ਸ਼ਬਦਾਲੰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲੰਕਾਰ ਦਾ ਸ਼ਾਬਦਿਕ ਅਰਥ ਹੈ- 'ਗਹਿਣਾ' ਜਾਂ 'ਟੂਮ'। ਇਸੇ ਤਰ੍ਹਾਂ ਕਿਸੇ ਵੀ ਚੀਜ਼ ਜਾਂ ਸ਼ੈਅ ਨੂੰ ਅਲੰਕ੍ਰਿਤ ਕਰਨ ਤੋਂ ਭਾਵ ਉਸ ਚੀਜ਼ ਜਾਂ ਸ਼ੈਅ ਨੂੰ ਸਜਾਉਣ ਤੋਂ ਹੈ।[1] ਕਾਵਿ ਦੇ ਖੇਤਰ ਵਿਚ ਅਲੰਕਾਰ ਦੇ ਦੋ ਅਰਥ ਹਨ- 1.ਵਿਸਤ੍ਰਿਤ ਅਰਥ ਅਤੇ 2.ਸੰਕੁਚਿਤ ਅਰਥ। ਅਲੰਕਾਰ ਦੇ ਵਿਸਤ੍ਰਿਤ ਅਰਥਾਂ ਵਿਚ ਹਰ ਉਹ ਸ਼ੈਅ ਅਲੰਕਾਰ ਦੇ ਘੇਰੇ ਵਿਚ ਆ ਜਾਂਦੀ ਹੈ, ਜੋ ਕਾਵਿ ਨੂੰ ਸਜਾਉਣ ਜਾਂ ਸੋਹਣਾ ਬਣਾਉਣ ਦਾ ਕੰਮ ਕਰਦੀ ਹੈ। ਪਰ ਅੱਜ-ਕੱਲ੍ਹ ਕਾਵਿ ਵਿਚ ਅਲੰਕਾਰ ਤੋਂ ਭਾਵ ਇਸ ਦੇ ਸੁਕੰਚਿਤ ਅਰਥਾਂ ਤੋਂ ਲਿਆ ਜਾਂਦਾ ਹੈ, ਜਿਸ ਦੇ ਤਿੰਨ ਭੇਦ ਹਨ- 1. ਸ਼ਬਦਾਲੰਕਾਰ 2. ਅਰਥਾਲੰਕਾਰ 3. ਸ਼ਬਦਾਰਥਲੰਕਾਰ

   	ਇਸ ਵਕਤ ਸਾਡੇ ਵਿਚਾਰਾਧੀਨ ਵਿਸ਼ਾ 'ਸ਼ਬਦਾਲੰਕਾਰ' ਹੈ। ਸ਼ਬਦਾਲੰਕਾਰਾਂ ਤੋਂ ਭਾਵ ਉਨ੍ਹਾਂ ਅਲੰਕਾਰਾਂ ਤੋਂ ਹੈ ਜਿੱਥੇ ਕਾਵਿ ਵਿਚ ਚਮਤਕਾਰ ਕਵੀ ਨੇ ਸ਼ਬਦਾਂ ਰਾਹੀਂ ਪੈਦਾ ਕੀਤਾ ਹੋਵੇ। ਅਲੰਕਾਰ ਦੇ ਇਸ ਵਰਗ ਦਾ ਖਾਸ ਲੱਛਣ ਇਹ ਹੈ ਕਿ ਜਿਸ ਕਾਵਿ ਵਿਚ ਇਨ੍ਹਾਂ ਅਲੰਕਾਰਾਂ ਨੂੰ ਵਿਉਤਬੱਧ ਕੀਤਾ ਗਿਆ ਹੁੰਦਾ ਹੈ ਜੇ ਉੱਥੇ ਇਨ੍ਹਾਂ ਦੇ ਸ਼ਬਦਾਂ ਵਿਚ ਫੇਰ ਬਦਲ ਕਰ ਦਿੱਤਾ ਜਾਵੇ ਜਾਂ ਉਨ੍ਹਾਂ ਸ਼ਬਦਾਂ ਦੀ ਥਾਂ ਉਨ੍ਹਾਂ ਦੇ ਸਮਾਨਰਥੀ ਸ਼ਬਦ ਰੱਖ ਦਿੱਤੇ ਜਾਂਣ ਤਾਂ ਉਥੇ ਇਨ੍ਹਾਂ ਅਲੰਕਾਰਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਲਗਭਗ ਪੂਰੀ-ਪੂਰੀ ਹੁੰਦੀ ਹੈ। 
   	ਜੇਕਰ ਅਲੰਕਾਰਾਂ ਦੇ ਪਿਛੋਕੜ ਵਿੱਚ ਝਾਤ ਮਾਰੀਏ ਤਾਂ 'ਭਾਰਤੀ ਕਾਵਿ ਸ਼ਾਸ਼ਤ੍ਰ' ਦੇ ਵੱਖ-ਵੱਖ ਅਚਾਰੀਆਂ ਨੇ ਇਨ੍ਹਾਂ ਦੀ ਗਿਣਤੀ ਵੱਖ-ਵੱਖ ਮੰਨੀ ਹੈ। ਕੁਝ ਨੇ ਇਨ੍ਹਾਂ ਹੀ ਅਲਾਕਾਰਾਂ ਨੂੰ ਆਪਣੇ-ਆਪਣੇ ਵਿਚਾਰ ਮੁਤਾਬਿਕ ਵੱਖ-ਵੱਖ ਵਰਗਾਂ ਵਿਚ ਰੱਖਿਆ ਹੈ। ਭਾਵ ਸ਼ਬਦਾਲੰਕਾਰਾਂ ਦੀ ਗਿਣਤੀ ਦੂਜੇ ਦੋਵੇ ਭੇਤਾਂ [1) ਅਰਥਾਲੰਕਾਰ ਅਤੇ 2) ਸ਼ਬਦਾਰਥਾਲੰਕਾਰਾਂ] ਵਾਂਙ ਹੀ ਵੱਧਦੀ-ਘੱਟਦੀ ਰਹੀ ਹੈ ਪਰ ਜੇਕਰ ਵਧੇਰੇ ਆਧੁਨਿਕ ਵਿਦਵਾਨਾਂ ਦੀ ਮੰਨੀਏ ਤਾਂ ਇਨ੍ਹਾਂ ਦੀ ਗਿਣਤੀ ਤਿੰਨ ਹੈ�:-

1) ਅਨੁਪ੍ਰਾਸ ਅਲੰਕਾਰ 2) ਯਮਕ ਅਲੰਕਾਰ 3) ਸ਼ਲੇਸ਼ ਅਲੰਕਾਰ

   ਇੰਨਾਂ ਤਿੰਨਾਂ ਅਲੰਕਾਰਾਂ ਦਾ ਬਿਆਨ ਲੜੀਵਾਰ ਇਸ ਤਰ੍ਹਾਂ ਹੈ-

੧. ਅਨੁਪ੍ਰਾਸ ਅਲੰਕਾਰ :-

    ਅਨੁਪ੍ਰਾਸ ਅਲੰਕਾਰ ਤੋਂ ਭਾਵ ਉਸ ਅਲੰਕਾਰ ਤੋਂ ਹੈ ਜਿੱਥੇ ਕੋਈ ਅੱਖਰ ਇਕੋ ਕ੍ਰਮ ਵਿਚ ਲੜੀਕਾਰ (ਇੱਕ ਤੋਂ ਵੱਧ ਵਾਰ) ਦੋਹਰਾਇਆ ਜਾਵੇ। ਅਨੁਪ੍ਰਾਸ ਸ਼ਬਦ ਦੋਂ ਸ਼ਬਦਾਂ ਦੇ ਜੋੜ ਨਾਲ ਹੋਂਦ ਵਿਚ ਆਇਆ ਹੈ-'ਅਨੁ'+ 'ਪ੍ਰਾਸ'।[2]         ਇਥੇ 'ਅਨੁ' ਤੋਂ ਭਾਵ 'ਨਿੱਕਾ' ਜਾਂ 'ਵਾਰ- ਵਾਰ' ਤੋਂ ਹੈ ਅਤੇ 'ਪ੍ਰਾਸ' ਤੋਂ ਭਾਵ ਹੈ- 'ਅੱਖਰ'। ਇਹ ਦੋਹਰਾਏ ਜਾਣ ਵਾਲਾ ਅੱਖਰ(ਵਰਣ) ਸ਼ਬਦਾਂ ਦੇ ਆਦਿ ਵਿਚ ਵੀ ਹੋ ਸਕਦਾ ਹੈ, ਮੱਧ ਵਿਚ ਵੀ ਜਾਂ ਅੰਤ ਵਿਚ ਵੀ ਮਿਸਾਲ ਵਜੋਂ :-


੧. ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੂ॥ [''] (ਬਾਰਹ ਮਾਹਾ ਮਾਂਝ ਮਹਲਾ ੫ )

੨. ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤ ਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤਿ ਗਾਈਐ॥ ਰਾਜਨ ਕੇ ਰਾਜਾ ਮਹਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ॥੩॥੪੨॥ ('') [ ਕਬਿਤੁ॥ ਤ੍ਵਪ੍ਰਸਾਦਿ॥ ਗਿਆਨ ਪ੍ਰਬੋਧਦਸਮ ਗ੍ਰੰਥ ਪਾਤਸ਼ਾਹੀ ਦਸਵੀਂ]

੩. ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ॥ ('ਰ ਸ ਨ' ਅਤੇ 'ਰ') [ਗੁਰੂ ਗ੍ਰੰਥ ਸਾਹਿਬ]

੪.

ਫਿਰ ਰੂਪ, ਸਰੂਪ, ਅਨੂਪ ਦਿਸੇ, ਫਿਰ ਜਿੰਦ ਦੀਵਾਨੀ ਝੱਲੀ-ਝੱਲੀ।ਫਿਰ ਹੋਸ਼, ਬੇਹੋਸ਼, ਮਦਹੋਸ਼, ਹੋਈ, ਫਿਰ ਪਤ ਰੁਲੇਦੀ ਗਲੀ-ਗਲੀ।

         ('ਪ'ਅਤੇ 'ਹੋ ਸ਼')

ਇਸ ਤਰ੍ਹਾਂ ਉਪਰੋਕਤ ਮਿਸਾਲਾਂ ਨੂੰ ਵੇਖ ਕੇ ਇਹ ਆਖਿਆ ਜਾ ਕਸਦਾ ਹੈ ਕਿ ਅਨੁਪ੍ਰਾਸ ਅਲੰਕਾਰ ਵਿਚ ਜ਼ਰੂਰੀ ਨਹੀਂ ਕਿ ਦੋਹਰਾਓ ਇੱਕ ਅੱਖਰ ਦਾ ਹੀ ਹੋਵੇ ਉਹ ਇੱਕ ਗੁੱਛੇ ਦਾ ਵੀ ਹੋ ਸਕਦਾ ਹੈ ਜਿਵੇਂ 'ਰ ਸ ਨ' ਅਤੇ 'ਹੋ ਸ਼' ਆਦਿ। ਅਤੇ ਇਹ ਵੀ ਜ਼ਰੂਰੀ ਨਹੀਂ ਕਿ ਅੱਖਰਾਂ ਦਾ ਦੋਹਰਾਓ ਸ਼ਬਦਾਂ ਦੇ ਅਰੰਭ ਵਿਚ ਹੀ ਹੋਵੇ ਜਾਂ ਅੰਤ ਵਿਚ ਹੀ ( ਹਾਂ ਪਰ ਇੰਨ੍ਹਾਂ ਜ਼ਰੂਰ ਹੈ ਕਿ ਇਕ ਤੁਕਾਂਤ/ਤੁੱਕ ਵਿੱਚ ਅਨੁਪ੍ਰਾਸ ਵਰਤਨ ਲਈ ਅੱਖਰਾਂ ਦਾ ਕ੍ਰਮ ਜਾਂ ਸ਼ਬਦਾਂ ਦੇ ਆਦਿ ਵਿੱਚ ਹੋਵੇ ਜਾਂ ਅਖੀਰ ਵਿੱਚ)।

   ਅਨੁਪ੍ਰਾਸ ਅਲੰਕਾਰ ਨੂੰ ਅੱਗੇ ਪੰਜ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ-

1. ਛੇਕ ਅਨੁਪ੍ਰਾਸ (ਸ਼ਬਦਾਂ ਦੇ ਅਰੰਭ ਵਿੱਚ ਅੱਖਰ ਨਾਲ ਚਮਤਕਾਰ)

2. ਵ੍ਰਿਤੀ ਅਨੁਪ੍ਰਾਸ (ਸ਼ਬਦਾਂ ਦੇ ਅਖੀਰ ਵਿੱਚ ਅੱਖਰਾਂ ਨਾਲ ਚਮਤਕਾਰ)

3. ਸ਼ਰੁਤੀ ਅਨੁਪ੍ਰਾਸ [(ਇਕ ਵਰਗ ਦੇ ਅੱਖਰਾਂ ਨੂੰ ਲੜੀਵਾਰ ਉਚਾਰਨਾਂ) ਜਿਵੇਂ - ਕਾਂ ਖਾ ਗਿੜੇ ਵਿਚੋਂ ਗੋਲੀਆਂ]

4. ਲਾਟ ਅਨੁਪ੍ਰਾਸ ( ਵਿਸ਼ਰਾਮ ਚਿੰਨ ਬਦਲਣ ਨਾਲ ਅਰਥ ਦਾ ਫੇਰ ਬਦਲ)

5. ਅੰਤ ਅਨੁਪ੍ਰਾਸ ( ਤੁਕਾਂਤ ਮੇਲ)।

੨. ਯਮਕ ਅਲੰਕਾਰ :-

   ਯਮਕ ਲਈ ਜ਼ਰੂਰੀ ਹੈ ਘੱਟੋ-ਘੱਟ ਦੋ ਵਾਰ ਬਣਤਰ ਵਿੱਚ ਇੱਕ ਸ਼ਬਦ ਦਾ ਅਰਥ ਵੱਖ-ਵੱਖ ਹੋਵੇ। ਯਮਕ ਅਲੰਕਾਰ ਦਾ ਅਨੁਪ੍ਰਾਸ ਅਲੰਕਾਰ ਨਾਲੋਂ ਫ਼ਰਕ ਇਹ ਹੈ ਕਿ ਜਿੱਥੇ ਅਨੁਪ੍ਰਾਸ ਅਲੰਕਾਰ ਵਿੱਚ ਅੱਖਰ ਦਾ ਦੋਹਰਾਓ ਦੋ ਜਾਂ ਦੋ ਤੋਂ ਵੱਧ ਵਾਰ ਹੁੰਦਾ ਹੈ ਉੱਥੇ ਹੀ ਯਮਕ ਅਲੰਕਾਰ ਵਿੱਚ ਸ਼ਬਦਾਂ ਦਾ ਦੁਰਹਾਓ ਦੋ ਜਾਂ ਇਸਤੋਂ ਵੱਧ ਵਾਰ ਹੁੰਦਾ ਹੈ। ਪਰ ਸ਼ਰਤ ਇਹ ਹੁੰਦੀ ਹੈ ਕਿ ਉਹ ਸ਼ਬਦ ਘੱਟੋ-ਘੱਟ ਦੋ ਵਾਰ ਨਵਾਂ/ਵੱਖ-ਵੱਖ ਅਰਥ ਦੇਵੇ ਸੰਖੇਪ ਵਿੱਚ ਇਕ ਸ਼ਬਦ ਜਦੋਂ ਕਿਸੇ ਕਾਵਿ ਵਿੱਚ ਇਕ ਤੋਂ ਵੱਧ ਵਾਰ ਇਸਤੇਮਾਲ ਹੋਇਆ ਹੋਵੇ ਅਤੇ ਪਹਿਲੇ ਤੋਂ ਵੱਖ ਅਰਥ ਦਿੰਦਾ ਹੋਵੇ ਉਥੇ ਯਮਕ ਅਲੰਕਾਰ ਹੁੰਦਾ ਹੈ ਜਿਵੇਂ -

1. ਸਾਰੇ ਹੀ ਦੋਸ ਦੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ॥੧॥ [ਤ੍ਵਪ੍ਰਸਾਦਿ ਸਵੱਯੇ॥ ਪਾਤਿਸਾਹੀ ੧੦ ]

   ਇਸ ਮਿਸਾਲ ਵਿੱਚ ਰਤੀ ਸ਼ਬਦ ਦੋ ਵਾਰ ਵਰਤਿਆ ਗਿਆ ਹੈ ਪਰ ਪਹਿਲੀ ਵਾਰ ਰਤੀ ਤੋਂ ਭਾਵ ‘ਖ਼ਸਮ'(ਰੱਬ) ਤੋਂ ਹੈ ਅਤੇ ਦੂਜੀ ਵਾਰ ‘ਕੌਡੀ’(ਨੀਵੇਂਪਣ) ਤੋਂ।

2. ਕੁਲ ਖੋਇਆ ਕੁਲ ਉਭਰੈ ਕੁਲ ਰਾਖਿਉ ਕੁਲ ਜਾਇ ॥ ਰਾਮ ਨਿਕੁਲ ਕੁਲ ਭੇਟ ਲੈ ਸਭ ਕੁਲ ਰਹਿਉ ਸਮਾਇ ॥ (ਭਗਤ ਕਬੀਰ)

   ਭਗਤ ਕਬੀਰ ਜੀ ਦੇ ਇਸ ਸਲੋਕ ਵਿੱਚ ‘ਕੁਲ’ ਸ਼ਬਦ ਬਹੁਅਰਥ ਵਿੱਚ ਪੇਸ਼ ਹੋਇਆ ਹੈ। ਪਹਿਲੀ ਵਾਰ ‘ਕੁਲ’ ਤੋਂ ਭਾਵ 'ਹੰਕਾਰ', ਦੂਜੀ ਵਾਰ ‘ਸੰਸਾਰ’, ਤੀਜੀ ਵਾਰ ‘ਟੱਬਰ’, ਚੌਥੀ ਵਾਰ ‘ਜੋੜ’(ਭਾਵ ਰੱਬ), ਪੰਜਵੀਂ ਵਾਰ ‘ਹੰਕਾਰ ਰਹਿਤ’ ਛੇਵੀਂ ਵਾਰ ਫਿਰ ‘ਜੋੜ’(ਭਾਵ ਰੱਬ) ਅਤੇ ਸੱਤਵੀਂ ਵਾਰ ਫਿਰ ਇੱਕ ਵਾਰ ‘ਕੁਲ’ ਤੋਂ ਭਾਵ ‘ਸੰਸਾਰ’ ਤੋਂ ਹੈ। ਇਸ ਤਰ੍ਹਾਂ ਇਸ ਸਲੋਕ ਵਿੱਚ ‘ਕੁਲ’ ਸ਼ਬਦ ਕੁਲ ਸੱਤ ਵਾਰ ਵਰਤਿਆ ਗਿਆ ਹੈ ਜਿੰਦੇ ਵਿੱਚੋ ਪੰਜ ਵਾਰ ਇਹਦਾ ਅਰਥ ਹੋਰ-ਹੋਰ ਆਇਆ ਹੈ। ਇਸ ਤਰ੍ਹਾਂ ਇੱਥੇ ਯਮਕ ਅਲੰਕਾਰ ਹੈ। ਯਮਕ ਦੀਆਂ ਕੁਝ ਹੋਰ ਮਿਸਾਲਾਂ ਇਸ ਤਰ੍ਹਾਂ ਹਨ-

3. ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾਰ॥ ਇਹ ਬੇਰੀ ਹੋਇ ਭਵ ਸਫਲ ਬਿਨ ਬੇਰੀ ਕਰ ਪਾਰ॥ (ਗੁਰੂ ਨਾਨਕ ਪ੍ਰਕਾਸ਼) [੧.ਬੇੜੀ(ਬੰਧਨ) ੨.ਬੇੜੀ ੩.ਵਾਰ ੪.ਡੇਰ(ਢਿੱਲ)]

3. ਵਲਾਂ ਵਾਲੀਆਂ ਉਸ ਦੀਆਂ ਵਾਲੀਆਂ ਨੇ, ਲਿਆ ਲੁਟ ਜਹਾਨ ਦੇ ਵਾਲੀਆਂ ਨੂੰ।। (ਫਜ਼ਲ ਸ਼ਾਹ) [੧.ਕਿਸੇ ਨੂੰ ਸੰਬੋਧਨ, ੨. ਕੰਨਾਂਂ ਵਿੱਚ ਪਾਈਆਂ ਜਾਣ ਵਾਲੀਆਂ, ੩.ਦਰਵੇਸ਼ਾਂ]

4. ਹੋਠ ਲਾਲ ਸੂਹੇ ਵਾਂਙ ਲਾਲ ਰੱਤ, ਲਾਲ ਵੇਖ ਸ਼ਰਮਾਉਂਦੇ ਵਾਲੀਆਂ ਨੂੰ।। (ਫਜ਼ਲ ਸ਼ਾਹ) [੧.ਇਕ ਰੰਗ, ੨.ਇਕ ਨਗ]

  ਇਸ ਤਰ੍ਹਾਂ ਯਮਕ ਅਲੰਕਾਰ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ -

  1.ਅਭੰਗ ਯਮਕ ( ਜਿੱਥੇ ਸਾਬਤ ਸ਼ਬਦਾਂ ਤੋਂ ਹੀ ਵੱਖ-ਵੱਖ ਅਰਥ ਲਏ ਜਾਣ) 
  2. ਸਭੰਗ ਯਮਕ (ਜਿਥੇ ਸ਼ਬਦਾਂ ਨੂੰ ਤੋੜ ਜਾਂ ਜੋੜ ਕੇ ਸਮਰੂਪ ਕਰ ਲਿਆ ਜਾਵੇ)

੩. ਸ਼ਲੇਸ਼ ਅਲੰਕਾਰ :-

   ਸ਼ਲੇਸ਼ ਦਾ ਸ਼ਾਬਦਿਕ ਅਰਥ ਹੈ - 'ਜੁੜਿਆ ਹੋਇਆ' ਜਾਂ 'ਜੁੱਟ'। ਜਿੱਥੇ ਇਕ ਸ਼ਬਦ ਜਾਂ ਵਾਕ ਇੱਕ ਤੋਂ ਵਧੇਰੇ ਅਰਥ ਪ੍ਰਗਟ ਕਰਦਾ ਹੋਵੇ ਉੱਥੇ ਸ਼ਲੇਸ਼ ਅਲੰਕਾਰ ਹੁੰਦਾ ਹੈ। ਭਾਵ ਇਥੇ ਇਕ ਸ਼ਬਦ ਜਾਂ ਵਾਕ ਨਾਲ ਇਕ ਤੋਂ ਵਧੇਰੇ ਅਰਥ ਜੁੜੇ ਹੁੰਦੇ ਹਨ। ਜਿਵੇਂ -

1. ਮੋਹਨ ਤੇਰੇ ਊਚੇ ਮੰਦਰਿ ਮਹਿਲ ਅਪਾਰਾ॥ (ਇਥੇ ਸ਼ਬਦ ‘ਮੋਹਨ’ ਦੇ ਦੋ ਭਾਵ ਹਨ- ਇਕ-'ਅਕਾਲ ਪੁਰਖ' ਅਤੇ ਦੂਜਾ- 'ਬਾਬਾ ਮੋਹਨ'।) ਇਸੇ ਤਰ੍ਹਾਂ-

2. ਓਦੀਆਂ ਅੱਖੀਆਂ ਦਾ ਪਾਣੀ ਮੁੱਕ ਗਿਆ। (ਇਥੇ ਪਾਣੀ ਤੋਂ ਭਾਵ 'ਅੱਥਰੂ' ਅਤੇ 'ਸ਼ਰਮ (ਲੱਜ)' ਤੋਂ ਹੈ।)

3. ਧੋਤੇ ਜਾਣਗੇ ਸਭ ਗੁਨਾਹ ਮੇਰੇ, ਡੁੱਲ ਪਿਆ ਜੇ ਮੇਰੀ ਸਰਕਾਰ ਦਾ ਦਿਲ। {੧.ਦੁਨਿਆਵੀ ਮਾਲਕ ਜਾਂ/ਅਤੇ ਰੱਬ}

4. ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ॥ {੧. ਸੰਪਰਦਾਵਾਂ ਜਾਂ/ਅਤੇ ਮਨਾਹੀ ਦੇ ਸੂੂੂੂਚਕ ਵੱਜੋਂ} [ਤ੍ਵਪ੍ਰਸਾਦਿ ਸਵੱਯੇ॥ ਪਾਤਿਸਾਹੀ ੧੦ ]

   ਸ਼ਲੇਸ਼ ਅਲੰਕਾਰ ਦੇ ਵੀ ਅੱਗੇ ਦੋ ਭੇਦ ਹਨ- 

ਉ) ਅਭੰਗ ਸ਼ਲੇਸ਼

ਅ) ਸਭੰਗ ਸ਼ਲੇਸ਼

੪. ਕੁਝ ਹੋਰ ਅਲੰਕਾਰ :-

   ਵਧੇਰੇ ਆਧੁਨਿਕ ਵਿਦਵਾਨ ਤਾਂ ਸ਼ਬਦਾਲੰਕਾਰ ਦੇ ਤਿੰਨ ਅੰਗ (ਅਨੁਪ੍ਰਾਸ, ਯਮਕ ਅਤੇ ਸ਼ਲੇਸ਼) ਹੀ ਮੰਨਦੇ ਹਨ ਪਰ ਕੁਝ ਵਿਦਵਾਨ ਇੰਨ੍ਹਾਂ ਦੀ ਗਿਣਤੀ ਵੱਧ-ਘੱਟ ਵੀ ਦੱਸਦੇ ਹਨ। ਪੁਨਰੁਕਤੀ ਪ੍ਰਕਾਸ਼ ਅਲੰਕਾਰ ਅਤੇ ਵੀਪਸਾ ਅਲੰਕਾਰ ਆਦਿ ਅਜਿਹੇ ਅਲੰਕਾਰ ਹਨ- ਜਿੰਨ੍ਹਾਂ ਨੂੰ ਕੁਝ ਵਿਦਵਾਨ ਸਬਦਾਲੰਕਾਰਾਂ ਵਿੱਚ ਗਿਣਦੇ ਹਨ। ਪੁਨਰੁਕਤੀ ਤੋਂ ਭਾਵ ਜਿਥੇ ਕਾਵਿ ਵਿੱਚ ਸੁਹਜ ਜਾਂ ਚਮਤਕਾਰ ਲਿਆਉਣ ਲਈ ਇਕ ਹੀ ਅਰਥ ਵਾਲਾ ਸ਼ਬਦ ਇਕ ਤੋਂ ਵੱਧ ਵਾਰ ਵਰਤਿਆ ਜਾਵੇ। ਜਿਵੇਂ -

ਲਹਿ-ਲਹਿ ਜਾਣ ਦਿਹਾੜੀਆਂ, ਹੋਈ ਉਮਰ ਦੀ ਸੰਝ। (ਸੁਨੇਹੜੇ -ਅਮ੍ਰਿਤਾ ਪ੍ਰੀਤਮ)

ਇਸ ਤਰ੍ਹਾਂ ਸ਼ਬਦਾਂ ਰਾਹੀਂ ਕਾਵਿ ਵਿੱਚ ਰੋਚਕਤਾ ਭਰਨ ਵਾਲੀ ਕਲਾ ਹੀ ਸ਼ਬਦਾਲੰਕਾਰ ਹੈ। ਇਹ ਕਾਵਿ ਦੇ ਰਸ, ਗੁਣ ਅਤੇ ਸੁਹਪੱਣ ਆਦਿ ਵਿੱਚ ਵਾਧਾ ਕਰਦੀ ਹੈ।

  1. "ਅਲੰਕਾਰ - ਪੰਜਾਬੀ ਪੀਡੀਆ". punjabipedia.org. Retrieved 2021-03-24.
  2. "अनुप्रास अलंकार - परिभाषा, भेद एवं उदाहरण - hindi, sanskrit". Retrieved 2021-03-24.