ਹਸਨੇ ਮਹਿਮੇ ਦੀ ਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਸਨੇ ਮਹਿਮੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਇਸ ਵਾਰ ਦੀਆਂ ਮਿਲਦੀਆਂ ਸਤਰਾਂ ਨੂੰ ਵੇਖਦੇ ਅਨੁਮਾਨ ਲਗਾਇਆ ਜਾਂਦਾ ਹੈ ਇਸਦੀ ਰਚਨਾ ਮਾਖਾ ਢਾਡੀ ਨੇ ਕੀਤੀ ਹੈ। ਇਸ ਵਾਰ ਵਿੱਚ ਹਸਨੇ ਅਤੇ ਮਹਿਮੇ ਨਾਂ ਦੇ ਦੋ ਰਾਜਪੂਤ ਸਰਦਾਰਾਂ ਦੀ ਆਪਸੀ ਲੜਾਈ ਦਾ ਵਰਣਨ ਹੈ।

ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਸਾਰੰਗ ਦੀ ਵਾਰ ਮਹਲਾ ੪ ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ।

ਕਥਾਨਕ[ਸੋਧੋ]

ਵਾਰ ਦੀ ਕਥਾ ਵਿੱਚ ਮਹਿਮਾ ਹਸਨੇ ਨੂੰ ਕੈਦ ਕਰ ਲੈਂਦਾ ਹੈ ਪਰ ਹਸਨਾ ਕਿਸੇ ਤਰ੍ਹਾਂ ਕੈਦ ਵਿੱਚੋਂ ਨਿਕਲ ਜਾਂਦਾ ਹੈ। ਫਿਰ ਹਸਨਾ ਆਪਣੀ ਫ਼ੌਜ ਸਮੇਤ ਲੜਨ ਆਉਂਦਾ ਹੈ ਅਤੇ ਲੜਦੇ ਹੋਏ ਮਾਰਿਆ ਜਾਂਦਾ ਹੈ।

ਕਾਵਿ-ਨਮੂਨਾ[ਸੋਧੋ]

ਹਸਨੇ ਮਹਿਮਾ ਰਾਣਿਆ, ਦੋਹਾਂ ਉਠਾਈ ਦਲ।
ਮਹਿਮਾਂ ਹਸਨਾਂ ਮਾਰਿਆ, ਦੁਧ ਤੋਂ ਮੱਖੀ ਗਈ ਟਲ।
ਬਹੁਤੇ ਰੰਗ ਵਿਗੁਤਿਆ, ਅਥਰਬਣ ਬੇਦ ਪਾਇਆ ਟੁਟ ਗਲ।
ਆਖੀਂ ਮਾਖੇ ਢਾਡੀਆਂ, ਦੋ ਸੀਂਹ ਨਾ ਟੁਰਦੇ ਰਲ।
ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਭੱਟੀ।
ਹਸਨੇ ਬੇਈਮਾਨਗਈ ਨਾਲ ਮਹਿਮੇ ਖੱਦੀ।
ਭੇਦ ਦੋਹਾਂ ਦਾ ਮੱਚਿਆ, ਸਰ ਵਗੇ ਫੱਟੀ।
ਮਹਿਮੇ ਪਾਇ ਫੜ੍ਹੇ ਰਣ, ਗਲ ਹਸਨੇ ਘਟੀ।
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ।

ਹਵਾਲਾ[ਸੋਧੋ]

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 57-58