ਮਾਨਸੀ ਗਿਰੀਸ਼ਚੰਦਰ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਨਸੀ ਗਿਰੀਸ਼ਚੰਦਰ ਜੋਸ਼ੀ ਇੱਕ ਭਾਰਤੀ ਪੈਰਾ-ਬੈਡਮਿੰਟਨ ਅਥਲੀਟ ਹੈ। ਇਸ ਨੇ ਸਵਿਟਜ਼ਰਲੈਂਡ ਦੇ ਬਾਸੇਲ ਵਿਖੇ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ 2019 ਜਿੱਤੀ। ਇਸ ਵਿੱਚ ਮਾਨਸੀ ਨੇ ਸੋਨੇ ਦਾ ਤਮਗਾ ਆਪਣੇ ਹੀ ਦੇਸ਼ ਦੀ ਪਾਰੁਲ ਪਰਮਾਰ ਨੂੰ ਹਰਾ ਕੇ ਜਿੱਤਿਆ।

2011 ਵਿੱਚ ਇੱਕ ਕਾਰ ਹਾਦਸੇ ਦੌਰਾਨ ਆਪਣੀ ਇੱਕ ਲੱਤ ਗੁਆਉਣ ਤੋਂ ਬਾਅਦ ਇਸਨੇ ਪੇਸ਼ੇਵਰ ਤੌਰ ਉੱਤੇ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ। 2011 ਵਿੱਚ ਇੱਕ ਕਾਰ ਹਾਦਸੇ ਦੌਰਾਨ ਜੋਸ਼ੀ ਆਪਣੀ ਇੱਕ ਲੱਤ ਗੁਆ ਬੈਠੀ। ਹਾਦਸੇ ਤੋਂ ਬਾਅਦ ਉਸ ਨੇ ਬੈਡਮਿੰਟਨ ਨੂੰ ਅਪਣਾਇਆ।

ਮਾਨਸੀ ਗਿਰੀਸ਼ਚੰਦਰ ਜੋਸ਼ੀ
ਜਨਮ11 ਜੂਨ 1989 (ਉਮਰ 31)

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਜੋਸ਼ੀ 6 ਸਾਲਾਂ ਦੀ ਸੀ ਜਦੋਂ ਉਸ ਨੇ ਆਪਣੇ ਪਿਤਾ ਨਾਲ ਬੈਡਮਿੰਟਨ ਖੇਡਣਾ ਸ਼ੁਰੂ ਕਰ ਦਿੱਤਾ ਸੀ, ਜੋ ਕਿ ਭਾਭਾ ਪਰਮਾਣੂ ਖੋਜ ਸੈਂਟਰ (BARC) ਦੇ ਸੇਵਾਮੁਕਤ ਵਿਗਿਆਨੀ ਸੀ। ਇੱਕ ਬੱਚੇ ਦੇ ਤੌਰ ’ਤੇ ਮਾਨਸੀ ਨੇ ਵੱਖ-ਵੱਖ ਪਾਠਕ੍ਰਮ ਸਣੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲਿਆ ਸੀ। ਹਾਲਾਂਕਿ ਬੈਡਮਿੰਟਨ ਉਸ ਦਾ ਮਨਪਸੰਦ ਖੇਡ ਸੀ ਅਤੇ ਉਸ ਦੇ ਪਿਤਾ ਉਸ ਦੇ ਪਹਿਲੇ ਕੋਚ ਰਹੇ।

ਉਸ ਦੇ ਪਿਤਾ ਆਪਣੇ ਬੱਚਿਆ ਨੂੰ ਅਕਾਦਮਿਕ ਅਦਾਰੇ ਵਿੱਚ ਦੇਖਣਾ ਚਾਹੁੰਦੇ ਸਨ। ਇਹੀ ਕਾਰਨ ਸੀ ਕਿ ਜੋਸ਼ੀ ਨੇ ਕੰਪਿਊਟਰ ਸਾਇੰਸ ਦੇ ਵਿਸ਼ੇ ਨੂੰ ਅਪਣਾਇਆ ਤੇ ਇੱਕ ਸਾਫਟਵੇਅਰ ਇੰਜੀਨੀਅਰ ਬਣ ਗਈ।[1]

ਉਸ ਨੇ ਮੁੰਬਈ ਯੂਨੀਵਰਸਿਟੀ ਦੇ (ਕੇ.ਜੇ. ਸੋਮਇਆ) ਕਾਲਜ ਆਫ ਇੰਜੀਨੀਅਰ ਤੋਂ 2010 ਵਿੱਚ ਇਲੈਕਟ੍ਰੋਨਿਕਸ ਇੰਨਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਅਤੇ ਉਸ ਨੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਦਸੰਬਰ 2011 ਵਿੱਚ ਜਦੋਂ ਮਾਨਸੀ ਆਪਣੇ ਮੋਟਰਸਾਈਕਲ ’ਤੇ ਦਫ਼ਤਰ ਨੂੰ ਜਾ ਰਹੀ ਸੀ ਕਿ ਗਲਤ ਪਾਸਿਓਂ ਆਉਂਦੀ ਇੱਕ ਬੱਸ ਨੇ ਉਸ ਵਿੱਚ ਟੱਕਰ ਮਾਰੀ ਅਤੇ ਮਾਨਸੀ ਦੀ ਲੱਤ ਕੁਚਲੀ ਗਈ।

ਉਹ ਇਕ ਭਿਆਨਕ ਤਜ਼ਰਬਾ ਸੀ ਜਦੋਂ ਐਂਬੂਲੈਂਸ ਨੂੰ ਪਹੁੰਚਣ ਵਿੱਚ ਕਈ ਘੰਟੇ ਲੱਗ ਗਏ ਅਤੇ ਪੁਲਿਸ ਵਾਲਿਆਂ ਨੂੰ ਮਜ਼ਬੂਰਨ ਜੋਸ਼ੀ ਨੂੰ ਰਿਕਿਟੀ ਸਟ੍ਰੈਚਰ ’ਤੇ ਹਸਪਤਾਲ ਲੈ ਜਾਣਾ ਪਿਆ। ਉਸ ਨੂੰ ਹਾਦਸੇ ਤੋਂ 9 ਘੰਟੇ ਬਾਅਦ ਸਹੀ ਡਾਕਟਰੀ ਦੇਖਭਾਲ ਮਿਲੀ। ਉਹ ਹਸਪਤਾਲ ਵਿੱਚ 45 ਦਿਨਾਂ ਲਈ ਦਾਖ਼ਲ ਰਹੀ ਅਤੇ ਉਸ ਦੀ ਲੱਤ ਨੂੰ ਬਚਾਉਣਾ ਡਾਕਟਰਾਂ ਦੀ ਪਹਿਲ ਰਹੀ। ਉਸ ਦਾ ਹਰ ਪੰਜ ਤੋਂ ਦਸ ਦਿਨਾਂ ਵਿੱਚ ਆਪ੍ਰੇਸ਼ਨ ਹੁੰਦਾ ਸੀ। ਗੈਂਗਰੀਨ ਕਾਰਨ ਉਹ ਇਹ ਲੜਾਈ ਹਾਰ ਗਈ ਅਤੇ ਉਸ ਦੀ ਲੱਤ ਵੀ ਕੱਟਣੀ ਪਈ।[1]

ਉਹ ਹੌਲੀ-ਹੌਲੀ ਪ੍ਰੋਸਥੈਟਿਕ ਲਿੰਬ (ਨਕਲੀ ਲੱਤ) ਨਾਲ ਤੁਰਨਾ ਸ਼ੁਰੂ ਹੋਈ। ਉਦੋਂ ਹੀ ਜੋਸ਼ੀ ਨੇ ਆਪਣੀ ਸਿਹਤਯਾਬੀ ਦੇ ਹਿੱਸੇ ਵਜੋਂ ਬੈਡਮਿੰਟਨ ਵੱਲ ਪਰਤਣ ਦਾ ਫੈਸਲਾ ਕੀਤਾ। ਉਸ ਨੇ ਪੈਰਾ-ਬੈਡਮਿੰਟਨ ਦੀ ਸਿਖਲਾਈ ਗੰਭੀਰਤਾ ਨਾਲ ਸ਼ੁਰੂ ਕੀਤੀ ਅਤੇ ਸਿੱਟੇ ਵਜੋਂ ਭਾਰਤ ਦੀ ਰਾਸ਼ਟਰੀ ਟੀਮ ਦਾ ਹਿੱਸਾ ਬਣ ਗਈ।

ਪੇਸ਼ੇਵਰ ਪ੍ਰਾਪਤੀਆਂ[ਸੋਧੋ]

ਸਾਲ 2014 ਵਿੱਚ ਬੈਡਮਿੰਟਨ ਨੂੰ ਪੇਸ਼ੇਵਰ ਰੂਪ ਵਿੱਚ  ਅਪਣਾਉਣ ਤੋਂ ਬਾਅਦ ਜੋਸ਼ੀ ਨੇ ਕਈ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟ ਤਮਗੇ ਜਿੱਤੇ।

ਉਸ ਨੂੰ ਸਭ ਤੋਂ ਵੱਡੀ ਕਾਮਯਾਬੀ 2015 ਵਿੱਚ ਮਿਲੀ ਜਦੋਂ ਉਸ ਨੇ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਮਿਕਸਡ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਬਾਅਦ ਵਿੱਚ 2017 ਵਿੱਚ ਉਸ ਨੇ ਇਸੇ ਹੀ ਟੂਰਨਾਮੈਂਟ ਵਿੱਚ ਸਿੰਗਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ।[2]

2016 ਵਿੱਚ ਉਸ ਨੇ ਪੈਰਾ-ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲ ਅਤੇ ਮਹਿਲਾ ਡਬਲਜ਼ ਦੋਹਾਂ ਵਿੱਚ ਹੀ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਬਾਅਦ 2017 ਵਿੱਚ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

2018 ਵਿੱਚ, ਜੋਸ਼ੀ ਨੇ ਏਸ਼ੀਅਨ ਪੈਰਾ ਖੇਡਾਂ ਅਤੇ ਥਾਈਲੈਂਡ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਸੇ ਸਾਲ ਹੀ ਉਸ ਨੇ ਨਾਮਵਰ ਪੁਲੇਲਾ ਗੋਪੀਚੰਦ ਹੈਦਰਾਬਾਦ ਅਕੈਡਮੀ ਵਿੱਚ ਸਿਖਲਾਈ ਸ਼ੁਰੂ ਕੀਤੀ। ਜੋਸ਼ੀ ਆਪਣੀ ਜ਼ਿੰਦਗੀ ਵਿੱਚ ਨਵੇਂ ਮੌਕੇ ਦਿਵਾਉਣ ਦਾ ਸਿਹਰਾ ਇਸ ਅਕਾਦਮੀ ਨੂੰ ਹੀ ਦਿੰਦੀ ਹੈ।

2019 ਨੂੰ ਸਵਿਟਜ਼ਰਲੈਂਡ ਦੇ ਬਾਸੇਲ ਵਿੱਚ ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਨਾਮਵਰ ਸੋਨ ਤਮਗਾ ਜਿੱਤਿਆ।[3]

23 ਨਵੰਬਰ 2020 ਵਿੱਚ ਜੋਸ਼ੀ ਨੂੰ ਬੀਬੀਸੀ ਵੱਲੋਂ 100 ਪ੍ਰਭਾਵਸ਼ਾਲੀ ਔਰਤਾਂ ਦੇ ਸੂਚੀ, ਜਿਸ ਵਿੱਚ ਵਿਸ਼ਵ ਦੀਆਂ ਸਫ਼ਲ ਮਹਿਲਾਵਾਂ ਦਰਜ ਹਨ, ਵਿੱਚ ਸ਼ਾਮਿਲ ਕੀਤਾ ਗਿਆ। ਇਸ ਤੋਂ ਪਹਿਲਾਂ ਉਹ ਸਾਲ ਦੀਆਂ ਪੰਜ ਨਾਮਜ਼ਦ ਭਾਰਤੀ ਖਿਡਾਰਨਾਂ ਵਿੱਚੋ ਇੱਕ ਸੀ।[4]

ਜੋਸ਼ੀ ਦੇ ਉੱਪਰ ਬਾਰਬੀ ਦਾ ਇੱਕ ਮਾਡਲ ਵੀ ਤਿਆਰ ਕੀਤਾ ਗਿਆ ਹੈ। ਇਹ ਇੱਕ ਨਕਲੀ ਲੱਤ ਵਾਲੀ ਬਾਰਬੀ ਮਾਡਲ 11 ਅਕਤੂਬਰ 2020 ਨੂੰ ਅੰਤਰਰਾਸ਼ਟਰੀ ਬੇਟੀ ਦਿਵਸ ਵਾਲੇ ਦਿਨ ਜਾਰੀ ਕੀਤੀ ਗਈ ਸੀ।[5]

BWF ਪੈਰਾ-ਬੈਡਮਿੰਟਨ ਵਰਲਡ ਚੈਂਪੀਅਨਸ਼ਿਪ[ਸੋਧੋ]

  • ਸੋਨ ਤਮਗਾ- ਪਹਿਲਾ ਸਥਾਨ 2019 ਬਾਸੇਲ, ਸਵਿਟਜ਼ਰਲੈਂਡ
  • ਚਾਂਦੀ ਦਾ ਤਮਗਾ- ਦੂਜਾ ਸਥਾਨ 2015  ਸਟੋਕ ਮੰਡੇਵਿਲੇ, ਇੰਗਲੈਂਡ
  • ਕਾਂਸੀ ਦਾ ਤਮਗਾ- ਤੀਸਰਾ ਸਥਾਨ 2017 ਉਲਸਨ, ਦੱਖਣੀ ਕੋਰੀਆ

ਏਸ਼ੀਅਨ ਚੈਂਪੀਅਨਸ਼ਿਪ[ਸੋਧੋ]

  • ਕਾਂਸੀ ਦਾ ਤਮਗਾ- ਤੀਸਰਾ ਸਥਾਨ 2016 ਏਸ਼ੀਅਨ ਪੈਰਾ-ਬੈਡਮਿੰਟਨ ਚੈਂਪੀਅਨਸ਼ਿਪ

ਅੰਤਰਰਾਸ਼ਟਰੀ ਚੈਂਪੀਅਨਸ਼ਿਪ[ਸੋਧੋ]

  • ਕਾਂਸੀ ਦਾ ਤਮਗਾ ਤੀਸਰਾ ਸਥਾਨ 2018 ਥਾਈਲੈਂਡ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਮਹਿਲਾ ਸਿੰਗਲ

ਏਸ਼ੀਅਨ ਪੈਰਾ ਗੇਮਜ਼[ਸੋਧੋ]

  • ਕਾਂਸੀ ਦਾ ਤਮਗਾ- ਤੀਸਰਾ ਸਥਾਨ 2018 ਮਹਿਲਾ ਸਿੰਗਲ

ਹਵਾਲੇ[ਸੋਧੋ]

  1. 1.0 1.1 "Manasi Joshi: The accident that created a world champion". BBC News (in ਅੰਗਰੇਜ਼ੀ (ਬਰਤਾਨਵੀ)). 2020-02-04. Retrieved 2021-02-17.
  2. "Who is Manasi Joshi, who won gold at BWF Para Badminton World Championships?". The Week (in ਅੰਗਰੇਜ਼ੀ). Retrieved 2021-02-17.
  3. "मानसी जोशी: BBC Indian Sportswoman of the Year की नॉमिनी". BBC News हिंदी (in ਹਿੰਦੀ). 2020-02-03. Retrieved 2021-02-17.
  4. "BBC 100 Women 2020: Who is on the list this year?". BBC News (in ਅੰਗਰੇਜ਼ੀ (ਬਰਤਾਨਵੀ)). 2020-11-23. Retrieved 2021-02-17.
  5. Sportstar, Team. "Indian para-athlete Manasi Joshi is now a Barbie girl". Sportstar (in ਅੰਗਰੇਜ਼ੀ). Archived from the original on 2021-01-25. Retrieved 2021-02-17. {{cite web}}: Unknown parameter |dead-url= ignored (|url-status= suggested) (help)