਾ ਹੈ|

ਹਿਕਾਇਤ[ਸੋਧੋ]

ਹਿਕਾਇਤ ਸੰਖੇਪ ਤੇ ਇਕਹਿਰੀ ਘਟਨਾ ਵਾਲੀ ਇੱਕ ਅਜਿਹੀ ਕਹਾਣੀ ਹੈ,ਜਿਸ ਵਿੱਚ ਕੋਈ ਨੈਤਿਕ ਉਪਦੇਸ਼ ਜਾਂ ਸਿੱਖਿਆ ਦੇਣ ਲਈ ਜੀਵਨ ਦੀ ਕਿਸੇ ਹਕੀਕਤ ਨੂੰ ਗਲਪ ਰੂਪ ਵਿੱਚ ਵਰਤਿਆ ਜਾਂਦਾ ਹੈ| ਅੰਤਿਕਾ ਨੰਬਰ 1 ਵਿੱਚ ਹਿਕਾਇਤ ਕਥਾ ਰੂਪ ਦੇ ਅਧੀਨ ‘ਅੰਗੂਰ ਖੱਟੇ ਹਨ ‘,ਚਾਂਦ ਕੀ ਕਥਾ,ਰੀਛ ਔਰ ਲੂੰਮੜ੍ਹੀ’, ਦਾਣੇ ਤੋਂ ਭੰਡਾਰ ‘,ਹਿਕਾਇਤਾਂ ਨੂੰ ਵਰਤਿਆ ਗਿਆ ਹੈ|

ਚਰਿਤ੍ਰ,ਚਲਿਤ੍ਰ[ਸੋਧੋ]

ਚਰਿਤ੍ਰ ਕਿਸੇ ਪ੍ਰਾਣੀ ਦੇ ਆਚਰਣ, ਚਾਲ-ਢਾਲ, ਕਰਨੀ ਕੀਰਤ ਨਾਲ ਸਬੰਧਿਤ ਬਿਰਤਾਂਤ ਹੈ,ਜੋ ਪਾਠਕਾਂ ਸਰੋਤਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਉਭਾਰਨ ਲਈ ਰਚਿਆ ਜਾਂਦਾ ਹੈ |ਇਸ ਦੇ ਉਲਟ ਚਲਿਤ੍ਰ ਵਿੱਚ ਤੀਂਵੀਂ ਦੇ ਮਕਰ ਫਰੇਬ ਦਾ ਬਿਰਤਾਂਤਕ ਬਿੰਬ ਹੁੰਦਾ ਹੈ| ਵਣਜਾਰਾ ਬੇਦੀ ਨੇ ਚਲਿਤ੍ਰ ‘ਸਚ ਕਿ ਕੂੜ੍ਹ’ ਦਾ ਹਵਾਲਾ ਦਿੱਤਾ ਹੈ|

ਬੁਝਾਵਲ ਕਥਾ[ਸੋਧੋ]

ਉਹ ਕਥਾ ਜਿਸ ਵਿੱਚ ਬੁਝਾਰਤ ਅਤੇ ਅੜਾਉਣੀ ਦੇ ਮੂਲ ਤੱਤ ਬਿਰਤਾਂਤ ਦੇ ਅਧਾਰ ਬਣਾਏ ਜਾਣ ਅਤੇ ਬੁਝਾਰਤ ਦੇ ਬੁੱਝਣ,ਅੜਾਉਣੀ ਦੇ ਸੁਲਝਣ ਤੇ ਕੋਈ ਰਹੱਸ ਪ੍ਰਗਟ ਹੋਵੇ,ਬੁਝਾਵਲ ਕਥਾ ਹੈ | ਵਣਜਾਰਾ ਬੇਦੀ ਨੇ ਅੰਤਿਕਾ ਨੰਬਰ 1 ਦੇ ਅਧੀਨ ‘ਚੰਦੋ ਚੌਦਵੀਂ ਰਾਤ’ ਬੁਝਾਵਲ ਕਥਾ ਦਾ ਹਵਾਲਾ ਦਿੱਤਾ ਹੈ|

ਪਰੀ ਕਥਾ[ਸੋਧੋ]

ਪਰੀ ਫ਼ਾਰਸੀ ਦਾ ਸ਼ਬਦ ਹੈ,ਜਿਸ ਦੀ ਵਿਉਂਤਪਤੀ ‘ਪਰੀਦਨ’ ਤੋਂ ਹੋਈ ਹੈ,ਜਿਸ ਦੇ ਅਰਥ ਹਨ ‘ਉਡਾਣ ‘| ਸਾਮੀ ਲੋਕਧਾਰਾ ਅਨੁਸਾਰ ਪਰੀ ਅਲੌਕਿਕ ਸੁੰਦਰਤਾ ਰੱਖਣ ਵਾਲੀ ਉਹ ਯੁਵਤੀ ਹੈ ਜੋ ਆਪਣੇ ਪਰਾਂ ਦੁਆਰਾ ਆਕਾਸ਼ ਵਿੱਚ ਉੱਡ ਸਕਦੀ ਹੈ | ਕਿਸੇ ਪਰੀ,ਅਪਛਰਾ,ਦੇਵ ਆਦਿ ਨਾਲ ਸਬੰਧਿਤ ਬਿਰਤਾਂਤ ਕਥਾ ਨੂੰ ਪਰੀ ਕਥਾ ਕਿਹਾ ਜਾਂਦਾ ਹੈ | ਪਰੀ ਕਥਾਵਾਂ ਵਿੱਚ ਬੁਨਿਆਦੀ ਤੌਰ 'ਤੇ ਵਾਸਤਵਿਕਤਾ ਤੇ ਪਰਾ ਦਾ ਸੰਯੋਗ ਹੁੰਦਾ ਹੈ।| ਵਣਜਾਰਾ ਬੇਦੀ ਨੇ ‘ ਅਨਾਰਾਂ ਸ਼ਹਿਜਾਦੀ ‘ ਪਰੀ ਕਥਾ ਨੂੰ ਪੇਸ਼ ਕੀਤਾ ਹੈ|

ਪ੍ਰੇਤ ਕਥਾ[ਸੋਧੋ]

ਮਨੁੱਖ ਦੀ ਆਪਣੇ ਨਾਲੋਂ ਵਧੇਰੇ ਬਲਵਾਨ,ਵਿਕਰਾਲ ਅਤੇ ਰਹੱਸਮਈ ਸ਼ਕਤੀਆਂ ਨਾਲ ਜੂਝਣ ਅਤੇ ਉਹਨਾਂ ਨੂੰ ਪਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ |ਇਨ੍ਹਾਂ ਕਥਾਵਾਂ ਦੇ ਪਾਤਰ ਭੂਤ,ਪ੍ਰੇਤ,ਜਿੰਨ, ਆਦਿ ਹਨ | ਵਣਜਾਰਾ ਬੇਦੀ ਅਨੁਸਾਰ ਪ੍ਰੇਤ ਕਥਾ ਦੀ ਪ੍ਰੰਪਰਾ ਬੜ੍ਹੀ ਹੀ ਪ੍ਰਾਚੀਨ ਹੈ ਅਤੇ ਪੋਰਾਣਿਕ ਜਗਤ ਨਾਲ ਜਾ ਜੁੜਦੀ ਹੈ | ਪੁਰਾਣਾਂ ਵਿੱਚ ਪਿਸਾਚ,ਜਖ,ਕਿੰਨ, ਬੀਰ ਆਦਿ ਦਾ ਉਲੇਖ ਹੈ |

ਜਨੌਰ ਕਥਾ[ਸੋਧੋ]

ਜਨੌਰ ਕਥਾ ਵਿੱਚ ਪ੍ਰਮੁੱਖ ਪਾਤਰ ਕੋਈ ਪਸ਼ੂ-ਪੰਛੀ ਹੁੰਦਾ ਹੈ,ਜਿਸ ਦਾ ਭੋਤਿਕ ਤੇ ਮਾਨਸਿਕ ਵਿਵਹਾਰ ਮਨੁੱਖਾਂ ਵਰਗਾਂ ਅਦਭੁਤ ਲਗਦਾ ਹੈ ਅਤੇ ਵਾਸਤਵਿਕਤਾ ਦਾ ਭਰਮ ਵੀ ਬਣਿਆ ਰਹਿੰਦਾ ਹੈ| ਵਣਜਾਰਾ ਬੇਦੀ ਨੇ ਜਨੌਰ ਕਥਾ ਦੀਆਂ ਚਾਰ ਵੰਨਗੀਆਂ ਵੀ ਦਰਸਾਈਆਂ ਹਨ ; • ਨੀਤੀ ਕਥਾਵਾਂ • ਮੁਢੀਆਂ • ਨਾਇਕ ਪਸ਼ੂ ਪਾਤਰ ਵਾਲੀਆਂ ਕਥਾਵਾਂ • ਸਹਾਇਕ ਪਸ਼ੂ ਪਾਤਰ ਵਾਲੀਆਂ ਕਥਾਵਾਂ ਜਨੋਰ ਕਹਾਣੀ ਵਜੋਂ ਬੇਦੀ ਨੇ ‘ਚਿੜ੍ਹੀ ਵਿਚਾਰੀ ਕੀਕਰ ਜੀਵੇ ‘ ਦਾ ਜਿਕਰ ਕੀਤਾ ਹੈ |

ਨੀਤੀ ਕਥਾ[ਸੋਧੋ]

ਨੀਤੀ ਕਥਾ ਪਦ ਅੰਗਰੇਜ਼ੀ ਸ਼ਬਦ (Fable) ਦਾ ਸਮਾਨਾਰਥਕ ਹੈ |ਇਹ ਇੱਕ ਤਰਾਂ ਦੀ ਉਪਦੇਸ਼ਾਤਮਿਕ ਕਥਾ ਹੈ,ਜਿਸ ਵਿੱਚ ਕਿਸੇ ਜੀਵਨ ਵਿਹਾਰ, ਜੁਗਤ ਜਾਂ ਨੈਤਿਕ ਸਿੱਖਿਆ ਨੂੰ ਬਿਰਤਾਂਤ ਵਜੋਂ ਪੇਸ਼ ਕੀਤਾ ਗਿਆ ਹੋਵੇ | ਇਸ ਕਥਾ ਦੀ ਵਿਲਖਣਤਾ ਇਸਦੇ ਅੰਤ ਵਿੱਚ ਦਿੱਤੇ ਉਪਦੇਸ਼ ਵਿੱਚ ਹੁੰਦੀ ਹੈ | ਵਣਜਾਰਾ ਬੇਦੀ ਅਨੁਸਾਰ ਨੀਤੀ ਕਥਾਵਾਂ ਦਾ ਸਭ ਤੋਂ ਪ੍ਰਾਚੀਨਤਮ ਸੰਕਲਨ ‘ਈਸਪ ਫੇਬਲਜ’ ਹੈ ਅਤੇ ਭਾਰਤ ਵਿੱਚ ਨੀਤੀ ਕਥਾਵਾਂ ਦੇ ਦੋ ਪ੍ਰਸਿੱਧ ਸੰਕਲਨ ‘ਪੰਚਤੰਤਰ ‘ ਅਤੇ ‘ਹਿਤ ਉਪਦੇਸ਼ ‘ ਹਨ |

ਦੰਤ ਕਥਾ[ਸੋਧੋ]

ਦੰਤ ਕਥਾ ਇੱਕ ਅਰਧ ਇਤਿਹਾਸਿਕ ਰਚਨਾ ਹੈ,ਜਿਸ ਵਿੱਚ ਤੱਥ ਅਤੇ ਮਿੱਥ ਦਾ ਸੰਜੋਗ ਹੁੰਦਾ ਹੈ |ਇਸ ਦੇ ਨਿਰਮਾਣ ਵਿੱਚ ਯਥਾਰਥ, ਕਲਪਨਾ ਅਤੇ ਪਰੰਪਰਾ ਤਿੰਨੋਂ ਤੱਤ ਇਸ ਤਰਾਂ ਓਤ-ਪੋਤ ਹੁੰਦੇ ਹਨ ਕਿ ਇੱਕ ਮਹਾਨ ਅਤੇ ਗੋਰਵਮਈ ਸੱਚ ਬਣ ਕੇ ਉਭਰਦੇ ਹਨ | ਵਣਜਾਰਾ ਬੇਦੀ ਅਨੁਸਾਰ ਦੰਤ ਕਥਾਵਾਂ ਦੀ ਵਿਲਖਣਤਾ ਹੀ ਇਹ ਹੈ ਕਿ ਇਹ ਇਤਿਹਾਸ ਵੱਲ ਮੁੱਖ ਕਰਕੇ ਤੁਰਦੀਆਂ ਹਨ ਅਤੇ ਦੰਤ ਕਥਾਵਾਂ ਦੀ ਸਿਰਜਨਾਂ ਦੀਆਂ ਤਿੰਨ ਪਰਵਿਰਤੀਆਂ ਵੀ ਦਰਸਾਈਆਂ ਹਨ ; • ਧਾਰਮਿਕ ਪ੍ਰਵਿਰਤੀ • ਪ੍ਰੇਮ ਦੀ ਪ੍ਰਵਿਰਤੀ • ਬਲ ਪਰਾਕ੍ਰਮ ਅਤੇ ਸਾਹਸ ਦੀ ਪ੍ਰਵਿਰਤੀ ਅੰਤਿਕਾ ਨੰਬਰ 1 ਵਿੱਚ ਦੰਤ ਕਥਾ ਦੇ ਅਧੀਨ ‘ਬੀਬੀ ਪਾਕਦਾਮਨ ‘,’ ਲੱਸੀ ਦਾ ਛੱਪੜ’,’ਗੈਬ ਗਾਜ਼ੀ’ ਦੰਤ ਕਥਾਵਾਂ ਦਾ ਜਿਕਰ ਕੀਤਾ ਗਿਆ ਹੈ |

ਗੱਲਾਂ[ਸੋਧੋ]

ਗੱਲਾਂ ਲਘੂ ਕਥਾਵਾਂ ਹਨ, ਜਿਹਨਾਂ ਅਧੀਨ ਜੀਵਨ ਵਿੱਚ ਵਾਪਰਦੀਆਂ ਨਿੱਕੀਆਂ –ਨਿੱਕੀਆਂ ਘਟਨਾਵਾਂ ਨੂੰ ਕਲਪਨਾ ਦੀ ਪੁੱਠ ਚਾੜ ਕੇ ਰੋਚਕ ਰੂਪ ਦੇ ਲਿਆ ਜਾਂਦਾ ਹੈ |ਜਦ ਕਿਸੇ ਗੱਲ ਵਿੱਚ ਬਿਰਤਾਂਤ ਦਾ ਤੱਤ ਆ ਗਿਆ ਤਾਂ ਉਹ ਕਥਾ ਬਣ ਜਾਂਦੀ ਹੈ |ਇਹ ਬਿਰਤਾਂਤ ਸੂਖਮ ਵੀ ਹੋ ਸਕਦਾ ਹੈ ਅਤੇ ਸਥੂਲ ਵੀ | ਵਣਜਾਰਾ ਬੇਦੀ ਨੇ ‘ਮਹਿਮਾਨ ‘,’ਰੱਬ ਮਿਲਾਈ ਜੋੜ੍ਹੀ’ ਗੱਲਾਂ ਦਾ ਨਮੂਨਾ ਵੀ ਪੇਸ਼ ਕੀਤਾ ਹੈ |

ਹਸਾਵਣੀ[ਸੋਧੋ]

ਸਧਾਰਨ ਤੋਰ ਤੇ ਹਸਾਵਣੀ ਪਦ ਕਿਸੇ ਵੀ ਹਾਸੇ –ਠੱਠੇ ਦੀ ਕਥਾ ਲਈ ਵਰਤ ਲਿਆ ਜਾਂਦਾ ਹੈ,ਪਰ ਵਣਜਾਰਾ ਬੇਦੀ ਅਨੁਸਾਰ ਇਹ ਇੱਕ ਖ਼ਾਸ ਵੰਨਗੀ ਦੀ ਕਥਾ ਹੈ,ਜਿਸ ਵਿੱਚ ਕਿਸੇ ਕੁਲ, ਜਾਤੀ, ਕਬੀਲੇ ਆਦਿ ਜਾਂ ਇੱਕ ਤਰਾਂ ਦਾ ਧੰਦਾ ਕਰਨ ਵਾਲੇ ਪੇਸ਼ਾਵਰਾਂ ਉਤੇ ਕਟਾਖਸ਼ ਹੁੰਦਾ ਹੈ | ਵਣਜਾਰਾ ਬੇਦੀ ਨੇ ‘ਮੁਲਾਂ ਦੀ ਦਾਹੜੀ’,’ਕਿਸਮਤ ਦੀ ਗੱਲ ‘ ਹਸਾਵਣੀਆਂ ਦਾ ਜਿਕਰ ਵੀ ਕੀਤਾ ਹੈ |

ਫੱਕੜ[ਸੋਧੋ]

ਫੱਕੜ ਸ਼ਬਦ ਅਰਬੀ ਦੇ ਫਕਰ ਦਾ ਵਿਕ੍ਰਤ ਰੂਪ ਹੈ, ਜਿਸਦਾ ਅਰਥ ਹੈ ਦਰਵੇਸ਼ ਜਾਂ ਫਕੀਰ| ਪਰ ਵਣਜਾਰਾ ਬੇਦੀ ਅਨੁਸਾਰ ਪੰਜਾਬੀ ਵਿੱਚ ਫੱਕੜ ਉਹ ਕਥਾ ਹੈ, ਜਿਸ ਵਿੱਚ ਲਿੰਗ ਸਬੰਧਾਂ,ਕਾਮਵਿਰਤੀ ਨਾਲ ਸਬੰਧਿਤ ਕਿਸੇ ਅਨੁਭਵ ਜਾਂ ਬਿਰਤਾਂਤ ਦਾ, ਸਦਾਚਾਰਕ ਮਨਾਹੀਆਂ ਤੋਂ ਲਾਪਰਵਾਹ ਹੋ ਕੇ,ਬੜ੍ਹੀ ਬੇਬਾਕੀ ਨਾਲ ਵਰਨਣ ਕੀਤਾ ਗਿਆ ਹੋਵੇ | ਵਣਜਾਰਾ ਬੇਦੀ ਨੇ ਫੱਕੜ ‘ਸੁਥਰਾ ਜੀ ਕੇ,’ ਚੰਨ ਬਦਲੀ ਵਿੱਚ ‘ ਨੂੰ ਅੰਤਿਕਾ ਨੰਬਰ 1 ਵਿੱਚ ਫੱਕੜ ਕਥਾ ਰੂਪ ਅਧੀਨ ਪੇਸ਼ ਕੀਤਾ ਹੈ|

ਗੱਪ[ਸੋਧੋ]

ਗੱਪ ਵਿੱਚ ਗੱਲ ਨੂੰ ਵਧਾ ਚੜ੍ਹ ਕੇ ਬਿਆਨ ਕੀਤਾ ਜਾਂਦਾ ਹੈ,ਨਿਰਮੂਲ ਰਸ ਗੱਪਾਂ ਦੁਆਰਾ ਹੀ ਮਾਨਿਆ ਜਾ ਸਕਦਾ ਹੈ | ਬੇਦੀ ਅਨੁਸਾਰ ਗੱਲਾਂ ਦਾ ਰੇੜਕਾ ਪਾਈ ਰੱਖਣਾ ਪੰਜਾਬੀ ਸੁਭਾਅ ਹੈ,ਇਸੇ ਲੋਕ ਬਿਰਤੀ ਨੇ ਗੱਪ ਨੂੰ ਵੱਖਰਾ ਕਥਾ ਰੂਪ ਪ੍ਰਦਾਨ ਕੀਤਾ ਹੈ | ਵਣਜਾਰਾ ਬੇਦੀ ਨੇ ਗੱਲਾਂ ਦਾ ਸ਼ਾਹ ਗੱਪ ਦਾ ਹਵਾਲਾ ਵੀ ਪੇਸ਼ ਕੀਤਾ ਹੈ |

ਚੁਟਕਲਾ[ਸੋਧੋ]

ਚੁਟਕਲਾ ਚੁਟਕੀ ਪਦ ਤੋਂ ਬਣਿਆ ਹੈ, ਜਿਸ ਦਾ ਅਰਥ ਹੈ, ਬਹੁਤ ਘੱਟ ਮਾਤਰਾ ਵਿੱਚ ਚੂੰਡੀ ਭਰ | ਜਿਸ ਤਰਾਂ ਚੂੰਡੀ ਭਰ ਕੇ ਕਿਸੇ ਦੇ ਕੁਤਕੁਤਾਰੀ ਕੱਢੀ ਜਾ ਸਕਦੀ ਹੈ ਜਾਂ ਚੁਟਕੀ ਮਰ ਕੇ ਕਿਸੇ ਦਾ ਧਿਆਨ ਖਿੱਚਿਆ ਜਾ ਸਕਦਾ ਹੈ,ਉਸੇ ਤਰਾਂ ਚੁਟਕੀ ਭਰ ਸ਼ਬਦਾਂ ਨਾਲ ਕਿਸੇ ਦੇ ਮਨ ਬੁੱਧ ਦੀ ਤਰੰਗ ਨੂੰ ਝਟਕਾ ਦੇਣਾ ਹੀ ਚੁਟਕਲਾ ਹੈ | ਚੁਟਕਲੇ ਵਿੱਚ ਕੋਈ ਸੂਖਮ ਜਿਹੀ ਨਜ਼ਾਕਤ ਹੁੰਦੀ ਹੈ,ਜੋ ਕਈ ਵਾਰ ਵਿਅੰਗ, ਵਿਰੋਧਾਭਾਸ ਜਾਂ ਸ਼ਕਤੀ ਚਪਲਤਾ ਉੱਤੇ ਅਧਾਰਿਤ ਹੁੰਦੀ ਹੈ | ਵਣਜਾਰਾ ਬੇਦੀ ਨੇ ‘ਬੋਝ ‘,ਮੂਰਖ ਚੁਟਕਲਿਆਂ ਦਾ ਵਰਨਣ ਵੀ ਕੀਤਾ ਹੈ |

ਕਹਾਵਤ[ਸੋਧੋ]

ਕਹਾਵਤ ਸ਼ਬਦ ਭਾਵੇਂ ਅਖਾਣ ਦੇ ਪਰਿਆਇ ਵਜੋਂ ਰੂੜ੍ਹ ਹੋ ਗਿਆ ਹੈ,ਪਰ ਇਹ ਸ਼ਬਦ ਉਸ ਲਘੂ ਕਥਾ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿਸੇ ਕਥਨ ਦੇ ਸਾਰ ਤੱਤ ਦਾ ਬਿਰਤਾਂਤਕ ਵਿਸਤਾਰ ਹੋਵੇ ਜਾਂ ਕਿਸੇ ਉਕਤੀ ਨਾਲ ਸਬੰਧਿਤ ਹੋਵੇ | ਅਖਾਣ ਅਤੇ ਕਥਾ ਵਿਚੋਂ ਇੱਕ ਦੀ ਮੂਲ ਬਿਰਤੀ ਕਾਵਿਕ ਹੈ ਅਤੇ ਦੂਜੇ ਦੀ ਬਿਰਤਾਂਤਿਕ ਹੈ |

ਟੋਟਕਾ[ਸੋਧੋ]

ਟੋਟਕਾ ਸ਼ਬਦ ਟੋੋਟ ਤੋਂ ਬਣਿਆ ਹੈ,ਜਿਸ ਦਾ ਅਰਥ ਹੈ ਟੋਟਾ ਜਾਂ ਟੁੱਕੜਾ | ਟੋਟਕਾ ਲਘੂ ਪਰ ਰੋਚਕ ਰਚਨਾ ਹੈ,ਜਿਸ ਵਿੱਚ ਕਿਸੇ ਵਿਹਾਰਕ,ਸਿੱਖਿਆ, ਜੀਵਨ ਜੁਗਤ ਅਤੇ ਨੈਤਿਕ ਉਪਦੇਸ਼ ਆਦਿ ਨੂੰ ਬਿਰਤਾਂਤ ਦੁਆਰਾ ਦ੍ਰਿੜ੍ਹ ਕਰਵਾਇਆ ਜਾਂਦਾ ਹੈ | ਵਣਜਾਰਾ ਬੇਦੀ ਨੇ ਅਕਲਮੰਦ ਟੋਟਕੇ ਨੂੰ ਪੇਸ਼ ਕੀਤਾ ਹੈ |

ਮਿੱਥ[ਸੋਧੋ]

ਵਣਜਾਰਾ ਬੇਦੀ ਅਨੁਸਾਰ ਲੋਕ ਕਹਾਣੀਆਂ ਸੁਭਾਵ ਦੇ ਪਖੋਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ; • ਮਿੱਥ • ਦੰਤ ਕਥਾ • ਕਲਪਿਤ ਕਥਾ ਸਭ ਤੋਂ ਉਪਰਲੀ ਪੱਧਰ ਉੱਤੇ ਮਿੱਥ ਹੈ, ਜੋ ਦੇਵ ਕਥਾ ਹੋਣ ਕਰਕੇ ਪੂਰਬ –ਇਤਿਹਾਸਿਕ ਯੁੱਗ ਵਿੱਚ ਵਾਪਰੀ ਮੰਨੀ ਜਾਂਦੀ ਹੈ ਅਤੇ ਇਹ ਰੱਬ, ਮਨੁੱਖ, ਵਿਸ਼ਵ ਤੇ ਪ੍ਰਕਿਰਤੀ ਨਾਲ ਸਬੰਧਿਤ ਸ਼ੰਕਿਆਂ ਤੇ ਰਹੱਸਾਂ ਦਾ ਕਲਪਨਾ ਦੀ ਪੱਧਰ ਉੱਤੇ ਸਪਸ਼ਟੀਕਰਨ ਕਰਦੀ ਹੈ | ਬਹੁਤੀਆਂ ਮਿੱਥ ਕਥਾਵਾਂ ਕਿਸੇ ਸੰਪ੍ਰਦਾਇ ਜਾਂ ਸਮੂਹ ਦੇ ਧਰਮ ਦਾ ਅੰਗ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚ ਕੋਈ ਜਾਤੀ ਜਾਂ ਕਬੀਲਾ ਸ਼ਰਧਾ ਰਖਦਾ ਹੈ |

  • ਅੰਤਿਕਾ ਨੰਬਰ 2 ਅਧੀਨ ਕਥਾ, ਮਾਹਲ, ਅਤੇ ਕਥਾ ਚੱਕਰ ਬਾਰੇ ਚਰਚਾ ਕੀਤੀ ਗਈ ਹੈ | ਸੰਖੇਪ ਰੂਪ ਵਿੱਚ ਕੋਈ ਪਰੰਪਰਾਗਤ ਕਥਾ ਭਾਵੇਂ ਉਹ ਲਘੂ ਹੈ, ਜਾਂ ਦੀਰਘ, ਜੇ ਆਪਣੇ ਆਪ ਵਿੱਚ ਸੰਪੂਰਨ ਹੈ ਤਾਂ ਕਥਾ ਦੇ ਅੰਤਰਗਤ ਆ ਜਾਂਦਾ ਹੈ, ਜਦਕਿ ਮਾਹਲ ਅਨੇਕਾਂ ਕਥਾਵਾਂ ਦਾ ਸਮੂਹ ਹੈ | ਕਥਾ ਚੱਕਰ ਕਿਸੇ ਇੱਕ ਪਾਤਰ ਨਾਲ ਸਬੰਧਿਤ ਕਥਾਵਾਂ ਦਾ ਸਮੂਹ ਹੈ | ਵਣਜਾਰਾ ਬੇਦੀ ਨੇ ਸ਼ੇਖ ਚਿਲੀ,ਅਕਬਰ ਬੀਰਬਲ, ਸੁਥਰਾ ਆਦਿ ਨਾਲ ਸਬੰਧਿਤ ਕਥਾ ਚੱਕਰਾਂ ਦਾ ਵੇਰਵਾ ਵੀ ਦਿੱਤਾ ਹੈ |

ਅੰਤ ਵਿੱਚ ਪੁਸਤਕ ਸੂਚੀ ਅਤੇ ਅਨੁਕ੍ਰਮਣਕਾ ਦਾ ਬਿਓਰਾ ਦਿੱਤਾ ਗਿਆ ਹੈ।[1]

  1. ਬੇਦੀ, ਵਣਜਾਰਾ (1979). ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ. ਨਵੀਂ ਦਿੱਲੀ: ਪਰੰਪਰਾ ਪ੍ਰਕਾਸ਼ਨ.