ਟਾਹਲੀ
| ਟਾਹਲੀ | ||||||||||||||||
|---|---|---|---|---|---|---|---|---|---|---|---|---|---|---|---|---|
| ਵਿਗਿਆਨਕ ਵਰਗੀਕਰਣ | ||||||||||||||||
|
||||||||||||||||
| ਦੋਨਾਂਵੀਆ ਨਾਂ | ||||||||||||||||
| ਡੈਲਬਰਜੀਆ ਸਿਸੂ ਰੌਕਸਬ. |
ਟਾਹਲੀ (ਵਿਗਿਆਨਕ ਨਾਂ:Dalbergia sissoo) ਦਰਮਿਆਨੇ ਤੋਂ ਵੱਡੇ ਅਕਾਰ ਅਤੇ ਕੱਦ ਦਾ ਇਕ ਦਰੱਖ਼ਤ ਹੈ। ਬਲੈਕਵੁੱਡ, ਸ਼ੀਸ਼ਮ, ਰੋਜ਼ਵੁੱਡ ਅਤੇ ਡਾਲੀ ਆਦਿ ਨਾਵਾਂ ਨਾਲ਼ ਜਾਣੇ ਜਾਂਦੇ ਟਾਹਲੀ ਦੇ ਰੁੱਖ ਦਾ ਵਿਗਿਆਨਕ ਨਾਂ Dalbergia Sissoo ਹੈ।[੧] ਸ਼ੀਸ਼ਮ ,ਸਿਸੂ ਡੈਲਬਰਜੀਆ ਨਾਂ 18ਵੀਂ-19ਵੀਂ ਸਦੀ ਦੇ ਸਵੀਡਨੀ ਬਨਸਪਤ-ਵਿਗਆਨੀ ਐਨ. ਡੈਲਬਰਜ ਦੇ ਸਨਮਾਨ ਵਿੱਚ ਰੱਖਿਆ ਗਿਆ। ਇਹ ੧੦ ਤੋਂ ਲੈ ਕੇ ੩੦ ਮੀਟਰ ਤੱਕ ਉੱਚਾ ਹੁੰਦਾ ਹੈ ਅਤੇ ਇਸਦੇ ਤਣੇ ਦਾ ਘੇਰਾ ੨ ਤੋਂ ੪ ਮੀਟਰ ਤੱਕ ਹੋ ਸਕਦਾ ਹੈ।
ਭਾਰਤ ਵਿਚ ਇਹ ਹਿਮਾਲਿਆ ਪਰਬਤ ਦੀਆਂ ਹੇਠਲੀਆਂ ਪਹਾੜੀਆਂ ਤੋਂ ਲੈ ਕੇ ਪੰਜਾਬ, ਮਹਾਰਾਸ਼ਟਰ, ਕਰਨਾਟਕ ਅਤੇ ਦੱਖਣੀ ਸੂਬਿਆਂ ਕੇਰਲ ਅਤੇ ਤਾਮਿਲ ਨਾਡੂ ਤੱਕ ਮਿਲਦਾ ਹੈ।
ਨਵੰਬਰ–ਦਸੰਬਰ ਵਿਚ ਇਸਦੇ ਪੱਤੇ ਝੜ ਜਾਂਦੇ ਨੇ ਅਤੇ ਜਨਵਰੀ–ਫ਼ਰਵਰੀ ਵਿਚ ਨਵੇਂ ਆ ਜਾਂਦੇ ਹਨ ਜੋ ਸ਼ੁਰੂ ਵਿਚ ਹਲਕੇ-ਹਰੇ ਹੁੰਦੇ ਹਨ ਅਤੇ ਬਾਅਦ ਵਿਚ ਗੂੜ੍ਹੇ-ਹਰੇ ਹੋ ਜਾਂਦੇ ਹਨ। ਮਾਰਚ –ਅਪ੍ਰੈਲ ਵਿਚ ਇਸ ’ਤੇ ਬਹੁਤ ਛੋਟੇ-ਛੋਟੇ ਸਫ਼ੈਦ-ਕਰੀਮ ਰੰਗ ਦੇ ਅਤੇ ਹਲਕੀ ਮਹਿਕ ਵਾਲ਼ੇ ਫੁੱਲ ਲਗਦੇ ਹਨ। ਇਹ ਛੇਤੀ ਹੀ ਚਪਟੀਆਂ ਫਲ਼ੀਆਂ ਵਿਦਾ ਰੂਪ ਧਾਰ ਲੈਂਦੇ ਹਨ। ਚਾਬੀਆਂ ਦੇ ਗੁੱਛਿਆਂ ਵਰਗੀਆਂ ਇਹ ਫਲ਼ੀਆਂ ਕਈ ਮਹੀਨੇ ਟਾਹਲੀ ’ਤੇ ਲਮਕਦੀਆਂ ਰਹਿੰਦੀਆਂ ਹਨ।
ਵਿਸ਼ਾ ਸੂਚੀ |
ਲੋੜੀਂਦੀਆਂ ਹਾਲਤਾਂ [ਸੋਧ]
ਇਹ ਦਰਖ਼ਤ ਮੈਦਾਨੀ ਇਲਾਕਿਆਂ ਤੋਂ ਲੈ ਕੇ ੧੫੦੦ ਮੀਟਰ ਦੀ ਉਚਾਈ ਵਾਲ਼ੇ, –੪ ਤੋਂ ੪੫ ਦਰਜਾ ਸੈਲਸੀਅਸ ਹਰਾਰਤ ਵਾਲ਼ੇ ਅਤੇ ੫੦੦ ਤੋਂ ੪੫੦੦ ਮਿਲੀਮੀਟਰ ਸਲਾਨਾ ਵਰਖਾ ਵਾਲ਼ੇ ਇਲਾਕਿਆਂ ਵਿਚ ਹੁੰਦਾ ਹੈ।[੧] ਵਗਦੇ ਪਾਣੀਆਂ ਦੇ ਕੰਢੇ ਟਾਹਲੀਆਂ ਜ਼ਿਆਦਾ ਗਿਣਤੀ ਵਿਚ ਦੇਖਣ ਨੂੰ ਮਿਲਦੀਆਂ ਹਨ। ਟਾਹਲੀ ਦੇ ਪੌਦੇ ਬੀਜ ਅਤੇ ਜੜ੍ਹਾਂ ਤੋਂ ਫੁੱਟੀਆਂ ਹੋਈਆਂ ਕਰੂੰਬਲਾਂ ਤੋਂ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤਿਆਰ ਕਰਨ ਲਈ ਫਰਵਰੀ ਜਾਂ ਸਾਵਣ ਦੀ ਰੁੱਤ ਵਧੇਰੇ ਢੁਕਵੀਂ ਹੈ। ਪਨੀਰੀ ਲਗਭਗ 9-10 ਮਹੀਨਿਆਂ ਦੌਰਾਨ ਲਾਉਣ ਯੋਗ ਹੋ ਜਾਂਦੀ ਹੈ।
ਉਪਯੋਗ [ਸੋਧ]
ਟਾਹਲੀ ਦੀ ਲੱਕੜੀ ਮਜ਼ਬੂਤ ਪਾਏਦਾਰ ਅਤੇ ਲਚਕਦਾਰ ਹੁੰਦੀ ਹੈ ਇਸ ਲਈ ਇਹ ਫ਼ਰਨੀਚਰ, ਇਮਾਰਤੀ ਸਾਮਾਨ ਅਤੇ ਹੋਰ ਕਈ ਦੂਜੀਆਂ ਚੀਜ਼ਾਂ ਬਣਾਉਣ ਵਿਚ ਵਰਤੀ ਜਾਂਦੀ ਹੈ[੨]।
ਕੁਝ ਲੋਕ ਇਸ ਤੋਂ ਬਾਲਣ, ਲੱਕੜੀ, ਚਾਰਕੋਲ ਅਤੇ ਤੇਲ ਦੀ ਪ੍ਰਾਪਤੀ ਵੀ ਕਰਦੇ ਹਨ। ਟਾਹਲੀ ਦਾ ਤੇਲ ਚਮੜੀ ਰੋਗ, ਪੱਤੇ ਔਰਤਾਂ ਦੇ ਛਾਤੀ ਅਤੇ ਮਾਸਿਕ ਧਰਮ ਰੋਗਾਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪੰਜਾਬ ਵਿੱਚ ਟਾਹਲੀ ਦੀ ਵਰਤੋਂ ਦਾਤਣ ਵਜੋਂ ਵੀ ਕੀਤੀ ਜਾਂਦੀ ਹੈ। ਟਾਹਲੀ ਹਵਾ ਵਿਚੋਂ ਨਾਈਟ੍ਰੋਜਨ ਨੂੰ ਵਰਤ ਲੈਂਦੀ ਹੋਣ ਕਰਕੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਸੋਕੇ ਦੇ ਦਿਨਾਂ ਵਿਚ ਪਸ਼ੂਆਂ ਦੇ ਹਰੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ। ਪੰਜਾਬ ਵਿਚ ਸਾਂਝੀਆਂ ਥਾਵਾਂ ’ਤੇ ਇਸ ਨੂੰ ਛਾਂਦਾਰ ਰੁੱਖ ਵਜੋਂ ਆਮ ਵਰਤਿਆ ਜਾਂਦਾ ਰਿਹਾ ਹੈ।
ਪੰਜਾਬੀ ਲੋਕ ਸੱਭਿਆਚਾਰ ਵਿੱਚ [ਸੋਧ]
ਪੰਜਾਬੀ ਰੋਜ਼ਾਨਾ ਜ਼ਿੰਦਗੀ ਵਿਚ ਵਰਤੋਂ ਕਰਕੇ ਪੰਜਾਬੀ ਸੱਭਿਆਚਾਰ ਅਤੇ ਲੋਕ ਗੀਤਾਂ ਵਿਚ ਇਸਦਾ ਆਮ ਜ਼ਿਕਰ ਹੈ:
“ਉੱਚੀਆਂ ਲੰਮੀਆਂ ਟਾਹਲੀਆਂ, ਕੋਈ ਵਿੱਚ ਗੁਜਰੀ ਦੀ ਪੀਂਘ.. ..ਵੇ ਮਾਹੀਆ
ਕੋਈ ਝੂਟ ਝੁਟੇਂਦੇ ਦੋ ਜਣੇ, ਵੇ ਕੋਈ ਆਸ਼ਕ ’ਤੇ ਮਾਸ਼ੂਕ.. ..ਵੇ ਮਾਹੀਆ
ਅਤੇ
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ
ਹੇਠ ਵਗੇ ਦਰਿਆ,
ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ
ਬਗਲਾ ਬਣ ਕੇ ਆ।”
ਟਾਹਲੀ ਦੀ ਲੱਕੜ ਲਈ ਤਰਜੀਹ ਵੀ ਪੰਜਾਬੀ ਲੋਕਮਨ ਤੱਕ ਲਹਿ ਚੁੱਕੀ ਹੈ। ਮਿਸਾਲ ਲਈ: ਕਿੱਕਰ ਦਾ ਮੇਰਾ ਚਰਖਾ ਮਾਏ, ਟਾਹਲੀ ਦਾ ਕਢਵਾ ਦੇ।[੩] ਜਾਂ ਫਿਰ :
ਚਰਖੀ ਮੇਰੀ ਟਾਹਲੀ ਦੀ,
ਗੁੱਝ ਪਵਾਵਾਂ ਤੂਤ ਦੀ
ਮੈਂ ਕੱਤਾਂ ਤੇ ਚਰਖੀ ਘੂਕਦੀ।
ਹਵਾਲੇ [ਸੋਧ]
- ↑ ੧.੦ ੧.੧ "Dalbergia sissoo". WorldAgroForestryCentre. http://www.worldagroforestrycentre.org/sea/products/afdbases/af/asp/SpeciesInfo.asp?SpID=645.
- ↑ "ਪਿੱਪਲਾਂ, ਬੋਹੜਾਂ ਨੂੰ ਤਰਸੀ ਸੰਘਣੀਆਂ ਛਾਵਾਂ ਵਾਲੀ ਧਰਤੀ". Daily Hamdard. http://www.dailyhamdard.com/news/7423-%E0%A8%AA%E0%A8%BF%E0%A9%B1%E0%A8%AA%E0%A8%B2%E0%A8%BE%E0%A8%82,%20%E0%A8%AC%E0%A9%8B%E0%A8%B9%E0%A9%9C%E0%A8%BE%E0%A8%82%20%E0%A8%A8%E0%A9%82%E0%A9%B0%20%E0%A8%A4%E0%A8%B0%E0%A8%B8%E0%A9%80%20%E0%A8%B8%E0%A9%B0%E0%A8%98%E0%A8%A3%E0%A9%80%E0%A8%86%E0%A8%82%20%E0%A8%9B%E0%A8%BE%E0%A8%B5%E0%A8%BE%E0%A8%82%20%E0%A8%B5%E0%A8%BE%E0%A8%B2%E0%A9%80%20%E0%A8%A7%E0%A8%B0%E0%A8%A4%E0%A9%80.aspx.
- ↑ ਚਰਖਾ ਬੋਲ ਪਿਆ
- ↑ ਰੁੱਖਾਂ ਦੀ ਜੀਰਾਂਦ