ਅਰਸਤੂ ਦਾ ਤ੍ਰਾਸਦੀ ਸਿਧਾਂਤ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਅਰਸਤੂ ਦਾ ਤ੍ਰਾਸਦੀ ਸਿਧਾਂਤ ਤ੍ਰਾਸਦੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ 'ਟ੍ਰੈਜਿਡੀ'(Tragedy) ਦਾ ਸਮਾਨਆਰਥਕ ਪੰਜਾਬੀ ਪ੍ਰਾਰੂਪ ਹੈ। ਟ੍ਰੈਜਿਡੀ ਯੂਨਾਨੀ ਭਾਸ਼ਾ ਦੇ ਸੰਯੁਕਤ ਸ਼ਬਦ ਟ੍ਰੋਗੋਇਡੀਆ(Tragoidia)ਤੋਂ ਵਿਕਸਿਤ ਹੋਇਆ ਹੈ। ਵਿਉਂਤਪੱਤੀ ਅਨੁਸਾਰ Tragos (ਬੱਕਰੀ) ਅਤੇ Aeidein( to sing)ਦੇ ਮਿਲਾਪ ਤੋਂ ਬਣਿਆ Tragoidia ਭਾਵ ਬੱਕਰੀ ਦਾ ਗੀਤ ਬਣਦਾ ਹੈ। ਇਸ ਸ਼ਬਦ (Tragoidia)ਦੇ ਅਰਥ ਨੂੰ ਇਨਾਮ ਵਜੋਂ ਜਾਂ ਇੱਕ ਬੱਕਰੀ ਵਜੋਂ, ਜੋ ਮੁੱਢਲਾ ਨਾਟਕਕਾਰ ਜੋ ਪ੍ਰਤੀਯੋਗਤਾ ਜਿੱਤਦਾ ਸੀ ਜਾਂ ਉਹ ਪ੍ਰਤੀਯੋਗੀ ਜਿਹਨਾਂ ਨੇ ਬੱਕਰੀ ਦੀ ਖੱਲ ਦੇ ਕੱਪੜੇ ਪਾਏ ਹੁੰਦੇ ਸਨ, ਨੂੰ ਦਿੱਤੇ ਜਾਂਦੇ ਸੀ ਜਾਂ ਉਹ ਬੱਕਰੀ ਜੋ ਰੀਤੀ ਰਿਵਾਜਾਂ ਅਨੁਸਾਰ ਕੁਰਬਾਨੀ ਚੜ੍ਹਾਈ ਜਾਂਦੀ ਸੀ ਵਿੱਚੋਂ ਟ੍ਰੈਜਿਡੀ ਵਿਕਸਿਤ ਹੋਇਆ।[1]
ਅਰਸਤੂ ਨੇ ਨਾਟਕ ਦੇ ਦੋ ਭੇਦ ਮੰਨੇ ਹਨ ਇੱਕ ਹੈ ਤ੍ਰਾਸਦੀ ਅਤੇ ਦੂਸਰਾ ਕਾਮਦੀ। ਤ੍ਰਾਸਦੀ ਦਾ ਨਿਸ਼ਾਨਾ ਤ੍ਰਾਸ ਅਤੇ ਕਰੁਣਾ ਨੂੰ ਪੈਦਾ ਕਰਨਾ ਹੈ ਅਤੇ ਕਾਮਦੀ ਦਾ ਨਿਸ਼ਾਨਾ ਹਾਸੇ ਅਤੇ ਹਰਖ ਨੂੰ ਪੈਦਾ ਕਰਨਾ ਹੈ।ਕਾਮਦੀ ਦਾ ਨਿਸ਼ਾਨਾ ਹਰਖ ਹੁੰਦਾ ਹੈ ਯਥਾਰਥ ਨਾਲੋਂ ਮਨੁੱਖ ਦਾ ਮੰਦੇਰਾ ਚਿਤਰਨ ਜਦਕਿ ਤ੍ਰਾਸਦੀ ਦਾ ਵਿਸ਼ਾ-ਵਸਤੂ ਅਤੇ ਉਸਦੇ ਪਾਤਰ ਗੰਭੀਰ ਅਤੇ ਉਦਾਤ ਹੁੰਦੇ ਹਨ ਜਦੋਂ ਕਿ ਕਾਮਦੀ ਦਾ ਵਿਸ਼ਾ-ਵਸਤੂ ਦੇ ਪਾਤਰ ਨੀਵੇਂ ਘਟੀਆ ਹੁੰਦੇ ਹਨ।[2]
■ਪਰਿਭਾਸ਼ਾ:
ਅਰਸਤੂ ਦੇ ਸ਼ਬਦਾਂ ਵਿੱਚ, "ਤ੍ਰਾਸਦੀ ਕਿਸੇ ਗੰਭੀਰ ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਜਿਸ ਦਾ ਮਾਧਿਅਮ ਨਾਟਕ ਦੇ ਭਿੰਨ- ਭਿੰਨ ਹਿੱਸਿਆਂ ਵਿੱਚ ਭਿੰਨ ਭਿੰਨ ਰੂਪਾਂ ਨਾਲ ਵਰਤੀ ਗਈ ਸਭ ਪ੍ਰਕਾਰ ਦੇ ਕਲਾਤਮਿਕ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ ਅਤੇ ਜਿਸ ਵਿੱਚ ਕਰੁਣਾ ਅਤੇ ਤ੍ਰਾਸ ਰਾਹੀਂ ਇਹਨਾਂ ਮਨੋਵਿਕਾਰਾਂ ਦਾ ਉਚਿਤ ਵਿਵੇਚਨ ਕੀਤਾ ਜਾਂਦਾ ਹੈ।"[3]
ਤ੍ਰਾਸਦੀ ਅਰਸਤੂ ਅਨੁਸਾਰ ਇੱਕ ਅਜਿਹੇ ਕਾਰਜ ਦਾ ਅਨੁਕਰਣ ਹੈ ਜੋ ਕਿ ਗੰਭੀਰ ਤੇ ਪੂਰਨ ਹੁੰਦਾ ਹੈ,ਅਤੇ ਜਿਸਦਾ ਇੱਕ ਨਿਸ਼ਚਿਤ ਵਿਸਥਾਰ ਹੁੰਦਾ ਹੈ। ਇਸ ਅਨੁਕਰਣ ਦੀ ਭਾਸ਼ਾ ਹਰ ਤਰ੍ਹਾਂ ਦੇ ਕਲਾਤਮਿਕ ਅਲੰਕਾਰਾਂ ਨਾਲ ਸਜੀ ਹੁੰਦੀ ਹੈ। ਅਲੰਕਾਰ ਨੇ ਇਹ ਰੂਪ ਨਾਟਕ ਦੇ ਅੱਡੋ- ਅੱਡ ਅੰਕਾਂ ਵਿੱਚ ਮਿਲਦੇ ਹਨ। ਇਹ ਅਨੁਕਰਣ ਬਿਰਤਾਂਤਿਕ ਰੂਪ ਵਿੱਚ ਨਹੀਂ, ਸਗੋਂ ਨਾਟਕੀ ਕਾਰਜ ਰੂਪ ਵਿੱਚ ਕੀਤਾ ਜਾਂਦਾ ਹੈ ਤੇ ਇਹ ਦਇਆ ਤੇ ਭੈ ਨੂੰ ਉਤੇਜਿਤ ਕਰਕੇ ਉਹਨਾਂ ਦਾ ਵਿਰੇਚਨ ਜਾਂ ਸ਼ੁੱਧੀਕਰਣ ਕਰਦਾ ਹੈ। ਤ੍ਰਾਸਦੀ ਦੀ ਰਚਨਾ ਜੀਵਨ- ਗਤੀ ਦੇ ਅਨੁਸਾਰ ਹੁੰਦੀ ਹੈ।ਜੀਵਨ ਪ੍ਰਵਾਹ ਵੀ ਹੈ ਤੇ ਧਾਰਾ ਵੀ,ਸਮਾਜਿਕ ਅਖੰਡਤਾ ਵੀ ਤੇ ਵਿਅਕਤੀਗਤ ਵਿਕੋਲਿਤਰੀਆ ਇਕਾਈਆਂ ਦਾ ਸੰਗ੍ਰਹਿ ਦਾ ਸੰਗ੍ਰਹਿ ਵੀ।ਆਦਿ ਤੋਂ ਅੰਤ ਤੱਕ ਵਿਅਕਤੀਗਤ ਜੀਵਨ ਮਰਣਮੁਖ ਯਾਤਰਾ ਵਿੱਚ ਰੁੱਝਾ ਰਹਿੰਦਾ ਹੈ।ਏਸ ਯਾਤਰਾ ਨੂੰ ਤਿੰਨ ਨਿਸ਼ਚਿਤ ਖੰਡਾ ਵਿੱਚੋ ਲੰਘਣਾ ਪੈਂਦਾ ਹੈ।ਬੱਚਾ ਹੌਲੀ ਹੌਲੀ ਵਿਕਾਸ ਕਰਕੇ ਪਤਨ ਵੱਲ ਜਾਣਾ ਆਰੰਭ ਕਰਦਾ ਹੈ ਤੇ ਉਹ ਪਤਨ ਖੰਡ ਵਿੱਚ ਹੀ ਵਿਚਰਦਾ ਹੈ।ਜੀਵਨ ਯਾਤਰਾ ਵੀ ਇੱਕੋ ਰੂਪ ਵਿਧੀ ਮਨੁੱਖ ਨੇ ਆਪਣੇ ਸਿਰਜਣਾਤਮਿਕ ਉੱਦਮ ਵਿੱਚ ਅਪਣਾਈ ਹੈ। ਤ੍ਰਾਸਦੀ ਰਚਨਾ ਇਸੇ ਰੂਪ ਵਿਧੀ ਅਨੁਸਾਰ ਹੁੰਦੀ ਰਹੀ ਹੈ।ਇਕ ਤਰ੍ਹਾਂ ਮਨੁੱਖ ਦੀ ਜੀਵਨ ਯਾਤਰਾ ਕਰਦੀ ਹੈ, ਵਿਅਕਤੀ ਵਾਂਗ ਵਿਕਾਸ ਕਰਦੀ,ਪ੍ਰੋੜ੍ਹਤਾ ਤੇ ਪਤਨ ਖੰਡਾ ਵਿੱਚੋ ਲੰਘਦੀ ਹੈ ਅਤੇ ਵਿਸ਼ਾਲ ਜੀਵਨ ਦੇ ਸਰਬਕਾਲੀਨ ਅਰਥ ਨਾਲ ਵਿਰੋਧਭਾਸੀ ਸਬੰਧਾਂ ਵਿੱਚ ਬੱਝੀ ਰਹਿੰਦੀ ਹੈ।ਤ੍ਰਾਸਦੀ ਦੀ ਯਾਤਰਾ ਮਰਣਮੁਖ ਤੇ ਸੁਭਾਅ ਵਿਰੋਧਭਾਸੀ ਹੈ।
■ਅਰਸਤੂ ਅਨੁਸਾਰ: (1)"ਤ੍ਰਾਸਦੀ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ।
(2)ਇਹ ਕਾਰਜ ਗੰਭੀਰ ਤੇ ਮੁਕੰਮਲ ਹੁੰਦਾ ਹੈ।
(3) ਇਹ ਕਾਰਜ ਦਾ ਬਿਰਤਾਂਤਕ ਨਹੀਂ ਹੁੰਦਾ ਸਗੋਂ ਪ੍ਰਦਰਸ਼ਨ ਹੁੰਦਾ ਹੈ। (4)ਭਾਸ਼ਾ, ਛੰਦ, ਲੈਅ,ਗੀਤ ਆਦਿ ਨਾਲ ਸੱਜੀ ਹੁੰਦੀ ਹੈ।
(5)ਤ੍ਰਾਸ ਅਤੇ ਕਰੁਣਾ ਰਾਹੀਂ ਮਨੋਵਿਕਾਰਾਂ ਦਾ ਵਿਰੇਚਨ ਤ੍ਰਾਸਦੀ ਦਾ ਉਦੇਸ਼ ਹੁੰਦਾ ਹੈ।"[4]
■ਤ੍ਰਾਸਦੀ ਦੇ ਅੰਗ:
ਅਰਸਤੂ ਅਨੁਸਾਰ ਹਰ ਇੱਕ ਤ੍ਰਾਸਦੀ ਦੇ ਛੇ ਅੰਗ ਹੁੰਦੇ ਹਨ ਜੋ ਉਸਦੇ ਸੁਹਜ ਦਾ ਨਿਰਣਾ ਕਰਦੇ ਹਨ। ਇਹ ਅੰਗ ਹਨ:
(ੳ)ਕਥਾਨਕ
(ਅ) ਚਰਿੱਤਰ ਚਿੱਤਰਨ
(ੲ) ਪਦ ਰਚਨਾ
(ਸ) ਵਿਚਾਰ ਤੱਤ
(ਹ) ਦ੍ਰਿਸ਼ ਵਿਧਾਨ
(ਕ)ਗੀਤ
ਇਹਨਾਂ ਵਿੱਚੋਂ ਕਥਾਨਕ,ਚਰਿੱਤਰ ਚਿਤਰਨ ਅਤੇ ਵਿਚਾਰ ਤੱਤ ਅਨੁਕਰਣ ਦੇ ਵਿਸ਼ੇ ਹਨ।ਦ੍ਰਿਸ਼ ਵਿਧਾਨ ਮਾਧਿਅਮ ਹੈ।ਪਦ ਰਚਨਾ ਤੇ ਗੀਤ ਅਨੁਕਰਣ ਦੀਆਂ ਵਿਧੀਆਂ ਹਨ।ਅਰਸਤੂ ਦੇ ਸਮੇਂ ਤੱਕ ਇਹਨਾਂ ਵਰਤੋਂ ਹਰ ਇੱਕ ਤ੍ਰਾਸਦੀਕਾਰ ਨੇ ਕੀਤੀ ਸੀ,ਇਸ ਲਈ ਅਰਸਤੂ ਇਹਨਾਂ ਨੂੰ ਤ੍ਰਾਸਦੀ ਦੇ ਛੇ ਜਰੂਰੀ ਅੰਗ ਮੰਨਦਾ ਹੈ।
(ੳ)ਕਥਾਨਕ:
ਅਰਸਤੂ ਕਥਾ ਵਸਤੂ ਨੂੰ ਤ੍ਰਾਸਦੀ ਦਾ ਸਭ ਤੋਂ ਮਹੱਤਵਪੂਰਨ ਅੰਗ ਮੰਨਦਾ ਹੈ ਤੇ ਉਸ ਅਨੁਸਾਰ ਇਹ ਤ੍ਰਾਸਦੀ ਦੀ ਆਤਮਾ ਹੈ।
● ਕਥਾਨਕ ਦੇ ਪ੍ਰਕਾਰ:
ਅਰਸਤੂ ਨੇ ਤਿੰਨ ਤਰ੍ਹਾਂ ਦੇ ਕਥਾਨਕ ਵੱਲ ਸੰਕੇਤ ਕੀਤਾ ਹੈ:
•ਦੰਤ ਕਥਾ
• ਕਲਪਨਾ ਮੂਲਕ
• ਇਤਿਹਾਸ ਮੂਲਕ
●ਕਥਾਨਕ ਦੇ ਗੁਣ:
• ਏਕਤਾ
• ਪੂਰਨਤਾ
•ਸੰਭਾਵਿਕਤਾ
• ਸਹਿਜ ਵਿਕਾਸ
• ਕੌਤੂਹਲ
●ਕਥਾਨਕ ਦੇ ਭੇਦ:
ਕਥਾਨਕ ਦੇ ਦੋ ਭੇਦ ਹੁੰਦੇ ਹਨ:
(1)ਸਰਲ ਕਥਾਨਕ
(2)ਜਟਿਲ ਕਥਾਨਕ
ਜੇ ਕਾਰਜ ਸਰਲ ਹੈ ਤਾਂ ਕਥਾਨਕ ਵੀ ਸਰਲ ਹੋਵੇਗਾ ਅਤੇ ਜੇ ਕਾਰਜ ਜਟਿਲ ਹੈ ਤਾਂ ਕਥਾਨਕ ਵੀ ਜਟਿਲ ਹੋਵੇਗਾ।ਸਰਲ ਉਹ ਹੈ ਜਿਸਦਾ ਵਪਾਰ ਇੱਕ ਅਤੇ ਅਟੁੱਟ ਹੋਵੇ।ਜਿਸ ਵਿੱਚ ਸਥਿਤੀ ਦੇ ਉਲਟਾੳ ਅਤੇ ਅਭਿਗਿਆਨ ਤੋਂ ਬਗੈਰ ਹੀ ਕਿਸਮਤ ਸੌੜਾ ਖਾ ਜਾਂਦੀ ਹੈ ਕਥਾਨਕ ਇੱਕ ਹੋਵੇ।ਕਿਸੇ ਪ੍ਰਕਾਰ ਦੀ ਦੁਫੇੜ ਨਾ ਹੋਵੇ।ਉਹ ਮੁੱਖ ਘਟਨਾ ਵੱਲ ਸਿੱਧਾ ਤੇ ਇਕੱਲਾ ਹੀ ਅੱਗੇ ਵਧੇ।ਉਸ ਦੀ ਅੰਤਿਮ ਲਈ ਸਥਿਤੀ ਦੇ ਉਲਟਾੳ ਅਤੇ ਅਭਿਗਿਆਨ ਦੀ ਲੋੜ ਨਾ ਹੋਵੇ।ਜਟਿਲ ਕਥਾਨਕ ਵਿੱਚ ਜੋੜ ਅਤੇ ਮੋੜ ਹੁੰਦੇ ਹਨ।ਉਹ ਇਕਹਿਰੇ ਨਹੀਂ ਹੁੰਦਾ ਆਮ ਤੌਰ ਤੇ ਦੁਹਰਾ ਹੁੰਦਾ ਹੈ।[5]
(ਅ)ਚਰਿੱਤਰ ਚਿੱਤਰਨ:
ਕਥਾਨਕ ਤੋਂ ਬਾਅਦ ਦੂਸਰਾ ਸਥਾਨ ਚਰਿੱਤਰ ਚਿੱਤਰਨ ਦਾ ਹੈ।ਅਰਸਤੂ ਅਨੁਸਾਰ,"ਚਰਿੱਤਰ ਉਹ ਹੈ ਜਿਸ ਦੇ ਆਧਾਰ ਤੇ ਅਸੀਂ ਅਭਿਕਰਤਿਆਂ ਵਿੱਚ ਕੁਝ ਗੁਣਾਂ ਦਾ ਨਿਵਾਸ ਮੰਨਦੇ ਹਾਂ।"[6] ਚਰਿੱਤਰ ਉਸ ਨੂੰ ਕਹਿੰਦੇ ਹਨ ਜੋ ਕਿਸੇ ਵਿਅਕਤੀ ਦੇ ਸੁਹਿਰਦ ਤਿਆਗ ਨੂੰ ਦਰਸਾਉਂਦਾ ਹੋਇਆ ਨੈਤਿਕ ਪ੍ਰਯੋਜਨ ਨੂੰ ਉਜਾਗਰ ਕਰੇ।
ਅਰਸਤੂ ਅਨੁਸਾਰ ਤ੍ਰਾਸਦੀ ਦਾ ਨਾਇਕ ਅਜਿਹਾ ਹੋਣਾ ਚਾਹੀਦਾ ਹੈ ਜੋ ਨਾ ਤਾਂ ਅਤਿਅੰਤ ਉੱਤਮ ਹੈ ਨਾ ਅਤਿਅੰਤ ਨਿਆਂ ਭਰਿਆ ਪਰ ਫਿਰ ਵੀ ਜੋ ਆਪਣੇ ਦੁਰਗੁਣਾਂ ਜਾਂ ਪਾਪ ਦੇ ਕਾਰਨ ਨਹੀਂ ਬਲਕਿ ਕਿਸੇ ਕਮਜ਼ੋਰੀ ਜਾਂ ਭੁੱਲ ਕਾਰਨ ਬਦਕਿਸਮਤੀ ਦਾ ਸ਼ਿਕਾਰ ਹੋ ਜਾਂਦਾ ਹੈ।ਉਹ ਸਹਿਤ ਮਾਨਵੀ ਭਾਵਨਾਵਾਂ ਨਾਲ ਯੁਕਤ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਦਰਸ਼ਕ ਦੀ ਇਕਮਿਕਤਾ ਹੋ ਸਕੇ।ਉਹ ਅਤਿਅੰਤ ਮਾਲਦਾਰ, ਸ਼ੋਭਾ ਵਾਲਾ ਅਤੇ ਕੁਲੀਨ ਪੁਰਖ ਹੋਣਾ ਚਾਹੀਦਾ ਹੈ।ਇਸਦਾ ਮੂਲ ਆਸ਼ਾ ਇਹੋ ਹੈ ਕਿ ਤ੍ਰਾਸਦੀ ਦਾ ਨਾਇਕ ਪ੍ਰਭਾਵਸ਼ਾਲੀ ਵਿਅਕਤੀ ਹੋਵੇ।ਉਸਦੇ ਚਰਿੱਤਰ ਵਿੱਚ ਸਤਿ ਦੇ ਨਾਲ- ਨਾਲ ਅਸਤਿ ਦੇ ਵੀ ਕੁਝ ਅੰਸ਼ ਹੋਣੇ ਚਾਹੀਦੇ ਹਨ।ਆਪਣੀ ਮੁਸ਼ਕਿਲ ਦੀ ਜਿੰਮੇਵਾਰੀ ਤੋਂ ਉਹ ਬਿਲਕੁਲ ਮੁਕਤ ਨਾ ਹੋ ਸਕਦਾ ਹੋਵੇ।ਉਸਦੀ ਮੁਸ਼ਕਿਲ ਆਪਣੇ ਤੱਕ ਨਾ ਰਹਿ ਕੇ ਸਮਾਜ ਨੂੰ ਪ੍ਰਭਾਵਿਤ ਕਰੇ।
(ੲ)ਪਦ ਰਚਨਾ:
ਤ੍ਰਾਸਦੀ ਦਾ ਅਹਿਮ ਤੱਤ ਪਦ ਰਚਨਾ ਹੈ, ਜਿਸਦਾ ਭਾਵ ਸ਼ਬਦਾਂ ਦੇ ਜ਼ਰੀਏ ਮਨੁੱਖੀ ਭਾਵਾਂ ਨੂੰ ਪ੍ਰਗਟਾਉਣਾ ਹੈ। ਇਥੇ ਅਰਸਤੂ ਦਾ ਮਤਲਬ ਨਾਟਕਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਤੋਂ ਹੈ।ਅਰਸਤੂ ਅਨੁਸਾਰ ਤ੍ਰਾਸਦੀ ਦੀ ਭਾਸ਼ਾ ਅਲੰਕ੍ਰਿਤ ਵਰਤੀ ਜਾਣੀ ਚਾਹੀਦੀ ਹੈ।[7] ਅਲੰਕ੍ਰਿਤ ਭਾਸ਼ਾ ਤੋਂ ਭਾਵ ਅਜਿਹੀ ਭਾਸ਼ਾ ਹੈ ਜਿਸ ਵਿੱਚ ਲੈਅ ਇੱਕ ਸੁਰਤਾ ਅਤੇ ਗੀਤ ਦਾ ਸਮਾਵੇਸ਼ ਹੋ ਜਾਂਦਾ ਹੈ।ਪ੍ਰਚੱਲਿਤ ਤੇ ਢੁੱਕਵੇਂ ਸ਼ਬਦ ਹੋਣੇ ਜ਼ਰੂਰੀ ਹਨ ਜਿਸ ਨਾਲ ਸਧਾਰਨ ਮਨੁੱਖ ਵੀ ਸਮਝ ਸਕੇ।ਤ੍ਰਾਸਦੀ ਦੀ ਭਾਸ਼ਾ ਵਿੱਚ ਅਲੰਕ੍ਰਿਤੀ, ਵਡਿਤੱਣ ਤੇ ਉਚਿਤਤਾ ਦਾ ਸਹਿਜ ਸੁਮੇਲ ਹੋਣਾ ਚਾਹੀਦਾ ਹੈ।
(ਸ) ਵਿਚਾਰ-ਤੱਤ:
ਅਰਸਤੂ ਦੇ ਸ਼ਬਦਾਂ ਵਿੱਚ ਵਿਚਾਰ ਤੱਤ ਦਾ ਅਰਥ ਹੈ,"ਹਥਲੀ ਸਥਿਤੀ ਵਿੱਚ ਜੋ ਸੰਭਵ ਅਤੇ ਸੰਗਤ ਹੋਵੇ ਉਸਦੀ ਸਥਾਪਨਾ ਕਰਨਾ।"
ਅਰਸਤੂ ਅਨੁਸਾਰ ਵਿਚਾਰ ਤੱਤ ਉਥੇ ਮੌਜੂਦ ਹੁੰਦਾ ਹੈ ਜਿਥੇ ਕਿਸੇ ਵਸਤੂ ਦੀ ਹੋਂਦ ਜਾਂ ਅਣਹੋਂਦ ਸਿੱਧ ਕੀਤੀ ਜਾਂਦੀ ਹੈ ਜਾਂ ਕੋਈ ਸਰਬ ਸਧਾਰਨ ਅਖਾਣ ਸ਼ਕਤੀ ਸਥਾਪਿਤ ਕੀਤੀ ਜਾ ਸਕੇ।ਇਸ ਵਿੱਚ ਬੁੱਧੀ ਤੱਤ ਦੀ ਪ੍ਰਧਾਨਤਾ ਹੁੰਦੀ ਹੈ,ਤੇ ਨਾਲ-ਨਾਲ ਭਾਵ ਤੱਤ ਵੀ ਸ਼ਾਮਿਲ ਹੁੰਦੇ ਹਨ।
(ਹ)ਦ੍ਰਿਸ਼-ਵਿਧਾਨ :
ਦ੍ਰਿਸ਼ ਵਿਧਾਨ ਦਾ ਆਧਾਰ ਹੈ ਰੰਗਮੰਚ ਦੇ ਸਾਧਨਾਂ ਦੀ ਕਲਾਮਈ ਵਰਤੋਂ। ਅਰਸਤੂ ਦੇ ਮੱਤ ਅਨੁਸਾਰ,"ਤ੍ਰਾਸਦੀ ਦੇ ਵੰਨ ਸੁਵੰਨੇ ਅੰਗਾਂ ਵਿੱਚ ਸਭ ਤੋਂ ਘੱਟ ਕਲਾਤਮਿਕ ਇਹੋ ਹੈ ਕਿ ਇੱਕ ਤਾਂ ਇਹ ਕਵੀ ਨਾਲੋਂ ਮੰਚ ਸ਼ਿਲਪੀ ਦੀ ਕਲਾ ਉਪਰ ਵਧੇਰੇ ਨਿਰੰਤਰ ਰਹਿੰਦਾ ਹੈ ਅਤੇ ਦੂਜੇ ਇਸ ਤੋਂ ਬਗੈਰ ਵੀ ਤ੍ਰਾਸਦੀ ਦੇ ਪ੍ਰਬਲ ਪ੍ਰਭਾਵ ਦੀ ਅਨੁਭੂਤੀ ਹੈ।"[8]
(ਕ)ਗੀਤ:
ਯੂਨਾਨੀ ਤ੍ਰਾਸਦੀ ਵਿੱਚ ਗੀਤ ਨੂੰ ਇੱਕ ਪ੍ਰਕਾਰ ਦੇ 'ਗਹਿਣੇ' ਦੇ ਰੂਪ ਵਿੱਚ ਗ੍ਰਹਿਣ ਕੀਤਾ ਗਿਆ ਹੈ।ਸਹਿਗਾਨ ਦੇ ਅੰਦਰ ਆਮ ਤੌਰ ਤੇ ਸੁੰਦਰ ਰੂਪ ਵਿੱਚ ਉਸਦਾ ਪ੍ਰਯੋਗ ਹੁੰਦਾ ਸੀ। ਪਰ ਗੀਤ ਬਾਰੇ ਵੀ ਅਰਸਤੂ ਦਾ ਇਹੋ ਮੱਤ ਹੈ ਕਿ ਤ੍ਰਾਸਦੀ ਦਾ ਅਨਿੱਖੜ ਅੰਗ ਹੋਣਾ ਚਾਹੀਦਾ ਹੈ।
■ਤ੍ਰਾਸਦੀ ਦੇ ਭਾਗ:
ਅਰਸਤੂ ਅਨੁਸਾਰ ਤ੍ਰਾਸਦੀ ਦੇ ਦੋ ਭਾਗ ਹਨ:[9]
1) ਉਲਟਾਉ
2) ਸੁਲਝਾਉ
■ ਨਿਸ਼ਕਰਸ਼:
ਉਪਰੋਕਤ ਚਰਚਾ ਤੋਂ ਪਿਛੋਂ ਅਸੀਂ ਕਹਿ ਸਕਦੇ ਹਾਂ ਕਿ ਤ੍ਰਾਸਦੀ ਕਿਸੇ ਗੰਭੀਰ ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ।ਇਹ ਇੱਕ ਉਚੇਰੀ ਕਲਾ ਹੈ ਜੋ ਆਪਣਾ ਲਕਸ਼ ਵਧੇਰੇ ਪੂਰਨਤਾ ਨਾਲ ਸਿੱਧ ਕਰਦੀ ਹੈ।
- ↑ tragedy|definition, Examples,& history|Britannica-Encyclopedia Britannica,development origins in Greece
- ↑ ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾ),ਸੰਪਾਦਕ-ਅਜੀਤ ਸਿੰਘ ਕੱਕੜ, ਭਾਸ਼ਾ ਵਿਭਾਗ ਪੰਜਾਬ ਪੰਨਾ ਨੰਬਰ 192
- ↑ Aristotle's theory of poetry and fine arts trans S.H.Butcher 20th April 2015
- ↑ ਪ੍ਰਮੁੱਖ ਪੱਛਮੀ ਸਾਹਿਤ ਚਿੰਤਕ (ਭਾਗ ਪਹਿਲਾ), ਸੰਪਾਦਕ ਅਜੀਤ ਸਿੰਘ ਕੱਕੜ, ਭਾਸ਼ਾ ਵਿਭਾਗ ਪੰਜਾਬ, ਪੰਨਾ ਨੰਬਰ 193
- ↑ ਪ੍ਰਮੁੱਖ ਪੱਛਮੀ ਸਾਹਿਤ ਚਿੰਤਕ, ਸੰਪਾਦਕ ਅਜੀਤ ਸਿੰਘ ਕੱਕੜ, ਭਾਸ਼ਾ ਵਿਭਾਗ ਪੰਜਾਬ ਪੰਨਾ ਨੰਬਰ 193
- ↑ ਅਰਸਤੂ ਕਾਵਿ ਸ਼ਾਸਤਰ
- ↑ ਪ੍ਰਮੁੱਖ ਪੱਛਮੀ ਸਾਹਿਤ ਚਿੰਤਕ, ਸੰਪਾਦਕ ਅਜੀਤ ਸਿੰਘ ਕੱਕੜ,ਭਾਸ਼ਾ ਵਿਭਾਗ ਪੰਜਾਬ ਪੰਨਾ ਨੰਬਰ 192
- ↑ ਅਰਸਤੂ ਦਾ ਕਾਵਿ ਸ਼ਾਸਤਰ
- ↑ ਪ੍ਰਮੁੱਖ ਪੱਛਮੀ ਸਾਹਿਤ ਚਿੰਤਕ, ਸੰਪਾਦਕ ਅਜੀਤ ਸਿੰਘ ਕੱਕੜ, ਭਾਸ਼ਾ ਵਿਭਾਗ ਪੰਜਾਬ, ਪੰਨਾ ਨੰਬਰ 194