ਵਿਕੀਪੀਡੀਆ:ਚੁਣਿਆ ਹੋਇਆ ਲੇਖ/21 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਮਸਰ ਸਮਝੌਤਾ ਜਲਗਾਹਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਕੌਮਾਂਤਰੀ ਇਕਰਾਰਨਾਮਾ ਹੈ। ਇਹਦਾ ਨਾਂ ਇਰਾਨ ਦੇ ਰਾਮਸਰ ਸ਼ਹਿਰ ਤੇ ਪਿਆ ਹੈ ਜਿੱਥੇ ਇਹ ਸੰਮੇਲਨ ਹੋਇਆ ਅਤੇ ਇਸ ਸਮਝੌਤੇ ਉੱਤੇ 2 ਫ਼ਰਵਰੀ 1971 ਨੂੰ ਦਸਤਖ਼ਤ ਕੀਤੇ ਗਏ ਸਨ। ਇਸ ਸਮਝੌਤਤ 21 ਦਸੰਬਰ, 1975 ਨੂੰ ਲਾਗੂ ਕੀਤਾ ਗਿਅਾ। ਜਲਗਾਹਾਂ ਮਨੁੱਖੀ ਹੋਂਦ ਲਈ ਜ਼ਰੂਰੀ ਹਨ।ਇਹ ਦੁਨੀਆਂ ਦੇ ਸਭ ਤੋਂ ਉਪਜਾਊ ਵਾਤਾਵਰਨ ਦਾ ਹਿੱਸਾ ਹਨ ਜਿਸ 'ਤੇ ਬੇਅੰਤ ਜੀਅ-ਜੰਤ, ਰੁੱਖ ਅਤੇ ਪਸ਼ੂ-ਪੰਛੀ ਅਤੇ ਖੁਰਾਕੀ ਲੋੜਾਂ ਪੂਰੀਆਂ ਕਰਕੇ ਵਿਗਸਦੇ ਹਨ। ਜਲਗਾਹਾਂ ਦੇ ਮਨੁੱਖਤਾ ਨੂੰ ਵੀ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਤਾਜ਼ਾ ਪਾਣੀ, ਭੋਜਨ ਦੇਣਾ, ਇਮਾਰਤੀ ਸਾਜੋ-ਸਮਾਨ ਦੇਣਾ, ਹੜ੍ਹਾਂ ਨੂੰ ਰੋਕਣਾ, ਜ਼ਮੀਨ ਹੇਠਲੇ ਪਾਣੀ ਦੀ ਪੂਰਤੀ ਕਰਨਾ ਅਤੇ ਪੌਣਪਾਣੀ ਤਬਦੀਲੀ ਨੂੰ ਠੱਲ ਪਾਉਣੀ ਆਦਿ ਮੁੱਖ ਹਨ। ਇਸਦੇ ਬਾਵਜੂਦ ਵੀ ਹਰ ਅਧਿਐਨ ਇਹ ਦਰਸਾਉਂਦਾ ਹੈ ਕਿ ਵਿਸ਼ਵ ਭਰ ਵਿੱਚੋਂ ਜਲਗਾਹਾਂ ਹੇਠਲਾ ਰਕਬਾ ਅਤੇ ਇਸਦੀ ਕੁਆਲਟੀ ਘਟਦੀ ਜਾ ਰਹੀ ਹੈ। ਪਿਛਲੀ ਸਦੀ ਵਿੱਚ ਜਲਗਾਹਾਂ ਅਧੀਨ ਰਕਬੇ ਵਿਚ 64% ਕਮੀ ਆਈ ਹੈ।ਇਸ ਨਾਲ ਇਹਨਾਂ ਦੇ ਮਨੁੱਖਤਾ ਅਤੇ ਜੀਵ-ਜੰਤੂਆਂ ਨੂੰ ਹੋਣ ਵਾਲੇ ਫ਼ਾਇਦਿਆਂ ਵਿਚ ਵੀ ਕਮੀ ਆਈ ਹੈ। ਇਸ ਸਮਝੌਤੇ ਵਿਚ ਸ਼ਾਮਲ ਸਾਰੇ ਦੇਸਾਂ ਨੇ ਜਲਗਾਹਾਂ ਦੀ ਇੱਕ ਖੁੱਲ੍ਹੀ-ਖੁਲਾਸੀ ਪਰਿਭਾਸ਼ਾ ਅਪਣਾਈ ਜਿਸ ਵਿੱਚ ਸਾਰੀਆਂ ਜਲਥਾਂਵਾਂ, ਹਰੇਕ ਝੀਲ ਅਤੇ ਦਰਿਆ, ਦਲਦਲੀ ਇਲਾਕੇ ,ਹਰਿਆਵਲੇ ਅਤੇ ਘਾਹ ਵਾਲੇ ਪੱਤਣ, ਸਾਰੇ ਡੈਲਟਾ, ਜੜਬੂਟਿਆਂ ਵਾਲੇ ਖੇਤਰ, ਮਾਰੂਥਲੀ ਜਲਥਾਵਾਂ, ਸਮੁੰਦਰੀ ਮੂੰਗਾ-ਪੱਥਰ ਥਾਵਾਂ , ਮੱਛੀ ਫਾਰਮ , ਜੀਰੀ ਦੇ ਖੇਤ ਸ਼ਾਮਲ ਹਨ।