ਸਿੱਖਿਆ ਪੜ੍ਹਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿੱਖਿਆ ਪੜ੍ਹਨਾ ਲੜਕੀ ਦੇ ਵਿਆਹ ਦੀ ਰਸਮ ਪੂਰੀ ਹੋਣ ਉਪਰੰਤ ਵਿਆਹੀ ਗਈ ਲਾੜੀ ਨੂੰ ਉਸਦੇ ਚੱਜ ਆਚਾਰ, ਵਿਹਾਰ ਨੂੰ ਚੰਗਾ ਬਨਾਓਣ ਦੇ ਮੰਤਵ ਨਾਲ ਪੜ੍ਹੇ ਜਾਣ ਵਾਲੀ ਕਾਵਿਕ ਰੂਪ ਦੀ ਪੇਸ਼ਕਾਰੀ ਨੂੰ "ਸਿੱਖਿਆ" ਕਿਹਾ ਜਾਂਦਾ ਹੈ। ਇਹ ਲੜਕੀ ਵਾਲੇ ਪਾਸਿਓਂ ਲੜਕੀ ਦੇ ਛੋਟੇ ਭੈਣ-ਭਰਾ ਜਾਂ ਕਿਸੇ ਪੇਸ਼ੇਵਰ ਬੰਦੇ ਵਲੋਂ ਪੜ੍ਹੀ ਜਾਂਦੀ ਹੈ। ਇਸ ਵਿੱਚ ਸਿੱਖਿਆ ਦੇ ਨਾਲ ਨਾਲ ਧੀ ਦੇ ਵਿਛੋੜੇ ਦਾ ਵੈਰਾਗ, ਕਰੁਣਾ ਅਤੇ ਮਮਤਾ ਦੀਆਂ ਰਲੀਆਂ ਮਿਲੀਆਂ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ।[1]

ਅੱਜ ਤੋਂ 40 ਕੁ ਸਾਲ ਪਹਿਲਾਂ ਹਰ ਕੁੜੀ ਦੇ ਅਨੰਦ ਕਾਰਜ/ਫੇਰਿਆ ਦੀ ਰਸਮ ਤੋਂ ਪਿੱਛੋਂ ਉਸ ਦੀ ਭੈਣ, ਰਿਸ਼ਤੇਦਾਰੀ ਵਿਚੋਂ ਲੱਗਦੀ ਭੈਣ ਜਾਂ ਸਹੇਲੀ ਵੱਲੋਂ ਲਾੜੀ ਤੇ ਲਾੜੇ (ਜੋੜੀ) ਨੂੰ ਉਪਦੇਸ/ਨਸੀਹਤ ਦੇਣ ਦਾ ਰਿਵਾਜ ਹੁੰਦਾ ਸੀ ਜਿਸ ਨੂੰ ਸਿੱਖਿਆ ਪੜ੍ਹਨਾ” ਕਹਿੰਦੇ ਹਨ। ਪਹਿਲਾਂ ਤਾਂ ਕੁੜੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ। ਜਦ ਤੋਂ ਕੁੜੀਆਂ ਪੜ੍ਹਣ ਲੱਗੀਆਂ ਹਨ, ਉਸ ਸਮੇਂ ਤੋਂ ਹੀ ਸਿੱਖਿਆ ਪੜ੍ਹਣ ਦੀ ਰੀਤ ਸ਼ੁਰੂ ਹੋਈ ਹੈ। ਕਿਸੇ ਕੱਚੇ ਪਿੱਲੇ ਕਵੀ ਜਾਂ ਕਵਿੱਤਰੀ ਵੱਲੋਂ ਲਿਖੀ ਸਿੱਖਿਆ ਕਿਸੇ ਕੁੜੀ ਦੇ ਹੱਥ ਲੱਗ ਜਾਂਦੀ ਸੀ। ਉਸੇ ਲਿਖੀ ਸਿੱਖਿਆ ਵਿਚ ਲਾੜੀ ਲਾੜਾ ਤੇ ਲਾੜੀ ਲਾੜਾ ਦੇ ਮਾਂ ਬਾਪ, ਤਾਇਆ ਤਾਈ, ਚਾਚਾ ਚਾਚੀ, ਭੈਣ, ਜੀਜਾ, ਭਾਈ, ਭਰਜਾਈ, ਭੂਆ ਫੁੱਫੜ, ਨਾਨਾ ਨਾਨੀ, ਮਾਮਾ ਮਾਮੀ, ਮਾਸੀ ਮਾਸੜ ਦਾ ਨਾਂ ਬਦਲ ਕੇ ਸਿੱਖਿਆ ਲਿਖ ਲਈ ਜਾਂਦੀ ਸੀ। ਫ਼ੇਰਿਆਂ ਪਿਛੋਂ/ਅਨੰਦ ਕਾਰਜ ਦੀ ਰਸਮ ਤੋਂ ਪਿੱਛੋਂ ਭਰੇ ਇਕੱਠ ਵਿਚ ਲਿਖੀ ਇਹ ਸਿੱਖਿਆ ਪੜ੍ਹ ਕੇ ਸੁਣਾ ਦਿੱਤੀ ਜਾਂਦੀ ਸੀ। ਹੁਣ “ਸਿੱਖਿਆ ਪੜ੍ਹਨਾ" ਦੀ ਇਹ ਰਸਮ ਬੰਦ ਹੋ ਗਈ ਹੈ।[2]

ਹਵਾਲੇ[ਸੋਧੋ]

  1. http://punjabipedia.org/topic.aspx?txt=%E0%A8%B8%E0%A8%BF%E0%A9%B1%E0%A8%96%E0%A8%BF%E0%A8%86
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.