ਛੋਲੂਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਛੋਲਿਆਂ ਦੀਆਂ ਹਰੀਆਂ ਟਾਂਟਾਂ ਵਿਚੋਂ ਕੱਢੇ ਕੱਚੇ ਹਰੇ ਛੋਲਿਆਂ ਦੇ ਹਰੇ ਦਾਣਿਆਂ ਨੂੰ ਛੋਲੂਆ ਕਹਿੰਦੇ ਹਨ। ਛੋਲੂਏ ਦੀ ਸਬਜ਼ੀ ਬਣਾਈ ਜਾਂਦੀ ਹੈ। ਪਹਿਲੇ ਸਮਿਆਂ ਵਿਚ ਜਦ ਸਾਰੀ ਖੇਤੀ ਮੀਂਹਾਂ ਤੇ ਨਿਰਭਰ ਸੀ, ਉਸ ਸਮੇਂ ਛੋਲੇ ਪੰਜਾਬ ਦਾ ਇਕ ਪ੍ਰਸਿੱਧ ਅਨਾਜ ਸੀ। ਹਰ ਘਰ ਬੀਜਦਾ ਸੀ। ਛੋਲੂਆ, ਛੋਲਿਆਂ ਦੀ ਦਾਲ ਘਰ ਦੀਆਂ ਸਬਜ਼ੀਆਂ ਹੁੰਦੀਆਂ ਸਨ। ਹੁਣ ਤਾਂ ਬਠਿੰਡਾ ਅਤੇ ਮਾਨਸਾ, ਸੰਗਰੂਰ,ਪਟਿਆਲਾ ਆਦਿ ਜਿਲ੍ਹਿਆਂ ਦੇ ਕੁਝ ਏਰੀਏ ਵਿਚ ਹੀ ਕੋਈ-ਕੋਈ ਪਰਿਵਾਰ ਥੋੜ੍ਹੇ ਜਿਹੇ ਛੋਲੇ ਬੀਜਦੇ ਹਨ। ਕਦੇ-ਕਦੇ ਸ਼ਹਿਰਾਂ ਵਿਚ ਛੋਲਿਆਂ ਦੇ ਬੂਟੇ ਅਤੇ ਛੋਲੂਆ ਵਿਕਦਾ ਜ਼ਰੂਰ ਮਿਲ ਜਾਂਦਾ ਹੈ।[1]

ਹਰੇ ਕੱਚੇ ਛੋਲਿਆਂ ਨੂੰ ਪੰਜਾਬੀ ਵਿੱਚ ਛੋਲੀਆ ਜਾਂ ਛੋਲੂਆ ਕਿਹਾ ਜਾਂਦਾ ਹੈ। ਇਹ ਸਦੀਆਂ ਤੋਂ ਹੀ ਪੰਜਾਬੀਆਂ ਦੀ ਪਸੰਦੀਦਾ ਸਬਜ਼ੀ ਹੈ। ਇਹ ਸੁਆਦ ਵੀ ਬਹੁਤ ਹੁੰਦੀ ਹੈ ਤੇ ਪੌਸ਼ਟਿਕ ਵੀ ਬਹੁਤ ਹੁੰਦੀ ਹੈ।ਇਸ ਵਿੱਚ ਮੈਂਗਨੀਜ਼, ਫੋਲੇਟ, ਪ੍ਰੋਟੀਨ ਅਤੇ ਕਾਪਰ ਆਦਿ ਰੋਜ਼ਾਨਾ ਲੋੜੀਂਦੇ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ।ਜੇ ਇਸਦੀ ਤਰੀਦਾਰ ਸਬਜ਼ੀ ਨਾਲ ਮਿਕਸ ਸਲਾਦ ਖਾਧਾ ਜਾਏ ਅਤੇ ਮਿਕਸ ਆਟੇ ਦੀ ਰੋਟੀ ਖਾਧੀ ਜਾਏ ਤਾਂ ਇਸ ਚੋਂ ਮਿਲਣ ਵਾਲੇ ਤੱਤ ਵਾਲ ਝੜਨ ਤੋਂ ਰੋਕਣ ਅਤੇ ਵਾਲ ਜਲਦੀ ਸਫੈਦ ਹੋਣ ਤੋਂ ਰੋਕਣ ਚ ਮਦਦ ਕਰਦੇ ਹਨ। ਇਹ ਮਾਸਪੇਸ਼ੀਆਂ, ਨਾੜੀਆਂ ਅਤੇ ਚਮੜੀ ਨੂੰ ਮੁਲਾਇਮ ਤੇ ਤੰਦਰੁਸਤ ਬਣਾਉਣ ਚ ਮਦਦ ਕਰਦੇ ਹਨ।ਇਹ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਬੇਹੱਦ ਲਾਭਦਾਇਕ ਹੈ। ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਲਈ ਵੀ ਇਹ ਬਹੁਤ ਲਾਭਦਾਇਕ ਹੈ।

ਛੋਲੂਏ ਦੀ ਗੱਲ |[ਸੋਧੋ]

“ਰੋਕਿਓ ਰੋਕਿਓ ਗੱਡੀ ਰੋਕਿਓ।” ਨਾਲ ਬੈਠੀ ਨੇ ਇੱਕ ਦਮ ਕਿਹਾ।

“ਕੀ ਹੋ ਗਿਆ ਹੁਣ?” ਮੈਂ ਰੇਲਵੇ ਫਾਟਕ ਨੇੜੇ ਟਰੈਫਿਕ ਦੇ ਝੁੰਜਲਾਏ ਨੇ ਕਿਹਾ।

“ਛੋਲੂਆ ਪੁੱਛਿਓ ਕੀ ਭਾਅ ਦਿੰਦੇ ਹਨ।” ਉਸਨੇ ਸਾਹਮਣੇ ਰੇਲਵੇ ਦੀ ਕੰਧ ਨਾਲ ਭੁੰਜੇ ਬੈਠੇ ਕੁਝ ਲੋਕਾਂ ਨੂੰ ਵੇਖਕੇ ਕਿਹਾ। ਉਹਨਾਂ ਲੋਕਾਂ ਵਿੱਚ ਬੱਚੇ ਬਜ਼ੁਰਗ ਮਰਦ ਤੇ ਔਰਤਾਂ ਵੀ ਸਨ ਜੋ ਹੱਡ ਭੰਨਵੀ ਠੰਡ ਵਿੱਚ ਪਤਲੇ ਕਪੜੇ ਪਾਈ ਛੋਲੀਆ ਕੱਢ ਰਹੇ ਸਨ।

“ਕਿਵੇਂ ਲਾਇਆ?” ਮੈਂ ਇੱਕ ਬਜ਼ੁਰਗ ਜਿਹੇ ਆਦਮੀ ਨੂੰ ਪੁੱਛਿਆ।

“ਅੱਸੀ ਰੁਪਈਏ ਪਾਈਆ।” ਉਸਨੇ ਥੋੜੇ ਸ਼ਬਦਾਂ ਵਿੱਚ ਕਿਹਾ।

“ਚੱਲ ਪਾਈਆ ਤੋਲਦੇ।” ਕਹਿਕੇ ਮੈਂ ਉਸਨੂੰ ਦਸ ਦਸ ਦੇ ਅੱਠ ਨੋਟ ਦੇ ਦਿੱਤੇ।

“ਇਹ ਸਸਤਾ ਕਦੋਂ ਹੋਵੇਗਾ।” ਮੈਂ ਮਜ਼ਾਕ ਨਾਲ ਪੁੱਛਿਆ।

“ਬਸ ਬਾਊ ਜੀ ਇਹ ਚਾਲੀ ਤੇ ਆਕੇ ਟਿੱਕ ਜਾਵੇਗਾ।”

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.