ਸਮੱਗਰੀ 'ਤੇ ਜਾਓ

ਭੂਤਵਾੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭੂਤ ਵਾੜਾ ਤੋਂ ਮੋੜਿਆ ਗਿਆ)

ਭੂਤ ਵਾੜਾ ਪਟਿਆਲਾ ਸ਼ਹਿਰ ਵਿੱਚ ਸਥਿਤ ਇੱਕ ਕੇਂਦਰ ਸੀ ਜਿੱਥੇ ਵਿਦਿਆਰਥੀ ਅਤੇ ਵਿਦਵਾਨ ਪੜ੍ਹਦੇ ਲਿਖਦੇ ਅਤੇ ਸਾਹਿਤਕ ਸਰਗਰਮੀਆਂ ਕਰਦੇ ਸਨ। ਇਸ ਢਾਣੀ ਵਿੱਚ ਜੁੜੇ ਲੱਗਪੱਗ ਸਾਰੇ ਵਿਦਵਾਨਾਂ ਨੇ ਵਿਦਵਤਾ ਦੀ ਅੱਡ ਅੱਡ ਖੇਤਰਾਂ ਵਿੱਚ ਆਪਣਾ ਉਘਾ ਯੋਗਦਾਨ ਪਾ ਕੇ ਆਪਣੇ ਆਪ ਨੂੰ ਸਥਾਪਤ ਕੀਤਾ। ਇਸ ਤਰ੍ਹਾਂ ਗਰੁੱਪ ਦਾ ਉਹਨਾਂ ਦਾ ਆਪੇ ਰੱਖਿਆ ਨਾਮ ਵੀ ਸਥਾਪਤ ਹੋ ਗਿਆ।

ਮੁੱਢਲੇ ਤੌਰ 'ਤੇ ਇਹ ਸ਼ਬਦ ਮਹਿੰਦਰਾ ਕਾਲਜ ਪਟਿਆਲਾ ਦੀ ਐਮ.ਏ.ਪੰਜਾਬੀ ਦੇ 1961-62 ਵਿੱਚ ਦਾਖਲ ਹੋਏ ਵਿਦਿਆਰਥੀਆਂ ਦੇ ਉਸ ਟੋਲੇ ਨਾਲ ਜੁੜਿਆ ਜਿਹੜਾ ਲੋਅਰ ਮਾਲ ਤੇ ਉਸਤਾਦਾਂ ਦੇ ਉਸਤਾਦ ਪ੍ਰੋਫੈਸਰ ਪ੍ਰੀਤਮ ਸਿੰਘ (ਮਹਾਂਭੂਤ) ਦੇ ਘਰ ਦੇ ਸਾਹਮਣੇ ਇੱਕ ਸੁੰਨੀ ਜਿਹੀ ਕੋਠੀ ਵਿੱਚ ਰਹਿੰਦੇ ਸਨ।[1] ਇਸ ਜਮਾਤ ਵਿੱਚ ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਹਰਬੰਸ ਬਰਾੜ, ਸੁਰਜੀਤ ਬੈਂਸ, ਸੁਰਿੰਦਰ ਚਾਹਲ, ਅਨੂਪ ਸਿੰਘ ਸਨ ਜਦੋਂ ਕਿ ਕੁਲਵੰਤ ਗਰੇਵਾਲ ਇੱਕ ਜਮਾਤ ਅੱਗੇ ਅਤੇ ਦਰਬਾਰਾ ਸਿੰਘ ਇੱਕ ਜਮਾਤ ਪਿੱਛੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਦਲੀਪ ਕੌਰ ਟਿਵਾਣਾ, ਪ੍ਰੋਫੈਸਰ ਗੁਰਚਰਨ ਸਿੰਘ, ਪ੍ਰੋਫੈਸਰ ਉਮਰਾਓ ਸਿੰਘ ਇਨ੍ਹਾਂ ਦੇ ਅਧਿਆਪਕ ਸਨ ਅਤੇ ਉਸ ਸਮੇਂ ਅੰਗਰੇਜੀ ਦੇ ਪ੍ਰੋਫੈਸਰ ਸੋਮ ਪ੍ਰਕਾਸ਼ ਰੰਚਨ ਅਤੇ ਪ੍ਰੋਫੈਸਰ ਰਾਜਦਾਨ ਵੀ ਇੱਥੇ ਹੀ ਸਨ। ਉਸ ਸਮੇਂ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਗੋਵਰਧਨ ਲਾਲ ਬਖ਼ਸ਼ੀ ਸਨ।

ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਬੈਚ ਵੀ 1963-64 ਵਿੱਚ ਮਹਿੰਦਰਾ ਕਾਲਜ ਦੀ ਇਮਾਰਤ ਵਿੱਚ ਹੀ ਸ਼ੁਰੂ ਹੋਇਆ। ਸੁਰਜੀਤ ਪਾਤਰ, ਵੀਰ ਸਿੰਘ ਰੰਧਾਵਾ, ਅਜਮੇਰ ਔਲਖ ਅਤੇ ਤਰਲੋਕ ਸਿੰਘ ਅਨੰਦ ਹੋਰੀ ਵਿਦਿਆਰਥੀ ਸਨ। ਮਹਿੰਦਰਾ ਕਾਲਜ ਵਿੱਚ ਐਮ.ਏ. ਪੰਜਾਬੀ ਅੱਜ ਵੀ ਚਲਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਬਣਨ ਨਾਲ ਬਹੁਤਾ ਰੁਝਾਨ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਵੱਲ ਹੋ ਗਿਆ, ਉਸ ਸਮੇਂ ਪਹਿਲਾ ਬੈਚ ਵੀ ਮਹਿੰਦਰਾ ਕਾਲਜ ਹੀ ਚੱਲਿਆ। ਸੋ ਇੱਕ ਤਰ੍ਹਾਂ ਨਾਲ 1961 ਤੋਂ 1965 ਤਕ ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪੜ੍ਹਨ ਵਾਲੇ ਸਾਰੇ ਹੀ ਭੂਤ ਨਹੀਂ ਤਾਂ ਭੂਤਾਂ ਦੇ ਨੇੜੇ ਤੇੜੇ ਹੀ ਸਨ। ਇਹ ਭੂਤ ਸਾਧਨਹੀਣ ਪੇਂਡੂ ਪਿਛੋਕੜ ਵਿਚੋਂ ਸ਼ਹਿਰ ਪੜ੍ਹਨ ਆਏ ਸਨ। ਪੁਰਾਤਨ ਨਿਹੰਗ ਸਿੰਘਾਂ ਵਾਂਗ ਆਪਣੇ ਹੀ ਖ਼ਾਲਸਾਈ ਬੋਲੇ ਸਿਰਜ ਲਏ। ਮਲੰਗੀ ਨੂੰ ਫਲਸਫਾ ਬਣਾ ਲਿਆ, ਮਜ਼ਬੂਰੀਆਂ ਨੂੰ ਗਹਿਣਾ ਬਣਾ ਲਿਆ ਤੇ ਸ਼ੌਕਾਂ ਦੀ ਪੂਰਤੀ ਲਈ ਅਵੱਲੇ ਢੰਗ ਸਿਰਜ ਲਏ। ਇਨ੍ਹਾਂ ਭੂਤਾਂ ਦੀ ਪੜ੍ਹਨ-ਲਿਖਣ ਦੀ ਰੁਚੀ, ਸੂਫੀਆਂ ਵਾਲੀ ਮਲੰਗੀ, ਪੁਰਾਣੇ ਕਮਿਊਨ ਵਰਗੀ ਜੀਵਨ ਸ਼ੈਲੀ, ਜੋਗੀਆਂ ਵਾਲਾ ਤਿਆਗ, ਗੁਰੂ ਘਰਾਂ ਵਰਗੀ ਲੰਗਰ ਪ੍ਰਥਾ, ਆਸ਼ਕਾਂ ਵਰਗਾ ਜਨੂੰਨ, ਦੁੱਲੇ ਵਰਗੀ ਨਾਬਰੀ ਇਹ ਸਾਰੇ ਟਿੱਲੇ ਵਾਲ਼ੇ ਸਾਧ ਸਨ ਅਤੇ ਸਭ ਨੂੰ ਟਿੱਚ ਜਾਣਦੇ ਸਨ।

ਇਨ੍ਹਾਂ ਦੀ ਕੋਈ ਬੱਝਵੀਂ ਵਿਚਾਰਧਾਰਾ, ਸਾਂਝਾ ਉਦੇਸ਼ ਜਾਂ ਸੰਗਠਨ ਨਹੀਂ ਸੀ। ਬੱਸ ਇਕੋ ਸਮੇਂ ਵਿੱਚ ਪੈਦਾ ਹੋਏ ਸਨ। ਇਨ੍ਹਾਂ ਵਿਚੋਂ ਵੀ ਇੱਕ ਪਾਸੇ ਤਾਂ ਕਮਿਊਨਿਸਟ ਵਿਚਾਰਧਾਰਾ ਨਾਲ ਪ੍ਰਣਾਈ ਨਕਸਲਬਾੜੀ ਲਹਿਰ ਦੇ ਇੱਕ ਗਰੁੱਪ ਦਾ ਮੁਖੀ ਹਰਿਭਜਨ ਸੋਹੀ ਸੀ, ਦੂਜੇ ਪਾਸੇ ਕਿਸੇ ਸਮੇਂ ਲੈਨਿਨ,ਮਾਓ ਤੇ ਨਜ਼ਮਾਂ ਲਿਖਣ ਵਾਲ਼ਾ ਪਰ ਪਿੱਛੋਂ ਸਿੱਖ ਖਾੜਕੂ ਲਹਿਰ ਦਾ ਸਮਰਥਕ ਬਣਨ ਵਾਲ਼ਾ ਹਰਿੰਦਰ ਮਹਿਬੂਬ ਸੀ। ਇਨ੍ਹਾਂ ਵਿੱਚ ਹੀ ਸੂਖ਼ਮ ਸ਼ਾਇਰ ਨਵਤੇਜ ਭਾਰਤੀ ਸੀ। ਇਨ੍ਹਾਂ ਵਿੱਚ ਹੀ ਫੌਜ ਦੀ ਨੌਕਰੀ ਕਰਕੇ ਹੁਣ ਕੈਨੇਡਾ ਵਸਦਾ ਸ਼ਾਇਰ ਅਮਰਜੀਤ ਸਾਥੀ ਉਰਫ ਅਮਰਜੀਤ ਟਿਵਾਣਾ ਸੀ ਜਿਸ ਨੇ ਜਾਪਾਨ ਦੀ ਹਾਇਕੂ ਵਿਧਾ ਨੂੰ ਪੰਜਾਬੀ ਵਿੱਚ ਪ੍ਰਚੱਲਤ ਕਰਨ ਦਾ ਜਨੂੰਨ ਪਾਲਿ਼ਆ ਹੋਇਆ ਹੈ। ਇਨ੍ਹਾਂ ਵਿੱਚ ਹੀ ਗੁਰਭਗਤ ਸਿੰਘ ਵਰਗਾ ਵਿਦਵਾਨ ਪੈਦਾ ਹੋਇਆ। ਉਹਨਾਂ ਦਾ ਭਰਾ ਸਤਿੰਦਰ ਸਿੰਘ ਨੂਰ ਪੰਜਾਬੀ ਸ਼ਬਦ ਸੱਭਿਆਚਾਰ ਦਾ ਜਥੇਦਾਰ ਬਣਿਆ ਜਿਸ ਨੇ ਆਪਣੇ ਅਧਿਐਨ/ਅਧਿਆਪਨ ਅਤੇ ਸਿਰਜਣਾਤਮਿਕ ਕਲਾ ਨਾਲ ਦੁਨੀਆ ਭਰ ਵਿੱਚ ਪੰਜਾਬੀ ਦਾ ਡੰਕਾ ਵਜਾਇਆ। ਇੱਥੇ ਹੀ ਅੰਬਰਾਂ ਤੇ ਨਾਂ ਲਿਖਣ ਵਾਲਾ ਕੁਲਵੰਤ ਗਰੇਵਾਲ ਸੀ। ਸੁਰਜੀਤ ਪਾਤਰ ਅਤੇ ਅਜਮੇਰ ਔਲਖ ਸਨ ਜਿਹਨਾਂ ਨੇ ਪੰਜਾਬੀ ਦੇ ਸਾਹਿਤਕ ਸੰਸਾਰ ਨੂੰ ਚਾਰ ਚੰਦ ਲਾਏ।। ਉਸ ਸਮੇਂ ਦੇ ਵੱਡੇ ਸਾਹਿਤਕਾਰ ਸੰਤ ਸਿੰਘ ਸੇਖੋਂ, ਮੋਹਨ ਸਿੰਘ, ਅਤਰ ਸਿੰਘ,ਹਰਿਭਜਨ ਸਿੰਘ ਭੂਤਵਾੜੇ ਤੋਂ ਅਭਿੱਜ ਨਹੀਂ ਸੀ। ਉਸ ਸਮੇਂ ਖੇਤੀਬਾੜੀ ਜਾਂ ਖੇਤੀਬਾੜੀ ਆਧਾਰਤ ਲੋਕਾਂ ਦੇ ਬੰਦਿਆਂ ਦੀ ਉੜਾਨ ਆਈ.ਸੀ.ਐਸ.ਕਰਨ ਜਾਂ ਫੌਜ ਵਿੱਚ ਕਮਿਸ਼ਨ ਲੈਣ ਤਕ ਸੀਮਤ ਸੀ। ਸਾਮਰਾਜ ਤੋਂ ਬਗਾਵਤੀ ਰੁਚੀਆਂ ਵਾਲੇ ਜਾਂ ਤਾਂ ਸਿੱਖਿਆ ਦੇ ਖੇਤਰ ਵਿੱਚ ਆ ਜਾਂਦੇ ਅਤੇ ਜਾਂ ਫਿਰ ਦੇਸ਼-ਵਿਦੇਸ਼ ਵਿੱਚ ਸਿਆਸੀ-ਧਾਰਮਿਕ ਸਰਗਰਮੀਆਂ ਵਿੱਚ ਲੱਗ ਜਾਂਦੇ। ਉਦਾਹਰਨ ਵਜੋਂ ਸ਼ਹੀਦ ਭਗਤ ਸਿੰਘ, ਲਾਲਾ ਹਰਦਿਆਲ, ਬ੍ਰਿਜ ਨਰਾਇਣ, ਸੋਹਣ ਸਿੰਘ ਭਕਨਾ ਆਪੋ ਆਪਣੇ ਢੰਗਾਂ ਨਾਲ ਬੌਧਿਕ ਪਰੰਪਰਾ ਨੂੰ ਅਮੀਰ ਕਰ ਰਹੇ ਸਨ।

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖੀ ਅਤੇ ਮਾਰਕਸਵਾਦੀ ਵਿਚਾਰਧਾਰਾ ਬਾਗੀ ਤਬੀਅਤਾਂ ਦੀ ਮਨਪਸੰਦੀ ਸੋਚ ਸੀ। ਅਕਸਰ ਇਹ ਦੋਨੋਂ ਪਰੰਪਰਾਵਾਂ ਕਰੰਘੜੀ ਪਾ ਕੇ ਚਲਦੀਆਂ ਸਨ।ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖੀ ਅਤੇ ਕਮਿਊਨਿਸਟ ਸੋਚ ਦਾ ਤੋੜ-ਵਿਛੋੜਾ ਹੋ ਗਿਆ, ਲਾਹੌਰ ਖੁੱਸ ਗਿਆ ਤੇ ਦਿੱਲੀ ਪੇਸ਼ ਪੈ ਗਈ। ਭਾਰਤੀ ਸੋਚ, ਪੰਜਾਬੀ ਸੋਚ, ਸਿੱਖੀ ਸੋਚ ਅਤੇ ਮਾਰਕਸਵਾਦੀ ਸੋਚ ਵਿੱਚ ਵੰਡੀਆਂ ਪੈ ਗਈਆਂ। ਘੱਟ ਗਿਣਤੀ ਪੜ੍ਹੀ-ਲਿਖੀ ਸ਼ਹਿਰੀ ਮੱਧ ਸ਼੍ਰੇਣੀ ਦੀਆਂ ਉਚ-ਅਕਾਂਖਿਆਵਾਂ ਪੂਰੀਆਂ ਹੋਣ ਲੱਗੀਆਂ ਪਰ ਬਹੁ-ਗਿਣਤੀ ਪੰਜਾਬੀਆਂ ਦੀਆਂ ਨਿਗੂਣੀਆਂ ਅਕਾਂਖਿਆਵਾਂ ਵੀ ਰੁਲ਼ ਗਈਆਂ। ਆਜ਼ਾਦੀ ਦੇ ਸੁਪਨੇ ਪੂਰੇ ਨਾ ਹੋਣ ਤੇ ਵਿਦਰੋਹੀ ਤੇਵਰ ਤਣਨ ਲੱਗੇ। ਥੁੜਾਂ ਮਾਰਿਆ ਭਾਰਤ ਅੰਨ ਪੱਖੋਂ ਪੰਜਾਬ ਦੀ ਖੇਤੀ ਤੇ ਟੇਕ ਰੱਖ ਰਿਹਾ ਸੀ। ਇਸੇ ਸਮੇਂ ਨਵੇਂ ਅਕਾਦਮਿਕ ਅਦਾਰੇ ਫੁੱਟ ਰਹੇ ਸਨ। ਇੱਕ ਪਾਸੇ ਨਹਿਰੂ ਦੀ ਮਿਸ਼ਰਤ ਆਰਥਿਕਤਾ ਦਾ ਮਾਡਲ,ਕਾਂਗਰਸੀ ਪਾਰਟੀ ਦੀ ਸਥਿਰ ਹਕੂਮਤ, ਹਰੇ ਇਨਕਲਾਬ ਦੀ ਸ਼ੁਰੂਆਤ, ਪਿੰੰਡਾਂ ਦੀ ਪੁਨਰ ਵਿੳਂਤਬੰਦੀ ਹੋ ਰਹੀ ਸੀ। ੳਤਸ਼ਾਹ ਅਤੇ ਵੈਰਾਗ, ਉਦਾਸੀ ਅਤੇ ਉਮਾਹ, ਬੇਚੈਨੀ ਤੇ ਟਕਰਾਓ ਇਕੋ ਵੇਲ਼ੇ ਪੰਜਾਬੀ ਮਨ ਨੂੰ ਮੱਲੀ ਬੈਠੇ ਸਨ। ਇਸੇ ਮਾਨਸਿਕ ਘੜਮੱਸ ਵਿਚੋਂ ਭੂਤਵਾੜਾ ਜਨਮ ਲੈਂਦਾ ਹੈ। ਇਸ ਭੂਤਵਾੜੇ ਨੇ ਪੰਜਾਬ ਦੀ ਬੌਧਿਕਤਾ ਨੂੰ ਲੱਗਭਗ ਅੱਧਾ ਦਹਾਕਾ ਸਿੱਧੇ ਤੌਰ ਅਤੇ ਇੱਕ ਦਹਾਕਾ ਅਸਿੱਧੇ ਤੌਰ 'ਤੇ ਪ੍ਰਭਾਵਿਤ ਕੀਤਾ।

ਹਵਾਲੇ

[ਸੋਧੋ]