ਸਮੱਗਰੀ 'ਤੇ ਜਾਓ

ਡੀ.ਐੱਨ.ਏ.

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡੀ.ਐਨ.ਏ (ਜੀਵਨ ਕਣ) ਤੋਂ ਮੋੜਿਆ ਗਿਆ)

ਜੀਵਨ ਨੂੰ ਸਮੁੱਚੇ ਤੌਰ ’ਤੇ ਸਮਝਣ ਲਈ ਇਸ ਦੇ ਨਿਕਾਸ ਅਤੇ ਵਿਕਾਸ ਦੇ ਮੁੱਢਲੇ ਤੱਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵੀਹਵੀਂ ਸਦੀ ਦਾ ਪ੍ਰਮੁੱਖ ਅਤੇ ਪ੍ਰਬੁੱਧ ਵਿਕਾਸ ਵਿਗਿਆਨੀ ਯੂਲੀਅਨ ਹਕਸਲੇ (Julian Huxley) ਜੀਵਨ ਦੇ ਆਰੰਭ ਬਾਰੇ ਤਿੰਨ ਮਨੌਤਾਂ (Hypothesis) ਨੂੰ ਮੁੱਖ ਰੱਖ ਕੇ ਆਪਣੇ ਵਿਚਾਰ ਵਿਅਕਤ ਕਰਦਾ ਹੈ। ਉਹ ਮਨੌਤਾਂ ਇਹ ਹਨ:

(ੳ) ਅਲੌਕਿਕ ਸਿਰਜਣਾ (Super natural creation)

(ਅ) ਬਾਹਰੋਂ ਪਰਵੇਸ਼ (Extraterrestrial migration)

(ੲ) ਸੁਜੀਵੀ ਵਿਕਾਸ (Organic evolution)

ਹਕਸਲੇ ਅਨੁਸਾਰ ਪਹਿਲੀ ਮਨੌਤ ਵਿਗਿਆਨ ਵਿਰੋਧੀ ਹੈ ਅਤੇ ਇਸ ਲਈ ਇਹ ਸਿੱਧ ਨਹੀਂ ਕੀਤੀ ਜਾ ਸਕਦੀ। ਸੁਜਿੰਦ ਅਤੇ ਨਿਰਜਿੰਦ ਵਸਤੂ ਇੱਕ ਪ੍ਰਕਾਰ ਦੇ ਪ੍ਰਮਾਣੂਆਂ ਤੋਂ ਬਣੇ ਹੋਏ ਹਨ। ਇਹਨਾਂ ਦੀ ਰਸਾਇਣਕ ਕਿਰਿਆ (Chemical reactions) ਦੇ ਸਿਧਾਂਤ ਵੀ ਇੱਕੋ ਹਨ। ਨਾਲੇ ਜੀਵ ਦੇ ਆਰੰਭ ਬਾਰੇ ਕਿਸੇ ਦੈਵੀ ਸ਼ਕਤੀ ਦੀ ਹੋਂਦ ਦਾ ਕੋਈ ਪ੍ਰਮਾਣ ਨਹੀਂ ਮਿਲਦਾ। ਹਕਸਲੇ ਦੇ ਆਪਣੇ ਸ਼ਬਦਾਂ ਵਿੱਚ: ”To postulate a divine interference with these exchanges of matter and energy at a particular moment in earth's history is both unnecesary and illogical.It is as illogical as it would be to postulate divine interference at each act of fertilization of ovum by sperm,"Evolution in Action,1964) ਦੂਜੀ ਮਨੌਤ ਸੰਭਵ ਵੀ ਹੋਵੇ ਪਰ ਸਵਾਲ ਤਾਂ ਥਾਂ- ਦੀ-ਥਾਂ ਖੜ੍ਹਾ ਰਹਿੰਦਾ ਹੈ। ਭਾਵ ਕਿ ਬ੍ਰਹਿਮੰਡ ਦੇ ਕਿਸੇ ਹੋਰ ਹਿੱਸੇ ਵਿੱਚ ਵੀ ਜੀਵਨ ਦਾ ਆਰੰਭ ਕਿਵੇਂ ਹੋਇਆ ਹੋਵੇਗਾ? ਤੀਜੀ ਮਨੌਤ ਸੰਭਵ ਜਾਪਦੀ ਹੈ ਕਿਉਂਕਿ ਇਹ ਅਕਲ ਦੇ ਗੇੜ ਵਿੱਚ ਆ ਸਕਦੀ ਹੈ, ਭਾਵ ਕਿ ਇਸ ਦਾ ਵਿਗਿਆਨਕ ਸਪਸ਼ਟੀਕਰਨ ਸੰਭਵ ਹੈ। ਸੁਜੀਵੀ ਵਿਕਾਸ ਅਨੁਸਾਰ, ਜੀਵਨ ਨਿਰਜਿੰਦ ਪ੍ਰਮਾਣੂਆਂ ਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਹੋਂਦ ਵਿੱਚ ਆਇਆ। ਸਵਾਲ ਪੈਦਾ ਹੁੰਦਾ ਹੈ ਕਿ ਅਜਿਹੀ ਰਸਾਇਣਕ ਕਿਰਿਆ ਕਿਉਂ ਨਹੀਂ ਵਾਪਰਦੀ ਅਰਥਾਤ ਅੱਜ ਜੀਵਨ ਕੀ ਹੈ?

ਕੱਲ ਜੀਵਨ ਨਿਰਜਿੰਦ ਪ੍ਰਮਾਣੂਆਂ ਤੋਂ ਕਿਉਂ ਨਹੀਂ ਉਤਪੰਨ ਹੁੰਦਾ? ਉੱਤਰ ਵਿੱਚ ਏਨਾ ਕਹਿਣਾ ਕਾਫ਼ੀ ਹੈ ਕਿ ਮੁੱਢਲਾ ਵਾਤਾਵਰਣ ਬਗੈਰ ਆਕਸੀਜਨ (Reducing Atmosphere) ਤੋਂ ਸੀ ਜਿਸ ਦੇ ਕਾਰਨ ਕਿਸੇ ਸੁਜੀਵੀ ਕਣਾਂ ਦੇ ਵਿਗਸਣ ਵਿੱਚ ਰੁਕਾਵਟ ਨਹੀਂ ਸੀ। ਆਕਸੀਜਨ ਤੋਂ ਬਗੈਰ ਵਾਤਾਵਰਣ ਨਾਸ਼ਵਾਨ ਨਹੀਂ ਹੁੰਦਾ। ਅੱਜ ਦਾ ਵਾਤਾਵਰਣ ਆਕਸੀਜਨ ਭਰਪੂਰ (Oxidizing) ਹੋਣ ਕਾਰਨ ਨਾਸ਼ਵਾਨ ਹੈ। ਜੇ ਦੇਖਿਆ ਜਾਵੇ ਤਾਂ ਜੰਮਣਾ ਅਤੇ ਮਰਨਾ ਵਾਤਾਵਰਣ ਵਿੱਚ ਆਕਸੀਜ਼ਨ ਦੇ ਪੈਦਾ ਹੋਣ ਨਾਲ ਹੀ ਹੋਂਦ ਵਿੱਚ ਆਇਆ। ਜੀਵਨ ਦਾ ਆਰੰਭ ਉਸ ਵੇਲੇ ਦੇ ਵਾਤਾਵਰਨ ਵਿਚੋਂ ਮਿਲਦੀਆਂ ਗੈਸਾਂ ਤੋਂ ਹੋਇਆ ਜਾਪਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੀਵਨ ਕਿੱਦਾਂ ਵਿਗਸਿਆ? ਜੀਵਨ ਦੇ ਵਿਗਸਣ ਲਈ ਤਿੰਨ ਵਿਧੀਆਂ ਜਰੂਰੀ ਹਨ। ੳ) ਆਤਮ ਨਿਰਵਾਹ (Autopoeisis) ਅਰਥਾਤ ਆਪਣੇ ਆਪ ਦੀ ਪੁਨਰ-ਉਕਤੀ (Self - maintenance). ਅ) ਵਾਧਾ (growth). ੲ) ਦੋਹਰ ਜਾਂ ਪ੍ਰਤੀਰੂਪ (Replication) ਅਰਥਾਤ ਆਪਣੇ ਆਪ ਨੂੰ ਦੁਹਰਾਉਣਾ। ਉਪਰੋਕਤ ਤਿੰਨ ਵਿਧੀਆਂ ਜੀਵਨ ਦੇ ਆਰੰਭ ਅਤੇ ਉਸ ਨੂੰ ਚੱਲਦਾ ਰੱਖਣ ਲਈ ਕੰਮ ਆਈਆਂ। ਪਰ ਜੀਵਨ ਵਿੱਚ ਵਿਭਿੰਨਤਾ ਨਾ ਪੈਦਾ ਕਰ ਸਕੀਆਂ। ਪਹਿਲੇ ਤਿੰਨ ਅਰਬ ਸਾਲ ਜੀਵਨ ਉਪਰੋਕਤ ਵਿਧੀਆਂ ਦੁਆਰਾ ਧਰਤੀ ’ਤੇ ਬਰਕਰਾਰ ਅਤੇ ਸਥਿਰ ਰਿਹਾ। ਉਸ ਵੇਲੇ ਦਾ ਜੀਵਨ, ਜੀਵਤ ਤਾਂ ਸੀ ਪਰ ਜਿਉਂਦਾ-ਜਾਗਦਾ ਨਹੀਂ ਸੀ। ਉਸ ਵਿੱਚ ਜਾਨ ਤਾਂ ਸੀ ਪਰ ਜੀਵਨ-ਜਾਂਚ ਨਹੀਂ ਸੀ। ਭਿੰਨਤਾ ਅਤੇ ਜੀਵਨ ਜਾਂਚ ਲਿੰਗ ਦੇ ਵਿਗਸਣ ਉਪਰੰਤ ਆਈਆਂ। ਦੋਹਰ ਜਾਂ ਪ੍ਰਤੀਰੂਪ ਇੱਕ ਪ੍ਰਕਾਰ ਨਾਲ ਜੀਵਨ ਦੇ ਪੁਨਰ ਉਤਪਾਦਨ ਜਾਂ ਨਸਲੀ-ਵਾਧੇ (Reproduction) ਮਾਤਰ ਹੀ ਹੈ। ਅੰਤਰ ਕੇਵਲ ਏਨਾ ਹੈ ਕਿ ਪ੍ਰਤੀਰੂਪ ਜੀਵਨ ਦਾ ਚਿਹਨ-ਚੱਕਰ ਜਾਂ ਚਿਹਰਾ-ਮੋਹਰਾ ਨਹੀਂ ਬਦਲਦਾ, ਸਿਰਫ਼ ਮਿਲਦੇ ਜੁਲਦੇ ਮੜੰਗੇ (ਕਾਰਬਨ ਕਾਪੀਜ਼) ਹੀ ਪੈਦਾ ਕਰਦਾ ਜੀਵ ਵਿਗਿਆਨ ਹੈ। ਇਸ ਰਾਹੀਂ ਗਿਣਾਤਮਕ (Quantitative) ਸਮਾਨਤਾ ਪੈਦਾ ਹੁੰਦੀ ਹੈ, ਉਸੇ ਤਰ੍ਹਾਂ ਜਿਵੇਂ ਕਲੋਨਿੰਗ ਰਾਹੀਂ ਹੁੰਦੀ ਹੈ। ਪਰ ਗੁਣਨਾਤਮਿਕ (Qualitative) ਭਿੰਨਤਾ ਨਹੀਂ ਵਿਗਸਦੀ। ਲਿੰਗ ਦੇ ਵਿਕਾਸ ਨਾਲ ਜੀਵਨ ਵਿੱਚ ਵਿਭਿੰਨਤਾ ਆਈ। ਫਲਸਰੂਪ, ਵੰਨ-ਸੁਵੰਨਤਾ ਦਾ ਪ੍ਰਵੇਸ਼ ਹੋਇਆ। ਪੁਨਰ ਉ ਤਪਾਦਨ ਅਲਿੰਗਕ (Asexual) ਅਤੇ ਲਿੰਗਕ (Sexual) ਵਿਧੀਆਂ ਰਾਹੀਂ ਹੋ ਸਕਦਾ ਹੈ। ਲਿੰਗਕ ਪੁਨਰ ਉਤਪਾਦਨ ਕਿਉਂਕਿ ਮਾਂ-ਬਾਪ ਦੇ ਜੀਨਜ਼ ਦੀ ਅਦਲਾ ਬਦਲੀ ਕਰਦਾ ਹੈ ਇਸ ਲਈ ਭਿੰਨਤਾ ਦਾ ਮੂਲ ਸੋਮਾ ਹੈ। ਜੀਵਨ ਦਾ ਮੂਲ ਕਣ ਡੀ.ਐੱਨ.ਏ. (D.N.A) ਹੈ ਅਤੇ ਇਹੀ ਉਤਪਤੀ ਵਿਗਿਆਨ (Genetics) ਦੀ ਸਮੱਗਰੀ ਹੈ। ਪ੍ਰਤੀਰੂਪ ਜਾਂ ਦੋਹਰ ਅਤੇ ਪੁਨਰ ਉਤਪਾਦਨ ਵਿਧੀਆਂ ਡੀ.ਐੱਨ.ਏ ਕਣ ਦਾ ਕੋਸ਼ਾਂ ਵਿੱਚ ਦੁੱਗਣਾ ਹੋਣ ’ਤੇ ਨਿਰਭਰ ਹਨ। ਪ੍ਰਤੀਰੂਪ ਦੁਆਰਾ ਇੱਕ ਕੋਸ਼ ਤੋਂ ਦੋ ਜੁੜਵੇਂ ਕੋਸ਼ ਪੈਦਾ ਹੁੰਦੇ ਹਨ ਜੋ ਇੱਕ ਦੂਜੇ ਦੀ ਕਾਪੀ ਹੁੰਦੇ ਹਨ। ਪੁਨਰ ਉਤਪਾਦਨ ਰਾਹੀਂ ਡੀ.ਐੱਨ.ਏ ਦੀਆਂ ਦੋ (ਮਾ+ਪਿਓ) ਕਾਪੀਆਂ ਵਿਚਕਾਰ ਅਦਲਾ ਬਦਲੀ ਹੁੰਦੀ ਹੈ ਜਿਸ ਰਾਹੀਂ ਮਾਂ-ਬਾਪ ਦੇ ਜੀਨਜ਼ ਇੱਕ ਦੂਜੇ ਨਾਲ ਰਲ ਮਿਲ ਜਾਂਦੇ ਹਨ। ਇਹ ਪ੍ਰਕਿਰਿਆ ਮਾਂ ਦੇ ਅੰਡੇ ਅਤੇ ਪਿਓ ਦੇ ਸਪਰਮ ਵਿਚਕਾਰ ਮਿਲਣ ਦੌਰਾਨ ਹੁੰਦੀ ਹੈ ਜਦ ਜੀਵਨ ਦਾ ਮੁੱਢਲਾ ਕੋਸ਼ ਹੋਂਦ ਵਿੱਚ ਆਉਂਦਾ ਹੈ। ਇਸ ਕਰਕੇ ਜਿਹੜੇ ਕੋਸ਼ ਜੀਵਨ ਦੇ ਆਰੰਭਕ ਜਾਂ ਮੁੱਢਲੇ ਕੋਸ਼ ਤੋਂ ਉਤਪੰਨ ਹੁੰਦੇ ਹਨ, ਉਹ ਮੁੱਢਲੇ ਕੋਸ਼ ਨਾਲੋਂ ਵੀ ਅਤੇ ਆਪਸ-ਵਿਚੀ ਵੀ ਵੱਖਰੇ-ਵੱਖਰੇ ਹੁੰਦੇ ਹਨ, ਭਾਵ ਇਹ ਕਿ ਉਤਪਤੀ ਵਿਗਿਆਨ ਪੱਖੋਂ ਇਹ ਇੱਕ ਦੂਜੇ ਤੋਂ ਸੁਜੀਵੀ ਰੂਪ ਵਿੱਚ ਜੁਦਾ-ਜੁਦਾ ਜਾਪਦੇ ਹਨ। ਪ੍ਰਤੀਰੂਪ ਨਸਲ-ਵਾਧਾ, ਇਕਸਾਰ ਅਣਸੁਖਾਵੇਂ ਵਾਤਾਵਰਣ ਵਿੱਚ ਵਧੇਰੇ ਪ੍ਰਬਲ ਹੈ ਜਦਕਿ ਪੁਨਰ ਉਤਪਾਦਨ ਰਾਹੀਂ ਨਸਲ-ਵਾਧਾ ਅਣਸੁਖਾਵੇਂ ਅਤੇ ਬਦਲਦੇ ਵਾਤਾਵਰਣ ਵਿੱਚ ਵਧੇਰੇ ਕਾਮਯਾਬ ਸਿੱਧ ਹੁੰਦਾ ਹੈ। ਡਾਰਵਿਨੀਅਨ ਵਿਕਾਸ (Darwinian evolution) ਪੁਨਰ ਉਤਪਾਦਨ ’ਤੇ ਨਿਰਭਰ ਹੈ। ਅਜੋਕੇ ਸਿਧਾਂਤ ਅਨੁਸਾਰ ਜੀਵਨ ਦਾ ਪਹਿਲਾ ਕਣ ਆਰ.ਐੱਨ.ਏ (R.N.A) ਸੀ ਜਿਸ ਦੇ ਆਧਾਰ ’ਤੇ ਡੀ.ਐੱਨ.ਏ ਅਤੇ ਪਾਚਣ ਰਸ (enzymes) ਵਿਗਸਤ ਹੋਏ। ਡੀ.ਐੱਨ.ਏ ਵਿਗਸਦਾ ਵਿਗਸਦਾ ਪ੍ਰਥਮ ਕਣ ਬਣ ਗਿਆ ਕਿਉਂਕਿ ਜੀਨਜ਼ ਸਾਰੇ ਇਸ ਕਣ ਵਿੱਚ ਇਕੱਤਰ ਹੋ ਗਏ। ਕੋਸ਼ ਅੰਦਰ ਡੀ.ਐੱਨ.ਏ ਦੇ ਦੋਹਰੇ ਰੂਪ (Duplicate form) ਵਿੱਚ ਹੋਣ ਕਾਰਨ ਜੀਨਜ਼ ਦੀ ਅਦਲਾ ਬਦਲੀ ਸੰਭਵ ਹੋ ਗਈ। ਡੀ.ਐੱਨ.ਏ ਵਿਚਲੇ ਜੀਨਜ਼ ਦੇ ਆਧਾਰ ’ਤੇ ਹੀ ਕੋਸ਼ਾਂ ਦੀ ਪਾਚਣ ਸ਼ਕਤੀ ਅਤੇ ਹੋਰ ਰਸਾਇਣਕ ਕਿਰਿਆਵਾਂ ਸੰਭਵ ਹੈ। ਜੀਵਨ ਦੇ ਮੁੱਢਲੇ ਕੋਸ਼ਾਂ ਵਿੱਚ ਜਦ ਡੀ.ਐੱਨ.ਏ ਕਣ ਵਿਗਸਤ ਹੋਇਆ ਹੋਵੇਗਾ, ਪ੍ਰਤੀਰੂਪ ਅਤੇ ਪੁਨਰ ਉਤਪਾਦਨ ਦਾ ਨਿਕਾਸ ਅਤੇ ਵਿਕਾਸ ਵੀ ਉਸ ਵੇਲੇ ਸੰਭਵ ਹੋ ਸਕਿਆ ਹੋਵੇਗਾ। ਆਤਮ ਨਿਰਬਾਹ (Autopoesis) ਉਸਾਰੂ ਰਸਾਇਣਕ ਕਿਰਿਆ ’ਤੇ ਨਿਰਭਰ ਹੈ ਅਤੇ ਰਸਾਇਣਕ ਕਿਰਿਆ ਪਾਚਕ ਰਸਾਂ ਦੇ ਸਹਾਰੇ ਵਾਪਰਦੀ ਹੈ ਜੋ (ਪਾਚਕ ਰਸ) ਡੀ.ਐੱਨ.ਏ ਦੇ ਅਧੀਨ ਹਨ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਆਤਮ ਨਿਰਬਾਹ ਜੀਵਨ ਦੇ ਪੱਖ ਤੱਕ ਹੀ ਸੀਮਿਤ ਹੈ, ਉਸ ਨੂੰ ਜਿਉਂਦਾ ਜਾਗਦਾ ਨਹੀਂ ਬਣਾਉਂਦਾ। ਇਸ ਪ੍ਰਕਿਰਿਆ ਵਿੱਚ ਵੀ ਡੀ.ਐੱਨ.ਏ ਕਣ ਦਾ ਹੱਥ ਹੈ। ਆਤਮ ਨਿਰਬਾਹ ਰਾਹੀਂ ਜੀਵ ਅਤੇ ਆਪਣੇ ਆਪ ਦੀ ਪੁਨਰ-ਉਕਤੀ ਕਿਵੇਂ ਕਰਦੇ ਹਨ? ਸਾਰੇ ਆਤਮ ਨਿਰਬਾਹੀ ਜੀਵ (ਇਕ ਕੋਸ਼ੇ ਜਾਂ ਬਹੁ- ਕੋਸ਼ੇ) ਉਸਾਰੂ ਰਸਾਇਣਕ ਕਿਰਿਆਵਾਂ ਰਾਹੀਂ ਜੀਵਤ ਪ੍ਰਤੀਤ ਹੁੰਦੇ ਹਨ ਕਿਉਂਕਿ ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨਾਲ ਗੈਸਾਂ ਅਤੇ ਹੋਰ ਪਦਾਰਥ ਸਾਂਝੇ ਕਰਦੇ ਹਨ। ਸਾਰੇ ਜੀਵ ਬਾਹਰੀ ਤੌਰ ’ਤੇ ਇੱਕ ਪਤਲੀ ਜਿਹੀ ਅਰਧਮੁਸਾਮੀ (Semipermiable)ਝਿੱਲੀ ਅਤੇ ਅੰਦਰੂਨੀ ਤੌਰ ’ਤੇ ਗਾੜ੍ਹੇ ਪਾਣੀ ਵਰਗੇ ਤਰਲ ਪਦਾਰਥ ਦੇ ਬਣੇ ਹੋਏ ਹੁੰਦੇ ਹਨ। ਇਹਨਾਂ ਦੇ ਅੰਦਰ ਡੀ.ਐੱਨ.ਏ ਕਣ ਹੁੰਦਾ ਹੈ। ਜੋ ਇੱਕ ਕਿਸਮ ਦਾ ਕੋਸ਼ ਦਾ ਸੂਚਨਾ-ਕੇਂਦਰ (Information center) ਹੈ। ਇਸ ਕਣ ਦੇ ਹੁਕਮ ਅਧੀਨ ਜੀਵਨ ਦੀਆਂ ਚਾਰੋਂ ਵਿਧੀਆਂ (ਆਤਮਨਿਰਬਾਹ, ਪ੍ਰਤੀਰੂਪ, ਪੁਨਰ-ਉਤਪਾਦਨ ਅਤੇ ਵਾਧਾ) ਚੱਲਦੀਆਂ ਹਨ। ਇਸ ਲਈ ਇਸ ਅਧਿਆਇ ਵਿੱਚ ਪੁੱਛਿਆ ਗਿਆ ਮੁੱਢਲਾ ਪ੍ਰਸ਼ਨ, ‘ਜੀਵਨ ਕੀ ਹੈ? ਦੀ ਥਾਵੇਂ ਡੀ.ਐੱਨ.ਏ ਕੀ ਹੈ?’ ਵਿੱਚ ਬਦਲ ਜਾਂਦਾ ਹੈ।

ਡੀ ਐਨ ਏ ਦੀ ਬਣਤਰ double helix

ਡੀ.ਐੱਨ.ਏ (Deoxyribonucleic acid) ਜੀਵਨ ਦਾ ਪ੍ਰਥਮ ਕਣ ਹੈ ਜਿਸ ਤੋਂ ਬਗੈਰ ਕੋਈ ਵੀ ਜੀਵ, ਨਿੱਕੇ ਤੋਂ ਨਿੱਕਾ ਅਤੇ ਵੱਡੇ ਤੋਂ ਵੱਡਾ, ਜਿਉਂਦਾ ਜਾਗਦਾ ਪ੍ਰਤੀਤ ਨਹੀਂ ਹੁੰਦਾ। ਡੀ.ਐੱਨ.ਏ ਦੀ ਪਛਾਣ ਸਭ ਤੋਂ ਪਹਿਲਾ 1928 ਵਿੱਚ ਫਰੈਡਰਿਕ ਗ੍ਰਿਫਥ ਨੇ ਕੀਤੀ ਜਿਸ ਦੀ ਪੁਸ਼ਟੀ 1944 ਵਿੱਚ ਤਿੰਨ ਵਿਗਿਆਨੀਆਂ (ਔਸਵਾਲਡ ਐਵਰੀ, ਕੋਲਿਨ ਮਕਲਾਉਡ ਅਤੇ ਮੈਕਨੀਸ ਮਕਾਰਟੀ) ਨੇ ਕੀਤੀ। ਇਸ ਦੀ ਰਸਾਇਣਕ ਬਣਤਰ ਦੀ ਪਹਿਚਾਣ 1953 ਵਿੱਚ ਜੇਮਜ਼ ਵਾਟਸਨ ਅਤੇ ਫਰਾਂਸਿਸ ਕ੍ਰਿਕ ਨੇ ਕਤੀ। ਰਸਾਇਣਕ ਬਣਤਰ ਦੇ ਅਨੁਸਾਰ ਡੀ.ਐੱਨ.ਏ ਮੋਟੇ ਤੌਰ ’ਤੇ ਰਾਈਬੋਜ਼ ਸ਼ੂਗਰ (Ribose sugar) ਫੌਸਫੇਟ (Phosphate) ਅਤੇ ਚਾਰ ਨਿਯੂਕਲਿਉਟਾਈਡਜ਼ (Nucleotides) ਤੋਂ ਬਣਿਆ ਹੋਇਆ ਕਣ ਹੈ। ਜਿਸ ਦੀ ਬਣਤਰ ਇੱਕ ਚੂੜੀਦਾਰ ਪੌੜੀ ਵਰਗੀ ਹੈ ਜੋ ਉੱਚੀਆਂ-ਉੱਚੀਆਂ ਇਮਾਰਤਾਂ ਦੇ ਕੇਂਦਰ ਵਿੱਚੋਂ ਵਲੇਵੇਂ ਖਾਂਦੀ ਉੱਪਰਲੀ ਛੱਤ ਤੱਕ ਜਾਂਦੀ ਹੈ। ਪੌੜੀ ਦੀ ਸੱਜੀ ਅਤੇ ਖੱਬੀ ਬਾਹੀ ਨੂੰ ਡੀ.ਐੱਨ.ਏ ਦੀਆਂ ਦੋ ਲੜੀਆਂ (Double helix ) ਨਾਲ ਮੇਲਿਆ ਜਾ ਸਕਦਾ ਹੈ ਅਤੇ ਪੌੜੀ ਦੇ ਡੰਡਿਆਂ ਦੀ ਚਾਰ ਨਿਯੂਕਲਿਉਟਾਈਡਜ਼ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਚਾਰ ਨਿਯੂਕਲਿਉਟਾਈਡਜ਼ (ਜਿੰਨ੍ਹਾਂ ਨੂੰ ਬੇਸ ਵੀ ਕਿਹਾ ਜਾਂਦਾ ਹੈ) ਦੇ ਨਾਂ ਹਨ: ਗੁਆਨੀਨ (Guinine), ਥਾਇਆਮੀਨ (Thymine) ਸਾਇਟੋਸੀਨ (Cytocin) ਅਤੇ ਐਡਨੀਨ (Adnine) ਇੱਕ ਪੌੜੀ ਦਾ ਡੰਡਾ ਹਮੇਸ਼ਾ, ਥਾਇਮੀਨ (T) + ਐਡਨੀਨ (A) ਅਤੇ ਦੂਜਾ ਡੰਡਾ ਹਮੇਸ਼ਾ ਗੁਆਨੀਨ (G)+ ਸਾਇਟੋਸੀਨ (C) ਦਾ ਬਣਿਆ ਹੋਇਆ ਹੁੰਦਾ ਹੈ। ਦੋ ਨਿਯੂਕਲਿਉਟਾਈਡਜ਼ ਮਿਲ ਕੇ ਪੌੜੀ ਦਾ ਇੱਕ ਡੰਡਾ ਬਣਾਉਂਦੀਆਂ ਹਨ। ਇਸ ਦੋਹਰੀ ਲੜੀ ਵਾਲੇ ਕਣ ਵਿੱਚ ਸਾਰੇ ਜੀਵਾਂ ਦੀ, ਮੁੱਢ ਤੋਂ ਲੈ ਕੇ ਅਖੀਰ ਤੱਕ ਜੰਮਣਮਰਨ ਦੀ ਗਾਥਾ ਅੰਕਿਤ ਹੈ। ਡੀ.ਐੱਨ.ਏ. ਅਸਲ ਵਿੱਚ ਸਹੀ ਤੌਰ ’ਤੇ ਜੀਵਨ-ਕੋਸ਼ ਹੈ ਜਿਸ ਨੂੰ ਉਤਪਤੀ ਵਿਗਿਆਨ-ਕੋਸ਼ (Genetic dictionary) ਵੀ ਕਿਹਾ ਜਾਂਦਾ ਹੈ। ਚਾਰ ਨਿਯੂਕਲਿਉਟਾਈਡਜ਼ ਵਰਣਮਾਲਾ ਦੇ ਚਾਰ ਅੱਖਰਾਂ ਦੇ ਬਰਾਬਰ ਹਨ। ਇਹਨਾਂ ਅੱਖਰਾਂ ਜਾਂ ਨਿਯੂਕਲਿਉਟਾਈਡਜ਼ ਦੇ ਹਰ ਸੰਭਵ ਜੋੜ ਤੋਂ ਸ਼ਬਦ ਬਣੇ ਹਨ ਅਤੇ ਇਕੱਲਾ-ਇਕੱਲਾ ਸ਼ਬਦ ਇੱਕ ਜੀਨ ਦਾ ਸੂਚਕ ਹੈ। ਜੀਨਜ਼ ਭਿੰਨ-ਭਿੰਨ ਪ੍ਰਕਾਰ ਦੇ ਪਾਚਕ ਰਸਾਂ (enzymes) ਨੂੰ ਜਨਮ ਦਿੰਦੇ ਹਨ ਅਤੇ ਇਹ ਪਾਚਕ ਰਸ ਢੁੱਕਵੇਂ ਸੁਮੇਲ ਦੁਆਰਾ ਜੀਵਨ ਦੀਆਂ ਉਪਰੋਕਤ ਦਿੱਤੀਆਂ ਹੋਈਆਂ ਵਿਧੀਆਂ ਨੂੰ ਚੱਲਦਾ ਰੱਖਦੇ ਹਨ। ਅਗਲਾ ਸਵਾਲ ਹੈ ਕਿ ਇਸ ਸਾਰੀ ਪ੍ਰਕਿਰਿਆ ਨੂੰ ਡੀ.ਐੱਨ.ਏ ਸੰਭਵ ਕਿਵੇ ਬਣਾਉਂਦਾ ਹੈ? ਡੀ.ਐੱਨ.ਏ. ਸਭ ਤੋਂ ਪਹਿਲਾਂ ਆਪਣੀ ਇੱਕ ਲੜੀ ਨੂੰ ਆਧਾਰ ਬਣਾ ਕੇ ਆਪਣੇ ਆਪ ਨੂੰ ਆਰ.ਐੱਨ.ਏ ਕਣ ਦੇ ਰੂਪ ਵਿੱਚ ਨਕਲ ਕਰਦਾ ਹੈ। ਡੀ.ਐੱਨ.ਏ. ਜੀਨਜ਼ ਦਾ ਬਣਿਆ ਹੋਇਆ ਹੈ ਇਸ ਲਈ ਆਪਣੀ ਨਕਲ ਉਤਾਰਨ ਲੱਗਿਆਂ ਜੀਨਜ਼ ਦੀਆਂ ਕਾਪੀਆਂ ਨੂੰ ਆਰ.ਐੱਨ.ਏ ਦੇ ਰੂਪ ਵਿੱਚ ਨਕਲ ਕਰਦਾ ਹੈ। ਆਰ.ਐੱਨ.ਏ., ਜੋ ਇਕਹਿਰਾ ਲੜੀਦਾਰ (Single helix) ਕਣ ਹੈ, ਵਿਚਲੀਆਂ ਨਿਸ਼ਚਿਤ ਨਿਯੂਕਲਿਉਟਾਈਡਰਜ਼ ਦੇ ਆਧਾਰ ’ਤੇ ਅਮੀਨੋ ਏਸਡਜ਼ ਨੂੰ ਲੜੀ ਵਿੱਚ ਪਰੋਂਦਾ ਹੈ ਜੋ ਪਾਚਕ-ਰਸ (enzymes) ਕਹਾਉਂਦੀ ਹੈ। ਪਾਚਕ ਰਸ ਕੋਸ਼ਾਂ ਵਿਚਲੀਆਂ ਸਾਰੀਆਂ ਰਸਾਇਣਿਕ ਕਿਰਿਆਵਾਂ ਦੇ ਜ਼ਿੰਮੇਦਾਰ ਹਨ। ਇਹਨਾਂ ਕਿਰਿਆਵਾਂ ਦੇ ਆਧਾਰ ’ਤੇ ਹੀ ਆ ਨਿਰਬਾਹ, ਵਾਧਾ, ਪ੍ਰਤੀਰੂਪ ਅਤੇ ਪੁਨਰ ਉਤਪਾਦਨ ਵਿਧੀਆਂ ਸੰਭਵ ਹੁੰਦੀਆਂ ਹਨ। ਏਥੇ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਉਪਰੋਕਤ ਵਿਧੀਆਂ ਲਈ ਹਰ ਡੀ.ਐੱਨ.ਏ ਕਣ ਆਪਣੇ ਆਪ ਦੀ ਕਾਪੀ ਬਣਾਉਂਦਾ ਹੈ ਜਿਸ ਦੇ ਆਧਾਰ ’ਤੇ ਇੱਕ ਕੋਸ਼ ਤੋਂ ਦੋ ਅਤੇ ਦੋ ਤੋਂ ਚਾਰ, ਇਤਿਆਦਿ, ਕੋਸ਼ਾਂ ਦੀ ਸਥਾਪਨਾ ਹੁੰਦੀ ਹੈ। ਇਹ ਕਾਪੀ ਬਣਾਉਣ ਦੀ ਕਿਰਿਆ ਵੀ ਪਾਚਕ ਰਸਾਂ ਅਧੀਨ ਵਾਪਰਦੀ ਹੈ। ਆਤਮ ਨਿਰਬਾਹ ਮੁੱਢਲੇ ਜੀਵਨ ਦਾ ਪ੍ਰਥਮ ਲੱਛਣ ਸੀ ਜੋ ਉਸਾਰੂ ਕਿਰਿਆ ’ਤੇ ਨਿਰਭਰ ਹੈ। ਇਸ ਤੋਂ ਪਹਿਲਾਂ ਰਸਾਇਣਕ ਕਿਰਿਆਵਾਂ (Chemical reactions) ਦੇ ਆਧਾਰ ’ਤੇ ਨੰਗੇ ਕਣ (Naked molecules) ਪੈਦਾ ਹੋਏ ਹੋਣਗੇ ਜਿੰਨ੍ਹਾਂ ਵਿੱਚ ਨਿਯੂਕਲਿਉਟਾਈਡਜ਼, ਅਮੀਨੋ ਏਸਿਡਜ਼, ਆਇਨਿਕ ਸਾਲਟਸ (Ionic salts) ਆਦਿ ਸ਼ਾਮਲ ਹੋਣਗੇ। ਇਹਨਾਂ ਕਣਾਂ ਦੇ ਮਿਸ਼ਰਨ ਨੂੰ ਜਦ ਇੱਕ ਕੋਸ਼ ਰੂਪੀ ਸੰਗਠਨ ਵਿੱਚ ਬੰਦ ਹੋਣਾ ਪਿਆ ਤਦ ਜਾ ਕੇ ਜੀਵਨ ਦਾ ਆਰੰਭ ਬੱਝਾ ਹੋਇਆ ਹੋਵੇਗਾ। ਇਹਨਾਂ ਕਣਾਂ ਦੇ ਤਾਲਮੇਲ ਤੋਂ ਆਤਮ ਨਿਰਬਾਹ ਦਾ ਜਨਮ ਹੋਇਆ ਜਾਪਦਾ ਹੈ। ਆਤਮ ਨਿਰਵਾਹ ਡੀ.ਐੱਨ.ਏ ’ਤੇ ਨਿਰਭਰ ਹੈ, ਇਸ ਲਈ ਸਿੱਧ ਹੈ ਕਿ ਇਸ ਕਣ ਦੀ ਸਥਾਪਨਾ ਵੀ ਜੀਵਨ ਦੇ ਆਰੰਭ ਨਾਲ ਹੀ ਹੋਈ ਹੋਵੇਗੀ। ਜਿਵੇਂ ਪਹਿਲਾਂ ਵਿਚਾਰਿਆ ਜਾ ਚੁੱਕਿਆ ਹੈ, ਸਭ ਤੋਂ ਪਹਿਲਾਂ ਗੁੰਝਲਦਾਰ ਕਣ ਆਰ.ਐੱਨ.ਏ. ਸੀ। ਪਰ ਆਰ.ਐੱਨ.ਏ. ਕਣ ਦੇ ਇਕਹਿਰੇ ਲੜੀਦਾਰ ਹੋਣ ਕਾਰਨ ਇਸ ਵਿੱਚ ਪ੍ਰਤੀਰੂਪੀ ਸ਼ਕਤੀ ਤਾਂ ਸੀ ਪਰ ਪੁਨਰ ਉਤਪਾਦਨ ਦੀ ਸ਼ਕਤੀ ਨਹੀਂ ਸੀ। ਇਸ ਲਈ ਆਰ.ਐੱਨ.ਏ ਕਣ ਦੇ ਆਧਾਰ ’ਤੇ ਡੀ.ਐੱਨ.ਏ ਕਣ ਦਾ ਵਿਕਾਸ ਹੋਇਆ ਜੋ ਦੋਹਰੀ ਲੜੀ (Double helix) ਵਾਲਾ ਕਣ ਹੈ। ਡੀ.ਐੱਨ.ਏ ਕਣ ਦਾ ਵਿਕਾਸ ਦਾ ਪਹਿਲਾ ਕਣ ਜਾਪਦਾ ਹੈ ਜਿਸ ਵਿੱਚ ਆਤਮ ਨਿਰਬਾਹ ਅਤੇ ਪੁਨਰ ਉਤਪਾਦਨ ਦੋਵੇਂ ਕਿਰਿਆਵਾਂ, ਕ੍ਰਮਵਾਰ ਅੱਗੇ-ਪਿੱਛੇ ਵਿਗਸੀਆਂ।

ਬਾਹਰੀ ਕੜੀ

[ਸੋਧੋ]

ਤਰਕਸ਼ੀਲ Archived 2014-07-28 at the Wayback Machine.