ਨਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਤ ਦੀ ਬੁਣੀ ਚੌੜੀ ਪੱਟੀ ਨੂੰ, ਜਿਸ ਨਾਲ ਪਲੰਘ ਆਦਿ ਬੁਣੇ ਜਾਂਦੇ ਹਨ, ਨੁਮਾਰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਵਿਆਹ ਵਿਚ ਲੜਕੀ ਨੂੰ ਨਮਾਰੀ ਪਲੰਘ ਦਾਜ ਵਿਚ ਦਿੱਤੇ ਜਾਂਦੇ ਸਨ। ਘਰ ਦੀ ਬੈਠਕ ਵਿਚ ਵੀ ਪ੍ਰਾਹੁਣਿਆਂ ਲਈ ਨੁਮਾਰੀ ਪਲੰਘ ਹੀ ਡਾਹੇ ਹੁੰਦੇ ਸਨ।

ਨੁਮਾਰ ਬਣਾਉਣ ਲਈ ਪਹਿਲਾਂ ਕੱਤੇ ਸੂਤ ਦੇ ਧਾਗੇ ਨੂੰ ਦੋ ਲੜਾ ਕੀਤਾ ਜਾਂਦਾ ਸੀ। ਫੇਰ ਦੋ-ਦੋ ਲੜੇ ਕੀਤੇ ਧਾਗਿਆਂ ਨੂੰ ਮਿਲਾ ਕੇ ਇਕ ਚਾਰ ਲੜਾ ਧਾਗਾ ਬਣਾ ਲਿਆ ਜਾਂਦਾ ਸੀ। ਚਾਰ ਲੜੇ ਧਾਗੇ ਦੀ ਫੇਰ ਅੱਟੀ ਬਣਾਈ ਜਾਂਦੀ ਸੀ। ਅੱਟੀ ਨੂੰ ਪਾਣੀ ਵਿਚ ਭਿਉਂ ਕੇ ਚਰਖੇ ਉਪਰ ਕੱਤਿਆ ਜਾਂਦਾ ਸੀ। ਫੇਰ ਕੁੱਤੇ ਗਿੱਲੇ ਗਲੋਟੇ ਨੂੰ ਸੁਕਾ ਕੇ ਪਿੰਨਾ ਬਣਾ ਲੈਂਦੇ ਸਨ। ਨੁਮਾਰ ਦਾ ਤਾਣਾ ਤਣਨ ਲਈ ਧਰਤੀ ਵਿਚ 6/7 ਕੁ ਫੁੱਟ ਦੀ ਦੂਰੀ ਰੱਖ ਕੇ ਤਿੰਨ ਕੀਲੇ ਗੱਡੇ ਜਾਂਦੇ ਸਨ। ਇਨ੍ਹਾਂ ਤਿੰਨਾਂ ਕੀਲਿਆਂ ਦੇ ਉਪਰ ਦੀ ਨੁਮਾਰ ਦਾ ਤਾਣਾ ਤਣਿਆ ਜਾਂਦਾ ਸੀ। ਫੇਰ ਦੋ ਕੀਲੇ 10/12 ਫੁੱਟ ਦੀ ਦੂਰੀ ’ਤੇ ਗੱਡੇ ਜਾਂਦੇ ਸਨ। ਤਾਣੇ ਦੇ ਇਕ ਸਿਰੇ ਨੂੰ ਇਕ ਕੀਲੇ ਨਾਲ ਬੰਨ੍ਹਿਆ ਜਾਂਦਾ ਸੀ। ਬਾਕੀ ਤਾਣੇ ਵਿਚੋਂ 10/12 ਕੁ ਫੁੱਟ ਤਾਣਾ ਖੋਲ੍ਹ ਕੇ ਦੂਜੇ ਕੀਲੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਪਹਿਲੇ ਕੀਲੇ ਤੋਂ ਫੇਰ ਨਮਾਰ ਬਣਾਉਣੀ ਸ਼ੁਰੂ ਕੀਤੀ ਜਾਂਦੀ ਸੀ।ਤਾਣੇ ਵਿਚ ਇਕ ਇਕ ਪੇਟਾ ਪਾ ਕੇ ਨਾਲ ਦੀ ਨਾਲ ਇਕ ਪਤਲੀ ਫੱਟੀ ਨਾਲ ਪੇਟੇ ਨੂੰ ਤਾਣੇ ਨਾਲ ਠੋਕਦੇ ਰਹਿੰਦੇ ਸਨ। ਏਸ ਵਿਧੀ ਨਾਲ ਸਾਰੀ ਨੁਮਾਰ ਬੁਣ ਲਈ ਜਾਂਦੀ ਸੀ।

ਹੁਣ ਕੋਈ ਵੀ ਪਰਿਵਾਰ ਘਰ ਨੁਮਾਰ ਨਹੀਂ ਬਣਦਾ। ਹੁਣ ਬਾਜ਼ਾਰ ਵਿਚੋਂ ਬੁਣੀ ਬੁਣਾਈ ਨਮਾਰ ਜ਼ਰੂਰ ਮਿਲ ਜਾਂਦੀ ਹੈ। ਪਰ ਹੁਣ ਸੂਤ ਦੀ ਬੁਣੀ ਨੁਮਾਰ ਨਾਲ ਕੋਈ ਕੋਈ ਪਰਿਵਾਰ ਹੀ ਮੰਜਾ ਬੁਣਦਾ ਹੈ। ਹੁਣ ਬਾਜ਼ਾਰ ਵਿਚੋਂ ਨਾਈਲਾਨ ਦੀਆਂ ਬਣੀਆਂ ਹੋਈਆਂ ਨੁਮਾਰਾਂ ਮਿਲਦੀਆਂ ਹਨ, ਜਿਨ੍ਹਾਂ ਨਾਲ ਮੰਜੇ ਬੁਣੇ ਜਾਂਦੇ ਹਨ। ਦਾਜ ਵਿਚ ਨੁਮਾਰੀ ਪਲੰਘ ਦੀ ਥਾਂ ਹੁਣ ਬੈਂਡ ਦਿੱਤੇ ਜਾਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.