ਰੀੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਾੜੀ ਦੀ ਜਦ ਸਾਰੀ ਫ਼ਸਲ ਦੇ ਤੁਰਦੇ-ਤੁਰਦੇ ਦਾਣੇ ਕੱਢ ਕੇ ਬੋਹਲ ਬਣਾ ਕੇ ਘਰੀਂ ਢੋ ਲਏ ਜਾਂਦੇ ਸਨ ਤਾਂ ਫੇਰ ਵੀ ਘੁੰਡੀਆਂ ਵਿਚ ਥੋੜ੍ਹੇ ਦਾਣੇ ਰਹਿ ਜਾਂਦੇ ਸਨ। ਇਨ੍ਹਾਂ ਘੁੰਡੀਆਂ ਨੂੰ ਫੇਰ ਬਲਦਾਂ ਦੀ ਮੇੜ੍ਹ ਪਾ ਕੇ ਗਾਹਿਆ ਜਾਂਦਾ ਸੀ। ਫੇਰ ਜਿਹੜੇ ਦਾਣੇ ਇਨ੍ਹਾਂ ਘੁੰਡੀਆਂ ਵਿਚੋਂ ਨਿਕਲਦੇ ਸਨ, ਉਨ੍ਹਾਂ ਦਾਣਿਆਂ ਨੂੰ ਪਿੰਡ ਦੇ ਕੰਮੀਆਂ, ਲਾਗੀਆਂ, ਗਰੀਬ-ਗੁਰਬਿਆਂ ਵਿਚ ਪੁੰਨ ਅਰਥ ਵੰਡ ਦਿੱਤੇ ਜਾਣ ਨੂੰ ਰੀੜੀ ਵੰਡਣਾ ਕਹਿੰਦੇ ਸਨ। ਰੀੜੀ ਵੰਡਣ ਲਈ ਪਿੰਡ ਵਿਚ ਹੋਕਾ ਦਿੱਤਾ ਜਾਂਦਾ ਸੀ। ਜਿਵੇਂ ਜਿਵੇਂ ਲੋਕ ਆਈ ਜਾਂਦੇ ਸਨ, ਤਿਵੇਂ-ਤਿਵੇਂ ਉਨ੍ਹਾਂ ਨੂੰ ਰੀੜੀ ਦੇ ਦਿੱਤੀ ਜਾਂਦੀ ਸੀ। ਰੀੜੀ ਵੰਡਣਾ ਹਾੜੀ ਦੀ ਫ਼ਸਲ ਦੇ ਦਾਣੇ ਕੱਢਣ/ਚੱਕਣ ਦੀ ਆਖਰੀ ਕੜੀ ਹੁੰਦੀ ਸੀ।

ਕਈ ਇਲਾਕਿਆਂ ਵਿਚ ਬੋਹਲ ਚੱਕਣ ਸਮੇਂ ਹੀ ਬੋਹਲ ਵਿਚੋਂ ਕੁਝ ਦਾਣੇ ਇਕ ਪਾਸੇ ਕੱਢ ਕੇ ਰੱਖ ਲਏ ਜਾਂਦੇ ਸਨ। ਫੇਰ ਉਨ੍ਹਾਂ ਦੀ ਰੀੜੀ ਵੰਡ ਦਿੱਤੀ ਜਾਂਦੀ ਸੀ। ਹੁਣ ਸਾਰੀਆਂ ਫ਼ਸਲਾਂ ਦੇ ਦਾਣੇ ਮਸ਼ੀਨਰੀ ਨਾਲ ਕੱਢੇ ਜਾਂਦੇ ਹਨ। ਇਸ ਕਰਕੇ ਹੁਣ ਰੀੜੀ ਵੰਡਣ ਦਾ ਰਿਵਾਜ ਬਿਲਕੁਲ ਖਤਮ ਹੋ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.