ਸਮੱਗਰੀ 'ਤੇ ਜਾਓ

ਗਢੀਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਡੀਰਾ ਤੋਂ ਮੋੜਿਆ ਗਿਆ)

ਗਢੀਰਾ ਜਾਂ ਗਡੀਰਾ ਬੱਚੇ ਨੂੰ ਤੁਰਨਾ ਸਿੱਖਣ ਲਈ ਲੱਕੜੀ ਜਾਂ ਮਿੱਟੀ ਦਾ ਤਪਹੀਆ ਵਸੀਲਾ ਹੁੰਦਾ ਹੈ। ਪਿੰਡਾਂ ਵਿਚ ਘੁਮਿਆਰ ਤੇ ਤਰਖਾਣ ਮੁਦਤਾਂ ਤੋਂ ਗਡੀਰੇ ਬਣਾਉਂਦੇ ਆਏ ਹਨ। ਅੱਜ ਕੱਲ ਬਾਜ਼ਾਰ ਵਿੱਚ ਬੇਬੀ ਵਾਕਰਾਂ ਨੇ ਇਸ ਦੇਸੀ ਵਸੀਲੇ ਦੀ ਥਾਂ ਲੈ ਲਈ ਹੈ।

ਬੱਚਿਆਂ ਨੂੰ ਤੁਰਨਾ ਸਿਖਾਉਣ ਲਈ ਜਿਸ ਰਿੜ੍ਹਨ ਵਾਲੇ ਨਿੱਕੇ ਜਿਹੇ ਢਾਂਚੇ ਦਾ ਸਹਾਰਾ ਲਿਆ ਜਾਂਦਾ ਹੈ, ਉਸ ਨੂੰ ਗਡੀਰਾ ਕਹਿੰਦੇ ਹਨ। ਗਡੀਰੇ ਨੂੰ ਕਈ ਇਲਾਕਿਆਂ ਵਿਚ ਰੇੜਾ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਜਵਾਕ ਖੜ੍ਹਾ ਹੋਣ 'ਤੇ ਤੁਰਨ ਦੀ ਉਮਰ ਵਿਚ ਪਹੁੰਚਦਾ ਸੀ ਉਸ ਸਮੇਂ ਉਸ ਪਰਿਵਾਰ ਦਾ ਤਰਖਾਣ ਗਡੀਰਾ ਬਣਾ ਕੇ ਘਰ ਦੇ ਜਾਂਦਾ ਸੀ। ਆਪਣਾ ਲਾਗ ਲੈ ਜਾਂਦਾ ਸੀ।

ਗਡੀਰਾ ਬਣਾਉਣ ਲਈ ਦੋ ਫੱਟੀਆਂ 2 ਕੁ ਫੁੱਟ ਲੰਮੀਆਂ, 14 ਕੁ ਇੰਚ ਮੋਟੀਆਂ, ਤਿੰਨ ਕੁ ਇੰਚ ਚੌੜੀਆਂ ਤੇ ਦੋ ਫੱਟੀਆਂ 12 ਕੁ ਫੁੱਟ ਲੰਮੀਆਂ ਲਈਆਂ ਜਾਂਦੀਆਂ ਸਨ। ਦੋ ਫੁੱਟ ਦੀਆਂ ਦੋਵੇਂ ਫੱਟੀਆਂ ਦੇ ਕਿਨਾਰਿਆਂ ਤੋਂ ਤਿੰਨ ਕੁ ਇੰਚ ਅੰਦਰ ਕਰ ਕੇ ਸੱਲ ਪਾਏ ਜਾਂਦੇ ਸਨ। 12 ਫੁੱਟ ਵਾਲੀਆਂ ਫੱਟੀ ਦੇ ਸਿਰਿਆਂ 'ਤੇ ਚੂਲ ਪਾਏ ਜਾਂਦੇ ਸਨ। ਫੇਰ ਫੱਟੀਆਂ ਦੀਆਂ ਸੱਲਾਂ ਵਿਚ ਚੂਲਾਂ ਨੂੰ ਫਿੱਟ ਕਰ ਕੇ ਫਰੇਮ ਬਣਾਇਆ ਜਾਂਦਾ ਸੀ। ਇਸ ਫਰੇਮ ਦੇ ਹੇਠਲੇ ਦੋਵੇਂ ਪਾਸੇ ਜੋ ਤਿੰਨ ਤਿੰਨ ਇੰਚ ਫੱਟੀ ਬਾਹਰ ਰਹਿ ਜਾਂਦੀ ਸੀ, ਉਸ ਫੱਟੀ ਨੂੰ ਗੋਲ ਕਰਕੇ ਵਿਚ ਦੋਵੇਂ ਪਾਸੇ ਛੋਟੇ ਜਿਹੇ ਲੱਕੜ ਦੇ ਪਹੀਏ ਫਿੱਟ ਕੀਤੇ ਜਾਂਦੇ ਸਨ। ਪਹੀਆਂ ਵਾਲੀ ਫੱਟੀ ਦੇ ਵਿਚਾਲੇ ਵੀ ਇਕ ਸੱਲ੍ਹ (ਮੋਰੀ) ਪਾਇਆ ਹੁੰਦਾ ਸੀ ਜਿਸ ਵਿਚ 6/7 ਕੁ ਇੰਚ ਲੰਮੀ ਤੇ ਤਿੰਨ ਕੁ ਇੰਚ ਚੌੜੀ ਫੱਟੀ ਵਿਚ ਚੂਲ ਪਾ ਕੇ ਉਸ ਵਿਚ ਫਿੱਟ ਕੀਤੀ ਜਾਂਦੀ ਸੀ। ਇਸ ਫੱਟੀ ਦੇ ਦੂਸਰੇ ਸਿਰੇ ਵਿਚ ਵੀ ਛੋਟਾ ਜਿਹਾ ਲੱਕੜ ਦਾ ਪਹੀਆ ਫਿੱਟ ਕੀਤਾ ਹੁੰਦਾ ਸੀ। ਇਸ ਤਰ੍ਹਾਂ ਗਡੀਰਾ ਬਣਦਾ ਸੀ।

ਹੁਣ ਪਿੰਡਾਂ ਦੇ ਤਰਖਾਣ ਗਡੀਰੇ ਨਹੀਂ ਬਣਾਉਂਦੇ। ਹੁਣ ਬਾਜ਼ਾਰ ਵਿਚੋਂ ਵੀ ਲੱਕੜ ਦੇ ਬਣੇ ਗਡੀਰੇ ਬਹੁਤ ਘੱਟ ਮਿਲਦੇ ਹਨ। ਹੁਣ ਪਲਾਸਟਿਕ ਦੇ ਨਵੀਂ ਕਿਸਮ ਦੇ ਬਣੇ ਗਡੀਰੇ, ਜਿਸ ਨੂੰ ਵਾਕਰ ਕਹਿੰਦੇ ਹਨ, ਜ਼ਿਆਦਾ ਵਰਤੇ ਜਾਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.