ਕਾਂ
"ਕਾਂ ਦਾ ਬਨੇਰੇ ਉੱਤੇ ਬੋਲਣਾ
ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਕਿਵੇਂ ਬਣਿਆ" -ਸੁਖਵੀਰ ਸਿੰਘ ਕੰਗ
ਦੁਨੀਆ ਤੇ ਪਾਈ ਜਾਂਦੀ ਹਰ ਰਵਾਇਤ, ਕਹਾਵਤ ਜਾਂ ਮਨੌਤ ਦਾ ਇੱਕ ਖਾਸ ਪਿਛੋਕੜ ਹੁੰਦਾ ਹੈ ਜੋ ਕਿਸੇ ਤੱਥ ਉਪਰ ਅਧਾਰਿਤ ਹੁੰਦਾ ਹੈ। ਯੁਗਾਂ ਦੇ ਬਦਲਣ ਨਾਲ ਇਹ ਪਿਛੋਕੜ ਧੁੰਦਲੇ ਪੈ ਜਾਂਦੇ ਹਨ ਜਾਂ ਕਈ ਵਾਰ ਇਸਦੇ ਜ਼ਿੰਮੇਵਾਰ ਤੱਥ ਵਿੱਸਰ ਵੀ ਜਾਂਦੇ ਹਨ ਪਰ ਰਵਾਇਤਾਂ ਜਾਂ ਮਨੌਤਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਰਕੇ ਇਹਨਾਂ ਦੀ ਉਤਪੱਤੀ ਦਾ ਸਬੱਬ ਬਣਨ ਵਾਲੇ ਤੱਥਾਂ ਦਾ ਜ਼ਿਕਰ ਦਰਹਾਉਂਦੇ ਰਹਿਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਲੋਕ ਉਹਨਾਂ ਦੇ ਅਸਲ ਪਿਛੋਕੜ ਨੂੰ ਜਾਣ ਸਕਣ ਅਤੇ ਉਹਨਾਂ ਦੀ ਹੋਂਦ ਨੂੰ ਸਹੀ ਅਰਥਾਂ ਵਿੱਚ ਅਤੇ ਸਹੀ ਢੰਗ ਨਾਲ ਸੰਭਾਲ ਸਕਣ। ਕਾਂ ਦਾ ਬਨੇਰੇ ਉੱਤੇ ਬੋਲਣਾ ਉਸ ਘਰ ਮਹਿਬੂਬ ਜਾਂ ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਜਾਂ ਸੰਕੇਤ ਮੰਨਿਆ ਜਾਂਦਾ ਹੈ। ਇਸ ਮਨੌਤ ਦਾ ਪਿਛੋਕੜ ਸਾਲਾਂ ਜਾਂ ਸਦੀਆਂ ਨਹੀਂ ਬਲਕਿ ਕਈ ਯੁਗਾਂ ਪੁਰਾਣਾ ਹੈ। ਜਿਸਦੇ ਤੱਥ ਸਿੰਧ ਘਾਟੀ ਅਤੇ ਮੈਸੋਪੋਟੀਮੀਆਂ ਦੀ ਸਭਿਅਤਾ ਦੇ ਝਰੋਖਿਆਂ ਵਿੱਚੋਂ ਦਿਸਦੇ ਮਨੁੱਖੀ ਜੀਵਨ ਵਿੱਚ ਲੱਭਦੇ ਹਨ। ਇਹਨਾਂ ਸਭਿਅਤਾਵਾਂ ਦੇ ਮੁੱਢਲੇ ਦੌਰ ਵਿੱਚ ਕਦੇ ਹਥਿਆਰ ਅਤੇ ਔਜ਼ਾਰ ਦੀ ਗੱਲ ਪੱਥਰ ਤੱਕ ਸੀਮਤ ਸੀ, ਭਾਂਡਿਆਂ ਦੀ ਗੱਲ ਮਿੱਟੀ ਅਤੇ ਪਿੱਤਲ ਤੇ ਖਤਮ ਹੋ ਜਾਂਦੀ ਸੀ, ਭੁੱਖ ਦੀ ਗੱਲ ਪੱਤਿਆਂ, ਫਲ਼ਾਂ ਅਤੇ ਕੱਚੇ ਮਾਸ ਦੁਆਲੇ ਘੁੰਮਦੀ ਸੀ, ਖੇਤੀ ਕੁਦਰਤ ਤੇ ਨਿਰਭਰ ਸੀ ਅਤੇ ਆਵਾਜਾਈ ਪੈਦਲ, ਪਹੀਏ ਜਾਂ ਜਾਨਵਰਾਂ ਉੱਪਰ ਟਿਕੀ ਹੋਈ ਸੀ ਭਾਵ ਮਨੁੱਖੀ ਜੀਵਨ ਰੁੱਖਾਂ, ਜਾਨਵਰਾਂ ਅਤੇ ਪੰਛੀਆਂ ਦੇ ਕਾਫੀ ਨੇੜੇ ਹੋ ਕੇ ਵਿਚਰਦਾ ਸੀ। ਫਿਰ ਜਿਵੇਂ-ਜਿਵੇਂ ਸਭਿਅਤਾਵਾਂ ਦਾ ਵਿਕਾਸ ਹੋਇਆ ਤਾਂ ਹਥਿਆਰਾਂ, ਭਾਂਡਿਆਂ, ਖੇਤੀ, ਭੁੱਖ ਅਤੇ ਆਵਾਜਾਈ ਦੀ ਤਸਵੀਰ ਬਦਲਦੀ ਗਈ ਅਤੇ ਅੱਜ ਤੱਕ ਬਦਲ ਰਹੀ ਹੈ ਭਾਵ ਇਹਨਾਂ ਦੇ ਸਾਧਨਾਂ ਦਾ ਵਿਕਾਸ ਲਗਾਤਾਰ ਜਾਰੀ ਹੈ। ਸਿੰਧ ਘਾਟੀ ਅਤੇ ਮੈਸੋਪੋਟੀਮੀਆ ਦੇ ਮਨੁੱਖੀ ਜੀਵਨ ਦਾ ਵਿਕਾਸ ਜਦੋਂ ਦੋਨਾਂ ਤਹਿਜੀਬਾਂ ਦੇ ਆਪਸੀ ਵਪਾਰ ਤੱਕ ਪਹੁੰਚਿਆ ਤਾਂ ਉਦੋਂ ਤੱਕ ਆਵਾਜਾਈ ਦੇ ਸਾਧਨ ਪੈਦਲ, ਪਸ਼ੂਆਂ ਅਤੇ ਪਹੀਏ ਤੋਂ ਛੋਟੇ ਸਮੁੰਦਰੀ ਜਹਾਜ਼ਾਂ ਤੱਕ ਵਿਕਸਿਤ ਹੋ ਚੁੱਕੇ ਸਨ। ਦੋ ਸਭਿਅਤਾਵਾਂ ਦੇ ਆਪਸੀ ਵਪਾਰ ਦੀਆਂ ਯਾਤਰਾਵਾਂ ਲੰਬੀਆਂ ਹੁੰਦੀਆਂ ਸਨ ਅਤੇ ਸਮਾਂ ਵੀ ਬਹੁਤ ਲੈਂਦੀਆਂ ਸਨ। ਇਹ ਯਾਤਰਾਵਾਂ ਵੱਡੇ ਜੰਗਲਾਂ ਅਤੇ ਸਮੁੰਦਰਾਂ ਵਿਚੋਂ ਗੁਜ਼ਰਦੀਆਂ ਸਨ। ਸਮੁੰਦਰੀ ਵਪਾਰਕ ਯਾਤਰਾ ਲਈ ਵਰਤੇ ਜਾਂਦੇ ਛੋਟੇ ਸਮੁੰਦਰੀ ਜਹਾਜ਼ ਅਜੇ ਬਹੁਤੇ ਮਜ਼ਬੂਤ ਨਹੀਂ ਹੁੰਦੇ ਸਨ ਇਸ ਕਰਕੇ ਉਹ ਸਮੁੰਦਰ ਦੇ ਕੰਢੇ-ਕੰਢੇ ਚਲਦੇ ਸਨ। ਕਈ ਵਾਰ ਸਮੁੰਦਰੀ ਤੂਫਾਨ ਇਹਨਾਂ ਨੂੰ ਧੱਕ ਕੇ ਸਮੁੰਦਰ ਦੇ ਅੰਦਰ ਦੂਰ ਤੱਕ ਲੈ ਜਾਂਦੇ ਸਨ ਅਤੇ ਉਸ ਵੇਲੇ ਤੱਕ ਦਿਸ਼ਾ ਦੱਸਣ ਵਾਲੇ ਯੰਤਰ ਕੰਪਾਸ ਆਦਿ ਹਾਲੇ ਈਜ਼ਾਦ ਨਹੀਂ ਹੋਏ ਸਨ ਤਾਂ ਫਿਰ ਜਹਾਜ਼ ਦੇ ਸਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਕਿਨਾਰਾ ਕਿੱਧਰ ਹੈ। ਇਸ ਤਰ੍ਹਾਂ ਰਸਤਾ ਭਟਕ ਜਾਣ ਤੇ ਫਿਰ ਉਹ ਆਪਣੇ ਨਾਲ ਪਹਿਲਾਂ ਤੋਂ ਫੜ ਕੇ ਲਿਆਂਦੇ ਕਾਂ ਛੱਡਿਆ ਕਰਦੇ ਸਨ ਅਤੇ ਕਾਂ ਦਿਨ ਵੇਲੇ ਹਮੇਸ਼ਾ ਅਬਾਦੀ ਭਾਵ ਮਨੁੱਖੀ ਵਸੋਂ ਵੱਲ ਉੱਡਦਾ ਹੈ। ਉਹਨਾਂ ਨੂੰ ਕਾਂ ਦੇ ਉੱਡਣ ਦੀ ਦਿਸ਼ਾ ਤੋਂ ਪਤਾ ਚੱਲ ਜਾਂਦਾ ਸੀ ਕਿ ਕਿਨਾਰਾ ਜਾਂ ਮਨੁੱਖੀ ਵਸੋਂ ਕਿਸ ਦਿਸ਼ਾ ਵਿੱਚ ਹੈ। ਇਸੇ ਤਰ੍ਹਾਂ ਜੰਗਲਾਂ ਵਿੱਚ ਵੀ ਰਸਤਾ ਭਟਕ ਜਾਣ ਤੇ ਜਾਂ ਮਨੁੱਖੀ ਵਸੋਂ ਲੱਭਣ ਵਾਸਤੇ ਇੱਕ ਜਾਂ ਵੱਧ ਕਾਵਾਂ ਨੂੰ ਛੱਡਿਆ ਜਾਂਦਾ ਸੀ ਅਤੇ ਕਾਂ ਵਸੋਂ ਵਿੱਚ ਪਹੁੰਚਕੇ ਘਰਾਂ ਦੀਆਂ ਕੰਧਾਂ, ਬਨੇਰਿਆਂ 'ਤੇ ਬੈਠ ਕੇ ਰੌਲਾ ਪਾਉਂਦੇ ਹੋਏ ਕੁਝ ਖਾਣ ਵਾਸਤੇ ਲੱਭਦੇ ਤਾਂ ਵਸੋ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਕੋਈ ਆਉਣ ਵਾਲਾ ਹੈ। ਹਰ ਵਾਰ ਵਪਾਰੀਆਂ ਅਤੇ ਯਾਤਰੀਆਂ ਵੱਲੋਂ ਛੱਡੇ ਕਾਂ ਉਹਨਾਂ ਤੋਂ ਪਹਿਲਾਂ ਅਬਾਦੀ ਜਾਂ ਪਿੰਡ ਵਿੱਚ ਪਹੁੰਚ ਜਾਂਦੇ ਸਨ ਅਤੇ ਬੋਲਦੇ ਸਨ ਇਸ ਤਰ੍ਹਾਂ ਉਹ ਕਿਸੇ ਦੀ ਆਮਦ ਦਾ ਸੁਨੇਹਾ ਬਣ ਜਾਂਦੇ ਸਨ। ਉਹਨਾਂ ਸਮਿਆਂ ਵਿੱਚ ਇਹ ਵਪਾਰਕ ਯਾਤਰਾਵਾਂ ਦੂਰੀ ਤੈਅ ਕਰਨ ਵਾਸਤੇ ਸਮਾਂ ਬਹੁਤ ਲੈਂਦੀਆਂ ਸਨ ਅਤੇ ਸੰਚਾਰ ਦੇ ਸਾਧਨ ਵੀ ਬਹੁਤੇ ਨਹੀਂ ਸਨ। ਇਸ ਕਰਕੇ ਵਪਾਰਕ ਯਾਤਰਾਵਾਂ ਤੇ ਜਾਣ ਵਾਲੇ ਲੋਕ ਲੰਬਾ ਸਮਾਂ ਆਪਣੇ ਚਾਹੁੰਣ ਵਾਲਿਆਂ ਤੋਂ ਦੂਰ ਰਹਿੰਦੇ ਸਨ ਅਤੇ ਪਿਛੇ ਰਹਿ ਰਹੇ ਲੋਕਾਂ ਨੂੰ ਆਪਣੇ ਮਹਿਬੂਬ ਦੀ ਲੰਬੀ ਉਡੀਕ ਕਰਨੀ ਪੈਦੀ ਸੀ। ਇੱਥੇ ਮਹਿਬੂਬ ਸ਼ਬਦ ਕੇਵਲ ਆਸ਼ਕਾਂ ਤੱਕ ਸੀਮਤ ਨਹੀਂ ਹੈ ਜਿਸ ਦੀ ਅਸੀਂ ਵੈਰਾਗ ਨਾਲ ਉਡੀਕ ਕਰਦੇ ਹਾਂ ਉਹ ਮਹਿਬੂਬ ਹੀ ਹੁੰਦਾ ਹੈ ਚਾਹੇ ਉਹ ਪਤੀ ਹੋਵੇ, ਪ੍ਰੇਮੀ ਹੋਵੇ ਜਾਂ ਸਬੰਧੀ ਹੋਵੇ ਕਿਉਂਕਿ ਘਰ ਵਿੱਚ ਉਡੀਕ ਉਸੇ ਦੀ ਹੁੰਦੀ ਹੈ ਜੋ ਕਿਸੇ ਦੀ ਚਾਹਤ ਵਿੱਚ ਵਸਦਾ ਹੋਵੇ:-
ਆ ਕਾਵਾਂ ਤੈਨੂੰ ਚੂਰੀਆਂ ਪਾਵਾਂ, ਕਦੀ ਸਾਡੇ ਵੀ ਬੈਠ ਬਨੇਰੇ ਦੇ ਪੈਗਾਮ ਕੋਈ ਸੱਜਣਾਂ ਵਾਲਾ, ਵੇ ਮੈਂ ਸ਼ਗਨ ਮਨਾਵਾਂ ਤੇਰੇ ਆ ਕੇ ਬੈਠ ਬਨੇਰੇ ਸਾਡੇ, ਸ਼ਾਇਦ ਆ ਜਾਣ ਸੱਜਣ ਮੇਰੇ ਅੱਡੀਆਂ ਚੁੱਕ-ਚੁੱਕ ਯਾਰ ਫਰੀਦਾ, ਰਾਹ ਤੱਕਾਂ ਮੈਂ ਸ਼ਾਮ ਸਵੇਰੇ
ਸੁਨੇਹੇ ਦੇ ਮਾਮਲੇ ਵਿੱਚ ਭਾਵੇਂ ਕਬੂਤਰ ਵੀ ਰੁਮਾਂਟਿਕ ਕਹਾਣੀਆਂ ਦਾ ਹਿੱਸਾ ਰਿਹਾ ਹੈ ਪਰ ਵਿਛੋੜੇ ਦੌਰਾਨ ਕਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਜਦੋਂ ਔਸੀਆਂ ਪਾਉਣ ਦੀ ਹੱਦ ਤੱਕ ਕਿਸੇ ਦੀ ਉਡੀਕ ਹੋਵੇ ਤਾਂ ਕਾਂ ਦੇ ਬੋਲਣ ਤੋਂ ਲੈ ਕੇ ਹਰ ਆਹਟ ਮਹਿਬੂਬ ਦੇ ਆਉਣ ਦਾ ਭੁਲੇਖਾ ਪਾਉਂਦੀ ਹੈ: -
ਚੁੰਝ ਵੇ ਤੇਰੀ ਕਾਲਿਆ ਕਾਵਾਂ ਸੋਨੇ ਨਾਲ ਮੜਾਵਾਂ ਜਾਹ ਆਖੀਂ ਮੇਰੇ ਮਾਹੀਏ ਨੂੰ ਮੈਂ ਨਿੱਤ ਔਸੀਆਂ ਪਾਵਾਂ .................... ਨੀਂ ਅੜੀਓ! ਕਾਗ ਬਨੇਰੇ ਬੋਲਿਆ ਮੇਰਾ ਔਸੀਆਂ ਪਾਉਂਦੀ ਦਾ, ਨਰਮ ਕਾਲਜਾ ਡੋਲਿਆ
ਜਦੋਂ ਤਹਿਜੀਬ ਬਦਲਦੀ ਹੈ ਤਾਂ ਸਾਡੀਆਂ ਤਰਜੀਹਾਂ ਵੀ ਬਦਲ ਜਾਂਦੀਆਂ ਹਨ। ਉਸ ਵੇਲੇ ਜਦੋਂ ਕਾਂ ਲੋਕਾਂ ਦੀ ਜ਼ਰੂਰਤ ਸੀ ਤਾਂ ਉਦੋਂ ਕਾਂ ਦੀ ਕਦਰ ਵੀ ਬਹੁਤ ਸੀ ਦਿਸ਼ਾ ਦੱਸਣ ਵਾਲੇ ਯੰਤਰਾਂ ਦੇ ਈਜਾਦ ਹੋਣ ਨਾਲ ਕਾਂ ਦੀ ਜ਼ਰੂਰਤ ਖਤਮ ਹੋ ਗਈ ਅਤੇ ਸੰਚਾਰ ਦੇ ਵਿਕਸਿਤ ਹੋਣ ਨਾਲ ਕਾਂ ਦੀ ਕਦਰ ਵੀ ਘਟ ਗਈ ਅਤੇ ਵਿਚਾਰਾ ਕਾਂ ਘ੍ਰਿਣਾ ਦਾ ਪਾਤਰ ਬਣ ਗਿਆ ਕਿ ਇਹ ਗੰਦ ਖਾਂਦਾ ਹੈ, ਰੌਲਾ ਬਹੁਤ ਪਾਉਂਦਾ ਹੈ, ਇਹ ਚਲਾਕ ਹੈ, ਇਹ ਬੱਚਿਆਂ ਹੱਥੋਂ ਟੁੱਕ ਖੋਹ ਲੈਂਦਾ ਹੈ, ਇਹ ਜਿਉਂਦੇ ਢੱਗਿਆਂ ਦੇ ਜਖ਼ਮਾਂ ਨੂੰ ਠੂੰਗੇ ਮਾਰਦਾ ਹੈ ਆਦਿ। ਬਾਬਾ ਫਰੀਦ ਦੇ ਸ਼ਲੋਕ ਵੀ ਇਸ ਗੱਲ ਦਾ ਜ਼ਿਕਰ ਕਰਦੇ ਹਨ: -
ਫਰੀਦਾ ਤਨੁ ਸੁਕਾ ਪਿੰਜਰੁ ਥੀਆ, ਤਲੀਆਂ ਖੁੰਡਹਿ ਕਾਗ ਅਜੈ ਸੁ ਰੱਬ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ
ਸੱਭਿਅਤਾ ਅਤੇ ਸਾਧਨਾ ਦੇ ਵਿਕਾਸ ਦੇ ਨਤੀਜੇ ਵਜੋਂ ਮਨੁੱਖ ਮਸ਼ੀਨਾਂ ਦੇ ਨੇੜੇ ਹੁੰਦਾ ਚਲਾ ਗਿਆ ਅਤੇ ਰੁੱਖ, ਪਸ਼ੂਆਂ ਅਤੇ ਪੰਛੀਆਂ ਤੋਂ ਦੂਰ ਹੁੰਦਾ ਗਿਆ ਅਤੇ ਇਸ ਪ੍ਰਕਿਰਿਆ ਦਾ ਸ਼ਿਕਾਰ ਕਾਂ ਵੀ ਹੋਇਆ ਪਰ ਇਸ ਸਭ ਦੇ ਬਾਵਜੂਦ ਅੱਜ ਵੀ ਕਾਂ ਸਾਡੇ ਲੋਕ ਗੀਤਾਂ, ਬੋਲੀਆਂ, ਸਿੱਠਣੀਆਂ ਅਤੇ ਕਹਾਣੀਆਂ ਦਾ ਅਹਿਮ ਪਾਤਰ ਹੈ:-
ਜਾਂਦਾ ਹੋਇਆ ਦੱਸ ਨਾ ਗਿਆਂ ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ ਕੋਇਲਾਂ ਕੂਕਦੀਆਂ, ਕਿਤੇ ਬੋਲ ਵੇ ਚੰਦਰਿਆ ਕਾਵਾਂ ............. ਦਿਲ ਮੇਰੇ ਨੂੰ ਵੱਢ ਵੱਢ ਖਾਵੇਂ, ਕਾਹਨੂੰ ਐਵੇਂ ਬੋਲੀਆਂ ਪਾਵੇਂ ਚੁੱਪ ਕਰ ਜਾ ਮੈਂ ਤੈਨੂੰ ਸਮਝਾਵਾਂ, ਐਵੇਂ ਬੋਲ ਨਾ ਬਨੇਰੇ ਉੱਤੇ ਕਾਵਾਂ ਸੱਜਣਾ ਨਹੀਂ ਆਉਣਾ .............. ਖਾਧੇ ਸੀ ਮਾਂਹ, ਜੰਮੇ ਸੀ ਕਾਂ, ਕਾਵਾਂ ਰੌਲ਼ੀ ਪਾਉਂਦੀਆਂ ਵੇ ਨਾਜ਼ਰ ਤੇਰੀਆਂ ਨਾਨਕੀਆਂ ............... ਕੋਈ ਉਡਦਾ ਕਾਂ ਜਾਂਦਾ, ਇਸ਼ਕ ਮੁਕਾ ਦੇਂਦਾ, ਲੱਗ ਮੌਤ ਦਾ ਨਾਂ ਜਾਂਦਾ
ਕਾਂ ਆਮ ਤੌਰ ਤੇ ਵੱਡੇ ਝੁੰਡਾਂ ਵਿੱਚ ਰਹਿੰਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਂ ਹੁੰਦੇ ਹਨ। ਇਹ ਝੁੰਡ ਰਾਤ ਬਿਤਾਉਣ ਲਈ ਮਨੁੱਖੀ ਅਬਾਦੀ ਤੋਂ ਥੋੜੇ ਹਟਵੇਂ ਕਿਸੇ ਬੀੜ ਜਾਂ ਬਾਗ ਨੂੰ ਟਿਕਾਣਾ ਬਣਾਉਂਦੇ ਹਨ। ਦਿਨ ਚੜ੍ਹਦਿਆਂ ਹੀ ਇਹ ਕਾਂ ਡਿਊਟੀ ਤੇ ਜਾਣ ਵਾਂਗ ਆਲੇ ਦੁਆਲੇ ਦੇ ਵੀਹ-ਪੱਚੀ ਪਿੰਡਾਂ ਵਿੱਚ ਛੋਟੇ ਗਰੁੱਪ ਬਣਾ ਕੇ ਵੰਡੇ ਜਾਂਦੇ ਹਨ ਅਤੇ ਸਾਰਾ ਦਿਨ ਉਥੇ ਬਿਤਾਉਣ ਤੋਂ ਬਾਅਦ ਸ਼ਾਮ ਪੈਣ ਤੇ ਆਪਣੇ ਰੈਣ ਬਸੇਰੇ ਨੂੰ ਪਰਤ ਜਾਂਦੇ ਹਨ। ਇਹ ਹਰ ਰੋਜ਼ ਇੱਕੋਂ ਰਸਤੇ ਤੋਂ ਆਉਣ ਜਾਣ ਕਰਦੇ ਹਨ ਅਤੇ ਅਸਮਾਨ ਵਿੱਚ ਉੱਡਦੇ ਅਠਖੇਲੀਆਂ ਕਰਦੇ ਜਾਂਦੇ ਸਵੇਰ-ਸ਼ਾਮ ਬੜਾ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ। ਹਰ ਸਾਲ ਆਪਣੇ ਵੰਸ਼ ਵਾਧੇ ਲਈ ਇਹ ਝੁੰਡ ਹਾੜ੍ਹ, ਸਾਉਣ ਅਤੇ ਭਾਦੋਂ ਦੇ ਮਹੀਨੇ ਛੋਟੇ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ ਪਿੰਡਾਂ ਜਾਂ ਸ਼ਹਿਰਾਂ ਦੇ ਨੇੜਲੇ ਦਰੱਖਤਾਂ ਨੂੰ ਟਿਕਾਣਾ ਬਣਾ ਕੇ ਆਲ੍ਹਣੇ ਪਾਉਂਦਾ ਹੈ। ਬੱਚਿਆਂ ਦੇ ਪਾਲਣ ਅਤੇ ਖੁਰਾਕ ਕਾਰਨ ਇਹ ਥੋੜ੍ਹੇ ਚਿਰ ਦਾ ਟਿਕਾਣਾ ਵਸੋਂ ਦੇ ਵੱਧ ਨੇੜੇ ਰੱਖਣਾ ਜ਼ਰੂਰੀ ਹੁੰਦਾ ਹੈ। ਕਾਂ ਦੇ ਬੱਚਿਆਂ ਨੂੰ ਕਾਕੜੇ ਕਿਹਾ ਜਾਂਦਾ ਹੈ ਜੋ ਸਾਉਣ ਦੇ ਮਹੀਨੇ ਨਿਕਲਦੇ ਹਨ ਅਤੇ ਪਲਦੇ ਹਨ ਕਿਉਂਕਿ ਇਸ ਮਹੀਨੇ ਖੁਰਾਕ ਦੀ ਵੀ ਬਹੁਤਾਤ ਹੁੰਦੀ ਹੈ। ਬੱਚੇ ਪਲ਼ ਜਾਣ ਤੇ ਇਹ ਛੋਟੇ ਗਰੁੱਪ ਫਿਰ ਤੋਂ ਵੱਡੇ ਝੁੰਡ ਵਿੱਚ ਪਰਤ ਜਾਂਦੇ ਹਨ ਅਤੇ ਪਹਿਲਾਂ ਵਾਲੇ ਰੈਣ ਬਸੇਰੇ ਤੇ ਸਾਲ ਦਾ ਬਾਕੀ ਸਮਾਂ ਬਿਤਾਉਂਦੇ ਹਨ। ਭਾਵੇਂ ਕਾਂ ਹੋਰ ਪੰਛੀਆਂ ਦੇ ਆਂਡੇ ਵੀ ਭੰਨ ਕੇ ਪੀ ਜਾਂਦਾ ਹੈ ਪਰ ਕਈ ਵਾਰ ਕਾਂ ਨਾਲ ਵੀ ਠੱਗੀ ਵੱਜ ਜਾਂਦੀ ਹੈ। ਕੋਇਲ ਆਪਣੇ ਆਂਡੇ ਆਪ ਨਹੀਂ ਸੇਜਦੀ ਅਤੇ ਨਾ ਹੀ ਬੱਚੇ ਆਪ ਪਾਲ਼ਦੀ ਹੈ। ਉਹ ਧੋਖੇ ਨਾਲ ਕਾਂ ਦੇ ਆਂਡੇ ਭੰਨ ਕੇ ਉਸਦੇ ਆਲ੍ਹਣੇ ਵਿੱਚ ਆਪ ਆਂਡੇ ਦੇ ਜਾਂਦੀ ਹੈ। ਦੋਹਾਂ ਦੇ ਆਂਡੇ ਅਤੇ ਬੱਚੇ ਇਕੋ ਜਿਹੇ ਹੋਣ ਕਾਰਨ ਸ਼ਾਤਰ ਮੰਨਿਆ ਜਾਂਦਾ ਕਾਂ ਅਣਜਾਣੇ ਵਿੱਚ ਹੀ ਕੋਇਲ ਦੇ ਬੱਚੇ ਪਾਲਦਾ ਹੈ ਅਤੇ ਉਡਾਰ ਹੋ ਜਾਣ 'ਤੇ ਕੋਇਲ ਫਿਰ ਵਾਪਸ ਆ ਕੇ ਮਿੱਠੀ ਬੋਲੀ ਬੋਲਦੀ ਹੈ ਤਾਂ ਬੱਚੇ ਮਾਂ ਦੀ ਆਵਾਜ਼ ਤੇ ਮੋਹਿਤ ਹੋ ਕੇ ਉੁਸਦੇ ਨਾਲ ਉਡ ਜਾਂਦੇ ਹਨ ਅਤੇ ਕਾਂ ਵਿਚਾਰਾ ਦੇਖਦਾ ਹੀ ਰਹਿ ਜਾਂਦਾ ਹੈ। ਕਾਵਾਂ ਦੀਆਂ ਬਹੁਤ ਨਸਲਾਂ ਹਨ। ਹਰ ਨਸਲ ਦੀ ਅਵਾਜ਼ ਵੱਖਰੀ ਹੁੰਦੀ ਹੈ। ਪੰਜਾਬ ਵਿੱਚ ਪਾਏ ਜਾਂਦੇ ਕਾਵਾਂ ਦੀ ਗਰਦਨ ਅਤੇ ਛਾਤੀ ਸੁਰਮਈ ਅਤੇ ਬਾਕੀ ਸਰੀਰ ਕਾਲਾ ਹੁੰਦਾ ਹੈ। ਨਸਲ ਅਤੇ ਖੇਤਰ ਅਨੁਸਾਰ ਇਨ੍ਹਾਂ ਦੀਆਂ ਉਪ ਭਸ਼ਾਵਾਂ ਵੀ ਹੁੰਦੀਆਂ ਹਨ, ਪਰ ਇਹ ਦੂਜੇ ਖੇਤਰ ਦੀ ਬੋਲੀ ਨੂੰ ਅਸਾਨੀ ਨਾਲ ਸਿੱਖ ਸਮਝ ਲੈਂਦੇ ਹਨ। ਸਰੀਰ ਦੇ ਅਕਾਰ ਦੇ ਅਨੁਪਾਤ ਅਨੁਸਾਰ ਕਾਂ ਦਾ ਦਿਮਾਗ ਕਾਫੀ ਜੀਵਾਂ ਤੋਂ ਵੱਡਾ ਹੁੰਦਾ ਹੈ। ਜਿਸ ਕਰਕੇ ਕਾਂ ਦੀ ਸਭ ਤੋਂ ਸਿਆਣੀ ਮੰਨੀ ਜਾਂਦੀ ਨਸਲ ਨਿਊ ਕੈਲੇਡੋਨੀਅਨ ਕਾਂ ਔਜਾਰਾਂ ਦੀ ਵਰਤੋਂ ਕਰਨ ਦੀ ਯੋਗਤਾ ਵੀ ਰੱਖਦਾ ਹੈ। ਕਾਂ ਦੁਰਵਿਵਹਾਰ ਕਰਨ ਵਾਲੇ ਜਾਂ ਨੁਕਸਾਨ ਪਹੁੰਚਾਉਣ ਵਾਲੇ ਚਿਹਰੇ ਦੀ ਪਛਾਣ ਅਤੇ ਨਰਾਜਗੀ ਕਾਇਮ ਰੱਖਣ ਦੀ ਸੂਝ ਵੀ ਰੱਖਦੇ ਹਨ। ਕਾਂ ਆਪਣੇ ਕਿਸੇ ਸਾਥੀ ਦੀ ਮੌਤ ਹੋ ਜਾਣ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕੇਵਲ ਦੁੱਖ ਹੀ ਪ੍ਰਗਟ ਨਹੀਂ ਕਰਦੇ ਸਗੋਂ ਉਸਦੀ ਮੌਤ ਦੇ ਕਾਰਨ ਵੀ ਲੱਭਦੇ ਹਨ ਅਤੇ ਅੱਗੋਂ ਤੋਂ ਉਸ ਕਾਰਨ ਜਾਂ ਖਤਰੇ ਤੋਂ ਸੁਚੇਤ ਰਹਿਣ ਦਾ ਸਬਕ ਵੀ ਲੈਂਦੇ ਹਨ। ਇਸ ਤਰ੍ਹਾਂ ਕਾਂ ਇੱਕ ਬਹੁਤ ਹੀ ਸਿਆਣਾ ਅਤੇ ਚਤੁਰ ਪੰਛੀ ਹੈ ਅਤੇ ਸਾਡੇ ਮਨੁੱਖੀ ਸਭਿਆਚਾਰ ਵਿੱਚ ਅਹਿਮ ਥਾਂ ਰੱਖਦਾ ਹੈ।
ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ,ਤਹਿ: ਸਮਰਾਲਾ ਜ਼ਿਲ੍ਹਾ: ਲੁਧਿਆਣਾ ਮੋਬਾ: 85678-72291
ਕਾਂ | |
---|---|
American crow (Corvus brachyrhynchos) | |
Scientific classification | |
Kingdom: | |
Phylum: | |
Class: | |
Order: | |
Family: | |
Genus: | Corvus Linnaeus, 1758
|
Species | |
many, see | |
Diversity | |
c. 40 species |
ਕਾਂ ਜਾਂ ਕਾਗ ਇੱਕ ਪੰਛੀ ਹੈ।
ਪੰਜਾਬੀ ਲੋਕਧਾਰਾ ਵਿੱਚ
[ਸੋਧੋ]ਕਾਂ ਦੀ ਤੁਲਨਾ ਚੋਰ ਨਾਲ ਕੀਤੀ ਜਾਂਦੀ ਹੈ ਪਰ ਇਸ ਦੇ ਨਾਲ ਹੀ ਜੇਕਰ ਕਾਂ ਬਨੇਰੇ ਉੱਤੇ ਬੋਲੇ ਤਾਂ ਇਸਨੂੰ ਸ਼ੁਭ ਮੰਨਿਆ ਜਾਂਦਾ ਹੈ। ਸ਼ੁਭ ਸ਼ਗਨ ਸੰਬੰਧੀ ਪੰਜਾਬੀ ਵਿੱਚ ਹੇਠ ਲਿਖਿਆ ਗੀਤ ਵੇਖਿਆ ਜਾ ਸਕਦਾ ਹੈ:[1]
ਉੱਡ ਉੱਡ ਕਾਵਾਂ,
ਵੇ ਤੈਨੂੰ ਕੁੱਟ ਕੁੱਟ ਚੂਰੀ ਪਾਵਾਂ,
ਦਸ ਮੇਰਾ ਮਾਹਿ ਕਦੋਂ ਆਵਸੀ।
ਕੁੱਟ ਕੁੱਟ ਚੂਰੀਆਂ ਮੈ, ਕੋਠੇ ਉੱਤੇ ਪਾਉਦੀ ਆਂ,
ਆਏ ਕਾਂ ਖਾ ਜਾਣਗੇ,ਉਏ ਸਾਨੂੰ ਨਵਾ ਪੁਆੜਾ ਪਾ ਜਾਣਗੇ,
ਓਏ ਸਾਨੂੰ ਨਵਾ ......,
ਹਵਾਲੇ
[ਸੋਧੋ]- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 604–605.