ਚਾਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਰਦਾਂ ਦੇ ਲੱਕ ਦੁਆਲੇ ਬੰਨ੍ਹਣ ਵਾਲੀ ਇਕਹਿਰੀ, ਚੌੜੀ ਤੇ ਵੱਡੀ ਚਾਦਰ ਨੂੰ ਚਾਦਰਾ ਕਹਿੰਦੇ ਹਨ। ਚਾਦਰੇ ਨੂੰ ਕਈ ਇਲਾਕਿਆਂ ਵਿਚ ਭੋਥਾ, ਕਈਆਂ ਵਿਚ ਤਹਿਮਤ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਚਾਦਰਾ ਵਿਆਹਾਂ ਵਿਚ, ਮੇਲਿਆਂ ਵਿਚ ਤੇ ਬਾਹਰ ਅੰਦਰ ਜਾਣ ਸਮੇਂ ਪਹਿਨਿਆ ਜਾਂਦਾ ਸੀ। ਜਿਹੜਾ ਚਾਦਰਾ ਅੱਡੀਆਂ ਤੋਂ ਥੋੜ੍ਹਾ ਹੇਠਾਂ ਤੱਕ ਪਹਿਨਿਆ ਜਾਂਦਾ ਸੀ ਉਸ ਨੂੰ ਸਿੱਟਵਾਂ ਚਾਦਰਾ ਕਹਿੰਦੇ ਹਨ। ਸਿੱਟਵੇਂ ਚਾਦਰੇ ਦਾ ਹੇਠਲਾ ਹਿੱਸਾ ਗਲੀ/ਬੀਹੀ ਦੀ ਮਿੱਟੀ ਨਾਲ ਲਿੱਬੜਦਾ ਰਹਿੰਦਾ ਸੀ। ਸਿੱਟਵੇਂ ਚਾਦਰੇ ਪਾਉਣ ਵਾਲੇ ਨੂੰ ਭਾਈਚਾਰੇ ਵਿਚ, ਸਮਾਜ ਵਿਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਚਾਦਰੇ ਰੰਗਦਾਰ, ਚਿੱਟੇ, ਧਾਰੀਦਾਰ ਤੇ ਡੱਬੀਦਾਰ ਹੁੰਦੇ ਸਨ। ਚਾਦਰੇ ਕਈ ਵੇਰ ਲੋੜ ਪਈ ਤੋਂ ਉੱਤੇ ਲੈਣ ਦੇ ਕੰਮ ਵੀ ਆ ਜਾਂਦੇ ਸਨ। ਜਿਸ ਕੱਪੜੇ ਦੀ ਚੌੜਾਈ/ਅਰਜ/ਪਣਾ ਜਿਆਦਾ ਹੁੰਦਾ ਸੀ ਉਸ ਦਾ ਇਕਹਿਰਾ ਹੀ ਚਾਦਰਾ ਬਣ ਜਾਂਦਾ ਸੀ। ਜਿਸ ਕੱਪੜੇ ਦੀ ਚੌੜਾਈ ਘੱਟ ਹੁੰਦੀ ਸੀ ਉਸ ਕੱਪੜੇ ਨਾਲ ਚੌੜਾਈ ਲੋਟ ਕੱਪੜਾ ਲਾ ਕੇ ਚਾਦਰਾ ਬਣਾਇਆ ਜਾਂਦਾ ਸੀ। ਇਸ ਤਰ੍ਹਾਂ ਚਾਦਰੇ ਇਕ ਅਰਜ ਦੇ ਵੀ ਹੁੰਦੇ ਸਨ। ਡੇਢ ਅਰਜ, ਦੋ ਅਰਜ ਦੇ ਵੀ ਹੁੰਦੇ ਸਨ। ਚਾਦਰੇ ਦੀ ਲੰਬਾਈ ਸਵਾ ਦੋ ਗਜ਼ ਕੁ ਹੁੰਦੀ ਸੀ।

ਹੁਣ ਚਾਦਰੇ ਦੀ ਥਾਂ ਪਜਾਮਿਆਂ ਅਤੇ ਪੈਂਟਾਂ ਨੇ ਲੈ ਲਈ ਹੈ। ਹੁਣ ਮਾਲਵੇ ਅਤੇ ਦੁਆਬੇ ਵਿਚ ਚਾਦਰੇ ਘੱਟ ਹੀ ਨਜ਼ਰ ਆਉਂਦੇ ਹਨ। ਮਾਝੇ ਵਿਚ ਅਜੇ ਵੀ ਪੁਰਾਣੇ ਬੁੜੇ ਚਾਦਰਾ ਪਾਉਂਦੇ ਹਨ। ਵੈਸੇ ਚਾਦਰੇ ਦਾ ਯੁੱਗ ਹੁਣ ਖ਼ਤਮ ਹੋਣ ਦੇ ਨੇੜੇ ਪੁੱਜ ਗਿਆ ਹੈ।[1]

ਮਰਦਾਂ ਦੇ ਲੱਕ ਦੁਆਲੇ ਬੰਨ੍ਹਣ ਵਾਲੀ ਇਕਹਿਰੀ ਚੌੜੀ ਤੇ ਵੱਡੀ ਚਾਦਰ ਨੂੰ ਚਾਦਰਾ ਕਹਿੰਦੇ ਹਨ। ਚਾਦਰੇ ਨੂੰ ਕਈ ਇਲਾਕਿਆਂ ''ਚ ਭੋਬਾ, ਕਈਆਂ ''ਚ ਤਹਿਮਤ ਵੀ ਕਹਿੰਦੇ ਹਨ। ਪਹਿਲੇ ਸਮਿਆਂ ''ਚ ਚਾਦਰਾ ਵਿਆਹਾਂ ''ਚ, ਮੇਲਿਆਂ ''ਚ ਤੇ ਬਾਹਰ-ਅੰਦਰ ਜਾਣ ਸਮੇਂ ਪਹਿਨਿਆ ਜਾਂਦਾ ਸੀ।

ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,

ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ

- ਧਨੀ ਰਾਮ ਚਾਤ੍ਰਿਕ

ਖੁੱਲ੍ਹਾ ਕੁੜਤਾ ਤੇ ਧੂਹਵਾਂ ਚਾਦਰਾ ਬੰਨ੍ਹ ਕੇ ਜੇ ਅੱਜ ਵੀ ਕੋਈ ਬਾਜ਼ਾਰ ਵਿੱਚ ਦੀ ਲੰਘ ਜਾਵੇ ਤਾਂ ਲੋਕ ਮੁੜ ਮੁੜ ਕੇ ਵੇਖਦੇ ਹਨ।

ਉਸਤਾਦ ਦਾਮਨ (ਅਸਲ ਨਾਮ ਚਿਰਾਗ਼ ਦੀਨ) (4 ਸਤੰਬਰ 1911 - 3 ਦਸੰਬਰ 1984) ਪੰਜਾਬੀ ਜ਼ਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ। ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜੀ ਦਾ ਕੰਮ ਕੀਤਾ। ਇਹ ਬੜੀ ਦਿਲਚਸਪ ਗੱਲ ਹੈ ਕਿ ਉਨ੍ਹਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਅਤੇ ਨਵੇਂ ਫੈਸ਼ਨ ਦੇ ਕੋਟ, ਪੈਂਟ ਆਦਿ ਸਿਉਂਦੇ ਸਨ। ਖ਼ੁਦ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ ਚਾਦਰਾ ਸਿਰ ਤੇ ਪਰਨਾ ਤੇ ਮੋਢੇ ਚਾਦਰਾ ਰੱਖਦੇ ਸਨ।

ਕਿਸੇ ਸਮੇਂ ਚਾਦਰੇ ਦੀ ਪੰਜਾਬੀਆਂ ਦੇ ਪਹਿਰਾਵੇ ਵਿੱਚ ਸਰਦਾਰੀ ਹੁੰਦੀ ਸੀ ਤੇ ਇਹ ਲੋਕਾਂ ਦਾ ਮਨਪਸੰਦ ਪਹਿਰਾਵਾ ਹੁੰਦਾ ਸੀ। ਪਰ ਸਮੇਂ ਦੇ ਬਦਲਣ ਨਾਲ ਪੰਜਾਬ ਵਿੱਚ ਹੁਣ ਧਰਤੀ ਸੁੰਭਰਦੇ ਲਮਕਵੇਂ ਚਾਦਰੇ ਕਿਧਰੇ ਨਜ਼ਰ ਨਹੀਂ ਪੈਂਦੇ।

ਚਾਦਰੇ ਰੰਗਦਾਰ, ਡੱਬੀਦਾਰ ਤੇ ਚਿੱਟੇ ਹੁੰਦੇ ਸਨ। ਪਾਪਲੀਨ ਤੇ ਚਿੱਟੇ ਲੱਠੇ ਦਾ ਕੱਪੜਾ ਚਾਦਰਿਆਂ ਲਈ ਬੜਾ ਮਸ਼ਹੂਰ ਸੀ। ਖਾਂਦੇ ਪੀਂਦੇ ਘਰਾਂ ਦੇ ਮਰਦ ਪੰਜ

ਮੀਟਰ ਲੰਬੇ ਚਾਦਰੇ ਖਰੀਦ ਲੈਂਦੇ ਅਤੇ ਫਿਰ ਚਾਦਰੇ ਵਿੱਚ ਢਿੰਗਰੇ ਵਾਲੀ ਸਿਉਣ ਮਾਰਕੇ ਬੰਨ੍ਹਣ ਲਈ ਤਿਆਰ ਕਰਦੇ ਸਨ। ਪਾਪਲੀਨ ਦੇ ਚਾਦਰੇ ਦੇ ਵਲ ਪਟਿਆਲਾਸ਼ਾਹੀ ਸਲਵਾਰ ਵਾਂਗ ਬਣ ਜਾਂਦੇ ਸਨ।ਜਦੋਂ ਮਰਦ ਲੱਠੇ ਦਾ ਚਾਦਰਾ ਬੰਨ੍ਹ ਕੇ ਤੁਰਦਾ ਸੀ ਤਾਂ ਕਰੜ ਕਰੜ ਦੀ ਆਵਾਜ਼ ਇੱਕ ਵੱਖਰਾ ਮਾਹੌਲ ਸਿਰਜ ਦਿੰਦੀ ਸੀ। ਪਿੰਡਾਂ ਦੇ ਸ਼ੌਕੀਨ ਗੱਭਰੂ ਇੱਕ ਖਾਸ ਤਰੀਕੇ ਨਾਲ ਚਾਦਰਾ ਬੰਨ੍ਹਦੇ ਸਨ ਤਾਂ ਜੋ ਸੱਜਾ ਪੱਟ ਨੰਗਾ ਰਹੇ ਅਤੇ ਤੁਰਨ ਸਮੇਂ ਪੱਟ ਉੱਪਰ ਖੁਣੀ ਮੋਰਨੀ ਵਿਖਾਈ ਦੇਵੇ। ਚਾਦਰਾ ਬੰਨ੍ਹਣਾ ਵੀ ਇੱਕ ਕਲਾ ਸੀ।

ਚਾਦਰਾ ਬੰਨ੍ਹਣ ਸਮੇਂ ਚਾਦਰੇ ਦੇ ਦੋਵੇਂ ਲੜ ਲੰਬਾ ਹੱਥ ਕਰਕੇ ਬਰਾਬਰ ਕਰ ਲਏ ਜਾਂਦੇ ਸਨ ਅਤੇ ਫਿਰ ਸੱਜੇ ਹੱਥ ਨਾਲ ਲੜਾਂ ਨੂੰ ਸੂਤ ਕੇ ਲੱਕ ਦੁਆਲੇ ਘੁਮਾ ਕੇ ਢਾਕਾਂ ਉੱਪਰ ਚਾਦਰੇ ਦੀ ਕੰਨੀ ਹੇਠ ਨੱਪ ਦਿੱਤੇ ਜਾਂਦੇ ਹਨ। ਜਿਸ ਬੰਦੇ ਨੂੰ ਚਾਦਰੇ ਨਾਲ ਸੋਹਣੀ ਪੱਗ ਬੰਨ੍ਹਣੀ ਨਾ ਆਵੇ ਉਸ ਨੂੰ ਪੰਜਾਬਣ ਮੁਟਿਆਰ ਤਾਹਨੇ ਵੀ ਮਾਰਦੀ ਸੀ। ਜਿਹੜਾ ਮਰਦ ਸਿਟਵਾਂ ਚਾਦਰਾ ਪਾ ਲੈਂਦਾ ਸੀ, ਉਸ ਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਚਾਦਰਾ ਰਾਤ ਨੂੰ ਸੌਣ ਸਮੇਂ ਸਰੀਰ ਉਪਰ ਲੈਣ, ਗਰਮੀਆਂ ਸਮੇਂ ਧੁੱਪ ਤੋਂ ਬਚਾਅ, ਨਹਾਉਣ ਤੋਂ ਬਾਅਦ ਤੌਲੀਏ ਦਾ ਕੰਮ ਅਤੇ ਥੱਲੇ ਸੌਣ ਸਮੇਂ ਚਟਾਈ ਦਾ ਵੀ ਕੰਮ ਦਿੰਦਾ ਸੀ। ਤੇਜ਼ ਤੁਰਨ ਸਮੇਂ ਜਾਂ ਲੜਾਈ ਝਗੜੇ ਵੇਲੇ ਚਾਦਰੇ ਨੁੰ ਖਾਸ ਅੰਦਾਜ਼ ਵਿੱਚ ਵਲੇਟ ਲਿਆ ਜਾਂਦਾ ਸੀ।

ਅੱਜ ਦੇ ਬਦਲਦੇ ਸਮੇਂ ਵਿੱਚ ਪਜ਼ਾਮਿਆਂ, ਪੈਂਟਾਂ ਤੇ ਜੀਨਜ਼ ਦੇ ਰਿਵਾਜ ਕਰਕੇ ਚਾਦਰੇ ਦੀ ਲੋਕਪ੍ਰਿਯਤਾ ਕਾਫੀ ਘੱਟ ਗਈ ਹੈ। ਪੰਜਾਬ ਦੇ ਕੁਝ ਇਲਾਕੇ, ਭੰਗੜਾ ਪਾਉਣ ਵਾਲੇ ਮੁੰਡਿਆਂ ਤੇ ਪੁਰਾਣੇ ਕਲਾਕਾਰਾਂ ਨੂੰ ਛੱਡ ਕੇ ਲੋਕਾਂ ਵਿੱਚ ਚਾਦਰਾ ਬੰਨ੍ਹਣ ਦਾ ਸ਼ੌਕ ਖਤਮ ਹੋਣ ਕੰਢੇ ਪੁੱਜ ਚੁੱਕਾ ਹੈ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.