ਢੀਂਗਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੰਮੀ ਬੱਲੀ ਦੇ ਇਕ ਸਿਰੇ ਨਾਲ ਚੌੜੇ ਮੂੰਹ ਵਾਲਾ ਡੋਲ ਜੜ ਕੇ ਜਾਂ ਬੰਨ੍ਹ ਕੇ ਤੇ ਦੂਸਰੇ ਸਿਰੇ ਨਾਲ ਭਾਰ ਬੰਨ੍ਹ ਕੇ ਕੱਚੇ ਖੂਹ ਵਿਚੋਂ ਪਾਣੀ ਕੱਢ ਕੇ ਥੋੜ੍ਹੀ ਜਿਹੀ ਫਸਲ ਨੂੰ ਸਿੰਜਣ ਵਾਲੇ ਜੰਤਰ ਨੂੰ ਢੀਂਗਣੀ ਕਹਿੰਦੇ ਹਨ। ਪਹਿਲਾਂ ਜਦ ਸਾਰੀ ਦੀ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਸੀ, ਉਸ ਸਮੇਂ ਪਾਣੀ ਜ਼ਮੀਨੀ ਪੱਧਰ ਤੋਂ ਮਸਾਂ 5/ 6 ਕੁ ਫੁੱਟ ਦੀ ਦੂਰੀ 'ਤੇ ਹੀ ਮਿਲ ਜਾਂਦਾ ਸੀ। ਬਾਰਸ਼ਾਂ ਦੇ ਮੌਸਮ ਵਿਚ ਤਾਂ ਕਈ ਇਲਾਕਿਆਂ ਵਿਚ ਪਾਣੀ ਲੋਕੀਂ ਕਹੀ ਨਾਲ ਟੋਆ ਪੁੱਟ ਕੇ ਹੀ ਕੱਢ ਲੈਂਦੇ ਸਨ। ਉਸ ਸਮੇਂ ਲੋਕੀਂ ਢੀਂਗਲੀ ਨਾਲ ਪਾਣੀ ਕੱਢ ਕੇ ਥੋੜ੍ਹੀ ਜਿਹੀ ਫਸਲ ਸਿੰਜ ਲੈਂਦੇ ਸਨ।

ਢੀਂਗਲੀ ਬਣਾਉਣ ਲਈ ਦੋ 5/6 ਕੁ ਫੁੱਟ ਲੰਮੀਆਂ ਬੱਲੀਆਂ ਲਈਆਂ ਜਾਂਦੀਆਂ ਸਨ। ਇਨ੍ਹਾਂ ਬੱਲੀਆਂ ਨੂੰ ਸਵਾ ਕੁ ਫੁੱਟ ਦੀ ਆਪਸੀ ਦੂਰੀ ਰੱਖ ਕੇ ਕੱਚੇ ਖੂਹ ਦੇ ਕਿਨਾਰੇ ਦੇ ਨੇੜੇ ਗੱਡ ਦਿੱਤਾ ਜਾਂਦਾ ਸੀ। ਇਕ 10 ਕੁ ਫੁੱਟ ਦੀ ਬੱਲੀ ਹੋਰ ਲਈ ਜਾਂਦੀ ਸੀ। ਇਸ ਬੱਲੀ ਨੂੰ ਗੱਡੀਆਂ ਬੱਲੀਆਂ ਦੇ ਉਪਰਲੇ ਸਿਰਿਆਂ ਦੇ ਵਿਚਾਲੇ ਆੜੇ ਲੋਟ ਰੱਖ ਕੇ ਇਕ ਲੋਹੇ ਦਾ ਸਰੀਆ ਇਨ੍ਹਾਂ ਤਿੰਨਾਂ ਬੱਲੀਆਂ ਵਿਚ ਪਾ ਦਿੱਤਾ ਜਾਂਦਾ ਸੀ। ਵੱਡੀ ਬੱਲੀ ਦੇ ਉਪਰਲੇ ਸਿਰੇ ਨਾਲ ਚੌੜੇ ਮੂੰਹ ਵਾਲਾ ਡੋਲ ਲੋਹੇ ਦੀਆਂ ਪੱਤੀਆਂ ਨਾਲ ਜੋੜ ਦਿੰਦੇ ਸਨ। ਇਕ ਰੱਸੀ ਵੀ ਸਿਰੇ ਨਾਲ ਬੰਨ੍ਹ ਦਿੰਦੇ ਸਨ। ਹੇਠਲੇ ਸਿਰੇ ਨਾਲ ਇੱਟਾਂ ਜਾਂ ਪੱਥਰ ਬੰਨ੍ਹਿਆ ਜਾਂਦਾ ਸੀ। ਡੋਲ ਬੰਨ੍ਹੇ ਸਿਰੇ ਨੂੰ ਰੱਸੀ ਨਾਲ ਝੁਕਾ ਕੇ ਪਾਣੀ ਡੋਲ ਵਿਚ ਭਰਿਆ ਜਾਂਦਾ ਸੀ। ਬੱਲੀ ਦੇ ਹੇਠਲੇ ਪਾਸੇ ਬੰਨ੍ਹਿਆ ਭਾਰ ਆਪਣੇ-ਆਪ ਹੀ ਜਦ ਹੇਠ ਨੂੰ ਜਾਂਦਾ ਸੀ ਤਦ ਪਾਣੀ ਦਾ ਭਰਿਆ ਡੋਲ ਬਾਹਰ ਆ ਜਾਂਦਾ ਸੀ। ਫੇਰ ਢੀਂਗਲੀ ਚਲਾਉਣ ਵਾਲਾ ਬੰਦਾ ਡੋਲ ਨੂੰ ਫੜ ਕੇ ਨੇੜੇ ਬਣੇ ਖਾਲ ਵਿਚ ਉਲੱਦ ਦਿੰਦਾ ਸੀ। ਖਾਲ ਵਿਚੋਂ ਪਾਣੀ ਖੇਤ ਨੂੰ ਲਾ ਲੈਂਦੇ ਸਨ। ਇਸ ਤਰ੍ਹਾਂ ਢੀਂਗਲੀ ਦੀ ਵਰਤੋਂ ਨਾਲ ਥੋੜ੍ਹੀ-ਥੋੜ੍ਹੀ ਸਿੰਜਾਈ ਕਰ ਕੇ ਖੇਤੀ ਕੀਤੀ ਜਾਂਦੀ ਸੀ। ਹੁਣ ਤਾਂ ਧਰਤੀ ਹੇਠਲਾ ਪਾਣੀ ਐਨੀ ਦੂਰ ਚਲਿਆ ਗਿਆ ਹੈ ਕਿ ਢੀਂਗਲੀ ਨਾਲ ਸਿੰਜਾਈ ਕਰਨ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.