ਅਫ਼ਜ਼ਲ ਅਹਿਸਨ ਰੰਧਾਵਾ
ਅਫ਼ਜ਼ਲ ਅਹਿਸਨ ਰੰਧਾਵਾ | |
---|---|
ਮੂਲ ਨਾਮ | محمد افضل |
ਜਨਮ | ਅਫ਼ਜ਼ਲ ਅਹਿਸਨ ਰੰਧਾਵਾ 1 ਸਤੰਬਰ 1937 ਪਿੰਡ: ਹੁਸੈਨਪੁਰਾ, ਅੰਮ੍ਰਿਤਸਰ (ਭਾਰਤੀ ਪੰਜਾਬ) |
ਮੌਤ | 19 ਸਤੰਬਰ 2017 ਫ਼ੈਸਲਾਬਾਦ,ਪੰਜਾਬ, ਪਾਕਿਸਤਾਨ |
ਦਫ਼ਨ ਦੀ ਜਗ੍ਹਾ | ਫ਼ੈਸਲਾਬਾਦ,ਪੰਜਾਬ, ਪਾਕਿਸਤਾਨ |
ਕਲਮ ਨਾਮ | ਅਫ਼ਜ਼ਲ ਅਹਿਸਨ ਰੰਧਾਵਾ |
ਕਿੱਤਾ | ਵਕਾਲਤ,ਰਾਜਨੀਤੀ ਅਤੇ ਸਾਹਿਤਕਾਰੀ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਪਾਕਿਸਤਾਨੀ |
ਨਾਗਰਿਕਤਾ | ਪਾਕਿਸਤਾਨੀ |
ਸਿੱਖਿਆ | ਲਾਅ ਗਰੇਜੂਏਟ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਲਾਹੌਰ |
ਕਾਲ | ਹੁਣ ਤੱਕ ਸਰਗਰਮ |
ਸ਼ੈਲੀ | ਗ਼ਜ਼ਲ, ਨਜ਼ਮ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਰੰਨ, ਤਲਵਾਰ ਤੇ ਘੋੜਾ |
ਅਫ਼ਜ਼ਲ ਅਹਿਸਨ ਰੰਧਾਵਾ (1 ਸਤੰਬਰ 1937-19 ਸਤੰਬਰ 2017 )[1] ਪਾਕਿਸਤਾਨੀ ਪੰਜਾਬੀ ਲੇਖਕ ਹੈ। ਉਸਨੇ ਸੂਰਜ ਗ੍ਰਹਿਣ ਅਤੇ ਦੋਆਬਾ ਸਹਿਤ ਕਈ ਪੰਜਾਬੀ ਨਾਵਲ ਲਿਖੇ ਹਨ।[2] 1986 ਵਿੱਚ ਉਸਨੂੰ ਪ੍ਰੋ. ਪਿਆਰਾ ਸਿੰਘ ਗਿੱਲ ਅਤੇ ਕਰਮ ਸਿੰਘ ਸੰਧੂ ਮੈਮੋਰੀਅਲ ਅੰਤਰ-ਰਾਸ਼ਟਰੀ ਸ਼ਿਰੋਮਣੀ ਸਾਹਿਤਕਾਰ/ਕਲਾਕਾਰ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।[3]
ਜੀਵਨ ਬਿਓਰਾ
[ਸੋਧੋ]ਅਫ਼ਜ਼ਲ ਅਹਿਸਨ ਰੰਧਾਵਾ ਦਾ ਜਨਮ 1 ਸਤੰਬਰ 1937 ਨੂੰ ਹੁਸੈਨਪੁਰਾ[4], ਅੰਮ੍ਰਿਤਸਰ (ਭਾਰਤੀ ਪੰਜਾਬ) ਵਿੱਚ ਹੋਇਆ। ਉਸ ਦਾ ਅਸਲ ਨਾਮ ਮੁਹੰਮਦ ਅਫ਼ਜ਼ਲ ਹੈ। ਅਫ਼ਜ਼ਲ ਅਹਿਸਨ ਰੰਧਾਵਾ ਉਸ ਦਾ ਕਲਮੀ ਨਾਮ ਹੈ। ਉਸ ਦਾ ਜੱਦੀ ਪਿੰਡ ਕਿਆਮਪੁਰ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨੀ ਪੰਜਾਬ) ਵਿੱਚ ਹੈ।ਅਜਕਲ ਉਹ ਪਾਕਿਸਤਾਨ ਪੰਜਾਬ ਦੇ ਫੈਸਲਾਬਾਦ ਸ਼ਹਿਰ ਵਿੱਚ ਰਹੇ। 19 ਸਤੰਬਰ 2017 ਨੂੰ ਉਹਨਾਂ ਦੀ ਆਪਣੀ ਫ਼ੈਸਲਾਬਾਦ,ਪੰਜਾਬ, ਪਾਕਿਸਤਾਨ ਵਿਚਲੇ ਰਿਹਾਇਸ਼ੀ ਘਰ ਵਿੱਚ ਮੌਤ ਹੋ ਗਈ।
ਸਿੱਖਿਆ
[ਸੋਧੋ]ਅਫ਼ਜ਼ਲ ਅਹਿਸਨ ਰੰਧਾਵਾ ਨੇ ਆਪਣੀ ਮੁਢਲੀ ਸਿੱਖਿਆ ਲਾਹੌਰ ਤੋਂ ਹਾਸਲ ਕੀਤੀ। ਫਿਰ ਮਿਸ਼ਨ ਹਾਈ ਸਕੂਲ ਨਾਰੋਵਾਲ ਤੋਂ ਦੱਸਵੀਂ ਕਰਨ ਉੱਪਰੰਤ, ਮੱਰੇ ਕਾਲਜ ਸਿਆਲਕੋਟ ਤੋਂ ਗ੍ਰੈਜੁਏਸ਼ਨ ਅਤੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਲਾਅ ਦੀ ਡਿਗਰੀ ਲਈ।
ਕੈਰੀਅਰ
[ਸੋਧੋ]ਅਫ਼ਜ਼ਲ ਅਹਿਸਨ ਰੰਧਾਵਾ ਪਹਿਲਾਂ ਤਿੰਨ ਸਾਲ ਖੇਤੀ ਯੂਨੀਵਰਸਿਟੀ, ਫ਼ੈਸਲਾਬਾਦ ਵਿੱਚ ਕਰਮਚਾਰੀ ਰਿਹਾ। ਫਿਰ ਵਕੀਲ ਦੇ ਤੌਰ 'ਤੇ ਪੱਕਾ ਪੇਸ਼ਾ ਚੁਣ ਲਿਆ ਅਤੇ ਨਾਲ ਰਾਜਨੀਤੀ ਵਿੱਚ ਵੀ ਸਰਗਰਮ ਹੋ ਗਿਆ। 1970 ਵਿੱਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ, ਲਾਇਲਪੁਰ ਦਾ ਵਾਈਸ-ਚੇਅਰਮੈਨ, ਅਤੇ 1972 ਵਿੱਚ ਉਹ ਫ਼ੈਸਲਾਬਾਦ ਤੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ। ਉਸਨੇ ਪਾਕਿਸਤਾਨ ਦੇ ਪਹਿਲੇ ਜਮਹੂਰੀ ਸੰਵਿਧਾਨ ਦੀ ਤਸ਼ਕੀਲ ਵਿੱਚ ਸਰਗਰਮ ਹਿੱਸਾ ਲਿਆ। ਉਹ ਫ਼ੈਸਲਾਬਾਦ ਦੀ ਬਾਰ ਐਸੋਸੀਏਸ਼ਨ ਦਾ ਵਾਈਸ-ਚੇਅਰਮੈਨ, ਅਜ਼ਾਦ ਜੰਮੂ-ਕਸ਼ਮੀਰ ਕੌਂਸਲ ਦਾ ਮੈਂਬਰ, ਕੇਂਦਰੀ ਫ਼ਿਲਮ ਸੈਂਸਰ ਬੋਰਡ ਦਾ ਮੈਂਬਰ, ਰੇਡੀਓ ਤੇ ਟੈਲੀਵੀਜ਼ਨ ਦੀ ਕੇਂਦਰੀ ਕਮੇਟੀ ਦਾ ਮੈਂਬਰ, ਪਾਕਿਸਤਾਨ ਨੈਸ਼ਨਲ ਕੌਂਸਲ ਆਫ਼ ਆਰਟਸ ਦਾ ਮੈਂਬਰ ਸਮੇਤ ਹੋਰ ਅਨੇਕ ਅਹੁਦਿਆਂ ਤੇ ਰਿਹਾ ਹੈ।
ਅਦਬੀ ਸਫ਼ਰ
[ਸੋਧੋ]ਅਫ਼ਜ਼ਲ ਅਹਿਸਨ ਰੰਧਾਵਾ ਨੇ 1950 ਦੇ ਦਹਾਕੇ ਵਿੱਚ ਉਰਦੂ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਜੋ ਲਾਹੌਰ ਤੋਂ ਨਿਕਲਣ ਵਾਲੇ ਰਸਾਲਿਆਂ 'ਇਕਦਾਮ' ਔਰ 'ਕੰਦੀਲ' ਵਿੱਚ ਛਪੀਆਂ। ਆਪਣੀ ਪਹਿਲੀ ਉਰਦੂ ਕਹਾਣੀ ਦਾ ਉਸਨੇ ਬਾਦ ਵਿੱਚ ਪੰਜਾਬੀ ਤਰਜਮਾ ਕੀਤਾ ਜੋ ਰੰਨ, ਤਲਵਾਰ ਤੇ ਘੋੜਾ ਦੇ ਨਾਮ ਨਾਲ ਮਸ਼ਹੂਰ ਹੋਈ। ਇਸ ਨੂੰ ਆਸਿਫ਼ ਖ਼ਾਨ ਸਾਹਿਬ ਨੇ ਬਾਦ ਵਿੱਚ ਆਪਣੇ ਰਸਾਲੇ ਪੰਜਾਬੀ ਅਦਬ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕਹਾਣੀਕਾਰਾਂ ਦੀਆਂ ਚੋਣਵੀਆਂ ਕਹਾਣੀਆਂ 'ਅਜੋਕੀ ਕਹਾਣੀ' ਵਿੱਚ ਵੀ ਪ੍ਰਕਾਸ਼ਿਤ ਕੀਤਾ। ਰੰਧਾਵਾ ਨੇ 1958 ਤੋਂ ਬਾਕਾਇਦਾ ਤੌਰ 'ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।ਅਫ਼ਜ਼ਲ ਅਹਿਸਨ ਰੰਧਾਵਾ ਹੁਣ ਤੱਕ ਪੂਰੀ ਸਰਗਰਮੀ ਨਾਲ ਲਿਖਦੇ ਆ ਰਹੇ ਹਨ।
ਫੇਸਬੁੱਕ ਰਾਹੀਂ ਅਦਬੀ ਯੋਗਦਾਨ
[ਸੋਧੋ]ਅਫ਼ਜ਼ਲ ਅਹਿਸਨ ਰੰਧਾਵਾ ਉਹਨਾ ਚੰਦ ਕੁ ਬਜੁਰਗ ਲੇਖਕਾਂ ਵਿਚੋਂ ਹਨ ਜੋ ਸਾਹਿਤਕ ਰਚਨਾਵਾਂ ਅਤੇ ਵਿਚਾਰ ਵਟਾਂਦਰੇ ਲਈ ਆਧੁਨਿਕ ਸੂਚਨਾ ਤਕਨੀਕ ਦੀ ਵਰਤੋਂ ਕਰਦੇ ਹਨ।ਉਹ ਸੋਸਲ ਮੀਡੀਆ ਦੀ ਫੇਸਬੁੱਕ ਸਾਈਟ ਤੇ ਆਪਣੀਆਂ ਰਚਨਾਵਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਪਾਠਕਾਂ ਵੱਲੋਂ ਕਾਫੀ ਹੁੰਗਾਰਾ ਮਿਲਦਾ ਹੈ।ਉਹਨਾਂ ਦਾ ਇਹ ਯੋਗਦਾਨ ਉਹਨਾ ਦੇ ਹੇਠ ਲਿਖੇ ਫੇਸਬੁੱਕ ਖਾਤੇ ਤੇ ਵੇਖਿਆ ਜਾ ਸਕਦਾ ਹੈ।
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਸੂਰਜ ਗ੍ਰਹਿਣ (1985)
- ਦੋਆਬਾ (1981)
- ਦੀਵਾ ਤੇ ਦਰਿਆ (1961)
- ਪੰਧ (1998)
ਕਹਾਣੀ ਸੰਗ੍ਰਹਿ
[ਸੋਧੋ]- ਰੰਨ, ਤਲਵਾਰ ਤੇ ਘੋੜਾ (1973)
- ਮੁੰਨਾ ਕੋਹ ਲਾਹੌਰ (1989)
ਕਾਵਿ ਸੰਗ੍ਰਹਿ
[ਸੋਧੋ]- ਸ਼ੀਸ਼ਾ ਇੱਕ ਲਿਸ਼ਕਾਰੇ ਦੋ (1965)
- ਰੱਤ ਦੇ ਚਾਰ ਸਫ਼ਰ (1975)
- ਪੰਜਾਬ ਦੀ ਵਾਰ (1979)
- ਮਿੱਟੀ ਦੀ ਮਹਿਕ (1983)
- ਪਿਆਲੀ ਵਿੱਚ ਅਸਮਾਨ (1983)
- ਛੇਵਾਂ ਦਰਿਆ (1997)
ਨਾਟਕ
[ਸੋਧੋ]ਅਨੁਵਾਦ
[ਸੋਧੋ]- ਟੁੱਟ-ਭੱਜ (ਅਫ਼ਰੀਕੀ ਨਾਵਲ)
- ਤਾਰੀਖ ਨਾਲ ਇੰਟਰਵਿਊ (ਯੂਨਾਨੀ)
- ਕਾਲਾ ਪੈਂਡਾ (19 ਅਫ਼ਰੀਕੀ ਮੁਲਕਾਂ ਦੀਆਂ 82 ਕਵਿਤਾਵਾਂ ਅਤੇ ਅਮਰੀਕਾ ਦੇ 19 ਕਾਲੇ ਕਵੀਆਂ ਦੀਆਂ ਚੋਣਵੀਆਂ ਨਜ਼ਮਾਂ)
- ਪਹਿਲਾਂ ਦੱਸੀ ਗਈ ਮੌਤ ਦਾ ਰੋਜ਼ਨਾਮਚਾ (ਹਿਸਪਾਨਵੀ ਨਾਵਲ)
ਕਾਵਿ ਵੰਨਗੀ
[ਸੋਧੋ]
ਨਵਾਂ ਘੱਲੂਘਾਰਾ
ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ।
ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ।
ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ।
ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ।
ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ।
ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ।
ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ।
ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇੱਕ ਇੱਕ ਲਹਿਰ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ।
ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ।
ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਹਨਾਂ ਵਾਰੀ ਆਪਣੀ ਜਾਨ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਹਨਾਂ ਨਹੀਂ ਸੀ ਰੱਖਿਆ ਮਾਣ।
ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ।
2.
ਕੀਤਾ ਕਿੰਜ ਗੁਜ਼ਾਰਾ ਮਾਂ
ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ
ਕਿਹੜਾ ਕਿਹੜਾ ਸੁੱਖ ਪਾਇਆ ਏ, ਛੱਡ ਕੇ ਤਖ਼ਤ ਹਜ਼ਾਰਾ ਮਾਂ
ਜੰਮਪਲ ਮੈਂ ਬਸੰਤਰ ਤੇ ਰਾਵੀ ਦੇ ਮਿੱਠੇ ਪਾਣੀ ਦਾ ਸਾਂ
ਜਿੱਥੇ ਜਾ ਕੇ ਉਮਰ ਗੁਜ਼ਾਰੀ, ਓਥੇ ਪਾਣੀ ਖਾਰਾ ਮਾਂ
ਜਿਹੜੀ ਜੂਹ ਦਾ ਮੈਂ ਲਾੜ੍ਹਾ ਸਾਂ, ਜਦ ਉਹ ਜੂਹ ਮੈਂ ਛੱਡੀ
ਲੱਖੋਂ ਕੱਖ ਤੇ ਕੱਖੋਂ ਹੌਲਾ, ਹੋਇਆ ਸਾਂ ਦੁਖਿਆਰਾ ਮਾਂ
ਭਲਾ ਹੋਇਆ ਏ ਤੂੰ ਨਹੀਂ ਵੇਖਿਆ, ਕਿੰਜ ਰੁਲਿਆ ਏ ਤੇਰੇ ਬਾਦ
ਤੇਰਾ ਹੀਰਾ, ਲਾਲ, ਜਵਾਹਰ, ਤੇਰੀ ਅੱਖ ਦਾ ਤਾਰਾ ਮਾਂ
ਭੰਨ ਤਰੋੜ ਕਬੀਲਦਾਰੀਆਂ, ਦੋਹਰਾ ਕੀਤਾ ਮੈਂ ਜੋ ਸਾਂ
ਤੇਰੇ ਦੁੱਧ ਤੇ ਪਲਿਆ ਹੋਇਆ, ਲੱਠ ਦੇ ਵਾਂਗ ਇਕਾਹਰਾ ਮਾਂ
ਤੂੰ ਕੀਹ ਘੜ੍ਹਨਾ ਚਾਹੁੰਦੀ ਸੈਂ, ਤੇ ਕਿਸ ਸਾਂਚੇ ਵਿੱਚ ਢਲਿਆ ਮੈਂ
ਤੇਰਾ ਅਕਬਰ ਬਾਦਸ਼ਾਹ ਬਣ ਗਿਆ, ਹਾਵਾਂ ਦਾ ਵਣਜਾਰਾ ਮਾਂ
ਕਿਆਮਪੁਰ ਦੇ ਘੱਟੇ, ਮਿੱਟੀ, ਮੇਰੀ ਦੇਹ ਨੂੰ ਰੰਗਿਆ ਇੰਜ
ਸਾਰੀ ਦੁਨੀਆ ਵੇਖੀ ਵਾਚੀ, ਕਿਤੇ ਨਾ ਰੰਗ ਹਮਾਰਾ ਮਾਂ
ਮੈਂ ਤੇ ਹੱਸ ਕੇ ਆਪਣੀ ਜ਼ਿੰਦਗੀ, ਤੇਰੇ ਨਾਵੇਂ ਲਾ ਦੇਂਦਾ
ਤੇਰੀ ਘਟੀ ਜੇ ਵਧ ਸਕਦੀ, ਤੇ ਕਰਦਾ ਕੋਈ ਚਾਰਾ ਮਾਂ
ਬੁੱਢੇ ਵਾਰੇ ਤੱਕ ਮਾਪੇ ਕਦ ਸਾਥ ਨਿਭਾਉਂਦੇ ਦੁਨੀਆ ਵਿਚ
ਬੁੱਢੇ ਵਾਰੇ ਮੈਨੂੰ ਜਾਪੇ, ਏਹੋ ਇੱਕ ਦੁੱਖ ਭਾਰਾ ਮਾਂ
ਬੱਸ ਕਰ ਅਫ਼ਜ਼ਲ ਅਹਸਨ! ਮਾਂ ਤੋਂ ਕਦ ਇਹ ਸੁਣਿਆਂ ਜਾਣਾ ਸਭ
ਏਹੋ ਆਖ ਮੈਂ ਖੈਰੀਂ ਵੱਸਨਾਂ, ਚੰਗਾ ਬਹੁਤ ਗੁਜ਼ਾਰਾ ਮਾਂ
ਹਵਾਲੇ
[ਸੋਧੋ]- ↑ ਜਤਿੰਦਰਪਾਲ ਸਿੰਘ ਜੌਲੀ, ਜਗਜੀਤ ਕੌਰ ਜੌਲੀ (2006). ਸੁਫ਼ਨੇ ਲੀਰੋ ਲੀਰ. ਨਾਨਕ ਸਿੰਘ ਪੁਸਤਕ ਮਾਲਾ. p. 45.
- ↑ http://openlibrary.org/a/OL4416595A/Afzal-Ahsan-Randhawa
- ↑ http://www.nriinternet.com/Associations/Canada/A_Z/I/I.A.P.A.A/2_Award-List.htm
- ↑ http://faisalabad.lokpunjab.org/pages/469[permanent dead link]
ਬਾਹਰੀ ਕੜੀਆਂ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |