ਚੱਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਥਰ ਦੇ ਦੋ ਪੁੜਾਂ ਦੇ ਮੇਲ ਨੂੰ ਹੱਥ ਨਾਲ ਘੁਮਾ ਕੇ ਜਿਸ ਨਾਲ ਦਾਣਿਆਂ ਦਾ ਆਟਾ ਪੀਸਿਆ ਜਾਵੇ, ਦਾਣੇ ਦਲੇ ਜਾਣ, ਚੱਕੀ ਕਹਿੰਦੇ ਹਨ। ਚੱਕੀਆਂ ਦੋ ਕਿਸਮ ਦੀਆਂ ਹਨ। ਇਕ ਹੱਥ ਨਾਲ ਆਟਾ ਪੀਹਣ ਵਾਲੀ ਚੱਕੀ ਹੈ। ਇਕ ਇੰਜਣ ਨਾਲ ਜਾਂ ਬਿਜਲੀ ਨਾਲ ਆਟਾ ਪੀਹਣ ਵਾਲੀ ਚੁੱਕੀ ਹੈ। ਮੈਂ ਹੱਥ ਨਾਲ ਆਟਾ ਪੀਹਣ ਵਾਲੀ ਚੱਕੀ ਬਾਰੇ ਤੁਹਾਨੂੰ ਦੱਸਣ ਲੱਗਿਆਂ ਹਾਂ। ਇਸ ਚੱਕੀ ਨਾਲ ਘਰਾਂ ਦੀਆਂ ਕੁੜੀਆਂ, ਬਹੂਆਂ ਅਤੇ ਬੁੜੀਆਂ ਆਪ ਹੀ ਆਟਾ, ਦਾਣਾ ਪੀਂਹਦੀਆਂ ਸਨ। ਘਰ ਦੇ ਕੰਮਾਂ ਵਿਚ ਚੱਕੀ ਨਾਲ ਆਟਾ, ਦਾਣਾ ਪੀਹਣਾ ਸਭ ਤੋਂ ਔਖਾ ਕੰਮ ਹੁੰਦਾ ਸੀ। ਪਹਿਲੇ ਸਮਿਆਂ ਵਿਚ ਵਿਆਹ ਦੀ ਤਿਆਰੀ ਚੱਕੀ ਲਾਉਣ ਦੀ ਇਕ ਰਸਮ ਨਾਲ ਸ਼ੁਰੂ ਕੀਤੀ ਜਾਂਦੀ ਸੀ।

ਚੱਕੀ ਦੇ ਹੇਠਲੇ ਪੁੜ ਨੂੰ ਫਿੱਟ ਕਰਨ ਲਈ ਪਹਿਲਾਂ ਮਿੱਟੀ ਦਾ ਗੋਲ ਆਕਾਰ ਦਾ ਗੰਡ ਬਣਾਇਆ ਜਾਂਦਾ ਹੈ। ਏਸ ਗੰਡ ਉਪਰ ਚੱਕੀ ਦਾ ਹੇਠਲਾ ਪੁੜ ਫਿੱਟ ਕੀਤਾ ਜਾਂਦਾ ਹੈ। ਗੰਡ ਦੇ ਹੇਠਾਂ ਤਿੰਨ ਜਾਂ ਚਾਰ ਚੱਕੀ ਦੀਆਂ ਲੱਤਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਲੱਤਾਂ ਨੂੰ ਪੜਾਵੇ ਕਹਿੰਦੇ ਹਨ। ਪੜਾਵੇ ਏਨੇ ਕੁ ਉੱਚੇ ਬਣਾਏ ਜਾਂਦੇ ਹਨ ਕਿ ਪੀੜ੍ਹੀ ਉੱਪਰ ਬੈਠਕੇ ਚੱਕੀ ਅਸਾਨੀ ਨਾਲ ਚਲਾਈ ਜਾ ਸਕੇ। ਹੇਠਲੇ ਪੁੜ ਦੇ ਸੈਂਟਰ ਵਿਚ ਗੋਲ ਆਕਾਰ ਦੀ ਇਕ ਮੋਰੀ ਹੁੰਦੀ ਹੈ, ਜਿਸ ਵਿਚ ਲੱਕੜ ਦਾ ਇਕ ਟੁੱਕੜਾ ਲਾਇਆ ਜਾਂਦਾ ਹੈ। ਏਸ ਟੁਕੜੇ ਨੂੰ ਪੱਥਾ ਕਹਿੰਦੇ ਹਨ। ਇਸ ਪੱਥੇ ' ਵਿਚ ਲੋਹੇ ਦੀ ਕੀਲੀ/ਕਿੱਲੀ ਫਿੱਟ ਕੀਤੀ ਜਾਂਦੀ ਹੈ। ਕੀਲੀ ਵਿਚ ਲੀਰਾਂ ਦਾ ਗੋਲ ਬੁੱਝਾ ਬਣਾ ਕੇ ਪਾਇਆ ਜਾਂਦਾ ਹੈ। ਇਸ ਬੁੱਝੇ ਨੂੰ ਰਾਲ ਕਹਿੰਦੇ ਹਨ। ਚੱਕੀ ਦੇ ਉਪਰਲੇ ਪੁੜ ਦੇ ਵਿਚਾਲੇ ਵੀ ਇਕ ਗੋਲ ਮੋਰੀ ਹੁੰਦੀ ਹੈ। ਏਸ ਮੋਰੀ ’ਤੇ ਥੋੜੀ ਜਿਹੀ ਉੱਚੀ ਗੋਲ ਜਿਹੀ ਬੀਂਡਲ ਬਣੀ ਹੁੰਦੀ ਹੈ। ਇਸ ਮੋਰੀ ਵਿਚ ਵੀ ਇਕ ਛੋਟਾ ਜਿਹਾ ਲੱਕੜ ਦਾ ਟੁਕੜਾ ਲਾਇਆ ਹੁੰਦਾ ਹੈ। ਇਸ ਲੱਕੜ ਦੇ ਟੁਕੜੇ ਨੂੰ ਮੰਨਮੀ ਕਹਿੰਦੇ ਹਨ। ਮੰਨਮੀ ਦੇ ਵਿਚਾਲੇ ਇਕ ਮੋਰੀ/ਗਲੀ ਹੁੰਦੀ ਹੈ। ਹੇਠਲੇ ਪੁੜ ਵਿਚ ਲੱਗੀ ਕਿੱਲੀ ਵਿਚ ਉਪਰਲੇ ਪੁੜ ਦੀ ਮੰਨਮੀ ਪਾਈ ਜਾਂਦੀ ਹੈ। ਮੰਨਮੀ ਦੇ ਦੋਵੇਂ ਪਾਸੇ ਖਾਲੀ ਜਗਾ ਹੁੰਦੀ ਹੈ ਜਿਸ ਰਾਹੀਂ ਦਾਣੇ ਪੀਹਣ ਲਈ ਚੱਕੀ ਵਿਚ ਪਾਏ ਜਾਂਦੇ ਹਨ। ਇਨ੍ਹਾਂ ਪਾਏ ਦਾਣਿਆਂ ਨੂੰ ਗਲਾ ਕਹਿੰਦੇ ਹਨ।

ਉਪਰਲੇ ਪੁੜ ਵਿਚ ਇਕ ਹੋਰ ਗਲੀ ਹੁੰਦੀ ਹੈ ਜਿਸ ਵਿਚ ਚੱਕੀ ਨੂੰ ਚਲਾਉਣ ਲਈ ਲੱਕੜ ਦਾ ਇਕ ਹੱਥਾ/ਹੱਥੜਾ ਫਿੱਟ ਕੀਤਾ ਜਾਂਦਾ ਹੈ। ਏਸ ਹੱਥੜੇ ਨੂੰ ਫੜ ਕੇ ਹੀ ਜਨਾਨੀਆਂ ਚੱਕੀ ਚਲਾਉਂਦੀਆਂ ਹਨ। ਜੇਕਰ ਚੱਕੀ ਤੇਜ਼ੀ ਨਾਲ ਘੁਮਾਈ ਜਾਂਦੀ ਹੈ ਤੇ ਗਲਾ ਘੱਟ ਪਾਇਆ ਜਾਂਦਾ ਹੈ ਤੇ ਕੀਲੀ ਵਿਚੋਂ ਰਾਲ ਕੱਢ ਦਿੱਤੀ ਜਾਂਦੀ ਹੈ ਤਾਂ ਆਟਾ ਬਰੀਕ ਪੀਸਿਆ ਜਾਂਦਾ ਹੈ। ਜੇਕਰ ਚੱਕੀ ਹੌਲੀ ਹੌਲੀ ਘੁਮਾਈ ਜਾਂਦੀ ਹੈ ਤੇ ਗਲਾ ਜ਼ਿਆਦਾ ਪਾਇਆ ਜਾਂਦਾ ਹੈ ਤੇ ਕੀਲੀ ਵਿਚ ਰਾਲ ਪਾਈ ਜਾਂਦੀ ਹੈ ਤਾਂ ਦਾਣਾ ਪੀਸਿਆ ਜਾਂਦਾ ਹੈ। ਚੱਕੀ ਨਾਲ ਪੀਸਿਆ ਆਟਾ ਗੰਢ ਵਿਚੋਂ ਦੀ ਹੋ ਕੇ ਗੰਡ ਵਿਚ ਰੱਖੇ ਪਰਨਾਲੇ ਰਾਹੀਂ ਚੱਕੀ ਦੇ ਹੇਠ ਰੱਖੇ ਭਾਂਡੇ ਵਿਚ ਪੈਂਦਾ ਰਹਿੰਦਾ ਹੈ। ਜਦ ਸਾਰਾ ਆਟਾ ਪੀਸਿਆ ਜਾਂਦਾ ਹੈ ਤਾਂ ਗੰਡ ਵਿਚ ਰਹੇ ਆਟੇ/ਦਾਣੇ ਨੂੰ ਕੱਪੜੇ ਦੇ ਇਕ ਛੋਟੇ ਜਿਹੇ ਟੋਟੇ ਨਾਲ ਗੰਡ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ। ਕੱਪੜੇ ਦੇ ਇਸ ਟੋਟੇ ਨੂੰ ਪਰੋਲਾ ਕਹਿੰਦੇ ਹਨ। ਚੱਕੀ ਦੇ ਪੁੜਾਂ ਵਿਚ ਲੱਗੇ ਟੱਕ ਜਦ ਘਸ ਜਾਂਦੇ ਹਨ ਤਾਂ ਉਹ ਆਟਾ ਮੋਟਾ ਪੀਹਣ ਲੱਗ ਜਾਂਦੇ ਹਨ। ਇਸ ਲਈ ਚੱਕੀ ਦੇ ਪੁੜਾਂ ਨੂੰ ਫੇਰ ਮਿਸਤਰੀ/ਚੱਕੀਰਾਹੇ ਤੋਂ ਰਹਾਇਆ ਜਾਂਦਾ ਹੈ। ਚੱਕੀ ਦੇ ਪੁੜਾਂ ਨੂੰ ਸੈਣੀ ਨਾਲ ਵਾਰ-ਵਾਰ ਟੱਕ ਲਾਉਣ ਨੂੰ ਚੱਕੀ ਰਾਹੁਣਾ ਕਹਿੰਦੇ ਹਨ। ਇਹ ਹੈ ਚੁੱਕੀ ਦੀ ਬਣਤਰ ਤੇ ਚੱਕੀ ਦਾ ਕਰੱਤਵ।

ਹੁਣ ਤਾਂ ਕਿਸੇ ਕਿਸੇ ਘਰ ਹੀ ਚੱਕੀ ਹੈ। ਬਹੁਤੇ ਪਰਿਵਾਰਾਂ ਨੇ ਤਾਂ ਚੱਕੀ ਦੇ ਪੁੜਾਂ ਨੂੰ ਕਿਸੇ ਨਾ ਕਿਸੇ ਕੰਮ ਲਈ ਧਰਤੀ ਵਿਚ ਗੱਢ ਕੇ ਰੱਖਿਆ ਹੋਇਆ ਹੈ। ਜਿਸ ਘਰ ਚੱਕੀ ਹੈ ਵੀ, ਉਸ ਦੀ ਵੀ ਕੋਈ ਕਦੇ ਹੀ ਵਰਤੋਂ ਕਰਦਾ ਹੈ। ਹੁਣ ਤਾਂ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਥਾਂਥਾਂ ਲੱਗੀਆਂ ਹੋਈਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.