ਗਿਆਨੀ ਆਤਮਾ ਸਿੰਘ ਸ਼ਾਂਤ
ਗਿਆਨੀ ਆਤਮਾ ਸਿੰਘ ਸ਼ਾਂਤ ਪੰਜਾਬੀ ਦਾ ਇੱਕ ਦੇਸ਼ ਭਗਤ ਕਵੀ ਸੀ ਜਿਸ ਨੇ ਆਪਣੀ ਕਾਵਿ ਰਚਨਾ ਰਾਹੀਂ ਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਆਪਣਾ ਯੋਗਦਾਨ ਪਾਇਆ। ਕਵੀ ਦੇ ਨਾਲ ਨਾਲ ਉਹ ਗਿਆਨੀ ਜੀ ਕਥਾ ਕੀਰਤਨੀਏ ਅਤੇ ਅਧਿਆਪਕ ਵੀ ਸਨ ਜਿਨਾਂ ਨੇ ਲਗਾਤਾਰ ਤਕਰੀਬਨ 30 ਸਾਲ ਪੰਜਾਬੀ ਅਧਿਆਪਕ ਦੇ ਤੌਰ 'ਤੇ ਸੇਵਾਵਾਂ ਨਿਭਾਈਆਂ।
ਜੀਵਨ
[ਸੋਧੋ]ਗਿਆਨੀ ਆਤਮਾ ਸਿੰਘ ਸ਼ਾਂਤ ਦਾ ਜਨਮ ਅਪ੍ਰੈਲ 1906 ਵਿੱਚ ਜ਼ਿਲ੍ਹਾ ਅੰਬਾਲਾ ਅੱਜ ਕੱਲ ਜ਼ਿਲਾ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਖਰੜ-ਬਨੂੜ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਸਥਿਤ ਪਿੰਡ ਸੰਤੇੇ ਮਾਜਰਾ ਵਿੱਚ ਹੋਇਆ।ਉਸ ਦੇ ਪਿਤਾ ਦਾ ਨਾਮ ਵਰਿਆਮ ਸਿੰਘ ਤੇ ਮਾਤਾ ਦਾ ਨਾਮ ਮਹਿਤਾਬ ਕੌਰ ਸੀ। ਉਸਦੇ ਪਿਤਾ ਵਰਿਆਮ ਸਿੰਘ ਅੰਗਰੇਜ਼ੀ ਫੌਜ ਵਿੱਚ ਸਨ। ਗੁਰਮਤਿ ਵਿਚਾਰਾਂ ਦੇ ਧਾਰਨੀ ਪਿਤਾ ਦਾ ਆਤਮਾ ਸਿੰਘ ਤੇ ਐਨਾ ਅਸਰ ਹੋਇਆ ਕਿ ਉਹ ਆਪਣੀ ਸੱਤਵੀਂ ਦੀ ਪੜ੍ਹਾਈ ਵਿੱਚੇ ਛੱਡ ਕੇ ਭਾਈ ਰਣਧੀਰ ਸਿੰਘ ਦੇ ਜਥੇ ਵਿੱਚ ਸ਼ਾਮਲ ਹੋ ਗਿਆ। ਇਸ ਸਮੇਂ ਦੌਰਾਨ ਹੀ ਉਹ ਕਥਾ ਕੀਰਤਨ ਕਰਦਿਆਂ ਵਧੀ ਲਾਲਸਾ ਦੀ ਪੂਰਤੀ ਲਈ ਪਹਿਲਾਂ ਤਰਨਤਾਰਨ ਦੇ ਖਾਲਸਾ ਪ੍ਰਚਾਰਕ ਵਿਦਿਆਲਾ ਵਿੱਚ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਖਾਲਸਾ ਸਕੂਲ ਹੁਸ਼ਿਆਰਪੁਰ ਤੋਂ 1924 ਵਿੱਚ ਗਿਆਨੀ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਦਿੱਲੀ ਦੇ ਸਰਦਾਰ ਧਰਮ ਸਿੰਘ ਠੇਕੇਦਾਰ ਦੁਆਰਾ ਪੰਜਾਬ ਦੇ ਪਿੰਡਾਂ ਵਿੱਚ ਸਿੱਖਿਆ ਸਹੂਲਤ ਲਈ 'ਗੁਰੂ ਨਾਨਕ ਵਿੱਦਿਆ ਭੰਡਾਰ' ਨਾਂ ਹੇਠ ਖੋਲੇ ਸਕੂਲਾਂ ਵਿੱਚ ਪੜ੍ਹਾਇਆ। ਉਸ ਤੋਂ ਬਾਅਦ ਉਸ ਨੇ 1928 ਵਿੱਚ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਅਧਿਆਪਨ ਸਿਖਲਾਈ O.T. ਦੀ ਸਿਖਲਾਈ ਲਈ ਤੇ ਜ਼ੱਲਾ ਬੋਰਡ, ਅੰਬਾਲਾ ਵਿੱਚ ਬਤੌਰ ਪੰਜਾਬੀ ਅਧਿਆਪਕ ਭਰਤੀ ਹੋ ਗਿਆ। ਇਹ ਨੌਕਰੀ ਉਸ ਨੇ ਕਰੀਬ 30 ਸਾਲ ਕੀਤੀ ਤੇ ਅੰਬਾਲੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਪੜ੍ਹਾਇਆ। ਇਹ ਉਹ ਸਮਾਂ ਸੀ ਜਦੋਂ ਆਤਮਾ ਸਿੰਘ ਅਧਿਆਪਨ ਦੇ ਨਾਲ ਦੇਸ਼ ਭਗਤੀ ਕਵਿਤਾ ਦੀ ਰਚਨਾ ਕਰਕੇ ਅਜ਼ਾਦੀ ਸੰਗਰਾਮ ਵਿੱਚ ਆਪਣਾ ਹਿੱਸਾ ਪਾ ਰਿਹਾ ਸੀ। ਆਖਰ 31 ਅਕਤੂਬਰ 1994 ਨੂੰ ਉਸ ਦਾ ਉਸ ਦਾ ਦੇਹਾਂਤ ਹੋ ਗਿਆ।
ਕਾਵਿ ਨਮੂਨਾ
[ਸੋਧੋ]ਮੁਹੱਬਤ ਦੇਸ਼ ਦੀ ਮੈਨੂੰ ਨਾ
ਇੱਕ ਪਲ ਬਹਿਣ ਦੇਂਦੀ ਹੈ।
ਧਸੀ ਹੈ ਵਿੱਚ ਸੀਨੇ ਦੇ
ਨਸ਼ਾ ਨਾ ਲਹਿਣ ਦੇਂਦੀ ਹੈ।
ਸਦਾ ਹੀ ਬੇਕਰਾਰੀ ਵਿੱਚ
ਬਤਾਵੇ ਰਾਤ ਦਿਨ ਮੇਰਾ
ਘੜੀ ਪਲ ਵੀ ਕਿਤੇ ਨਾ ਹੀ
ਲੈਣੇ ਚੈਨ ਦੇਂਦੀ ਹੈ।
ਮੁਲਕ ਫਸਿਆ ਰਵੇ,
ਪੰਜੇ ਸਦਾ ਨੂੰ ਹੀ ਗੁਲਾਮੀ ਦੇ,
ਅਣਖ ਨੂੰ ਮਾਰਦੀ ਹੂਟਾ
ਨਾ ਇਹ ਦੁੱਖ ਸਹਿਣ ਦੇਂਦੀ ਹੈ।
ਤੜਪਾਏ ਵਾਂਗ ਮੱਛੀ ਦੇ
ਭੁਲਾ ਕੇ ਸੁੱਧ ਬੁੱਧ ਸਾਰੀ,
ਦਏ ਘਬਰਾਹਟ ਕਰ ਪੈਦਾ,
ਨਾ 'ਸ਼ਾਂਤ' ਦਿਲ ਰਹਿਣ ਦੇਂਦੀ ਹੈ।