ਵਰਤੋਂਕਾਰ:ਅਰਸ਼ਦੀਪ ਕੌਰ
ਭਰਤਮੁਨੀ (ਹਿੰਦੀ: भरत मुनि) ਪੁਰਾਤਨ ਭਾਰਤ ਦਾ ਇੱਕ ਨਾਟ-ਸੰਗੀਤ ਸ਼ਾਸਤਰੀ ਸੀ ਜਿਸਨੇ ਨਾਟਯ ਸ਼ਾਸਤਰ ਦੀ ਰਚਨਾ ਕੀਤੀ। ਭਰਤ ਦਾ ਨਾਟਯ ਸ਼ਾਸਤ੍ਰ ਕੇਵਲ ਭਾਰਤ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਨਟ, ਨਾਟਯ, ਨਾਟਕ, ਸਾਜ, ਸੰਗੀਤ, ਨ੍ਰਿਤ, ਅਭਿਨੈ ਅਤੇ ਚਿਤ੍ਰ ਆਦਿ ਅਨੇਕ ਕਲਾਵਾਂ ਵਿਚ ਅਨੇਕ ਵਿਧੀਆਂ ਨਕਸ਼ਿਆਂ ਅਤੇ ਪੈਮਾਨਿਆਂ, ਕਵਿਤਾ ਦੇ ਛੰਦ, ਰਸ, ਭਾਵ ਅਤੇ ਅਲੰਕਾਰ ਆਦਿ ਤੱਤਾਂ ਦਾ ਸਭ ਤੋਂ ਪ੍ਰਾਚੀਨ ਅਤੇ ਪ੍ਰਮਾਣਿਕ ਵਿਵੇਚਨ ਅਤੇ ਵਿਸ਼ਲੇਸ਼ਣ ਪ੍ਰਸਤੁਤ ਕਰਦਾ ਹੈ। ਇਸੇ ਲਈ ਇਸ ਗ੍ਰੰਥ ਨੂੰ ਭਾਰਤੀ ਲਲਿਤ ਕਲਾਵਾਂ ਦਾ ਵਿਸ਼ਵਕੋਸ਼ ਕਿਹਾ ਜਾਂਦਾ ਹੈ। ਲਲਿਤ ਕਲਾਵਾਂ ਬਾਰੇ ਇੰਨੀ ਭਰਪੂਰ ਸਾਮਗ੍ਰੀ ਪ੍ਰਸਤੁਤ ਕਰਨ ਵਾਲੀ ਨਾਟਯ ਸ਼ਾਸਤਰ ਵਰਗੀ ਹੋਰ ਕੋਈ ਪ੍ਰਾਚੀਨ ਅਤੇ ਪ੍ਰਮਾਣਿਕ ਰਚਨਾ ਸੰਸਾਰ ਵਿਚ ਅਜ ਮੌਜੂਦ ਨਹੀਂ ਹੈ।
ਭਾਰਤੀ ਪਰੰਪਰਾਵਾਂ ਨਾਟਯ ਸ਼ਾਸਤ੍ਰ ਦਾ ਲੇਖਕ ਭਰਤ ਨੂੰ ਮੰਨਦੀਆਂ ਹਨ। ਇਹ ਭਰਤ ਕੌਣ ਸਨ? ਭਾਰਤ ਦੇ ਕਿਸ ਪ੍ਰਦੇਸ਼ ਦੇ ਰਹਿਣ ਵਾਲੇ ਸਨ? ਇਹਨਾਂ ਦਾ ਸਮਾਂ ਕਿਹੜਾ ਸੀ? ਆਦਿ ਪ੍ਰਸ਼ਨਾਂ ਦਾ ਸਹੀ ਉੱਤਰ ਦੇਣ ਕਠਿਨ ਹੈ। ਪਰੰਪਰਾਵਾਂ ਉਸਨੂੰ ਰਿਸ਼ੀ ਵੀ ਕਹਿੰਦੀਆਂ ਹਨ ਅਤੇ ਮੁਨੀ ਵੀ। ਇੰਜ ਜਾਪਦਾ ਹੈ ਕਿ ਉਹ ਰਿਸ਼ੀ ਸਨ। ਕਿਉਂਕਿ ਉਹਨਾਂ ਨੇ ਆਪਣਾ ਯੁੱਗ (ਆਪਣੇ ਤੋਂ ਪ੍ਰਾਚੀਨ ਯੁੱਗ) ਦੇ ਨਾਟਯ-ਕਰਮ ਦੇ ਦਰਸ਼ਨ ਕੀਤੇ ਸਨ। ਰਿਸ਼ੀ ਸ਼ਬਦ ਦਾ ਅਰਥ ਹੈ- ਦੇਖਣ ਵਾਲਾ ਜਾਂ ਦਰਸ਼ਨ ਕਰਨ ਵਾਲਾ। ਭਾਵ ਇਹ ਹੈ ਕਿ ਸੰਸਾਰ ਦੀ ਸਭ ਤੋਂ ਪ੍ਰਾਚੀਨ ਨਾਟਯ ਪਰੰਪਰਾ ਦੇ ਉਹ ਵਾਰਿਸ ਸਨ। ਇਸ ਲਈ ਉਨ੍ਹਾਂ ਨੂੰ ਰਿਸ਼ੀ ਸ਼ਬਦ ਨਾਲ ਯਾਦ ਕਰਨਾ ਬਿਲਕੁਲ ਉਚਿੱਤ ਹੈ।
ਮੁਨੀ ਦਾ ਅਰਥ ਹੈ ਮਨਨ ਕਰਨ ਵਾਲਾ, ਚਿੰਤਨ ਸ਼ੀਲ ਵਿਅਕਤੀ ਨੂੰ ਮੁਨੀ ਕਿਹਾ ਜਾਂਦਾ ਹੈ। ਭਰਤ ਮੁਨੀ ਵੀ ਸਨ ਕਿਉਂਕਿ ਉਹਨਾਂ ਨੇ ਨਾਟਯ ਕਰਮ ਦੇ ਪ੍ਰਾਚੀਨ ਵਿਰਸੇ ਨੂੰ ਆਪਣੇ ਅਨੁਭਵ, ਆਪਣੀ ਪ੍ਰਤੀਭਾ ਅਤੇ ਆਪਣੀ ਸੂਝ-ਬੂਝ ਨਾਲ ਅੱਗੇ ਵਧਾਇਆ। ਉਸ ਵਿਚ ਲੋੜੀਂਦੇ ਵਾਧੇ ਕੀਤੇ ਅਤੇ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਨਾਟਯ-ਕਰਮ ਨੂੰ ਸ਼ਾਸਤ੍ਰ ਦੇ ਸ਼ਿਕੰਜੇ ਵਿਚੋਂ ਕੱਢ ਕੇ ਲੋਕ ਜੀਵਨ, ਲੋਕ ਵਿਹਾਰ, ਲੋਕ ਆਚਰਨ ਅਤੇ ਲੋਕ ਕਲਾਵਾਂ ਦੇ ਵਿਵਹਾਰਿਕ ਪੱਧਰ ਉੱਤੇ ਸਥਾਪਿਤ ਕੀਤਾ।
ਭਰਤ ਮੁਨੀ ਦੇ ਜੀਵਨ ਕਾਲ ਸਬੰਧੀ ਵੇਰਵੇ ਤਾਂ ਨਹੀਂ ਮਿਲਦੇ ਪਰ ਨਾਟਯ ਸ਼ਾਸਤ੍ਰ ਦੇ ਅਧਾਰ ਤੇ ਉਹਨਾਂ ਦਾ ਜੀਵਨ ਕਾਲ ਨਿਸਚਿਤ ਕਰਨ ਦੀਆਂ ਕਿਆਸਅਰਾਈਆਂ ਕੀਤੀਆਂ ਜਾਂਦੀਆਂ ਹਨ। ਜਿਹਨਾਂ ਦੇ ਅਧਾਰ ਤੇ ਹੀ ਭਰਤ ਮੁਨੀ ਦੇ ਜੀਵਨ ਕਾਲ ਨਿਸ਼ਚਿਤ ਹੁੰਦਾ ਹੈ। ਇਸ ਸਬੰਧ ਵਿਚ ਸਾਨੂੰ ਕੁਝ ਵੇਰਵੇ ਇਸ ਪ੍ਰਕਾਰ ਮਿਲਦੇ ਹਨ-
(ੳ) ਫਰਾਂਸ ਦੇ ਦੋ ਵਿਦਵਾਨਾਂ ‘ਰੈਨੋ’ ਅਤੇ ‘ਗ੍ਰੋਸੇ’ ਨੇ ਨਾਟਯ-ਸ਼ਾਸਤ੍ਰ ਦਾ ਰਚਨਾ ਕਾਲ ਈਸਾ ਤੋਂ ਸੌ ਸਾਲ ਪਹਿਲਾਂ ਮੰਨਿਆਂ ਹੈ। ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਾਣਿਨੀ ਦੀ ਅਸ਼ਟਾ-ਧਿਆਇ ਵਿਚ ਆਏ ਨਟ-ਸੂਤ੍ਰ ਸ਼ਬਦ ਦਾ ਸੰਕੇਤ ਨਾਟਯ ਸ਼ਾਸਤ੍ਰ ਵੱਲ ਹੈ, ਤਾਂ ਨਾਟਯ ਸ਼ਾਸਤ੍ਰ ਦਾ ਰਚਨਾ ਕਾਲ ਈਸਾ ਤੋਂ ਚਾਰ ਸੌ ਸਾਲ ਪਹਿਲਾਂ ਮੰਨਿਆ ਜਾ ਸਕਦਾ ਹੈ।
(ਅ) ਹਰ ਪ੍ਰਸਾਦ ਸ਼ਾਸਤ੍ਰੀ, ਡਾ. ਪੀ. ਵੀ. ਕਾਣੇ ਅਤੇ ਡਾ. ਮਨਮੋਹਨ ਘੋਸ਼ ਨਾਟਯ ਸ਼ਾਸਤ੍ਰ ਨੂੰ ਈਸਵੀ ਸੰਨ ਤੋਂ ਸੌ ਸਾਲ ਪਹਿਲਾਂ ਤੋਂ ਲੈ ਕੇ ਈਸਵੀ ਸੰਨ ਦੀ ਦੂਜੀ ਸਦੀ ਦੇ ਵਿਚਕਾਰ ਰਚਿਆ ਗਿਆ ਮੰਨਦੇ ਹਨ।
(ੲ) ਅੰਗਰੇਜ ਵਿਦਵਾਨ ਮੈਕਡਾਨਲ ਨਾਟਯ ਸ਼ਾਸਤ੍ਰ ਨੂੰ ਛੇਵੀਂ ਸਦੀ ਦਾ ਮੰਨਦਾ ਹੈ।
ਇਹਨਾਂ ਉਪਰੋਕਤ ਹਵਾਲਿਆਂ ਦੁਆਰਾ ਪੈਦਾ ਹੁੰਦੇ ਅੰਤਰ ਵਿਰੋਧਾਂ ਦੇ ਬਾਵਜੂਦ ਭਰਤ ਮੁਨੀ ਨੂੰ ਪਹਿਲੀ ਜਾਂ ਦੂਜੀ ਸਦੀ ਵਿਚ ਹੋਇਆ ਸਵੀਕਾਰ ਕਰ ਲਿਆ ਜਾਂਦਾ ਹੈ।
ਨਾਟਯ ਸ਼ਾਸਤ੍ਰ ਵਿਚ ਭਰਤ ਵੰਸ਼ ਦਾ ਵੀ ਜ਼ਿਕਰ ਮਿਲਦਾ ਹੈ। ਭਰਤ ਦੇ ਸੌ ਪੁੱਤਰਾਂ ਦੇ ਨਾਂ ਇਸ ਗ੍ਰੰਥ ਦੇ ਪਹਿਲੇ ਅਧਿਆਇ ਵਿਚ ਦਿੱਤੇ ਗਏ ਹਨ। ਨਾਟਯ ਸ਼ਾਸਤ੍ਰ ਦੇ ਪ੍ਰਾਚੀਨ ਸੰਸਕਰਣਾਂ ਵਿਚ ਉਲੇਖ ਮਿਲਦਾ ਹੈ ਕਿ ਭਰਤ ਦੇ ਇਸ ਨਾਟਯ-ਸ਼ਾਸਤ੍ਰ ਦਾ ਅਗਲਾ ਭਾਗ ਭਰਤ ਪੁੱਤਰ ‘ਕੋਹਲ’ ਲਿਖੇਗਾ। ਇਸ ਤੋਂ ਇਹ ਵੀ ਜਾਪਦਾ ਹੈ ਕਿ ਭਰਤ ਕਿਸੇ ਵੰਸ਼ ਦਾ ਵੀ ਨਾਮ ਹੋ ਸਕਦਾ ਹੈ। ਇਸ ਵੰਸ਼ ਦੇ ਮੂਲ ਪੁਰਸ਼ ਦਾ ਨਾਂ ਭਰਤ ਹੋ ਸਕਦਾ ਹੈ। ਪਰ ਉਸਦਾ ਇਤਿਹਾਸ ਪੁਰਾਣਾਂ ਦੀ ਸ਼ੈਲੀ ਦੇ ਮਿਥਿਹਾਸ ਰੂਪ ਵਿਚ ਹੀ ਸਾਡੇ ਕੋਲ ਪਹੁੰਚਿਆ ਹੈ। ਇਸਦੇ ਅਧਿਆਇ ਸ਼ੈਲੀ ਪੱਖੋਂ ਇਸ ਦੂਸਰੇ ਤੋਂ ਭਿੰਨਤਾ ਰੱਖਦੇ ਹਨ ਜਿਸ ਕਾਰਨ ਇਹ ਸੰਭਵ ਹੈ ਕਿ ਇਹ ਇੱਕ ਨਾਲੋਂ ਵੱਧ ਵਿਦਵਾਨਾਂ ਦੀ ਰਚਨਾ ਹੋਵੇ।
ਨਾਟਯ ਸ਼ਾਸਤ੍ਰ ਨੂੰ ਸਭ ਤੋਂ ਪਹਿਲਾਂ ਖੋਜਣ ਅਤੇ ਉਸ ਨੂੰ ਪ੍ਰਕਾਸ਼ਿਤ ਕਰਨ ਦਾ ਸਿਹਰਾ ਫਿਜ਼-ਐਡਵਰਡ ਹਾਲ ਨਾਂ ਦੇ ਇਕ ਅਮਰੀਕੀ ਵਿਦਵਾਨ ਦੇ ਸਿਰ ਹੈ। ਪ੍ਰੋ. ਹਾਲ ‘ਧਨੰਜਯ ਦੇ ਦਸ਼ਰੂਪਕ’ ਦਾ ਅਧਿਐਨ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੂੰ ਨਾਟਯ ਸ਼ਾਸਤ੍ਰ ਦਾ ਕੋਈ ਹੱਥ-ਲਿਖਤ ਨੁਸਖਾ ਮਿਲਿਆ। ਉਹਨਾਂ ਨੇ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਅਤੇ ਸੰਪਾਦਨ ਕੀਤਾ ਅਤੇ ਪ੍ਰਕਾਸ਼ਿਤ ਕਰਵਾਇਆ। ਪਰ ਇਹ ਅਧੂਰਾ ਸੀ। ਉਹਨਾਂ ਤੋਂ ਬਾਅਦ ਫ੍ਰੈਂਚ ਵਿਦਵਾਨ ਪਾਲ ਰੈਣੋ ਨੇ ਨਾਟਯ-ਸ਼ਾਸਤ੍ਰ ਨੂੰ ਸੰਪਾਦਿਤ ਕੀਤਾ। ਉਸਤੋਂ ਬਾਅਦ ਪ੍ਰੋ. ਗ੍ਰੋਸੇ, ਕਾਸ਼ੀ ਨਾਥ ਪਾਂਡੁਰੰਗ, ਸ਼ਿਵਦੱਤ ਅਤੇ ਪ੍ਰੋ. ਰਾਮ ਕਿਸ਼੍ਰਨ ਕਵੀ ਆਦਿ ਨੇ ਇਸ ਗ੍ਰੰਥ ਦਾ ਸੰਪਾਦਨ ਕੀਤਾ। ਅੱਜ ਨਾਟਯ ਸ਼ਾਸਤਰ ਦੇ 36 ਅਧਿਆਏ ਮਿਲਦੇ ਹਨ।
{{ਅਧਾਰ ਸ੍ਰੋਤ- ਨਾਟਯ ਸ਼ਾਸਤਰ, ਅਨੁਵਾਦਕ ਅਤੇ ਸੰਪਾਦਕ ਜੀ. ਐਨ. ਰਾਜਗੁਰੂ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨਿਵਰਸਿਟੀ, ਪਟਿਆਲਾ.}}