ਤਮਾਕੂ
ਤਮਾਕੂ ਇੱਕ ਕਿਰਸਾਣੀ ਉਤਪਾਦ ਹੈ ਜੋ "ਨਿਕੋਟੀਆਨਾ" ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ।[੧] ਇਸਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ 'ਤੇ ਹੁੰਦੀ ਹੈ ਅਤੇ ਕਿਊਬਾ, ਚੀਨ, ਭਾਰਤ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਦੀ ਇੱਕ ਨਫ਼ਾਦਾਇਕ ਫਸਲ ਹੈ। ਤਮਾਕੂ ਨਾਂ ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸਦੇ ਪੱਤਿਆਂ ਤੋਂ ਬਣੇ ਉਤਪਾਦਾਂ, ਜੋ ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ ਹਨ, ਕਿਹਾ ਜਾਂਦਾ ਹੈ। ਤਮਾਕੂ ਦੇ ਬੂਟੇ ਪੌਦਾ ਜੀਵ-ਇੰਜਨੀਅਰੀ ਵਿੱਚ ਵੀ ਵਰਤੇ ਜਾਂਦੇ ਹਨ ਅਤੇ ੭੦ ਤੋਂ ਵੱਧ ਪ੍ਰਜਾਤੀਆਂ ਵਿੱਚੋਂ ਕੁਝ ਸਜਾਵਟੀ ਤੌਰ 'ਤੇ ਵਰਤੇ ਜਾਂਦੇ ਹਨ। ਮੁੱਖ ਵਪਾਰਕ ਪ੍ਰਜਾਤੀ, ਐੱਨ. ਤਾਬਾਕੁਮ, ਨੂੰ ਜ਼ਿਆਦਾਤਰ ਨਿਕੋਟੀਆਨਾ ਪੌਦਿਆਂ ਵਾਂਗ ਤਪਤ-ਖੰਡੀ ਅਮਰੀਕਾ ਦਾ ਮੂਲ-ਵਾਸੀ ਮੰਨਿਆ ਜਾਂਦਾ ਹੈ ਪਰ ਇਹ ਇੰਨੇ ਚਿਰ ਤੋਂ ਵਾਹਿਆ ਜਾ ਰਹੇ ਹਨ ਕਿ ਹੁਣ ਇਸਦੀ ਕੋਈ ਜੰਗਲੀ ਪ੍ਰਜਾਤੀ ਪਤਾ ਨਹੀਂ ਹੈ। ਐੱਨ. ਰਸਟਿਕਾ, ਇੱਕ ਹਲਕੇ ਸੁਆਦ ਅਤੇ ਤੇਜੀ ਨਾਲ਼ ਸੜਨ ਵਾਲੀ ਪ੍ਰਜਾਤੀ, ਉਹ ਤਮਾਕੂ ਸੀ ਜੋ ਮੂਲ ਤੌਰ 'ਤੇ ਵਰਜਿਨੀਆ ਵਿੱਚ ਉਗਾਇਆ ਜਾਂਦਾ ਸੀ ਪਰ ਹੁਣ ਇਸਦੀ ਖੇਤੀ ਮੁੱਖ ਤੌਰ 'ਤੇ ਤੁਰਕੀ, ਭਾਰਤ ਅਤੇ ਰੂਸ ਵਿੱਚ ਹੁੰਦੀ ਹੈ। ਖ਼ਾਰਾ ਨਿਕੋਟੀਨ ਤਮਾਕੂ ਦਾ ਸਭ ਤੋਂ ਵੱਧ ਪਛਾਣ ਦੇਣ ਵਾਲਾ ਸੰਘਟਕ ਮੰਨਿਆ ਜਾਂਦਾ ਹੈ ਪਰ ਨਿਕੋਟੀਨ ਆਪਣੇ-ਆਪ ਵਿੱਚ ਹੀ ਬਹੁਤ ਝੱਸ (ਅਮਲ) ਵਾਲਾ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਬੀਟਾ-ਕਾਰਬੋਲੀਨ ਅਤੇ ਨਿਕੋਟੀਨ ਵਿਚਲੇ ਪਰਸਪਰ ਪ੍ਰਭਾਵਾਂ ਕਰਕੇ ਹੀ ਤਮਾਕੂ ਫੂਕਣ ਦਾ ਅਮਲ ਲੱਗਦਾ ਹੈ।[੨] ਤਮਾਕੂ ਦੇ ਹਾਨੀਕਾਰਕ ਪ੍ਰਭਾਵ ਇਸਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜ਼ਪਾਇਰੀਨ, ਫ਼ਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫ਼ੀਨੋਲ ਅਤੇ ਹੋਰ ਬਹੁਤ ਸਾਰੇ) ਕਰਕੇ ਉਪਜਦੇ ਹਨ।[੩]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|